ਉਡਾਣ

ਪੰਜਾਬੀ ਵਿਗਿਆਨ ਗਲਪ ਮੈਗ਼ਜ਼ੀਨ

ਨਵੀਂ ਆਮਦ - ਨਵਾਂ ਸੁਨੇਹਾ

ਉਡਾਣ ਜੁਲਾਈ-ਸਤੰਬਰ 2024 / ਸਾਲ ਦੂਜਾ, ਅੰਕ ਅੱਠਵਾਂ

ਇਸ ਅੰਕ ਵਿੱਚ

ਮੁੱਖ ਪੰਨੇ ਦੀ ਤਸਵੀਰ ਵਿਚ ਤੁਸੀਂ ਬੋਇੰਗ ਕੰਪਨੀ ਦੇ ਸਟਾਰਲਾਈਨਰ ਕੈਪਸੂਲ ਪੁਲਾੜ ਵਾਹਨ ਵੇਖ ਰਹੇ ਹੋ, ਜੋ ਕਿ ਯੂਨਾਈਟਿਡ ਲਾਂਚ ਅਲਾਇੰਸ ਐਟਲਸ ਵੀ ਰਾਕੇਟ, ਉੱਤੇ ਬੁੱਧਵਾਰ, 5 ਜੂਨ, 2024, ਫਲੋਰੀਡਾ ਵਿਚ ਕੇਪ ਕੈਨਾਵੇਰਲ ਸਪੇਸ ਫੋਰਸ ਸਟੇਸ਼ਨ ਵਿਖੇ ਸਪੇਸ ਲਾਂਚ ਕੰਪਲੈਕਸ 41 ਤੋਂ ਲਾਂਚ ਹੋਇਆ। ਏਜੰਸੀ ਦੇ ਕਮਰਸ਼ੀਅਲ ਕਰੂ ਪ੍ਰੋਗਰਾਮ ਤਹਿਤ, ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੱਕ, ਬੋਇੰਗ ਸਟਾਰਲਾਈਨਰ ਦਾ ਪੁਲਾੜ ਯਾਤਰੀਆਂ ਦੇ ਨਾਲ ਕਰੂ ਫਲਾਈਟ ਦੀ ਇਹ ਪਹਿਲੀ ਟੈਸਟ ਲਾਂਚ ਹੈ। ਨਾਸਾ ਦੇ ਪੁਲਾੜ ਯਾਤਰੀ ਬੁਚ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਬੋਇੰਗ ਸਟਾਰਲਾਈਨਰ 'ਤੇ ਸਵਾਰ ਹੋ ਕੇ ਪਹਿਲੇ ਚਾਲਕ ਦਲ ਦੀ ਉਡਾਣ ਦੇ ਟੈਸਟ 'ਤੇ ਸੁਰੱਖਿਅਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪਹੁੰਚੇ। ਸਟਾਰਲਾਈਨਰ ਕੈਪਸੂਲ ਸਪੇਸ ਸਟੇਸ਼ਨ ਦੇ ਹਾਰਮਨੀ ਮੋਡੀਊਲ ਦੇ ਨਾਲ਼ ਆਪਣੇ-ਆਪ ਡੌਕ ਹੋਇਆ। ਸਟਾਰਲਾਈਨਰ ਦੀ ਉਡਾਣ ਦੇ ਦੌਰਾਨ, ਬੋਇੰਗ ਕੰਪਨੀ ਨੇ ਹਿਊਸਟਨ ਵਿੱਚ ਆਪਣੇ ਮਿਸ਼ਨ ਕੰਟਰੋਲ ਕੇਂਦਰ ਤੋਂ ਆਟੋਮੈਟਿਕ ਪੁਲਾੜ ਵਾਹਨ ਅਨੇਕਾਂ ਟੈਸਟ ਕੀਤੇ। ਪਹਿਲਾਂ ਸਟਾਰਲਾਈਨਰ ਤੇ ਉਸਦੀ ਕਰੂ ਦਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਰਹਿਣ ਦਾ ਪ੍ਰੋਗਰਾਮ ਇੱਕ ਹਫ਼ਤੇ ਦਾ ਸੀ ਪਰ ਕੁਝ ਤਕਨੀਕੀ ਮੁਸ਼ਕਲਾਂ ਆਉਣ ਕਰਕੇ ਉਸਨੂੰ ਵਧਾਉਣਾ ਪਿਆ। ਮੁੱਖ ਪੰਨੇ ਦਾ ਚਿੱਤਰ: ਨਾਸਾ ਤੋਂ ਧੰਨਵਾਦ ਸਹਿਤ


ਸਲਾਹਕਾਰ ਬੋਰਡ

ਡਾ. ਦੇਵਿੰਦਰ ਪਾਲ ਸਿੰਘ (ਕੈਨੇਡਾ), ਅਜਮੇਰ ਸਿੱਧੂ (ਭਾਰਤ), ਰੂਪ ਢਿੱਲੋਂ (ਯੂ. ਕੇ.), ਹਰੀ ਕ੍ਰਿਸ਼ਨ ਮਾਇਰ (ਕੈਨੇਡਾ)

ਸੰਪਾਦਕ / ਡਿਜ਼ਾਈਨ

ਅਮਨਦੀਪ ਸਿੰਘ 

ਚਿੱਤਰ

Microsoft BING AI, https://pixabay.com/, NASA

ਈ-ਮੇਲ

punjabiscifi@gmail.com

ਵੈੱਬਸਾਈਟ

https://udaanpunjabi.com

ਸਮਾਜਿਕ

ਉਡਾਣ ਮੈਗ਼ਜ਼ੀਨ ਨੂੰ ਸੋਸ਼ਲ ਮੀਡੀਆ ‘ਤੇ ਫੌਲੋ ਕਰਨ ਲਈ ਹੇਠਲੇ ਚਿੱਤਰਾਂ ‘ਤੇ ਕਲਿੱਕ ਕਰੋ

ਇਸ ਮੈਗ਼ਜ਼ੀਨ ਦੀ ਪ੍ਰਿੰਟ ਕਾਪੀ ਵੈੱਬਸਾਈਟ udaanpunjabi.com ‘ਤੇ ਆਰਡਰ ਕਰ ਸਕਦੇ ਹੋ।

Udaan is published quarterly by Amandeep Singh from Grafton, MA, USA.    ©  Copyrights 2024 Respective authors. The opinions expressed in this publication are those of the authors. They do not purport to reflect the opinions or views of the Udaan Magazine or its editorial team.


ਸੰਪਾਦਕੀ - ਗੰਭੀਰ ਚਿੰਤਾ ਦੇ ਵਿਸ਼ੇ: ਆਲਮੀ ਤਪਸ਼, ਮਸਨੂਈ ਬੁੱਧੀ, ਅੰਧਵਿਸ਼ਵਾਸ਼ ਤੇ ਝੂਠੀਆਂ ਖ਼ਬਰਾਂ!

“ਉਡਾਣ” - ਪੰਜਾਬੀ ਵਿਗਿਆਨ ਗਲਪ ਮੈਗ਼ਜ਼ੀਨ ਦੇ ਨਵੀਨਤਮ ਅੰਕ ਵਿੱਚ ਤੁਹਾਡਾ ਸੁਆਗਤ ਹੈ, ਜਿਸ ਵਿਚ ਅਸੀਂ ਮਨੁੱਖੀ ਖਾਹਿਸ਼ਾਵਾਂ, ਆਲਮੀ ਤਪਸ਼, ਮਸਨੂਈ ਬੁੱਧੀ, ਅੰਧਵਿਸ਼ਵਾਸ਼ ਤੇ ਝੂਠੀਆਂ ਖ਼ਬਰਾਂ ਦੇ ਡੂੰਘੇ ਪ੍ਰਭਾਵਾਂ ਦੀ ਪੜਚੋਲ ਕਰਦੀਆਂ ਵਿਗਿਆਨ ਗਲਪ ਕਥਾ-ਕਹਾਣੀਆਂ, ਲੇਖ ਤੇ ਕਵਿਤਾਵਾਂ ਲੈ ਕੇ ਆਏ ਹਾਂ। ਅੱਜ ਅਸੀਂ ਤਕਨੀਕੀ ਤਰੱਕੀ ਅਤੇ ਬਦਲਦੇ ਵਾਤਾਵਰਣ ਦੀਆਂ ਚੁਣੌਤੀਆਂ ਦੇ ਘੇਰੇ 'ਤੇ ਖੜ੍ਹੇ ਹਾਂ। ਇਹ ਕਹਾਣੀਆਂ, ਲੇਖ ਅਤੇ ਕਵਿਤਾਵਾਂ ਇਨ੍ਹਾਂ ਮੁੱਦਿਆਂ ਦੇ ਵਿਚ ਡੂੰਘੇ ਖੁਭ ਕੇ, ਭਵਿੱਖ ਲਈ ਚਿੰਤਾ ਦਰਸਾਉਂਦੇ ਹੋਏ ਵੀ ਆਸਵੰਦ ਦ੍ਰਿਸ਼ਟੀਕੋਣਾਂ ਦੀ ਪੇਸ਼ਕਸ਼ ਕਰਦੇ ਹਨ।

ਡਾ. ਦੇਵਿੰਦਰ ਪਾਲ ਸਿੰਘ ਦੀ ਕਹਾਣੀ “ਖ਼ਾਹਿਸ਼“ ਵਿਚ ਬਦਲਦੀ ਦੁਨੀਆਂ ਵਿੱਚ ਇੱਛਾਵਾਂ ਅਤੇ ਸੁਪਨੇ ਪੂਰੇ ਕਰਨ ਲਈ ਵਿਗਿਆਨ ਦਾ ਸਹਾਰਾ ਲੈਂਦੇ ਹੋਏ ਮਾਪਿਆਂ ਦੀ ਗਾਥਾ ਬਿਆਨ ਕੀਤੀ ਗਈ ਹੈ ਕਿ ਕਿੰਝ ਉਹ ਆਪਣੇ ਬੱਚਿਆਂ ਰਾਹੀਂ ਆਪਣੇ ਅਧੂਰੇ ਸੁਪਨੇ ਪੂਰੇ ਕਰਨਾ ਚਾਹੁੰਦੇ ਹਨ। ਅਜਮੇਰ ਸਿੱਧੂ ਆਪਣੀ ਕਹਾਣੀ “ਕੌਣ ਮਰਨਾ ਚਾਹੁੰਦਾ” ਵਿਚ ਇੱਕ ਪ੍ਰੋਫ਼ੈਸਰ ਆਪਣੇ ਵਿਦਿਆਰਥੀਆਂ ਨੂੰ ਦੱਸਦਾ ਹੈ ਕਿ ਸਦੀਆਂ ਤੋਂ ਮਨੁੱਖ ਅਮਰਤਾ ਲਈ ਖੋਜ ਕਰਦਾ ਹੋਇਆ ਅਨੇਕਾਂ ਉਪਾਅ ਕਰਦਾ ਆਇਆ ਹੈ, ਜਿਸ ਵਿੱਚ ਮਹੱਤਵਪੂਰਣ ਅੰਗਾਂ ਜਿਵੇਂ ਕਿ ਦਿਲ, ਗੁਰਦੇ ਆਦਿ ਦੇ ਦਾਨ ਵੀ ਸ਼ਾਮਲ ਹਨ। ਇੱਕ ਵਿਗਿਆਨੀ ਅਤੇ ਉਸਦੇ ਵਿਦਿਆਰਥੀਆਂ ਦੀਆਂ ਨਜ਼ਰਾਂ ਰਾਹੀਂ, ਲੇਖਕ ਅਜਿਹੇ ਕੰਮਾਂ ਦੇ ਨੈਤਿਕ ਅਤੇ ਅਨੈਤਿਕ ਪ੍ਰਭਾਵਾਂ ਦੀ ਪੜਚੋਲ ਕਰਦਾ ਹੋਇਆ, ਵਿਕਸਿਤ ਮੈਡੀਕਲ ਤੇ ਤਕਨਾਲੋਜੀਆਂ ਦੇ ਦਬਦਬੇ ਵਾਲੇ ਯੁੱਗ ਵਿੱਚ ਜੀਵਨ ਅਤੇ ਮੌਤ ਉੱਤੇ ਸਵਾਲ ਉਠਾਉਂਦਾ ਹੈ। ਬੈਲਜੀਅਨ ਲੇਖਕ ਫ੍ਰੈਂਕ ਰੋਜਰ ਦੀ ਕਹਾਣੀ “ਬਸਤੀ” ਵਿਚ ਧਰਤੀ ਦੇ ਸ਼ਰਨਾਰਥੀ ਸੰਕਟ ਤੋਂ ਭੱਜਦੇ ਹਤਾਸ਼ ਸੋਮਾਲੀ ਸ਼ਰਨਾਰਥੀਆਂ ਦੀ ਦਾਸਤਾਨ ਪੇਸ਼ ਕਰਦੀ ਹੈ, ਜੋ ਚੰਦਰਮਾ ਵੱਲ ਜਾਂਦੇ ਇੱਕ ਯੂਰਪੀਅਨ ਪੁਲਾੜ ਵਾਹਨ ਵਿਚ ਲੁਕ ਕੇ ਚੰਨ ‘ਤੇ ਪੁੱਜ ਜਾਂਦੇ ਹਨ। ਇਹ ਕਹਾਣੀ ਨਾ ਸਿਰਫ਼ ਮੌਜੂਦਾ ਸ਼ਰਨਾਰਥੀ ਸੰਕਟਾਂ ਨੂੰ ਸੂਖ਼ਮ ਤਰੀਕੇ ਨਾਲ਼ ਦਰਸਾਉਂਦੀ ਹੈ, ਸਗੋਂ ਇਸਦਾ ਭਵਿੱਖ ਵੀ ਪੇਸ਼ ਕਰਦੀ ਹੈ ਜਿੱਥੇ ਸੁਰੱਖਿਆ ਅਤੇ ਬਿਹਤਰ ਜੀਵਨ ਦੀ ਮੰਗ ਕਰਨ ਵਾਲਿਆਂ ਲਈ ਚੰਨ ਇੱਕ ਨਵੀਂ ਮੰਜ਼ਿਲ ਬਣ ਜਾਂਦਾ ਹੈ। ਰੂਪ ਢਿੱਲੋਂ ਦੁਆਰਾ “ਉਡਾਣ” ਲਈ ਖ਼ਾਸ ਤੌਰ ਤੇ ਰਚੀ ਕਹਾਣੀ “ਜਾਮਨੀ ਮਖੌਟਾ” ਵਿਚ ਅੱਧਾ ਮਨੁੱਖ ਤੇ ਅੱਧੇ ਮਸ਼ੀਨੀ ਮਾਨਵ ਫ਼ਰੋਜ਼ ਗੱਗ ਦੇ ਸੰਘਰਸ਼ ਦੀ ਕਹਾਣੀ ਹੈ। ਇਹ ਸਸਪੈਂਸ ਭਰਪੂਰ ਕਹਾਣੀ ਦੋ ਅੰਕਾਂ ਵਿਚ ਪੇਸ਼ ਕੀਤੀ ਜਾ ਰਹੀ ਹੈ।

ਵੱਡੀਆਂ ਪੁਲਾਂਘਾ ਭਰਦੀ ਹੋਈ ਤਕਨਾਲੋਜੀ - ਕੁਆਂਟਮ ਕੰਪਿਊਟਿੰਗ 'ਤੇ ਡਾ. ਸਤਬੀਰ ਸਿੰਘ ਦਾ ਲੇਖ ਇਸ ਕ੍ਰਾਂਤੀਕਾਰੀ ਤਕਨਾਲੋਜੀ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। 

ਬੱਚਿਆਂ ਦੇ ਕੋਨੇ ਵਿਚ ਵੀ ਆਲਮੀ ਤਪਿਸ਼, ਬਦਲਦੇ ਜਲਵਾਯੂ, ਵਿਗਿਆਨ ਦੇ ਅਨੋਖੇ  ਸੰਸਾਰ ਤੇ ਅੰਧਵਿਸ਼ਵਾਸ਼ਾਂ ‘ਤੇ ਚਾਨਣਾ ਪਾਉਂਦੀਆਂ ਕਹਾਣੀਆਂ ਤੇ ਕਵਿਤਾਵਾਂ ਸ਼ਾਮਲ ਹਨ। ਜਾਣਕਾਰੀ ਨਾਲ਼ ਭਰਪੂਰ ਮੇਰੀ ਕਹਾਣੀ “ਬਦਲਦੇ ਮੌਸਮ” ਵਿਚ ਧਰਤੀ ਦੇ ਬਦਲਦੇ ਜਲਵਾਯੂ ਦੇ ਭਿਆਨਕ ਪ੍ਰਭਾਵਾਂ ਕਾਰਣ ਮਨੁੱਖਾਂ ਦੇ ਅਲੋਪ ਹੋ ਜਾਣ ਤੋਂ ਬਾਅਦ ਸੰਸਾਰ ਵਿਚ ਵਿਸ਼ਾਲ ਕੇਕੜੇ ਵਰਗੇ ਜੀਵ ਵਿਕਸਿਤ ਹੋ ਜਾਂਦੇ ਹਨ। ਇੱਕ ਵਿਸ਼ਾਲ ਕੇਕੜਾ ਜਲਵਾਯੂ ਪਰਿਵਰਤਨ ਬਾਰੇ ਆਪਣੇ ਬੱਚਿਆਂ ਨੂੰ ਦੱਸਦਾ ਹੈ। ਇਹ ਬਿਰਤਾਂਤ ਇੱਕ ਮਨੋਰੰਜਕ ਅਤੇ ਵਿਦਿਅਕ ਟੁਕੜੇ ਦੇ ਰੂਪ ਵਿੱਚ ਕੰਮ ਕਰਦਾ ਹੈ, ਜਿਸਦਾ ਉਦੇਸ਼ ਧਰਤੀ ਉੱਤੇ ਮਨੁੱਖੀ ਕਾਰਵਾਈਆਂ ਦੇ ਗੰਭੀਰ ਨਤੀਜਿਆਂ ਨੂੰ ਪੇਸ਼ ਕਰਕੇ ਬੱਚਿਆਂ ਵਿੱਚ ਵਾਤਾਵਰਣ ਪ੍ਰਤੀ ਸਾਂਭ-ਸੰਭਾਲ ਦੀ ਭਾਵਨਾ ਪੈਦਾ ਕਰਨਾ ਹੈ। ਇੱਕ ਨਵੇਂ ਚੰਦ ਦੀ ਕਾਮਨਾ ਕਰਦੀ ਪ੍ਰਿੰਸੀਪਲ ਹਰੀ ਕ੍ਰਿਸ਼ਨ ਮਾਇਰ ਦੀ ਕਹਾਣੀ “ਨਵਾਂ ਚੰਨ ਉੱਗ ਪਿਆ“ ਵਿਚ ਅਸੀਂ ਬ੍ਰਹਿਮੰਡ ਬਾਰੇ ਨਵੀਂ ਤੋਂ ਨਵੀਂ ਜਾਣਕਾਰੀ ਪ੍ਰਾਪਤ ਕਰਨ ਲਈ ਹਰ ਸਮੇਂ ਉਤਸੁਕ ਰਹਿੰਦੀ ਮੀਸ਼ਾ ਤੇ ਲੂਨਾ ਪਰੀ ਨੂੰ ਮਿਲਦੇ ਹਾਂ। ਇਹ ਕਹਾਣੀ ਕਲਪਨਾ ਅਤੇ ਵਿਗਿਆਨ ਗਲਪ ਦੇ ਤੱਤਾਂ ਦਾ ਸੁਮੇਲ ਕਰਦੀ ਹੋਈ, ਸਾਡੇ ਆਕਾਸ਼ੀ ਗੁਆਂਢੀ ਅਤੇ ਹੋਰ ਬ੍ਰਹਿਮੰਡਿਕ ਵਿਸ਼ਿਆਂ ਬਾਰੇ ਕਨਸੋਅ ਪਾਉਂਦੀ ਹੈ। ਇਸ ਤਕਨੀਕੀ ਯੁੱਗ ਵਿੱਚ ਅੰਧਵਿਸ਼ਵਾਸਾਂ ਤੇ ਝੂਠ ਨੂੰ ਕਿਵੇਂ ਖਤਮ ਕਰਨਾ ਹੈ ਅਸੀਂ ਅਮਰਪ੍ਰੀਤ ਸਿੰਘ ਝੀਤਾ ਦੀ ਪ੍ਰੇਰਨਾਦਾਇਕ ਕਹਾਣੀ ਰਾਹੀਂ ਜਾਣ ਸਕਦੇ ਹਾਂ। ਕਿਵੇਂ ਅਖੌਤੀ ਬਾਬੇ ਵਿਗਿਆਨ ਦਾ ਸਹਾਰਾ ਲੈ ਕੇ ਲੋਕਾਂ ਦੇ ਅੰਧਵਿਸ਼ਵਾਸਾਂ  ਨੂੰ  ਦ੍ਰਿੜ੍ਹ ਕਰਦੇ ਹਨ ਤੇ ਉਹਨਾਂ ਦਾ ਫ਼ਾਇਦਾ ਉਠਾਉਂਦੇ ਹਨ। ਇਹ ਕਹਾਣੀ ਉਹਨਾਂ ਦੀਆਂ ਚਾਲਾਂ 'ਤੇ ਰੌਸ਼ਨੀ ਪਾਉਂਦੀ ਹੋਈ, ਬੱਚਿਆਂ ਨੂੰ ਪੁਰਾਣੇ ਵਿਸ਼ਵਾਸਾਂ 'ਤੇ ਸਵਾਲ ਕਰਨ ਅਤੇ ਵਿਗਿਆਨਕ ਸੋਚ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਦੀ ਹੈ।ਉਮੀਦ ਹੈ ਇਸ ਅੰਕ ਦੀਆਂ ਰਚਨਾਵਾਂ ਆਪ ਨੂੰ ਪਸੰਦ ਆਉਣਗੀਆਂ। ਹਮੇਸ਼ਾਂ ਦੀ ਤਰ੍ਹਾਂ ਆਪ ਜੀ ਦੇ ਸੁਝਾਵਾਂ ਤੇ ਪ੍ਰਤੀਕਿਰਿਆ ਦੀ ਉਡੀਕ ਵਿੱਚ … ਅਮਨਦੀਪ ਸਿੰਘ punjabiscifi@gmail.com

ਨੋਟ “ਉਡਾਣ” ਮੈਗ਼ਜ਼ੀਨ ਵਿੱਚ ਲੇਖਕਾਂ ਵਲ੍ਹੋਂ ਪ੍ਰਗਟਾਏ ਵਿਚਾਰ ਉਹਨਾਂ ਦੇ ਆਪਣੇ ਹਨ। ਅਦਾਰਾ ਉਡਾਣ ਦੀ ਟੀਮ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। - ਸੰਪਾਦਕ

ਖ਼ਾਹਸ਼ / ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

ਸਤੰਬਰ 2030

ਪ੍ਰਿਆਦਰਸ਼ਨੀ ਇੰਟਰਨੈਸ਼ਨਲ ਸਟੇਡੀਅਮ, ਨਵੀਂ ਦਿੱਲੀ ਵਿਖੇ ਓਲੰਪਿਕ ਗੇਮਜ਼-2030 ਦਾ ਆਰੰਭ ਹੋ ਚੁੱਕਾ ਸੀ। ਪੰਜ ਹਜ਼ਾਰ ਮੀਟਰ ਦੀ ਆਖ਼ਰੀ ਦੌੜ ਸ਼ੁਰੂ ਹੋਣ ਜਾ ਰਹੀ ਸੀ। ਵਿਸ਼ਵ ਦੇ ਚੋਣਵੇਂ ਦੌੜਾਕ ਸਟਾਰਟਿੰਗ-ਲਾਇਨ ਉੱਤੇ ਤੈਨਾਤ ਸਨ।

ਸੁਕੀਰਤ ਦੇ ਜੀਵਨ ਦਾ ਅਹਿਮ ਸੁਪਨਾ ਸਾਕਾਰ ਹੋਣ ਜਾ ਰਿਹਾ ਸੀ। ਇਸੇ ਪਲ ਦੀ ਉਡੀਕ ਵਿਚ ਉਸ ਨੇ ਜ਼ਿੰਦਗੀ ਦੇ ਪਿਛਲੇ 15 ਸਾਲ ਕੁਰਬਾਨ ਕੀਤੇ ਸਨ। ਅੱਜ ਤਕ ਸੌਂਦਿਆਂ, ਜਾਗਦਿਆਂ, ਹਰ ਸਾਹ ਨਾਲ ਇਸੇ ਦਿਨ ਦੀ ਉਡੀਕ ਕੀਤੀ ਸੀ ਉਸ ਦੀ ਸਖ਼ਤ ਘਾਲਣਾ ਤੇ ਵਧੀਆ ਤਕਨੀਕ ਸਦਕਾ ਉਸ ਨੂੰ ਇਸ ਦੌੜ ਵਿਚ ਗੋਲਡ ਮੈਡਲ ਜਿੱਤਣ ਦਾ ਯਕੀਨ ਸੀ। ਇਸ ਦੌੜ ਵਿਚ ਭਾਰਤ ਦੇ ਇਕੋ ਇਕ ਪ੍ਰਤਿਨਿਧ ਸੁਕੀਰਤ ਦੀ ਜਿੱਤ ਪ੍ਰਾਪਤੀ ਵਿਚ ਸਿਰਫ਼ ਪੰਜ ਦੌੜਾਕਾਂ ਦਾ ਹੀ ਫਾਸਲਾ ਸੀ।

ਜਿਵੇਂ ਹੀ ਠਾਹ ਦੀ ਆਵਾਜ਼ ਸੁਣਾਈ ਦਿੱਤੀ, ਦੌੜਾਕ ਬਿਜਲੀ ਜਿਹੀ ਫੁਰਤੀ ਨਾਲ ਨੱਠ ਪਏ। ਸੁਕੀਰਤ ਦੇ ਜਿਸਮ ਵਿਚ ਹੁਣ ਐਂਡਰਲੀਨ ਦਾ ਦੌਰਾ ਪੂਰੇ ਜ਼ੋਰ ‘ਤੇ ਸੀ ਤੇ ਉਹ ਪੂਰੀ ਤਾਕਤ ਨਾਲ ਅੱਗੇ ਵੱਧਦਾ ਹੋਰਾਂ ਨੂੰ ਪਿੱਛੇ ਛੱਡਣ ਲੱਗਾ।……. ਤੇ ਅਗਲੇ ਹੀ ਪਲ ਉਹ ਸੱਭ ਤੋਂ ਅੱਗੇ ਸੀ। ਭਾਰਤੀ ਦਰਸ਼ਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਉਨ੍ਹਾਂ ਨੂੰ ਯਕੀਨ ਹੋ ਗਿਆ ਸੀ ਕਿ ਸੁਕੀਰਤ ਇਸ ਦੌੜ ਵਿਚ ਗੋਲਡ ਮੈਡਲ ਜ਼ਰੂਰ ਜਿੱਤੇਗਾ।

ਅਚਾਨਕ ਹੀ ਇਕ ਉੱਚਾ-ਲੰਮਾ ਦੌੜਾਕ, ਤੇਜ਼ੀ ਨਾਲ ਹਵਾ ਨੂੰ ਚੀਰਦਾ ਉਸ ਦੇ ਅੱਗੇ ਆਉਂਦਾ ਲੱਗਾ। ਲੰਮੀਆਂ ਲੰਮੀਆਂ ਪੁਲਾਘਾਂ ਪੁੱਟਦਾ ਉਹ ਅਸਿੱਧ ਜਿਸਮਾਨੀ ਤਾਕਤ ਦਾ ਮੁਜੱਸਮਾ ਜਾਪ ਰਿਹਾ ਸੀ। ਸੁਕੀਰਤ ਨੇ ਆਪਣੀ ਰਫ਼ਤਾਰ ਹੋਰ ਤੇਜ਼ ਕਰ ਲਈ।…….ਹੁਣ ਅਸਿੱਧ ਜਿਸਮਾਨੀ ਤਾਕਤ ਤੇ ਉੱਤਮ ਦੌੜ-ਸ਼ੈਲੀ ਦੀ ਟੱਕਰ ਸਪਸ਼ਟ ਨਜ਼ਰ ਆ ਰਹੀ ਸੀ। ਬਲ ਤੇ ਵਿਧੀ ਦਾ ਮੁਕਾਬਲਾ ਸੀ ਇਹ।……ਤੇ ਪਲ ਝਮਕਦੇ ਹੀ ਉਹ ਦੌੜਾਕ ਅੱਗੇ ਨਿਕਲ ਗਿਆ। ਇਸ ਪਿਛੋਂ ਇਕ ਇਕ ਕਰਦਿਆਂ ਦੋ ਹੋਰ ਦੌੜਾਕ ਉਸ ਨੂੰ ਪਿੱਛੇ ਛੱਡ ਗਏ। ਉਹ ਤਿੰਨੋਂ ਹੀ ਉਸ ਕੋਲੋਂ ਜੈੱਟ ਵਰਗੀ ਤੇਜ਼ੀ ਨਾਲ ਅੱਗੇ ਲੰਘ ਗਏ ਸਨ।

ਸੁਕੀਰਤ ਚੌਥੇ ਸਥਾਨ ‘ਤੇ ਆਇਆ ਸੀ। ਮਾਯੂਸੀ ਕਾਰਨ ਉਸ ਦਾ ਸਿਰ ਲਟਕ ਗਿਆ। ਟਰੈਕ ‘ਚੋਂ ਬਾਹਰ ਆ ਉਹ ਕਾਫ਼ੀ ਦੇਰ ਨਿੰਮੋਝੂਣਾ ਬੈਠਾ ਰਿਹਾ। ਉਹ ਤਾਂ ਲਗਭਗ ਪਹੁੰਚ ਹੀ ਗਿਆ ਸੀ - ਓਲੰਪਿਕ ਗੋਲਡ ਮੈਡਲ ਤਕ – ਪਰ ਫਿਰ ਵੀ ਪਹੁੰਚ ਨਾ ਸਕਿਆ। ਓਲੰਪਿਕ ਦੌੜ ਦੀ ਜਿੱਤ ਉਸ ਦੇ ਹਿੱਸੇ ਨਹੀਂ ਸੀ ਆਈ।

ਗੋਲਡ ਮੈਡਲ ਦੀ ਪ੍ਰਾਪਤੀ ਨਾਲ ਤਾਂ ਉਹ ਸਿੱਧ ਕਰਨਾ ਚਾਹੁੰਦਾ ਸੀ ਕਿ ਛੋਟੇ ਕੱਦ ਵਾਲੇ ਦੌੜਾਕ ਲਈ ਵੀ ਓਲੰਪਿਕ ਦੌੜ ਜਿੱਤਣਾ ਸੰਭਵ ਹੈ ਪਰ ਅਜਿਹਾ ਸੰਭਵ ਨਾ ਹੋ ਸਕਿਆ। ਅਨੇਕ ਆਲੋਚਕਾਂ ਦੀ ਤਾਂ ਪਹਿਲਾਂ ਹੀ ਰਾਏ ਸੀ ਕਿ ਉਹ ਛੋਟੇ ਕੱਦ ਤੇ ਘੱਟ ਲੰਮੀਆਂ ਲੱਤਾਂ ਕਾਰਣ ਪਾਕਿਸਤਾਨ ਦੇ ਬਲੋਚੀ ਦੌੜਾਕ ਸ਼ਾਹਬਾਜ਼ ਖ਼ਾਨ ਤੋਂ ਅੱਗੇ ਨਹੀਂ ਲੰਘ ਸਕੇਗਾ।……. ਤੇ ਇਸੇ ਸ਼ਾਹਬਾਜ਼ ਨੇ ਉਸ ਤੋਂ ਬਰੌਨਜ਼ ਮੈਡਲ ਵੀ ਖੋਹ ਲਿਆ ਸੀ।

ਉਹ ਤਾਂ ਓਲੰਪਿਕ ਬਰੌਨਜ਼ ਮੈਡਲ ਲਈ ਆਪਣੇ ਜੀਵਨ ਭਰ ਦੇ ਸਾਰੇ ਮੈਡਲ ਵੀ ਕੁਰਬਾਨ ਕਰਨ ਲਈ ਤਿਆਰ ਸੀ ਪਰ……ਹਾਏ! ਅੱਧੇ ਸੈਕਿੰਡ ਦੇ ਅਰਸੇ ਨਾਲ ਹੀ ਇਹ ਮੈਡਲ ਵੀ ਉਸ ਦੇ ਹੱਥੋਂ ਨਿਕਲ ਚੁੱਕਾ ਸੀ। ਸ਼ਾਹਬਾਜ਼ ਨੇ ਉਸ ਨੂੰ ਦੌੜ ਵਿਚ ਹੀ ਨਹੀਂ ਸੀ ਹਰਾਇਆ ਸਗੋਂ ਉਸ ਦੇ ਜੀਵਨ ਦੇ ਸੱਭ ਤੋਂ ਅਹਿਮ ਸੁਪਨੇ ਨੂੰ ਚਕਨਾਚੂਰ ਕਰ ਦਿੱਤਾ ਸੀ। ਹੁਣ ਤਾਂ ਉਸ ਕੋਲ ਸਿਰਫ਼ ਪਛਤਾਵਾ ਸੀ ਜਾਂ ਗਿਲਾਨੀ…. ਤੇ ਮਨ ਉੱਤੇ ਅਸਫਲਤਾ ਦਾ ਮਣਾਂ-ਮੂੰਹੀ ਬੋਝ।

ਅਗਲੇ ਦਿਨ ਦੀ ਅਖ਼ਬਾਰ ਤੋਂ ਉਹ ਨਜ਼ਰ ਚੁਰਾ ਰਿਹਾ ਸੀ। ਨਾਸ਼ਤਾ ਕਰਦਿਆਂ ਜਿਵੇਂ ਹੀ ਉਸ ਦੀ ਨਜ਼ਰ, ਡਾਇਨਿੰਗ ਟੇਬਲ ਤੇ ਪਏ ਅਖ਼ਬਾਰ ‘ਤੇ ਪਈ, ਉਸ ਦਾ ਕਲੇਜਾ ਮੂੰਹ ਨੂੰ ਆ ਗਿਆ। ਹੈੱਡ-ਲਾਇਨ ਸੀ; ‘ਵਿਧੀ ਨਾਲੋਂ ਬਲ ਉੱਤਮ: ਸ਼ਾਹਬਾਜ਼, ਭਾਰਤ ਤੋਂ ਬਰੌਨਜ਼ ਮੈਡਲ ਖੋਹ ਲੈ ਗਿਆ।’

ਬਾਕੀ ਖ਼ਬਰ ਅੰਦਾਜ਼ੇ ਅਨੁਸਾਰ ਹੀ ਸੀ। ਖੇਡ ਆਲੋਚਕਾਂ ਨੇ ਪਹਿਲਾਂ ਕਹੀਆਂ ਗੱਲਾਂ ਹੀ ਦੁਹਰਾਈਆਂ ਸਨ। ‘ਜੇ ਸੁਕੀਰਤ ਦਾ ਕੱਦ ਥੋੜ੍ਹਾ ਵੱਡਾ ਹੁੰਦਾ, ਉਸ ਦੀਆਂ ਲੱਤਾਂ ਥੌੜ੍ਹੀਆਂ ਲੰਮੀਆਂ ਹੁੰਦੀਆਂ ਤੇ ਉਸ ਦੀ ਸੁਡੋਲਤਾ ਥੋੜ੍ਹੀ ਹੋਰ ਹੁੰਦੀ ਤਾਂ ਯਕੀਨੀ ਸੀ ਕਿ ਭਾਰਤ ਇਸ ਓਲੰਪਿਕ ਮੁਕਾਬਲੇ ਵਿਚ ਗੋਲਡ ਮੈਡਲ ਪ੍ਰਾਪਤ ਕਰ ਲੈਂਦਾ। ਉੱਤਮ ਦੌੜ-ਸ਼ੈਲੀ, ਸੁਯੋਗ ਸਰੀਰਕ ਬਣਤਰ ਤੇ ਤਾਕਤ ਦੀ ਘਾਟ ਕਾਰਣ ਅਸਫਲ ਹੋ ਗਈ। ਪਰ ਜੇਨੇਟਿਕ ਵਿਉਂਤਬੰਧੀ ਖਿਡਾਰੀਆਂ ਨੂੰ ਇਨ੍ਹਾਂ ਜਿਸਮਾਨੀ ਘਾਟਾਂ ਤੋਂ ਮੁਕਤ ਕਰਵਾਉਣ ਦੇ ਸਮਰਥ ਹੈ।

ਬੇਸ਼ਕ ਜੇਨੇਟਿਕ ਤੌਰ ਉੱਤੇ ਸੰਸ਼ੋਧਿਤ ਮਨੁੱਖਾਂ ਦਾ ਯੁੱਗ ਆ ਚੁੱਕਾ ਹੈ ਤੇ ਉਹ ਜੀਵਨ ਦੇ ਹਰ ਖ਼ੇਤਰ ਵਿਚ ਹੀ ਅਹਿਮ ਪ੍ਰਾਪਤੀਆਂ ਲਈ ਯਤਨਸ਼ੀਲ ਹਨ। ਪਰ ਜੇਨੇਟਿਕ ਵਿਉਂਤਬੰਧੀ ਦੀ ਡਰੱਗਜ਼ ਨਾਲ ਤੁਲਨਾ ਕਰਦੇ ਹੋਏ ਖੇਡ ਮਾਹਿਰਾਂ ਨੇ ਇਸ ਦੀ ਵਰਤੋਂ ਉੱਤੇ ਪਾਬੰਦੀ ਲਾਈ ਹੋਈ ਹੈ। ਅਜੋਕੇ ਸਮੇਂ ਦੌਰਾਨ ਇਸ ਪਾਬੰਦੀ ਨੂੰ ਹਟਾਉਣ ਦੀ ਮੰਗ ਜ਼ੋਰ ਫੜ ਰਹੀ ਹੈ।

ਅੱਜ ਉਨ੍ਹਾਂ ਲੋਕਾਂ ਦੀ ਸੰਖਿਆ ਲਗਾਤਾਰ ਵੱਧ ਰਹੀ ਹੈ ਜੋ ਜੀਨਾਂ ਦੇ ਅਦਲ-ਬਦਲ ਨਾਲ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰਣ ਲਈ ਤੱਤਪਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਖੇਡਾਂ ਨੂੰ ਵਾਸਤਵਿਕਤਾ ਤੋਂ ਅਲੱਗ-ਥਲੱਗ ਨਹੀਂ ਰੱਖਿਆ ਜਾ ਸਕਦਾ। ਅਜਿਹਾ ਅੰਦਾਜ਼ਾ ਹੈ ਕਿ ਜੀਨਾਂ ਦਾ ਅਦਲ-ਬਦਲ, ਖੇਡ ਮੁਕਾਬਲਿਆਂ ਦੇ ਮਿਆਰ ਨੂੰ ਉੱਚਾ ਚੁੱਕਣ ਵਿਚ ਸਹਾਈ ਹੋ ਸਕਦਾ ਹੈ। ਇਸੇ ਲਈ ਓਲੰਪਿਕ ਕਮੇਟੀ ਖਿਡਾਰੀਆਂ ਵਿਚ ਜੇਨੇਟਿਕ ਵਿਉਂਤਬੰਧੀ ਨੂੰ ਪ੍ਰਵਾਨ ਕਰਨ ਲਈ ਗੰਭੀਰ ਦਬਾਉ ਹੇਠ ਹੈ। ਜੇਨੇਟਿਕ ਤੌਰ ਉੱਤੇ ਵਿਉਂਤਬੰਧ ਖਿਡਾਰੀਆਂ ਦੁਆਰਾ ਭਵਿੱਖ ਵਿਚ ਹੈਰਾਨੀ ਭਰਪੂਰ ਪ੍ਰਾਪਤੀਆ ਦੇ ਆਸਾਰ ਹਨ।’

ਸੁਕੀਰਤ ਨੇ ਅਖ਼ਬਾਰ ਪਰ੍ਹੇ ਸੁੱਟ ਦਿੱਤਾ। ਉਹ ਬਹੁਤ ਉਦਾਸ ਸੀ। ਜਿਵੇਂ ਉਸ ਦਾ ਸੱਭ ਕੁਝ ਲੁੱਟ ਚੁੱਕਾ ਹੋਵੇ। ਉਸ ਦੇ ਸਾਥੀਆਂ ਉਸ ਨੂੰ ਕਾਫ਼ੀ ਧਰਵਾਸ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਅਗਲੀ ਵਾਰ ਉਹ ਹੁਣ ਨਾਲੋਂ ਵਧੇਰੇ ਚੰਗਾ ਪ੍ਰਦਰਸ਼ਨ ਕਰ ਸਕੇਗਾ। ਪਰ ਉਹ ਜਾਣਦਾ ਸੀ ਕਿ ਉਹ 25 ਸਾਲ ਦਾ ਹੋ ਚੁੱਕਾ ਸੀ ਤੇ ਸਰੀਰਕ ਪੱਖੋਂ ਉਹ ਪ੍ਰਦਰਸ਼ਨ ਦੇ ਸਿ਼ਖ਼ਰ ਉੱਤੇ ਸੀ। ਇਸ ਤੋਂ ਬਾਅਦ ਤਾਂ ਸਮੇਂ ਦੇ ਗੁਜ਼ਰਣ ਨਾਲ ਪ੍ਰਦਰਸ਼ਨ ਦੇ ਮੌਜੂਦਾ ਪੱਧਰ ਨੂੰ ਬਣਾਈ ਰੱਖਣਾ ਵੀ ਔਖਾ ਹੋ ਜਾਵੇਗਾ।

ਅਕਤੂਬਰ 2036

ਹੁਣ ਸੁਕੀਰਤ ਇਕ ਸਫ਼ਲ ਬਿਜ਼ਨੈਸਮੈਨ ਸੀ ਤੇ ਆਪਣੀ ਪਤਨੀ ਸਮੇਤ ਉਹ, ਇਕ ਵਿਸ਼ਾਲ ਤੇ ਖੂਬਸੂਰਤ ਕੋਠੀ ਵਿਚ ਰਹਿੰਦਾ ਸੀ। ਸਫ਼ਲ ਬਿਜ਼ਨੈੱਸਮੈਨ ਤੇ ਰੋਟਰੀ ਇੰਟਰਨੈਸ਼ਨਲ ਦੇ ਗਵਰਨਰ ਵਜੋਂ ਉਸ ਦਾ ਸ਼ੁਮਾਰ ਸ਼ਹਿਰ ਦੇ ਪਤਵੰਤਿਆਂ ਵਿਚ ਕੀਤਾ ਜਾਂਦਾ ਸੀ।

ਉਸ ਸ਼ਾਮ, ਡਰਾਇੰਗ ਰੂਮ ਵਿਚ ਬੈਠਾ, ਜਦ ਉਹ ਕੌਫ਼ੀ ਦੀਆਂ ਚੁਸਕੀਆਂ ਲੈ ਰਿਹਾ ਸੀ ਤਾਂ ਸਾਹਮਣੇ ਪਏ ਟੈਲੀਵਿਯਨ ਉੱਤੇ ਖ਼ਬਰਾਂ ਦਾ ਦੌਰ ਚਲ ਰਿਹਾ ਸੀ। ਅਚਾਨਕ ਹੀ ਇਕ ਖ਼ਬਰ ਨੇ ਉਸ ਦਾ ਧਿਆਨ ਖਿੱਚ ਲਿਆ। ਅਨਾਂਉਸਰ ਕਹਿ ਰਿਹਾ ਸੀ:

‘ਜੇਨੇਟਿਕ ਤੌਰ ਉੱਤੇ ਸੰਸ਼ੋਧਿਤ ਖਿਡਾਰੀ ਹੁਣ ਓਲੰਪਿਕ ਗੇਮਜ਼ ਵਿਚ ਭਾਗ ਲੈ ਸਕਣਗੇ।…. ਖਿਡਾਰੀਆਂ ਦੀ ਪੁਰਜ਼ੋਰ ਮੰਗ ਨੂੰ ਸਵੀਕਾਰ ਕਰਦੇ ਹੋਏ ਓਲੰਪਿਕ ਕਮੇਟੀ ਨੇ ਜੇਨੇਟਿਕ ਤੌਰ ਉੱਤੇ ਸੰਸ਼ੋਧਿਤ ਖਿਡਾਰੀਆ ਨੂੰ ਓਲੰਪਿਕ ਖੇਡਾਂ ਵਿਚ ਭਾਗ ਲੈ ਸਕਣ ਦੀ ਇਜ਼ਾਜਤ ਦੇ ਦਿੱਤੀ ਹੈ ਤੇ ਪ੍ਰਵਾਨਿਤ ਜੇਨੇਟਿਕ ਸੰਸ਼ੋਧਨਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ।’

ਖ਼ਬਰ ਸੁਣ ਸੁਕੀਰਤ ਬਾਗੋ ਬਾਗ ਹੋ ਗਿਆ।

‘ਸ਼ਬਨਮ!’ ਉਸ ਨੇ ਖੁਸ਼ੀ ਨਾਲ ਲਗਭਗ ਚੀਖ਼ਦੇ ਹੋਏ ਆਪਣੀ ਪਤਨੀ ਨੁੰ ਆਵਾਜ਼ ਮਾਰੀ।

‘ਜੀ!’ ਰਸੋਈ ‘ਚੋਂ ਜਲਦੀ ਜਲਦੀ ਬਾਹਰ ਆਉਂਦੀ ਸ਼ਬਨਮ ਦੇ ਬੋਲ ਸਨ।

‘ਖੇਡਾਂ ਵਿਚ ਜੇਨੇਟਿਕ ਵਿਉਂਤਬੰਧੀ ਦੀ ਪ੍ਰਵਾਨਗੀ ਮਿਲ ਗਈ ਹੈ। ਹੁਣ ਤਾਂ ਸਾਡਾ ਬੱਚਾ ਉੱਤਮ ਜਿਸਮਾਨੀ ਗੁਣਾਂ ਵਾਲਾ ਹੋਵੇਗਾ। ਉਸ ਵਿਚ ਮੇਰੇ ਵਾਲੀਆਂ ਘਾਟਾਂ ਨਹੀਂ ਹੋਣਗੀਆਂ।’

ਸੁਕੀਰਤ ਨੇ ਓਲੰਪਿਕ ਮੈਡਲ ਖੁਸਣ ਦਾ ਦੁੱਖ ਭੁੱਲਣ ਲਈ ਆਪਣਾ ਸਾਰਾ ਧਿਆਨ ਬਿਜ਼ਨੈਸ ਵਿਚ ਲਗਾ ਦਿੱਤਾ ਸੀ ਤੇ ਸਮੇਂ ਨਾਲ ਉਸ ਦੀ ਮਿਹਨਤ ਰੰਗ ਵੀ ਲਿਆਈ ਤੇ ਉਹ ਅਮੀਰ ਹੋ ਗਿਆ ਸੀ। ਪਰ ਓਲੰਪਿਕ ਗੇਮਜ਼ ਵਿਚ ਉਸ ਦੀ ਅਸਫਲਤਾ ਦਾ ਦਰਦ ਸਮੇਂ ਨਾਲ ਘਟਿਆ ਨਹੀਂ ਸੀ……ਇਹ ਉਸ ਦੀ ਦੁਖਦੀ ਰਗ ਸੀ। ਜਦ ਕਦੇ ਵੀ ਉਸ ਨੂੰ ਉਹ ਵਕਤ ਯਾਦ ਆਉਂਦਾ, ਉਹ ਮਾਰੇ ਦਰਦ ਦੇ ਅੱਖਾਂ ਬੰਦ ਕਰ ਨਿਰਾਸ਼ਤਾ ਦੇ ਆਲਮ ਵਿਚ ਡੁੱਬ ਜਾਂਦਾ।

ਪਰ ਮੌਜੂਦਾ ਖ਼ਬਰ ਨੇ ਉਸ ਦੀ ਅਧੂਰੀ ਖਾਹਸ਼ ਦੀ ਪੂਰਤੀ ਦਾ ਰਾਹ ਰੌਸ਼ਨ ਕਰ ਦਿੱਤਾ ਸੀ।…….ਤੇ ਉਹ ਸੋਚ ਰਿਹਾ ਸੀ ਕਿ ਹੁਣ ਉਸ ਦਾ ਬੱਚਾ ਉਸ ਦੇ ਅਧੂਰੇ ਸੁਪਨੇ ਨੂੰ ਪੂਰਾ ਕਰ ਸਕਦਾ ਸੀ।

ਇਸ ਸੁਪਨੇ ਦੀ ਪੂਰਤੀ ਲਈ, ਕੁਝ ਦਿਨ੍ਹਾਂ ਬਾਅਦ ਹੀ ਉਹ ਆਪਣੀ ਪਤਨੀ ਸਮੇਤ ਸਿਡਨੀ ਦੀ ‘ਪਾਨ ਬਾਇਓਟੈੱਕ’ ਕੰਪਨੀ ਦੇ ਦਰ ‘ਤੇ ਜਾ ਪੁੱਜਾ।

‘ਤੁਹਾਡੀ ਖ਼ਾਸ ਲੋੜ?’ ਕੰਪਨੀ ਦੇ ਅਧਿਕਾਰੀ ਨੇ ਪੁੱਛਿਆ।

‘ਸਾਨੂੰ ਉੱਚੇ-ਲੰਮੇ ਕੱਦ, ਲੰਮੀਆਂ ਲੱਤਾਂ, ਸੁਡੋਲ ਸਰੀਰ ਤੇ ਅਸਾਧ ਜਿਸਮਾਨੀ ਤਾਕਤ ਵਾਲੇ ਬੱਚੇ ਦੀ ਲੋੜ ਹੈ।’

‘ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਵਧੀਆ ਦੌੜਾਕ ਬਣੇ?’

‘ਵਧੀਆ ਹੀ ਨਹੀਂ, ਸੱਭ ਨਾਲੋਂ ਉੱਤਮ ਦੌੜਾਕ ਹੋਣਾ ਚਾਹੀਦਾ ਹੈ ਉਹ।’

‘ਹਾਂ! ਹਾਂ! ਕਿਉਂ ਨਹੀਂ? ਅਵੱਲ ਦਰਜੇ ਦਾ ਦੌੜਾਕ ਹੋਵੇਗਾ ਉਹ।’

ਜਿਵੇਂ ਸਮਾਂ ਗੁਜ਼ਰਿਆ ਸੁਕੀਰਤ ਦੇ ਘਰ ਇਕ ਬੇਟੀ ਨੇ ਜਨਮ ਲਿਆ। ਬੇਸ਼ਕ ਬੱਚੀ ਦੇ ਜਨਮ ਦੀ ਉਡੀਕ ਸੌਖੀ ਨਹੀਂ ਸੀ।

ਕਿਉਂ ਜੋ ਜੇਨੇਟਿਕ ਜੋੜ-ਤੋੜ ਦੀ ਕ੍ਰਿਆ ਅਜੇ ਵੀ ਪੂਰੀ ਤਰ੍ਹਾਂ ਦੋਸ਼ ਮੁਕਤ ਨਹੀਂ ਸੀ। ਇਸੇ ਲਈ ਸ਼ਬਨਮ ਦੇ ਗਰਭ ਵਿਚ ਭਰੂਣ ਨੂੰ ਜੇਨੇਟਿਕ ਤੌਰ ਉੱਤੇ ਵਿਉਂਤਣ ਦੀ ਪਹਿਲੀਆਂ ਦੋਨੋਂ ਕੌਸਿ਼ਸ਼ਾਂ ਹੀ ਅਸਫਲ ਰਹੀਆਂ ਸਨ ਤੇ ਦੋਨੋਂ ਵਾਰ ਹੀ ਭਰੂਣ ਵਿਚ ਵਿਕਾਰ ਪੈ ਜਾਣ ਕਾਰਣ ਗਰਭਪਾਤ ਕਰਨਾ ਪਿਆ ਸੀ। ਪਰ ਸੁਭਾਗ ਵੱਸ ਤੀਸਰੀ ਕੌਸਿ਼ਸ਼ ਸਫ਼ਲ ਰਹੀ। ਬੱਚੀ ਜਨਮ ਤੋਂ ਹੀ ਗਠੀਲੇ ਬਦਨ ਵਾਲੀ ਤੇ ਮਜ਼ਬੂਤ ਪੱਠਿਆਂ ਦੀ ਧਾਰਣੀ ਸੀ।

ਮਾਰਚ 2048

ਸੁਡੋਲ ਤੇ ਗਠੀਲੇ ਸਰੀਰ ਦੀ ਮਾਲਕ ਅਨਿਕਾ ਸਮੇਂ ਨਾਲ ਵੱਡੀ ਹੋ ਗਈ। ਸੁਕੀਰਤ ਨੇ ਉਸ ਨੂੰ ਹੀ ਦੌੜਾਕ ਬਣਾਉਣ ਵੱਲ ਉਚੇਚਾ ਧਿਆਨ ਦਿੱਤਾ। ਪਰ ਅਨਿਕਾ ਸ਼ੁਰੂ ਤੋਂ ਹੀ ਅਜਬ ਸੁਭਾਅ ਵਾਲੀ ਸੀ। ਨਟਖ਼ਟ[…..ਹੋਰਾਂ ਦੀਆਂ ਨਕਲਾਂ ਉਤਾਰਣ ਵਿਚ ਮਾਹਿਰ। ਵੰਨ-ਸੁਵੰਨੀਆਂ ਪੁਸ਼ਾਕਾਂ ਪਾਉਣ ਦੀ ਚਾਹਵਾਨ ਤੇ ਕਲਾਤਮਕ ਰੁਚੀਆਂ ਵਾਲੀ। …..ਪਰ ਪਤਾ ਨਹੀਂ ਕਿਉਂ ਉਸ ਨੂੰ ਦੌੜਣਾ ਚੰਗਾ ਨਹੀਂ ਸੀ ਲੱਗਦਾ। ਸੁਕੀਰਤ ਦੇ ਵਾਰ ਵਾਰ ਜ਼ੋਰ ਦੇਣ ਉੱਤੇ ਉਹ ਉਸ ਦਾ ਮਨ ਰੱਖਣ ਲਈ ਦੌੜ੍ਹਾਂ ਵਿਚ ਭਾਗ ਤਾਂ ਲੈਂਦੀ, ਪਰ ਪੂਰੇ ਮਨ ਨਾਲ ਨਹੀਂ। ਸੁਕੀਰਤ ਉਸ ਦੇ ਅਜਿਹੇ ਸੁਭਾਅ ਤੋਂ ਡਾਢਾ ਪ੍ਰੇਸ਼ਾਨ ਸੀ। ਅਕਸਰ ਉਹ ਅਨਿਕਾ ਦੇ ਵਿਵਹਾਰ ਤੋਂ ਖਿੱਝ ਜਾਂਦਾ। ਪਰ ਉਸ ਦਿਨ ਤਾਂ ਹੱਦ ਹੀ ਹੋ ਗਈ।

‘ਮੈਨੂੰ ਦੌੜਣਾ ਚੰਗਾ ਨਹੀਂ ਲੱਗਦਾ।’ਅਨਿਕਾ ਨੇ ਉੱਚੀ ਆਵਾਜ਼ ਵਿਚ ਕਿਹਾ।

‘ਕਿਉਂ? ਕੀ ਬੁਰਾ ਹੈ ਇਸ ਵਿਚ?’ ਸੁਕੀਰਤ ਨੇ ਉਸ ਨੂੰ ਸਮਝਾਉਣ ਦੇ ਲਹਿਜੇ ਵਿਚ ਕਿਹਾ।

‘ਬੱਸ! ਨਹੀਂ ਚੰਗਾ ਲੱਗਦਾ। ਮੇਰਾ ਦਿਲ ਤਾਂ ਐਕਟਿੰਗ ਸਿੱਖਣ ਨੂੰ ਕਰਦਾ ਹੈ। ਮਾਡਲਿੰਗ ਕਰਨਾ ਚਾਹੁੰਦੀ ਹਾਂ ਮੈਂ।……ਦੌੜਣਾ…. ਤਾਂ ਇੰਝ ਲੱਗਦਾ ਹੈ ਜਿਵੇਂ ਕਿਸੇ ਨੇ ਤੁਹਾਡੀ ਪੂੰਛ ਨੂੰ ਅੱਗ ਲਾਈ ਹੋਵੇ ਤੇ ਤੁਸੀਂ ਬਚਣਾ ਚਾਹੁੰਦੇ ਹੋਵੋ…..।’

‘ਅਜਿਹੀ ਸੋਚ ਤਾਂ ਸਰਾਸਰ ਗਲਤ ਹੈ।……. ਮਾਡਲਿੰਗ ਤੇ ਐਕਟਿੰਗ ਵੀ ਹੋ ਜਾਣਗੇ ਸਮੇਂ ਸਿਰ। ਅਜੇ ਤੇਰੀ ਉਮਰ ਹੈ ਮਿਹਨਤ ਕਰਨ ਦੀ……ਦਿਲ ਲਗਾ ਕੇ ਦੌੜ……. ਸਫ਼ਲਤਾ ਦੇ ਸ਼ਿਖ਼ਰ ਉੱਤੇ ਮਾਡਲਿੰਗ ਤੇ ਫਿ਼ਲਮਾਂ ਵਾਲੇ ਪਿੱਛੇ ਪਿੱਛੇ ਭੱਜੇ ਫਿਰਣਗੇ।’

‘ਅਨਿਕਾ! ਤੇਰੇ ਪਾਪਾ ਕਿੰਨੇ ਵਧੀਆ ਦੌੜਾਕ ਰਹੇ ਨੇ। ਉਨ੍ਹਾਂ ਨਾਲੋਂ ਵਧੀਆ ਟੀਚਰ ਤੈਨੂੰ ਕਿਧਰੇ ਨਹੀਂ ਮਿਲਣਾ।……’ ਸ਼ਬਨਮ ਦੇ ਪਿਆਰ ਨਾਲ ਸਮਝਾਂਦਿਆਂ ਕਿਹਾ।

‘ਪਰ ਮੰਮੀ! ਤੁਸੀਂ ਸਮਝਦੇ ਕਿਉਂ ਨਹੀਂ? ਮੈਨੂੰ ਦੌੜਣਾ ਚੰਗਾ ਨਹੀਂ ਲੱਗਦਾ। ……ਮੈਂ ਨਹੀਂ ਬਨਣਾ ਦੌੜਾਕ ਦੜੂਕ।’ਮੰਮੀ ਪਾਪਾ ਨੂੰ ਇਕੋ ਗੱਲ ‘ਤੇ ਬਜਿੱਦ ਦੇਖ ਅਨਿਕਾ ਖਿੱਝ ਗਈ ਸੀ।

‘ਤਾਂ ਫਿਰ, ਤੂੰ ਕਰਨਾ ਕੀ ਚਾਹੁੰਦੀ ਏ?’ ਸੁਕੀਰਤ ਦੇ ਗੁੱਸੇ ਭਰੇ ਬੋਲ ਸਨ।

‘ਮੈਨੂੰ ਐਕਟਿੰਗ ਕਰਨਾ ਚੰਗਾ ਲੱਗਦਾ ਏ।……. ਮੈਂ ਤਾਂ ਐਕਟਿੰਗ ਦੀ ਟ੍ਰੇਨਿੰਗ ਲੈਣਾ ਚਾਹੁੰਦੀ ਹਾਂ।……. ਪਰ ਮੇਰੀ ਟੀਚਰ ਮਿਸ ਮੇਘਨਾ ਕਹਿੰਦੀ ਹੈ ਕਿ ਫਿ਼ਲਮਾਂ ਵਿਚ ਹੀਰੋਇਨ ਦੇ ਰੋਲ ਲਈ ਨਾਜ਼ੁਕ ਤੇ ਖੂਬਸੂਰਤ ਦਿੱਖ ਚਾਹੀਦੀ ਹੈ ਨਾ ਕਿ ਭਲਵਾਨਾਂ ਵਰਗਾ ਜੁੱਸਾ। ਇਹ ਗਠੀਲਾ ਸਰੀਰ, ਕਿਸੇ ਖੇਡ ਮੁਕਾਬਲੇ ਵਿਚ ਤਾਂ ਲਾਹੇਵੰਦ ਹੋ ਸਕਦਾ ਹੈ ਪਰ ਕਿਸੇ ਬਿਊਟੀ ਕੰਨਟੈਸਟ ਵਿਚ ਕਿਸੇ ਕੰਮ ਦਾ ਨਹੀਂ।’

‘ਹਾਂ! ਹਾਂ! ਤੇਰੀ ਟੀਚਰ ਬਿਲਕੁਲ ਠੀਕ ਕਹਿੰਦੀ ਹੈ। ਤੂੰ ਅਵੱਲ ਦਰਜੇ ਦੀ ਖਿਡਾਰਣ ਬਨਣ ਲਈ ਹੀ ਜਨਮ ਲਿਆ ਹੈ।’

‘ਕੀ ਇਹ ਮਸਲਜ਼ (ਪੱਠੇ) ਘੱਟ ਨਹੀਂ ਕੀਤੇ ਜਾ ਸਕਦੇ ਕਿਸੇ ਸਰਜਰੀ ਜਾਂ ਆਪਰੇਸ਼ਨ ਨਾਲ? ਮੈਂ ਤਾਂ ਕਿਸੇ ਕੀਮਤ ‘ਤੇ ਵੀ ਨਾਜ਼ੁਕ ਤੇ ਖੂਬਸੂਰਤ ਦਿਸਣਾ ਚਾਹੁੰਦੀ ਹਾਂ।’

‘ਅਸੀਂ ਤੇਰੀ ਜੇਨੇਟਿਕ ਵਿਉਂਤਬੰਧੀ ‘ਤੇ ਲੱਖਾਂ ਰੁਪਏ ਖ਼ਰਚੇ ਨੇ। ਇਹ ਮਸਲਜ਼ ਤਾਂ ਵਿਸ਼ੇਸ਼ਤਾ ਨੇ, ਕੋਈ ਨੁਕਸ ਨਹੀਂ ਤੇ ਤੂੰ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਏਂ। ਜਾਹ ਜਾ ਕੇ ਕਿਸੇ ਅਵੱਲ ਦਰਜੇ ਦੇ ਦੌੜਾਕ ਨੂੰ ਪੁੱਛ ਕਿ ਅਜਿਹੇ ਮਸਲਜ਼ ਉਸ ਲਈ ਕੀ ਮਹੱਤਵ ਰੱਖਦੇ ਨੇ? ਉਹ ਤੇਰੇ ਨਾਲ ਖ਼ਾਰ ਖਾਏਗਾ ਤੇ ਤੇਰੀ ਮੂਰਖਤਾ ‘ਤੇ ਹੱਸੇਗਾ।’

‘ਪਰ ਇਹ ਤਾਂ ਖੂਬਸੂਰਤੀ ਦੇ ਰਾਹ ਦਾ ਰੋੜਾ ਨੇ।’

‘ਮਾਡਲਿੰਗ ਨੂੰ ਭੁਲ ਜਾ। ਓਲੰਪਿਕ ਗੇਮਜ਼ ਵਿਚ ਗੋਲਡ ਮੈਡਲ ਜਿੱਤ ਸਕਦੀ ਏਂ ਤੂੰ। ਜ਼ਰਾ ਸੋਚ……. ।’

‘ਨਹੀਂ! ਬਿਲਕੁਲ ਨਹੀਂ।’ਅਨਿਕਾ ਉੱਚੀ ਆਵਾਜ਼ ਵਿਚ ਚੀਖ਼ੀ ਤੇ ਥਪ ਥਪ ਪੈਰ ਮਾਰਦੀ ਗੁੱਸੇ ਵਿਚ ਭਰੀ ਪੀਤੀ ਆਪਣੇ ਕਮਰੇ ਵਿਚ ਜਾ ਵੜ੍ਹੀ।

ਅਪ੍ਰੈਲ 2058

18 ਸਾਲ ਦੀ ਹੁੰਦਿਆਂ ਹੀ ਅਨਿਕਾ ਨੇ ਐਕਟਿੰਗ ਸਕੂਲ ਵਿਚ ਦਾਖ਼ਲਾ ਲੈ ਲਿਆ। ਖੂਬਸੂਰਤ ਲੱਗਣ ਲਈ ਉਹ, ਮਸਲਜ਼ ਦੀ ਬਹੁਤਾਤ ਨੂੰ ਸਰਜਰੀ ਰਾਹੀਂ ਘੱਟ ਕਰਨ ਲਈ, ਬਹੁਤ ਹੀ ਤੱਤਪਰ ਸੀ। ਡਾਕਟਰਾਂ ਦੀ ਹਦਾਇਤ ਸੀ ਕਿ ਮਸਲਜ਼ ਨੂੰ ਵਧੇਰੇ ਮਾਤਰਾ ਵਿਚ ਘੱਟ ਕਰਨ ਨਾਲ ਉਸ ਦੇ ਅੰਗਾਂ ਦੀ ਕੰਟ੍ਰੋਲ ਕ੍ਰਿਆ ਗੜਬੜਾ ਸਕਦੀ ਹੈ ਤੇ ਉਸ ਦੀ ਚਮੜੀ ਬਹੁਤ ਕਮਜ਼ੋਰ ਹੋ ਜਾਵੇਗੀ ਪਰ ਉਹ ਤਾਂ ਬਜਿ਼ੱਦ ਸੀ ਤੇ ਉਸ ਨੇ ਸਰਜਰੀ ਕਰਵਾ ਹੀ ਲਈ।

ਸਰਜਰੀ ਦੇ ਡੇਢ ਮਹੀਨੇ ਬਾਅਦ ਜਦ ਉਸ ਨੇ ਚੱਲਣ-ਫਿਰਨ ਦੀ ਕੋਸਿ਼ਸ਼ ਕੀਤੀ ਤਾਂ ਡਾਢੀ ਔਖ ਮਹਿਸੂਸ ਹੋਈ। ਸਰੀਰਕ ਕਮਜ਼ੋਰੀ ਕਾਰਣ, ਲੱਤਾਂ ਤੇ ਬਾਹਾਂ ਦੀ ਸਹੀ ਹਰਕਤ ਲਈ ਉਸ ਨੂੰ ਬਹੁਤ ਮੁਸ਼ਕਲ ਮਹਿਸੂਸ ਹੋ ਰਹੀ ਸੀ। ਫਿਜ਼ੀਓਥਰੈਪੀ ਨਾਲ ਵੀ ਕੋਈ ਵਿਸ਼ੇਸ਼ ਲਾਭ ਨਜ਼ਰ ਨਹੀਂ ਸੀ ਆ ਰਿਹਾ।

ਸਰਜਰੀ ਤੋਂ ਬਾਅਦ ਦੇ ਢਾਈ ਸਾਲਾਂ ਦਾ ਅਰਸਾ ਉਸ ਦੇ ਜੀਵਨ ਦਾ ਸੱਭ ਤੋਂ ਵਧੇਰੇ ਕਸ਼ਟਦਾਇਕ ਸਮਾਂ ਸੀ। ਦੁਖਦ ਹਾਲਾਤਾਂ ਕਾਰਨ ਕਦੇ ਕਦੇ ਤਾਂ ਉਹ ਬਿਲਕੁਲ ਹੀ ਢੇਰੀ ਢਾਹ ਲੈਂਦੀ। ਪਰ ਉਸ ਦੀ ਫਿਜ਼ੀਓਥਰੈਪਿਸਟ ਡਾ. ਨੀਰਜ਼ਾ ਬਹੁਤ ਹੀ ਸਿਰੜੀ ਔਰਤ ਸੀ। ਉਸ ਨੇ ਅਨਿਕਾ ਨੂੰ ਇਨ੍ਹਾਂ ਔਖੇ ਹਾਲਤਾਂ ਦਾ ਟਾਕਰਾ ਕਰਨ ਦਾ ਹੌਂਸਲਾ ਦਿੱਤਾ। ਨੀਰਜ਼ਾ ਦੀ ਪ੍ਰੇਰਨਾ ਤੇ ਸਖ਼ਤ ਮਿਹਨਤ ਰੰਗ ਲਿਆਈ ਤੇ ਢਾਈ ਸਾਲ ਦੇ ਅਰਸੇ ਪਿਛੋਂ ਉਹ ਫਿਰ ਪਹਿਲਾਂ ਵਰਗੀ ਚੁਲਬੁਲੀ ਕੁੜੀ ਬਣ ਚੁੱਕੀ ਸੀ।

‘ਹੁਣ ਮੈਂ ਕਹਿ ਸਕਦੀ ਹਾਂ ਕਿ ਤੂੰ ਬਿਲਕੁਲ ਠੀਕ ਏਂ।’ਡਾ. ਨੀਰਜ਼ਾ ਦੇ ਬੋਲ ਸਨ। ‘ਚੰਗਾ ਤਾਂ ਨਹੀਂ ਲੱਗ ਰਿਹਾ ਪਰ ਕਹਿਣਾ ਤਾਂ ਪਵੇਗਾ ਹੀ ਕਿ ਤੈਨੂੰ ਕੱਲ ਤੋਂ ਮੇਰੇ ਕੋਲ ਆਉਣ ਦੀ ਲੋੜ ਨਹੀਂ। ਇੰਝ ਲੱਗ ਰਿਹਾ ਹੈ ਜਿਵੇਂ ਮੈਂ ਆਪਣਾ ਸੱਭ ਤੋਂ ਵਧੀਆ ਮਰੀਜ਼ ਗੁਆ ਰਹੀ ਹਾਂ।’

‘ਥੈਂਕਸ! ਡਾ. ਨੀਰਜ਼ਾ! ਮੈਂ ਹਮੇਸ਼ਾਂ ਤੁਹਾਡੀ ਧੰਨਵਾਦੀ ਰਹਾਂਗੀ। ਤੁਸੀਂ ਮੈਨੂੰ ਨਵਾਂ ਸਰੀਰ ਹੀ ਨਹੀਂ ਦਿੱਤਾ ਸਗੋਂ ਨਵੀਂ ਜ਼ਿੰਦਗੀ ਬਖ਼ਸ਼ੀ ਹੈ।’

‘ਦਰਅਸਲ ਤੇਰੇ ਦ੍ਰਿੜ ਇਰਾਦੇ ਤੇ ਅਣਥਕ ਮਿਹਨਤ ਕਾਰਣ ਹੀ ਅਜਿਹਾ ਸੰਭਵ ਹੋਇਆ ਹੈ।’

‘ਤੁਸੀਂ ਹਮੇਸ਼ਾਂ ਯਾਦ ਰਹੋਗੇ।’ਅਨਿਕਾ ਨੇ ਡਾ. ਨੀਰਜ਼ਾ ਨੂੰ ਗਲਵਕੜੀ ਵਿਚ ਲੈਂਦੇ ਹੋਏ ਕਿਹਾ।

‘ਜਦੋਂ ਕਦੇ ਸਮਾਂ ਮਿਲੇ ਮਿਲਣ ਜ਼ਰੂਰ ਆਉਣਾ।……ਸਾਨੂੰ ਵੀ ਪਤਾ ਲੱਗਦਾ ਰਹੇਗਾ ਕਿ ਸਾਡੀ ਪਿਆਰੀ ਕਲਾਕਾਰ ਕੀ ਕਰ ਰਹੀ ਹੈ?’

‘ਹਾਂ! ਹਾਂ! ਜ਼ਰੂਰ।’

ਅਨਿਕਾ ਨੇ ਫਿਰ ਕਦੇ ਵੀ ਪਿੱਛੇ ਮੁੜ ਕੇ ਨਾ ਦੇਖਿਆ। ਸਮੇਂ ਦੇ ਗੁਜ਼ਰਣ ਨਾਲ ਉਸ ਨੇ ਐਕਟਿੰਗ ਦੇ ਖੇਤਰ ਵਿਚ ਅਨੇਕ ਮੰਜ਼ਿਲਾਂ ਸਰ ਕਰ ਲਈਆਂ। ਹੁਣ ਉਹ ਅੰਤਰ-ਰਾਸ਼ਟਰੀ ਮਾਨਤਾ ਪ੍ਰਾਪਤ ਕਲਾਕਾਰ ਬਣ ਚੁੱਕੀ ਸੀ। ਉਸ ਦੀਆਂ ਫਿਲਮਾਂ ਅਮਰੀਕਾ, ਇੰਗਲੈਂਡ ਤੇ ਜਰਮਨੀ ‘ਚ ਹੋਏ ਫਿਲਮ ਮੁਕਾਬਲਿਆਂ ਵਿਚ ਵਿਸ਼ੇਸ਼ ਇਨਾਮ ਪ੍ਰਾਪਤ ਕਰ ਚੁੱਕੀਆ ਸਨ ਤੇ ਉਹ 50 ਤੋਂ ਵੀ ਵਧੇਰੇ ਫਿਲਮਾਂ ਵਿਚ ਹੀਰੋਇਨ ਦਾ ਰੋਲ ਸਫਲਤਾਪੂਰਨ ਨਿਭਾ ਚੁੱਕੀ ਸੀ।

ਉਸ ਨੂੰ ਇਸ ਸਮੇਂ ਦੌਰਾਨ ਤਿੰਨ ਵਾਰ ਔਸਕਰ ਅਵਾਰਡ ਲਈ ਵੀ ਨਾਮਜ਼ਦ ਕੀਤਾ ਗਿਆ ਸੀ ਪਰ ਉਹ ਇਹ ਵਿਲੱਖਣ ਇਨਾਮ ਅਜੇ ਪ੍ਰਾਪਤ ਨਹੀਂ ਸੀ ਕਰ ਸਕੀ।

ਨਵੰਬਰ 2072

ਸਿਡਨੀ ਵਿਖੇ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਉਹ ਅਚਾਨਕ ਬੇਹੋਸ਼ ਹੋ ਗਈ। ਉਸ ਨੂੰ ਤੁਰੰਤ ਹਸਪਤਾਲ ਪੁੰਹਚਾਇਆ ਗਿਆ ਤੇ ਇੰਨਟੈਂਸਿਵ ਕੇਅਰ ਵਿਚ ਰੱਖਣਾ ਪਿਆ। ਹਫ਼ਤਾ ਭਰ ਉਹ ਅਚੇਤ (Unconscious) ਰਹੀ।

‘ਮੈਂ ਕਿਥੇ ਹਾਂ?’ ਹੋਸ਼ ਆਉਂਦਿਆਂ ਹੀ ਉਸ ਪੁੱਛਿਆ।

‘ਥੈਂਕ ਗਾਡ! ਯੂ ਹੈਵ ਕਮ ਬੈਕ!’ ਉਸ ਦੇ ਬੈੱਡ ਕੋਲ ਖੜੇ, ਚਿੱਟਾ ਗਾਊਨ ਪਹਿਨੀ ਸਖ਼ਸ਼ ਦੇ ਬੋਲ ਸਨ। ‘ਆਈ ਐਮ ਰਾਹੁਲ! ਯੂਅਰ ਡਾਕਟਰ!’ ਉਸ ਨੇ ਅਕਹਿ ਖੁਸ਼ੀ ਨਾਲ ਮੁਸਕਰਾਂਦੇ ਹੋਏ ਕਿਹਾ।

‘ਮੈਂ ਆਪਣੀਆਂ ਲੱਤਾਂ-ਬਾਹਾਂ ਹਿਲਾ ਨਹੀਂ ਸਕਦੀ। ਡਾਕਟਰ! ਇੰਝ ਲੱਗ ਰਿਹਾ ਹੈ ਕਿ ਇਨ੍ਹਾਂ ਵਿਚ ਜਾਨ ਹੀ ਨਹੀਂ ਹੈ। ਮੈਨੂੰ ਕੀ ਹੋ ਗਿਆ ਹੈ ਡਾਕਟਰ?’ ਉਹ ਚੀਖ਼ੀ।

ਤਦ ਹੀ ਉਸ ਨੂੰ ਪਤਾ ਲੱਗਾ ਕਿ ਉਸ ਦੀਆਂ ਬਾਹਾਂ ਤੇ ਲੱਤਾਂ ਦੇ ਨਾਜ਼ੁਕ ਪੱਠਿਆਂ ਦੀ ਲੋੜੋਂ ਵੱਧ ਵਰਤੋਂ ਕਾਰਣ ਉਨ੍ਹਾਂ ਉੱਤੇ ਡਾਢਾ ਬੋਝ ਪਿਆ ਸੀ। ਇਸੇ ਲਈ ਉਹ ਅਜੇ ਉਚਿਤ ਕ੍ਰਿਆ ਕਰ ਸਕਣ ਤੋਂ ਅਸਮਰਥ ਸਨ।

ਤੇ ਫਿਰ ਸ਼ੁਰੂ ਹੋ ਗਿਆ ਪਹਿਲਾਂ ਵਰਗਾ ਹੀ ਕਸ਼ਟਦਾਇਕ ਸਮਾਂ। ਪਤਾ ਨਹੀਂ ਕਦ ਤਕ ਚੱਲੇਗਾ ਇਹ? ੳਹ ਡਾਢੀ ਪ੍ਰੇਸ਼ਾਨ ਸੀ। ਹਾਲਾਤਾਂ ਤੋਂ ਤੰਗ ਆ ਇਕ ਦਿਨ ਤਾਂ ਉਸ ਨੇ ਆਤਮ ਹੱਤਿਆ ਕਰਨ ਦੀ ਕੋਸਿ਼ਸ਼ ਵੀ ਕੀਤੀ। ਪਰ ਡਾ. ਰਾਹੁਲ ਨੇ ਸਮੇਂ ਸਿਰ ਪੁਹੰਚ ਉਸ ਦੀ ਜਾਨ ਬਚਾ ਲਈ।

‘ਵਾਇ ਆਰ ਯੂ ਸੋ ਸੈਲਫਿ਼ਸ਼?’ ਰਾਹੁਲ ਦੇ ਝੁੰਜਲਾਹਟ ਭਰੇ ਬੋਲ ਸਨ।

‘ਸੈਲਫਿ਼ਸ਼? ਐੱਮ ਆਈ ਸੈਲਫ਼ਿਸ਼?’ ਉਹ ਗੁੱਸੇ ਵਿਚ ਚੀਖ਼ੀ।

‘ਹਾਂ! ਤੂੰ ਸੈਲਫ਼ਿਸ਼ ਹੈ।’ਡਾ. ਰਾਹੁਲ ਦਾ ਮੋੜਵਾਂ ਜਵਾਬ ਸੀ। ‘ਕੀ ਹੋਇਆ ਜੇ ਤੂੰ ਦੁਬਾਰਾ ਐਕਟਿੰਗ ਨਹੀਂ ਕਰ ਸਕੇਗੀ? ਤੂੰ ਸੋਚਦੀ ਹੈ ਤੇਰਾ ਸੱਭ ਕੁਝ ਖ਼ਤਮ ਹੋ ਗਿਆ ਕਿਉਂ ਕਿ ਹੁਣ ਤੈਨੂੰ ਖ਼ੁਸ਼ਾਮਦ, ਪ੍ਰਸੰਸਾ ਤੇ ਮਸ਼ਹੂਰੀ ਨਹੀਂ ਮਿਲ ਸਕੇਗੀ। ਪਰ ਅਜੇ ਵੀ ਬਹੁਤ ਕੁਝ ਚੰਗਾ ਮੌਜੂਦ ਹੈ। ਜੀਵਨ ਦਾ ਤੋਹਫ਼ਾ ਇੰਨਾ ਸਸਤਾ ਨਹੀਂ ਕਿ ਇਸ ਨੂੰ ਐਂਵੇ ਹੀ ਗੁਆ ਲਿਆ ਜਾਵੇ। ਮੰਨ ਲਿਆ ਕਿ ਹੁਣ ਤੂੰ ਫਿ਼ਲਮਾਂ ਵਿਚ ਕੰਮ ਨਹੀਂ ਕਰ ਸਕੇਗੀ, ਪਰ ਲੋੜਵੰਦਾਂ ਦੀ ਮਦਦ ਕਰਨ ਵਿਚ ਹਿੱਸਾ ਤਾਂ ਪਾ ਹੀ ਸਕਦੀ ਹੈ। ਨਿਮਾਣੇ ਤੇ ਨਿਤਾਣੇ ਲੋਕਾਂ ਦੀ ਜ਼ਿੰਦਗੀ ਵਿਚ ਖ਼ੁਸ਼ੀਆਂ ਦੀ ਮਹਿਕ ਪਸਾਰ ਸਕਣਾ ਇਕ ਵਧੀਆ ਕੰਮ ਹੈ। ਪਰ ਤੂੰ ਤਾਂ ਸਿਰਫ਼ ਆਪਣੇ ਮਾਣ-ਤਾਣ ਬਾਰੇ ਹੀ ਸੋਚਦੀ ਰਹਿੰਦੀ ਹੈ। ਇਸੇ ਲਈ ਮੈਂ ਤੈਨੂੰ ਸੈਲਫ਼ਿਸ਼ ਕਹਿੰਦਾ ਹਾਂ।’

‘ਪਰਉਪਕਾਰ ਦਾ ਭਾਸ਼ਣ ਦੇਣਾ ਬਹੁਤ ਸੌਖਾ ਕੰਮ ਹੈ।…….’

‘ਅਨਿਕਾ! ਤੂੰ ਅਜੇ ਵੀ ਖੁਸ਼ ਰਹਿ ਸਕਦੀ ਹੈ ਜੇ ਤੂੰ ਪ੍ਰਾਪਤੀ ਦੀ ਖ਼ਾਹਸ਼ ਨਾਲੋਂ ਪਰਉਪਕਾਰ ਦਾ ਯਤਨ ਕਰੇ। ਤੂੰ ਖੂਬਸੂਰਤ ਹੈ, ਵਧੀਆ ਸੂਰਤ ਤੇ ਸੀਰਤ ਦੀ ਮਾਲਕ ਹੈ, ਅਨੇਕ ਵਿਲੱਖਣ ਪ੍ਰਾਪਤੀਆਂ ਵੀ ਕੀਤੀਆ ਨੇ। ਹੁਣ ਤਾਂ ਤੂੰ ਜੀਵਨ ਵਿਚ ਹੋਰ ਵੀ ਅਹਿਮ ਰੋਲ ਅਦਾ ਕਰਨ ਦੇ ਯੋਗ ਹੈ ……. ਤੇ ਇਹ ਰੋਲ ਹੈ……ਖੁ਼ਸ਼ੀਆਂ ਵੰਡਣ ਦਾ……. । ਪਿਆਰ ਵੰਡਣ ਦਾ…….। ਫਿਲਮਾਂ ਤਾਂ ਇਕ ਮਾਧਿਅਮ ਨੇ ਜੀਵਨ ਦੀ ਆਖ਼ਰੀ ਮੰਜ਼ਿਲ ਨਹੀਂ।……..ਜ਼ਰਾ ਸੋਚ!’ ਕਹਿ ਉਹ ਮੁਸਕਰਾਇਆ ਤੇ ਚਲਾ ਗਿਆ।

ਡਾ. ਰਾਹੁਲ ਦੇ ਬੋਲਾਂ ਨੇ ਉਸ ਨੂੰ ਝੰਜੋੜ ਦਿੱਤਾ। ਉਹ ਸੋਚਾਂ ਵਿਚ ਡੁੱਬ ਗਈ।

ਰਾਹੁਲ ਦੇ ਸ਼ਬਦਾਂ ਨੇ ਅਨਿਕਾ ਦੇ ਮਨ ਤੇ ਡੂੰਘਾ ਅਸਰ ਕੀਤਾ। ਉਹ ਮਾਨਸਿਕ ਤੌਰ ਉੱਤੇ ਸ਼ਾਂਤ ਹੋ ਗਈ। ਉਸ ਨੇ ਆਪਣੀ ਸਿਹਤ ਦੇ ਸੁਧਾਰ ਵੱਲ ਵਧੇਰੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਹੁਣ ਤਾਂ ਉਹ ਕਦੇ ਕਦੇ ਮੁਸਕਰਾ ਵੀ ਪੈਂਦੀ। ਜੀਵਨ ਦੀ ਇਸ ਔਖੀ ਘੜੀ ਵਿਚ ਡਾ. ਰਾਹੁਲ ਦੇ ਉਤਸ਼ਾਹ ਭਰਭੂਰ ਰਵਈਏ ਕਾਰਣ ਉਹ ਉਸ ਲਈ ਵਿਸ਼ੇਸ਼ ਅਪਣਾਪਣ ਮਹਿਸੂਸ ਕਰਨ ਲੱਗ ਪਈ ਸੀ।

ਕੁਝ ਮਹੀਨੇ ਬਾਅਦ……

‘ਅਨਿਕਾ! ਹੁਣ ਤੂੰ ਬਿਲਕੁਲ ਠੀਕ ਹੈ। ਅੱਜ ਸ਼ਾਮ ਤੂੰ ਆਪਣੇ ਘਰ ਜਾ ਸਕਦੀ ਹੈ।’ਉਸ ਦੀ ਡਿਸਚਾਰਜ ਸਲਿੱਪ ਉੱਤੇ ਦਸਤਖ਼ਤ ਕਰਦੇ ਹੋਏ ਡਾ. ਰਾਹੁਲ ਦੇ ਬੋਲ ਸਨ।

‘ਥੈਂਕਸ! ਡਾਕਟਰ।’

‘……. ਮੈਂ ਕੁਝ ਕਹਿਣਾ ਚਾਹੁੰਦਾ ਹਾਂ।’ਰਾਹੁਲ ਦੇ ਝਿਜਕ ਭਰੇ ਬੋਲ ਸਨ।

‘ਜੀ!’ ਅਨਿਕਾ ਨੇ ਸਵਾਲੀਆ ਨਜ਼ਰ ਨਾਲ ਉਸ ਵੱਲ ਦੇਖਦੇ ਹੋਏ ਕਿਹਾ।

‘ਕੀ ਤੂੰ ਮੇਰੇ ਨਾਲ ਸ਼ਾਦੀ ਕਰੇਗੀ?’ ਰਾਹੁਲ ਦੇ ਬੋਲਾਂ ਵਿਚ ਪਿਆਰ ਭਰਿਆ ਇਸਰਾਰ ਸੀ।

ਅਨਿਕਾ ਹੈਰਾਨ ਹੋ ਗਈ। ਅਜਿਹਾ ਤਾਂ ਉਸ ਨੇ ਸੋਚਿਆ ਹੀ ਨਹੀਂ ਸੀ।

‘ਕਿਉਂ?’

‘ਮੈਨੂੰ ਤੂੰ ਬਹੁਤ ਚੰਗੀ ਲੱਗਦੀ ਹੈ।’

‘ਪਰ ਮੈਂ ਤਾਂ ਬਹੁਤ ਹੀ ਕਮਜ਼ੋਰ ਤੇ ਬਿਮਾਰ ਔਰਤ ਹਾਂ।’ਅਨਿਕਾ ਦਾ ਉਜ਼ਰ ਸੀ। ‘ਇਹ ਤਾਂ ਤੂੰ ਮੇਰੇ ਲਈ ਸਿਰਫ਼ ਦਇਆ ਦੀ ਭਾਵਨਾ ਨਾਲ ਕਹਿ ਰਿਹਾ ਹੈ।’

‘ਨਹੀਂ! ਅਨਿਕਾ! ਤੇਰੇ ਨਾਲ ਸ਼ਾਦੀ ਕਰਨਾ ਮੇਰੀ ਦਿਲੀ ਇੱਛਾ ਹੈ।’

‘ਪਰ ਮੇਰੇ ਵਰਗੀ ਬਿਮਾਰ ਨਾਲੋਂ ਕਿਤੇ ਵਧੀਆ ਕੁੜੀ ਮਿਲ ਸਕਦੀ ਹੈ ਤੈਨੂੰ, ਸ਼ਾਦੀ ਲਈ।’

‘ਮੈਨੂੰ ਜੀਵਨ ਸਾਥੀ ਵਜੋਂ ਜਿਸ ਕੁੜੀ ਦੀ ਤਲਾਸ਼ ਸੀ ਉਹ ਮੈਨੂੰ ਮਿਲ ਗਈ ਹੈ ਤੇ ਉਹ ਤੂੰ ਹੈ।’

‘ਪਰ ਕਮਜ਼ੋਰ ਸਿਹਤ ਕਾਰਨ ਮੈਂ ਕਦੇ ਵੀ ਵਧੀਆ ਬੀਵੀ ਨਹੀਂ ਬਣ ਸਕਦੀ। ਤੂੰ ਤਾਂ ਵਧੀਆ ਜੀਵਣ ਜਿਊਣ ਦਾ ਹੱਕਦਾਰ ਹੈ। ਐਵੇਂ ਮੇਰੇ ਵਰਗੀ ਬਿਮਾਰ ਪਿੱਛੇ ਆਪਣਾ ਜੀਵਨ ਕਿਉਂ ਬਰਬਾਦ ਕਰਨਾ ਚਾਹੁੰਦਾ ਹੈ?’

‘ਇਕ ਕਲਾਕਾਰ ਵਜੋਂ ਤੂੰ ਆਪਣੇ ਜੀਵਨ ਵਿਚ ਬਹੁਤ ਕੁਝ ਪ੍ਰਾਪਤ ਕਰ ਲਿਆ ਹੈ। ਹੁਣ ਤਾਂ ਤੈਨੂੰ ਆਪਣੇ ਜੀਵਨ ਨੂੰ ਨਵੇਂ ਰੋਲ ਵਿਚ ਢਾਲਣਾ ਹੋਵੇਗਾ……. ਮੇਰੀ ਪਤਨੀ ਵਜੋਂ।’

‘ਪਰ ਮੇਰੀ ਨਾਜ਼ੁਕ ਸਿਹਤ……. ।’

‘ਫਿ਼ਲਮਾਂ ਦੀ ਨੱਠ ਭੱਜ ਤੋਂ ਮੁਕਤ……. ਤੇ ਮੇਰੀ ਪਿਆਰ ਭਰੀ ਦੇਖ ਭਾਲ ਨਾਲ ਤੂੰ ਜਲਦੀ ਹੀ ਚੰਗੀ ਭਲੀ ਹੋ ਜਾਵੇਗੀ।……. ਚੰਗਾ ਰਹੇ ਜੇ ਤੂੰ ਫਿ਼ਲਮਾਂ ਬਾਰੇ ਭੁੱਲ ਹੀ ਜਾਵੇ। ਇਹ ਨੱਠ ਭੱਜ, ਰੌਲਾ-ਰੱਪਾ ਤੇ ਤੇਜ਼ ਰੌਸ਼ਨੀਆਂ ਦੀ ਦੁਨੀਆਂ ਨਾਲੋਂ ਤੇਰਾ ਜੀਵਨ ਬਹੁਤ ਵਧੇਰੇ ਅਹਿਮ ਹੈ……. ।’

ਅਨਿਕਾ ਨੇ ਰਾਹੁਲ ਵੱਲ ਪਿਆਰ ਭਰੀ ਨਜ਼ਰ ਨਾਲ ਦੇਖਿਆ ਤੇ ਮੁਸਕਰਾ ਪਈ।

ਕੁਝ ਦਿਨਾਂ ਬਾਅਦ ਹੀ, ਇਕ ਛੋਟੇ ਜਿਹੇ ਨਿੱਜੀ ਸਮਾਗਮ ਵਿਚ ਬਹੁਤ ਹੀ ਸਾਦੇ ਤੇ ਸ਼ਾਂਤਮਈ ਢੰਗ ਨਾਲ, ਡਾ. ਰਾਹੁਲ ਤੇ ਅਨਿਕਾ ਦਾ ਵਿਆਹ ਸੰਪਨ ਹੋ ਗਿਆ।

ਅਪ੍ਰੈਲ 2080

ਅਨਿਕਾ ਆਪਣੇ ਘਰ ਦੇ ਖੁਸ਼ਗਵਾਰ ਮਾਹੌਲ ‘ਚ ਟੈਲੀਵਿਯਨ ਸਾਹਮਣੇ ਬੈਠੀ, ਇਸ ਸਾਲ ਦੇ ਔਸਕਰ ਅਵਾਰਡ ਸਮਾਰੋਹ ਦਾ ਪ੍ਰਸਾਰਣ ਦੇਖ ਰਹੀ ਸੀ। ਇਹ ਅਵਾਰਡ ਸਮਾਰੋਹ ਹਮੇਸ਼ਾਂ ਉਸ ਦੇ ਮਨ ‘ਚ ਪੀੜ੍ਹ ਤੇ ਦੁੱਖ ਦਾ ਅਹਿਸਾਸ ਪੈਦਾ ਕਰ ਦਿੰਦਾ ਸੀ। ਉਹ ਇਸ ਵਿਲੱਖਣ ਇਨਾਮ ਦੀ ਪ੍ਰਾਪਤੀ ਦੇ ਕਿੰਨਾਂ ਨੇੜੇ ਪੁੱਜ ਚੁੱਕੀ ਸੀ ਤੇ ਇਹ ਨਿਸ਼ਚਿਤ ਹੀ ਸੀ ਕਿ ਉਸ ਨੂੰ ਇਹ ਇਨਾਮ ਪ੍ਰਾਪਤ ਹੋ ਜਾਂਦਾ ਜੇ ਕਿਧਰੇ ਉਸ ਦੇ ਸਰੀਰ ਉੱਤੇ ਮੰਦਭਾਗੇ ਮਸਲਜ਼ ਦੀ ਬਹੁਤਾਤ ਨਾ ਹੁੰਦੀ। ਪਰ ਹੁਣ ਤਾਂ ਕੋਈ ਆਸ ਬਾਕੀ ਨਹੀਂ ਸੀ।

ਟੈਲੀਵਿਯਨ ਦੀ ਸਕਰੀਨ ਉੱਤੇ ਔਸਕਰ ਅਵਾਰਡ ਜੇਤੂ ਬਾਗੋ-ਬਾਗ ਹੋਏ, ਕਿਲਕਾਰੀਆਂ ਮਾਰਦੇ ਤੇ ਖੁਸ਼ੀ ਭਰੇ ਅਥਰੂ ਛਲਕਾਂਦੇ ਨਜ਼ਰ ਆ ਰਹੇ ਸਨ। ਅਨਿਕਾ ਦੀਆਂ ਅੱਖਾਂ ਭਰ ਆਈਆਂ। ‘ਐਕਟਿੰਗ ਤੋਂ ਵਾਝਾਂ ਜੀਵਨ, ਪਹਿਲਾਂ ਵਰਗਾ ਕਦੇ ਵੀ ਨਹੀਂ ਹੋ ਸਕਦਾ। ਇਨ੍ਹਾਂ ਜੇਤੂ ਕਲਾਕਾਰਾਂ ਦੀ ਮਿਹਨਤ ਨੂੰ ਫਲ ਲੱਗਾ ਹੈ ਪਰ ਉਸ ਦਾ ਫਿਲਮੀ ਕਰੀਅਰ ਤਾਂ ਵਕਤੋਂ ਪਹਿਲਾਂ ਹੀ ਖ਼ਤਮ ਹੋ ਗਿਆ।’ਅਨਿਕਾ ਦੇ ਮਨ ਵਿਚ ਵਿਚਾਰਾਂ ਦੀ ਉਥਲ-ਪੁਥਲ ਲਗਾਤਾਰ ਜਾਰੀ ਸੀ।

ਅਚਾਨਕ ਹੀ ਉਸ ਨੂੰ ਉਵੱਤ ਮਹਿਸੂਸ ਹੋਇਆ। ਸ਼ਾਇਦ ਉਲਟੀ ਆ ਰਹੀ ਸੀ। ਉਹ ਉੱਠੀ ਤੇ ਜਲਦੀ ਨਾਲ ਵਾਸ਼-ਰੂਮ ਵੱਲ ਦੌੜੀ। ਵਾਸ਼-ਰੂਮ ਤੋਂ ਪਰਤਦਿਆਂ ਉਸ ਨੂੰ ਖਿਆਲ ਆਇਆ, ਇਸ ਵਾਰ ਉਸ ਨੂੰ ਮਹਾਵਾਰੀ ਨਹੀਂ ਸੀ ਆਈ। …….ਹਾਂ! ਹਾਂ! ਉਹ ਗਰਭਵਤੀ ਸੀ। ਇਸ ਅਹਿਸਾਸ ਦੇ ਨਾਲ ਹੀ ਉਸ ਦੇ ਮਨ ਦੀ ਦੁਵਿਧਾ ਜਾਗ ਪਈ। ‘ਰਾਹੁਲ ਤਾਂ ਬੱਚੇ ਦੇ ਜੇਨੇਟਿਕ ਸੰਸ਼ੋਧਨ ਦੇ ਹੱਕ ਵਿਚ ਨਹੀਂ ਹੈ।’

ਪਿਛਲੇ ਕੁਝ ਅਰਸੇ ਤੋਂ ਔਸਕਰ ਅਵਾਰਡ ਸਮਾਰੋਹ ਦੀ ਰਿਕਾਰਡਿੰਗ ਨੂੰ ਵਾਰ ਵਾਰ ਦੇਖਣ ਦੀ ਇੱਛਾ ਉਸ ਦੇ ਮਨ ਉੱਤੇ ਅਕਸਰ ਭਾਰੂ ਰਹਿਣ ਲੱਗੀ ਸੀ । ਟੈਲੀਵਿਯਨ ਸਾਹਮਣੇ ਬੈਠੀ ਉਹ ਕਦੇ ਸਮਾਗਮ ਦੇ ਵਿਸ਼ਾਲ ਪੰਡਾਲ ਵਿਚ ਬੈਠੇ ਸੰਭਾਵੀ ਜੇਤੂਆਂ ਉੱਤੇ ਨਜ਼ਰ ਮਾਰਦੀ ਤੇ ਕਦੇ ਉਤਸੁਕ ਦਰਸ਼ਕਾਂ ਉੱਤੇ। ਕਦੇ ਅਵਾਰਡ ਲੈ ਰਹੇ ਸਫ਼ਲ ਜੇਤੂਆਂ ਦੀਆਂ ਖੁਸ਼ੀ ਭਰਭੂਰ ਕਿਲਕਾਰੀਆਂ ਸੁਣਦੀ ਤੇ ਕਦੇ ਉਨ੍ਹਾਂ ਦੇ ਪ੍ਰਸੰਸਕਾਂ ਦੀ ਵਾਹ ਵਾਹ।

‘ਕਦੇ ਵਕਤ ਸੀ ਉਹ ਵੀ ਅਜਿਹੇ ਸਮਾਗਮ ਵਿਚ ਸੰਭਾਵੀ ਜੇਤੂ ਵਜੋਂ ਸੱਭ ਤੋਂ ਅਗਲੀ ਕਤਾਰ ਵਿਚ ਬੈਠੀ ਹੁੰਦੀ ਸੀ। ਵਿਸ਼ਵ ਦੇ ਉੱਤਮ ਕਲਾਕਾਰਾਂ ਸੰਗ। ਉਹ ਜ਼ਰੂਰ ਜੇਤੂ ਹੋ ਸਕਦੀ ਸੀ………. ।’ਵਿਚਾਰਾਂ ਦਾ ਜਵਾਰਭਾਟਾ ਉਸ ਦੇ ਮਨ ਉੱਤੇ ਭਾਰੂ ਹੁੰਦਾ ਜਾ ਰਿਹਾ ਸੀ।

ਅਚਾਨਕ ਹੀ ਉਸ ਨੇ ਟੈਲੀਵਿਯਨ ਬੰਦ ਕਰ ਦਿੱਤਾ ਤੇ ਟੈਲੀਫੋਨ ਡਾਇਰੈਕਟਰੀ ਚੁੱਕ ਲਈ। ਅਗਲੇ ਹੀ ਪਲ ਉਸ ਨੇ ਸੈੱਲਫੋਨ ਉੱਤੇ ਇਕ ਨੰਬਰ ਡਾਇਲ ਕੀਤਾ।

‘ਕੀ ਇਹ ‘ਜੀਨ ਕੇਅਰ ਕਲਿਨਿਕ’ ਹੈ?’ ਉਸ ਪੁੱਛਿਆ।

‘ਜੀ ਹਾਂ! ਅਸੀਂ ਤੁਹਾਡੀ ਕੀ ਸੇਵਾ ਕਰ ਸਕਦੇ ਹਾਂ?’ ਫੋਨ ਉੱਤੇ ਮੱਧਮ ਪਰ ਸੁਰੀਲੀ ਆਵਾਜ਼ ਸੁਣਾਈ ਦਿੱਤੀ।

‘ਮੈਂ ਸੋਚ ਰਹੀ ਸਾਂ ਕਿ ਕੀ ਜੇਨੇਟਿਕ ਸੰਸ਼ੋਧਨ ਰਾਹੀਂ ਬੱਚੇ ਵਿਚ ਉੱਤਮ ਕਲਾਕਾਰ ਵਾਲੇ ਗੁਣ ਪੈਦਾ ਕਰ ਸਕਣਾ ਸੰਭਵ ਹੈ?.......’

ਡਾ: ਦੇਵਿੰਦਰ ਪਾਲ ਸਿੰਘ (ਉਰਫ਼ ਡਾ. ਡੀ. ਪੀ. ਸਿੰਘ) ਪੰਜਾਬੀ ਵਿਗਿਆਨ ਲੇਖਕ ਹੈ, ਜੋ ਪੇਸ਼ੇ ਤੋਂ ਅਧਿਆਪਕ ਹੈ। ਇੱਕ ਭੌਤਿਕ ਵਿਗਿਆਨੀ ਹੋਣ ਕਰਕੇ, ਉਹ ਆਪਣੇ ਪਾਠਕਾਂ ਦੀ ਉਤਸੁਕਤਾ ਨੂੰ ਵਧਾਉਣ ਲਈ ਵਿਗਿਆਨ ਅਤੇ ਵਾਤਾਵਰਣ ਬਾਰੇ ਕਹਾਣੀਆਂ ਲਿਖਣਾ ਪਸੰਦ ਕਰਦਾ ਹੈ। ਉਹ ਆਮ ਪਾਠਕਾਂ ਲਈ ਵਿਗਿਆਨ ਗਲਪ ਕਹਾਣੀਆਂ ਦੇ ਦੋ ਸੰਗ੍ਰਹਿ ਅਤੇ ਬੱਚਿਆਂ ਲਈ ਚਾਰ ਵਿਗਿਆਨ ਗਲਪ ਪੁਸਤਕਾਂ ਦਾ ਲੇਖਕ ਹੈ। ਉਹ ਮਿਸੀਸਾਗਾ, ਓਨਟੈਰੀਓ, ਕੈਨੇਡਾ ਵਿੱਚ ਰਹਿੰਦਾ ਹੈ। ਵੈਬਸਾਈਟ: drdpsinghauthor.wordpress.com

ਈ-ਮੇਲ : drdpsn@gmail.com 


ਕੱਲ੍ਹ ਜੋ ਗ਼ੁਜ਼ਰ ਗਿਆ, ਇਤਿਹਾਸ ਹੈ 

ਆਉਣ ਵਾਲ਼ਾ ਕੱਲ੍ਹ, ਇੱਕ ਰਹੱਸ ਹੈ 

ਅੱਜ ਜੋ ਬੀਤ ਰਿਹਾ, ਇੱਕ ਤੋਹਫ਼ਾ (Present) ਹੈ। 

ਆਓ, ਇਸ ਨੂੰ ਮਾਣੀਏ 

ਆਪਣਿਆਂ ਨੂੰ ਜਾਣੀਏ

ਤੇ ਖ਼ੁਦ ਨੂੰ ਪਹਿਚਾਣੀਏ!

~ ਬਿੱਲ ਕੀਨ, ਇੱਕ ਅਮਰੀਕਨ ਕਾਰਟੂਨਿਸਟ  

ਅੱਜ ਅਸੀਂ ਉਸਨੂੰ ਪਿਆਰ ਕਰਦੇ ਹਾਂ ਜਿਸ ਨੂੰ ਅਸੀਂ ਕੱਲ੍ਹ ਨਫ਼ਰਤ ਕਰਦੇ ਹਾਂ, ਅੱਜ ਅਸੀਂ ਜਿਸਨੂੰ ਚਾਹੁੰਦੇ ਹਾਂ, ਕੱਲ੍ਹ ਨੂੰ ਛੱਡ ਦਿੰਦੇ ਹਾਂ, ਅੱਜ ਅਸੀਂ ਜਿਸ ਦੀ ਖ਼ਾਹਿਸ਼ ਰੱਖਦੇ ਹਾਂ, ਕੱਲ੍ਹ ਨੂੰ ਉਸ ਤੋਂ ਡਰਦੇ ਹਾਂ, ਸਿਰਫ਼ ਇੰਨਾ ਹੀ ਨਹੀਂ, ਉਸ ਬਾਰੇ ਸੋਚ ਕੇ ਕੰਬਦੇ ਵੀ ਹਾਂ।  - ਡੈਨੀਅਲ ਡੈਫੋ, ਇੱਕ ਅੰਗਰੇਜ਼ੀ ਲੇਖਕ, ਜਿਸਨੇਰੌਬਿਨਸਨ ਕਰੂਸੋਤੇ ਹੋਰ ਬਹੁਤ ਰਚਨਾਵਾਂ ਰਚੀਆਂ। ਪੇਸ਼ਕਸ਼: ਅਮਨਦੀਪ ਸਿੰਘ 

ਕੌਣ ਮਰਨਾ ਚਾਹੁੰਦਾ/ ਅਜਮੇਰ ਸਿੱਧੂ

ਸਾਰੇ ਸਿਖਿਆਰਥੀ ਦਿੱਤੇ ਵਕਤ ਤੋਂ ਪਹਿਲਾਂ ਹੀ ਪ੍ਰਯੋਗਸ਼ਾਲਾ ਵਿਚ ਪਹੁੰਚ ਚੁੱਕੇ ਹਨ। ਉਹ ਆਪਣੇ ਪ੍ਰੋਫ਼ੈਸਰ ਰਜਨੀਸ਼ ਖਰੇ ਦੀ ਇੰਤਜ਼ਾਰ ਕਰ ਰਹੇ ਨੇ। ਦਰਅਸਲ, ਦਸ ਦਿਨ ਪਹਿਲਾਂ ਗਲੈਲੀਓ ਪ੍ਰਯੋਗਸ਼ਾਲਾ ਨੂੰ ਲਾਵਾਰਿਸ ਲਾਸ਼ ਮਿਲੀ ਸੀ। ਕਾਨੂੰਨੀ ਕਾਰਵਾਈ ਮਗਰੋਂ ਪ੍ਰੋਫ਼ੈਸਰ ਖਰੇ ਅਤੇ ਉਸ ਦੇ ਸਹਾਇਕ ਵਿਗਿਆਨੀਆਂ ਨੇ ਗਲੈਸਟਰੋਨ ਅਤੇ ਪੋਟਾਸ਼ੀਅਮ ਏਸੀਟੇਟ ਦੇ ਰਸਾਇਣਕ ਘੋਲ ਦਾ ਲੇਪ ਲਾਸ਼ ਉੱਤੇ ਕਰ ਦਿੱਤਾ ਸੀ। ਇਸ ਪਿੱਛੋਂ ਲਾਸ਼ ਨੂੰ ਖੋਜ ਲਈ ਪਰਿਜ਼ਰਵ ਕਰ ਲਿਆ ਗਿਆ ਸੀ।

ਇਨ੍ਹਾਂ ਖੋਜ ਵਿਦਿਆਰਥੀਆਂ ਨੇ ਪਹਿਲਾਂ ਵੀ ਕੁਝ ਲੋਥਾਂ ਦੀ ਚੀਰ-ਫਾੜ ਕੀਤੀ ਸੀ। ਜਿੰਨੇ ਵੀ ਮ੍ਰਿਤਕ ਸਰੀਰ ਪ੍ਰਯੋਗਸ਼ਾਲਾ ਵਿਚ ਆਉਂਦੇ, ਉਹ ਉਨ੍ਹਾਂ ਉੱਤੇ ਕਈ-ਕਈ ਮਹੀਨੇ ਤਜਰਬੇ ਕਰਦੇ ਰਹਿੰਦੇ। ਇਸੇ ਕਰਕੇ ਅੱਜ ਉਹ ਨਵੀਂ ਮਿਲੀ ਲਾਸ਼ ਪ੍ਰਤੀ ਬੜੇ ਉਤਸ਼ਾਹ ਵਿਚ ਦਿਖਾਈ ਦੇ ਰਹੇ ਸਨ। ਕਈ ਮਹੀਨਿਆਂ ਬਾਅਦ ਉਨ੍ਹਾਂ ਨੂੰ ਇਹ ਲਾਸ਼ ਮਿਲੀ ਏ। ਉਹ ਭਾਰਤੀ ਲੋਕਾਂ ’ਤੇ ਇਸ ਕਰਕੇ ਖ਼ਫ਼ਾ ਹਨ ਕਿ ਉਹ ਮਰਨ ਉਪਰੰਤ ਸਰੀਰ ਦਾਨ ਨਹੀਂ ਕਰਦੇ। ਅਕਸਰ ਪ੍ਰੋਫ਼ੈਸਰ ਖਰੇ ਉਨ੍ਹਾਂ ਨੂੰ ਕਹਿੰਦਾ ਹੈ :

“ਇਨ੍ਹਾਂ ਲੋਕਾਂ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਹੈ ਕਿ ਮਰਨ ਉਪਰੰਤ ਸਰੀਰ ਦਾਨ ਕਰਨ ਨਾਲ਼ੋ ਹੋਰ ਕੋਈ ਵੱਡਾ ਦਾਨ ਹੋ ਹੀ ਨਹੀਂ ਸਕਦਾ।”

ਅੱਜ ਇਨ੍ਹਾਂ ਮੈਡੀਕਲ ਦੇ ਵਿਦਿਆਰਥੀਆਂ ਨੇ ਲੋਥ ਦੇ ਅੰਗਾਂ ਅਤੇ ਦਿਮਾਗ ’ਤੇ ਖੋਜ ਕਰਨੀ ਆਂ। ਉਹ ਅੰਗਾਂ ਦੀ ਚੀਰ-ਫਾੜ ਕਰਨ ਅਤੇ ਦਿਮਾਗ ’ਤੇ ਅਧਿਐਨ ਕਰਨ ਲਈ ਕਾਹਲੇ ਜਾਪ ਰਹੇ ਹਨ। ਜਿਉਂ ਹੀ ਪ੍ਰੋਫ਼ੈਸਰ ਰਜਨੀਸ਼ ਖਰੇ ਤੇ ਉਸ ਦੇ ਸਹਾਇਕ ਸਾਥੀ ਲੈਬ ਪੁੱਜੇ ਨੇ, ਉਨ੍ਹਾਂ ਮ੍ਰਿਤਕ ਦੇਹ ਵਾਲੇ ਕੰਟੇਨਰ ਨੂੰ ਹੱਥ ਵੀ ਨਹੀਂ ਲਾਇਆ। ਉਸ ਦੇ ਸਹਾਇਕ ਰਾਤ ਵਾਲੇ ਡੀ.ਐੱਨ.ਏ. ਸੈਂਪਲ ਨੂੰ ਨਿਖੇੜਨ ਵਿਚ ਰੁੱਝ ਗਏ ਹਨ। 

ਪ੍ਰੋਫ਼ੈਸਰ ਖਰੇ ਵਿਦਿਆਰਥੀਆਂ ਨੂੰ ਕਲਾਸ ਰੂਮ ਵਿਚ ਲੈ ਵੜਿਆ ਹੈ। ਉਸ ਨੇ ਉਨ੍ਹਾਂ ਨੂੰ ਪੰਜ ਸਵਾਲ ਪੁੱਛੇ ਹਨ :

ਵਿਦਿਆਰਥੀ ਆਪਣੀ ਸੂਝ ਬੂਝ ਨਾਲ ਜਵਾਬ ਦੇਣ ਲੱਗੇ ਪਰ ਉਸ ਨੂੰ ਕਿਸੇ ਵੀ ਸਵਾਲ ਦਾ ਦਰੁੱਸਤ ਜਵਾਬ ਨਹੀਂ ਮਿਲ ਰਿਹਾ। ਵਿਦਿਆਰਥੀਆਂ ਨੂੰ ਸਵਾਲਾਂ ਦੇ ਜਵਾਬਾਂ ਵਿਚ ਉਲਝੇ ਹੋਏ ਦੇਖ ਕੇ ਉਸ ਨੇ ਕਥਾਵਾਂ ਸੁਣਾਉਣੀਆਂ ਸ਼ੁਰੂ ਕੀਤੀਆਂ ਹਨ।

ਕਹਾਣੀ-ਇਕ

ਨਿੱਕੇ ਵਿਗਿਆਨੀਓ, ਇਹ ਕਹਾਣੀ ਵੈਨਕੂਵਰ ਵਿਚ ਰਹਿ ਰਹੇ ਇਕ ਭਾਰਤੀ ਜੋੜੇ ਪ੍ਰਦੀਪ ਤੇ ਅੰਜਲਾ ਦੀ ਹੈ। ਵਿਆਹ ਦੇ ਅੱਠ-ਦਸ ਸਾਲ ਬੀਤ ਜਾਣ ਪਿੱਛੋਂ ਵੀ ਉਨ੍ਹਾਂ ਦੇ ਔਲਾਦ ਨਾ ਹੋਈ। ਡਾਕਟਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਸਰੋਗੇਸੀ (Surrogacy) ਤਕਨੀਕ ਨਾਲ ਬੇਬੀ ਲੈ ਲੈਣ। ਉਹ ਮੰਨ ਗਏ। ਜਦੋਂ ਮੁੰਡਾ ਜਾਂ ਕੁੜੀ ਲੈਣ ਦੀ ਆਪਸ਼ਨ ਆਈ, ਉਨ੍ਹਾਂ ਮੁੰਡੇ ਦੀ ਇੱਛਾ ਜ਼ਾਹਿਰ ਕੀਤੀ। ਉਨ੍ਹਾਂ ਦਾ ਮੰਨਣਾ ਸੀ-

“ਮੁੰਡੇ ਨਾਲ ਉਨ੍ਹਾਂ ਦੀ ਕੁੱਲ ਤੁਰੇਗੀ।”

ਗੋਰੇ ਡਾਕਟਰ ਇਹ ਹਾਸੋਹੀਣੀ ਗੱਲ ਸੁਣ ਕੇ ਮੁਸਕਰਾਏ ਸਨ ਪਰ ਡਾਕਟਰਾਂ ਨੇ ਉਹਨਾਂ ਦੀ ਇਹ ਇੱਛਾ ਪੂਰੀ ਕਰ ਦਿੱਤੀ ਸੀ। ਉਨ੍ਹਾਂ ਦੇ ਘਰ ਬਹੁਤ ਹੀ ਸੁੰਦਰ ਬੇਟੇ ਦਿਲਕਬੀਰ ਨੇ ਜਨਮ ਲੈ ਲਿਆ ਸੀ।

ਵਿਗਿਆਨੀਓ, ਤੁਹਾਨੂੰ ਹੈਰਾਨੀ ਹੋਏਗੀ। ਬੇਟੇ ਦੇ ਜਨਮ ਦੇ ਤਿੰਨ ਸਾਲ ਪਿੱਛੋਂ ਮੈਡੀਕਲ ਇਲਾਜ ਨਾਲ ਅੰਜਲਾ ਵੀ ਬੇਬੀ ਕਰਨ ਦੇ ਯੋਗ ਹੋ ਗਈ ਸੀ ਪਰ ਉਨ੍ਹਾਂ ਦੂਜਾ ਬੱਚਾ ਕੀਤਾ ਨਹੀਂ ਸੀ। ਪਤਾ ਕਿਉਂ? ਬੇਟਾ ਖੂਬਸੂਰਤ ਬਹੁਤ ਸੀ।...ਪਿਆਰ ਬਹੁਤ ਲੈਂਦਾ ਸੀ। ਦਿਲਕਬੀਰ ਨਾਲ ਹੀ ਉਨ੍ਹਾਂ ਨੂੰ ਇੰਨਾ ਮੋਹ ਪੈ ਗਿਆ ਸੀ, ਦੂਜੇ ਬੱਚੇ ਦੀ ਲੋੜ ਹੀ ਨਾ ਸਮਝੀ। ਉਹ ਆਪਣੇ ਛੋਟੇ-ਛੋਟੇ ਹੱਥ-ਪੈਰ ਮਾਰਦਾ ਰਹਿੰਦਾ। ਉਹ ਉਸ ਦੇ ਬੁੱਲ੍ਹਾਂ ਅਤੇ ਗੱਲ੍ਹਾਂ ’ਤੇ ਲਾਡੀਆਂ ਲਾਉਂਦੇ। ਉਹ ਮਸਤੀ ਨਾਲ ਕਿਲਕਾਰੀਆਂ ਮਾਰਦਾ। ਉਹਦੇ ਮੂੰਹ ’ਚੋਂ ਬੁਲਬੁਲੇ ਨਿਕਲਦੇ, ਉਹ ਖੁਸ਼ ਹੋ ਜਾਂਦੇ।

ਇਸ ਭਾਰਤੀ ਜੋੜੇ ਨੇ ਉਸ ਨੂੰ ਚਾਵਾਂ ਨਾਲ ਪਾਲਿਆ। ਉਹਨਾਂ ਲਈ ਦੁਨੀਆਂ ’ਤੇ ਸਭ ਕੁਝ ਦਿਲਕਬੀਰ ਹੀ ਸੀ। ਉਹ ਉਸ ਤੋਂ ਬਿਨਾਂ ਇਕ ਪਲ ਵੀ ਨਾ ਰਹਿੰਦੇ। ਦਿਲਕਬੀਰ ਵੱਡਾ ਹੁੰਦਾ ਗਿਆ। ਉਹ ਤੁਹਾਡੇ ਵਾਂਗ ਇੰਟੈਲੀਜੈਂਟ ਸੀ। ਉਸ ਨੇ ਇਲੈਕਟ੍ਰੋਨਿਕ ਇੰਜੀਨੀਅਰਿੰਗ ਵਿਚ ਗ੍ਰੈਜੂਏਸ਼ਨ ਕਰ ਲਈ। ਉਹ ਇਕ ਗੋਰੀ ਲੜਕੀ ਬਰੈਂਡਾ ਨੂੰ ਦਿਲ ਦੇ ਬੈਠਾ। ਜਿਉਂ ਹੀ ਉਹ ਜੇ.ਜੇ. ਇਲੈਕਟ੍ਰੋਨਿਕ ਕੰਪਨੀ ਦਾ ਇੰਜੀਨੀਅਰ ਬਣਿਆ, ਉਹ ਤੇ ਬਰੈਂਡਾ ਵਿਆਹ ਕਰਵਾਉਣ ਦੀ ਡੇਟ ਪੱਕੀ ਕਰ ਲੈਂਦੇ ਹਨ। ਉਸ ਦੇ ਮੰਮੀ ਪਾਪਾ ਬੜੇ ਖੁਸ਼ ਸਨ। ਉਹ ਵਿਆਹ ਦੀਆਂ ਤਿਆਰੀਆਂ ਵਿਚ ਰੁੱਝ ਗਏ ਸਨ।

ਦਿਲਕਬੀਰ ਵੀ ਕੰਪਿਊਟਰ ਦਾ ਨਵਾਂ ਪਾਰਟ ਬਣਾਉਣ ਵਿਚ ਰੁੱਝਿਆ ਹੋਇਆ ਸੀ। ਇਸ ਸੰਬੰਧੀ ਉਹ ਤੇ ਉਸ ਦੀ ਕੰਪਨੀ ਦੇ ਚਾਰ ਹੋਰ ਇੰਜੀਨੀਅਰ ਟੋਰਾਂਟੋ ਦੀ ਕੰਪਿਊਟਰ ਲੈਬ ਗਏ। ਉਨ੍ਹਾਂ ਨੂੰ ਆਪਣੇ ਕੰਮ ਵਿਚ ਸਫ਼ਲਤਾ ਵੀ ਮਿਲੀ। ਵੀਕੈਂਡ ’ਤੇ ਉਹ ਨਿਆਗਰਾ ਫਾਲ ਦਾ ਆਨੰਦ ਲੈਂਦੇ। ਇਕ ਦਿਨ ਦਿਲਕਬੀਰ ਅਚਾਨਕ ਉਥੇ ਪਾਣੀ ਦੇ ਨੇੜੇ ਹੀ ਬੇਹੋਸ਼ ਹੋ ਕੇ ਡਿੱਗ ਪਿਆ। ਉਸ ਨੂੰ ਉੱਥੇ ਤਾਇਨਾਤ ਐਂਬੂਲੈਂਸ ਰਾਹੀਂ ਉਸ ਦੇ ਚਾਰ ਸਾਥੀਆਂ ਨੇ ਹਸਪਤਾਲ ਪਹੁੰਚਾਇਆ। ਉਹ ਵੈਂਟੀਲੇਟਰ ’ਤੇ ਸੀ। ਕੰਪਨੀ ਵਲੋਂ ਉਸ ਨੂੰ ਹੈਲੀਕਾਪਟਰ ਰਾਹੀਂ ਵੈਨਕੂਵਰ ਦੇ ਜਨਰਲ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਦੀ ਕਈ ਦਿਨਾਂ ਦੀ ਜੱਦੋ-ਜਹਿਦ ਦੇ ਬਾਵਜੂਦ ਉਹ ਸੁਰਤ ਵਿਚ ਨਹੀਂ ਆਇਆ। ਡਾਕਟਰਾਂ ਨੇ ਦੱਸਿਆ ਕਿ ਉਸ ਦੇ ਹੋਰ ਸਾਰੇ ਅੰਦਰੂਨੀ ਅੰਗ ਮਸ਼ੀਨਾਂ ਦੀ ਸਹਾਇਤਾ ਨਾਲ ਸਹੀ ਕਾਰਜ ਕਰੀ ਜਾ ਰਹੇ ਹਨ ਪਰ ਦਿਮਾਗੀ ਤੌਰ ’ਤੇ ਉਸ ਦੀ ਮੌਤ ਹੋ ਚੁੱਕੀ ਹੈ।

ਜਿਉਂ ਹੀ ਡਾਕਟਰਾਂ ਨੇ ਉਸ ਦੀ ਬ੍ਰੇਨ ਡੈਥ ਦਾ ਐਲਾਨ ਕੀਤਾ, ਉਸ ਦੇ ਮੰਮੀ ਪਾਪਾ ਇਕਦਮ ਸਦਮੇ ਵਰਗੀ ਉਦਾਸੀ ਦੀ ਜਕੜ ਵਿਚ ਆ ਗਏ। ਬਰੈਂਡਾ ਘਬਰਾ ਗਈ।

“ਸਰ, ਬ੍ਰੇਨ ਡੈਥ ਕੀ ਹੁੰਦੀ ਆ?” ਇਕ ਵਿਦਿਆਰਥੀ ਨੇ ਪ੍ਰੋਫ਼ੈਸਰ ਖਰੇ ਨੂੰ ਸਵਾਲ ਕੀਤਾ ਏ।

ਤੁਹਾਡੇ ਵਾਲਾ ਸਵਾਲ ਦਿਲਕਬੀਰ ਦੇ ਡੈਡ ਪ੍ਰਦੀਪ ਨੇ ਵੀ ਡਾਕਟਰਾਂ ਨੂੰ ਕੀਤਾ ਸੀ। ਇਕ ਡਾਕਟਰ ਇਸ ਭਾਰਤੀ ਜੋੜੇ ਨੂੰ ਦੂਜੇ ਕਮਰੇ ਵਿਚ ਲੈ ਗਿਆ ਸੀ। ਉੱਥੇ ਬੈੱਡ ’ਤੇ ਇਕ ਲੜਕੀ ਦੀ ਲਾਸ਼ ਪਈ ਸੀ। ਜਿਸ ਦੀ ਪੰਦਰਾਂ ਮਿੰਟ ਪਹਿਲਾਂ ਮੌਤ ਹੋਈ ਸੀ। ਉਸ ਦੀ ਸਤਾਰਾਂ ਦਿਨ ਪਹਿਲਾਂ ਬ੍ਰੇਨ ਡੈਥ ਹੋਈ ਸੀ ਪਰ ਉਹ ਪਰੈਗਨੈਂਟ ਸੀ। ਉਸ ਦੀ ਕੱਲ੍ਹ ਡਲਿਵਰੀ ਕਰਵਾਈ ਸੀ ਤੇ ਅੱਜ ਮੌਤ ਹੋ ਗਈ।

“ਇਸ ਵਿਚ ਬ੍ਰੇਨ ਡੈੱਡ ਹੋ ਜਾਂਦੈ, ਸਰੀਰ ਦਾ ਬਾਕੀ ਸਾਰਾ ਹਿੱਸਾ ਹਰਕਤ ਵਿਚ ਰਹਿੰਦੈ।” ਪ੍ਰੋਫ਼ੈਸਰ ਖਰੇ ਨੇ ਡਾਕਟਰਾਂ ਵਾਂਗ ਵਿਦਿਆਰਥੀਆਂ ਨੂੰ ਵੀ ਸਮਝਾਇਆ।

ਮਿੱਤਰੋ, ਦਿਲਕਬੀਰ ਦਾ ਦਿਲ ਧੜਕ ਰਿਹਾ ਸੀ। ਉਂਝ ਉਹ ਕੋਈ ਹਰਕਤ ਨਹੀਂ ਕਰ ਰਿਹਾ ਸੀ। ਸਰੀਰ ਦੇ ਕਿਸੇ ਵੀ ਅੰਗ ਵਿਚ ਹਿਲਜੁਲ ਨਹੀਂ ਸੀ। ਉਹਦੇ ਮਾਪਿਆਂ ਤੇ ਬਰੈਂਡਾ ਲਈ ਇਹ ਵੱਡਾ ਸਦਮਾ ਸੀ। ਦਿਲਕਬੀਰ ਨਾ ਜਿਉਂਦਿਆਂ ਵਿਚ ਸੀ ਤੇ ਨਾ ਮਰਿਆਂ ਵਿਚ। ਇਹ ਉਨ੍ਹਾਂ ਤਿੰਨਾਂ ਲਈ ਹੋਰ ਵੀ ਅਸਹਿ ਸੀ। ਉਨ੍ਹਾਂ ਦਾ ਦਿਲ ਤਾਂ ਕਰਦਾ ਸੀ, ਦਿਲਕਬੀਰ ਠੀਕ ਹੋ ਜਾਵੇ ਤੇ ਉੱਠ ਕੇ ਬੈਠ ਜਾਵੇ ਪਰ ਡਾਕਟਰਾਂ ਨੇ ਨਾਂਹ ਵਿਚ ਸਿਰ ਫੇਰ ਦਿੱਤਾ ਸੀ।

“ਇਹ ਹੁਣ ਉੱਠ ਨ੍ਹੀਂ ਸਕੇਗਾ। ਪੰਜ, ਦਸ, ਸਤਾਰਾਂ, ਤੀਹਾਂ...ਦਿਨਾਂ ਬਾਅਦ ਕਦੇ ਵੀ ਮੌਤ ਹੋ ਸਕਦੀ ਆ।...ਇਕ ਗੱਲ ਸੱਚੀ ਆ, ਇਹ ਕਦੇ ਵੀ ਜੀਵਤ ਨ੍ਹੀਂ ਹੋਵੇਗਾ।”

ਡਾਕਟਰ ਦੀ ਗੱਲ ਸੁਣ ਕੇ ਮਾਂ ਦਾ ਕਲੇਜਾ ਕੰਬਿਆ ਸੀ। ਉਹ ਫ਼ਰਸ਼ ’ਤੇ ਹੀ ਬੈਠ ਗਈ ਸੀ। ਉਸ ਦੇ ਪਤੀ ਨੇ ਉਸ ਨੂੰ ਦਿਲਾਸਾ ਦੇ ਕੇ ਕੁਰਸੀ ’ਤੇ ਬਿਠਾਇਆ ਸੀ। ਬਰੈਂਡਾ ਮਾਂ ਦੇ ਵਾਲਾਂ ਵਿਚ ਹੱਥ ਫੇਰਨ ਲੱਗੀ।

“ਮੰਮ...ਡੈਡ, ਕਿਉਂ ਨਾ ਆਪਾਂ ਦਿਲਕਬੀਰ ਦਾ ਸਰੀਰ ਦਾਨ ਕਰ ਦੇਈਏ?”

“ਬਰੈਂਡਾ, ਇਹ ਕੀ ਕਹਿੰਨੀ ਆਂ? ਲੈਬਾਂ ਵਿਚ ਮੇਰੇ ਪੁੱਤ ਦੀ ਦੇਹ ਰੁਲ ਜੂ।” ਪ੍ਰਦੀਪ ਨੇ ਨਾਂਹ ਵਿਚ ਸਿਰ ਮਾਰਿਆ ਸੀ।

“ਬੇਟਾ, ਜੇ ਇਹਦਾ ਸਸਕਾਰ ਨਾ ਹੋਇਆ। ਇਹਦੀ ਆਤਮਾ ਭਟਕਦੀ ਫਿਰੇਗੀ। ਇਹ ਪ੍ਰੇਤ ਬਣ ਕੇ ਸਾਨੂੰ ਤੰਗ ਕਰੇਗਾ।” ਅੰਜਲਾ ਡਰੀ ਬੈਠੀ ਸੀ।

“ਮੰਮ, ਇਹ ਛੱਡ ਦਿਓ ਪੁਰਾਣੀਆਂ ਗੱਲਾਂ। ਅਜਿਹਾ ਕੁਝ ਨਹੀਂ ਹੁੰਦਾ। ਉਹ ਸਗੋਂ ਮਰ ਕੇ ਵੀ ਜਿਊਂਦਾ ਰਹੇਗਾ। ਤੁਸੀਂ ਉਸ ਦੇ ਅੰਗ ਦੂਜਿਆਂ ਨੂੰ ਦਾਨ ਕਰਕੇ ਉਸ ਨੂੰ ਆਪਣੇ ਨੇੜੇ ਮਹਿਸੂਸ ਕਰੋਗੇ।” ਬਰੈਂਡਾ ਉਨ੍ਹਾਂ ਦੀ ਝਿਜਕ ਦੂਰ ਕਰਨ ਲੱਗੀ।

“ਡੈਡ, ਇਸ ਦਾ ਦਿਲ ਧੜਕ ਰਿਹਾ। ਕਿਉਂ ਨਾ ਆਪਾਂ ਕਿਸੇ ਲੋੜਵੰਦ ਨੂੰ ਦਾਨ ਕਰ ਦੇਈਏ?”

“ਓ.ਕੇ., ਬਰੈਂਡਾ।” ਪ੍ਰਦੀਪ ਨੇ ਸਹਿਮਤੀ ਦਿੱਤੀ ਸੀ।

ਉਸ ਦੀ ਪਤਨੀ ਅੰਜਲਾ ਵੀ ਮੰਨ ਗਈ ਸੀ। ਉਹ ਆਪਣੇ ਸਰੀਰ ਤੋਂ ਪਾਰ ਇਕ ਹੋਰ ਸਰੀਰ ਵਿਚ ਜਿਊਣ ਜਾ ਰਿਹਾ ਸੀ। ਦਿਲਕਬੀਰ ਦਾ ਦਿਲ ਇਕ ਲੜਕੀ ਨੂੰ ਦਾਨ ਕਰ ਦਿੱਤਾ ਗਿਆ। ਇਸ ਕਾਰਜ ਨੂੰ ਅੰਜ਼ਾਮ ਦੇਣ ਲਈ ਡਾਕਟਰਾਂ ਨੂੰ ਲਗਾਤਾਰ ਅਠਤਾਲੀ ਘੰਟੇ ਮਿਹਨਤ ਕਰਨੀ ਪਈ। ਇਸ ਤੋਂ ਪਿੱਛੋਂ ਉਸ ਦੀ ਮੌਤ ਹੋ ਗਈ।

ਬਰੈਂਡਾ ਨਵੇਂ ਦੋਸਤ ਨਾਲ ਰਹਿਣ ਲੱਗ ਪਈ। ਉਹ ਦਿਲਕਬੀਰ ਨੂੰ ਭੁਲਾਉਣ ਦੀ ਕੋਸ਼ਿਸ਼ ਕਰਨ ਲੱਗੀ ਪਰ ਉਸ ਦੇ ਮੰਮੀ ਡੈਡੀ ਉਸ ਨੂੰ ਹਰ ਰੋਜ਼ ਯਾਦ ਕਰਦੇ। ਮੰਮੀ ਬੇਟੇ ਦੀ ਫੋਟੋ ਵੀ ਨਿੱਤ ਸਾਫ਼ ਕਰਦੀ। ਉਸ ਦੇ ਸਾਮਾਨ ਨੂੰ ਸਾਂਭ-ਸਾਂਭ ਰੱਖਦੀ। ਟੀ.ਵੀ. ’ਤੇ ਛੋਟੇ ਬੱਚਿਆਂ ਦੀਆਂ ਫੋਟੋਆਂ ਨੂੰ ਦੇਖ ਕੇ ਕਹਿੰਦੀ-

“ਜੇ ਅੱਜ ਦਿਲਕਬੀਰ ਜਿਉਂਦਾ ਹੁੰਦਾ, ਸਾਡੇ ਵੀ ਪੋਤਾ ਜਾਂ ਪੋਤੀ ਹੁੰਦੇ। ਮੈਂ ਉਹਨਾਂ ਨੂੰ ਖਿਡਾਉਂਦੀ।” ਉਸਦੀਆਂ ਅੱਖਾਂ ਵਿਚ ਅੱਥਰੂ ਆ ਜਾਂਦੇ।

“ਮੇਰਾ ਬੇਟਾ ਜੀਨੀਅਸ ਸੀ। ਉਸ ਨੇ ਤਾਂ ਕੋਈ ਵੱਡੀ ਖੋਜ ਕਰਨੀ ਸੀ। ਦੁਨੀਆਂ ਨੂੰ ਕੋਈ ਵੱਡਾ ਤੋਹਫ਼ਾ ਦੇਣਾ ਸੀ। ਜਿਵੇਂ ਐਡੀਸਨ ਨੇ ਬਲਬ ਦੀ ਖੋਜ ਕਰਕੇ ਸੰਸਾਰ ਵਿਚ ਚਾਨਣ ਹੀ ਚਾਨਣ ਕਰ ਦਿੱਤਾ ਸੀ।”

ਬੱਚਿਓ, ਤੁਹਾਡੇ ਮਾਂ-ਬਾਪ ਵਾਂਗ ਪ੍ਰਦੀਪ ਆਪਣੇ ਬੇਟੇ ਦੇ ਖੋਜੀ ਸੁਭਾਅ ਤੋਂ ਜਾਣੂ ਸੀ। ਉਸ ਨੂੰ ਆਸ ਸੀ ਕਿ ਉਹ ਕੰਪਿਊਟਰ ਦੇ ਖੇਤਰ ਵਿਚ ਕੁਝ ਖੋਜੇਗਾ ਪਰ ਉਸ ਦੀ ਮੌਤ ਨੇ ਸਭ ਕੁਝ ਢਹਿ ਢੇਰੀ ਕਰ ਦਿੱਤਾ ਸੀ। ਜਦੋਂ ਵਿਗਿਆਨ ਦੀ ਕਿਸੇ ਨਵੀਂ ਲੱਭਤ ਬਾਰੇ ਟੀ.ਵੀ. ਖਬਰ ਪ੍ਰਸਾਰਤ ਕਰਦਾ, ਉਸ ਨੂੰ ਆਪਣਾ ਬੇਟਾ ਚੇਤੇ ਆ ਜਾਂਦਾ।

“ਸ਼ਾਇਦ ਇਹ ਖੋਜ ਦਿਲਕਬੀਰ ਕਰ ਲੈਂਦਾ।”

ਉਸ ਦੀ ਦੂਜੀ ਬਰਸੀ ’ਤੇ ਉਹਨਾਂ ਉਸ ਨੂੰ ਬਹੁਤ ਮਿਸ ਕੀਤਾ। ਉਸ ਦੀ ਮਾਂ ਨੇ ਤਾਂ ਰੋ-ਰੋ ਕੇ ਬੁਰਾ ਹਾਲ ਕਰ ਲਿਆ। ਨਾ ਉਹ ਨਹਾਤੀ। ਵਾਲ ਖਿਲਰੇ ਹੋਏ। ਅੱਖਾਂ ਲਾਲ ਹੋਈਆਂ ਪਈਆਂ ਸਨ।...ਉਸ ਨੂੰ ਉਹ ਕੁੜੀ ਯਾਦ ਆਈ, ਜਿਸ ਨੂੰ ਦਿਲਕਬੀਰ ਦਾ ਦਿਲ ਦਾਨ ਕੀਤਾ ਸੀ। ਹਸਪਤਾਲ ਵਾਲਿਆਂ ਨੇ ਕੁੜੀ ਨੂੰ ਉਨ੍ਹਾਂ ਨਾਲ ਮਿਲਾਇਆ ਨਹੀਂ ਸੀ। ਨਾ ਉਸ ਦਾ ਨਾਂ ਤੇ ਅਤਾ-ਪਤਾ ਦੱਸਿਆ ਸੀ। ਹਸਪਤਾਲ ਵਾਲੇ ਦੋਨਾਂ ਪਾਰਟੀਆਂ ਦਾ ਬਾਇਓਡਾਟਾ ਇਕ-ਦੂਜੇ ਤੋਂ ਗੁਪਤ ਰੱਖਦੇ ਹਨ। ਉਨ੍ਹਾਂ ਦੀ ਸ਼ਰਤ ਸੀ ਕਿ ਦਾਨ ਲੈਣ ਵਾਲੇ ਦਾ ਉਹ ਨਾਂ ਤੱਕ ਵੀ ਨਸ਼ਰ ਨਹੀਂ ਕਰਦੇ ਸਨ। ਦਾਨੀ ਦਾ ਨਾਂ ਜ਼ਰੂਰ ਦੱਸਦੇ ਸਨ। ਪ੍ਰਦੀਪ ਸਾਰਾ ਦਿਨ ਸੋਚਦਾ ਰਿਹਾ ਸੀ ਕਿ ਉਸ ਕੁੜੀ ਨੂੰ ਕਿਵੇਂ ਲੱਭਿਆ ਜਾਵੇ?

ਉਹ ਅਗਲੇ ਦਿਨ ਰੋਂਦੀ ਕੁਰਲਾਉਂਦੀ ਪਤਨੀ ਨੂੰ ਲੈ ਕੇ ਹਸਪਤਾਲ ਗਿਆ ਸੀ। ਉਸ ਨੇ ਦਿਲ ਦਾਨ ਲੈਣ ਵਾਲੀ ਕੁੜੀ ਦਾ ਐਡਰੈੱਸ ਪੁੱਛਿਆ। ਹਸਪਤਾਲ ਵਾਲਿਆਂ ਨਾਂਹ ਕਰ ਦਿੱਤੀ। ਉਹਨਾਂ ਸ਼ਰਤਾਂ ਵਾਲਾ ਉਹ ਐਗਰੀਮੈਂਟ ਮੂਹਰੇ ਕਰ ਦਿੱਤਾ, ਜਿਸ ਉਪਰ ਉਨ੍ਹਾਂ ਦਸਤਖ਼ਤ ਕੀਤੇ ਸਨ। ਅੰਜਲਾ ਇਕ ਮਾਂ ਦੀ ਮਮਤਾ ਦਾ ਵਾਸਤਾ ਪਾਉਂਦੀ ਰਹੀ ਪਰ ਉਹ ਮੰਨੇ ਨਾ।

“ਇਹ ਇਕ ਵਾਰ ਹਾਰਟ ਬੀਟ ਸੁਣਨਾ ਚਾਹੁੰਦੀ ਏ। ਮੁੜ ਕੇ ਕਦੇ ਵੀ ਉਸ ਨੂੰ ਮਿਲੇਗੀ ਨਹੀਂ।” ਪ੍ਰਦੀਪ ਨੇ ਹਸਪਤਾਲ ਦੇ ਮੈਨੇਜਰ ਨਾਲ ਵਾਅਦਾ ਕੀਤਾ।

ਵਿਦਿਆਰਥੀਓ, ਪ੍ਰਦੀਪ ਤੇ ਅੰਜਲਾ ਦੀ ਹਾਲਤ ਦੇਖੀ ਨਹੀਂ ਜਾ ਰਹੀ ਸੀ। ਉਹ ਉਨ੍ਹਾਂ ਅੱਗੇ ਲੇਲ੍ਹੜੀਆਂ ਕੱਢ ਰਹੇ ਸਨ। ਹਸਪਤਾਲ ਦੀ ਡਾਟਾ ਫੀਡ ਕਰਨ ਵਾਲੀ ਇਕ ਗੋਰੀ ਮੁਲਾਜ਼ਮ ਪਸੀਜ ਗਈ।

“ਸੌਰੀ ਸਰ, ਸਾਡੇ ਹਸਪਤਾਲ ਦਾ ਰਿਕਾਰਡ ਗੁਪਤ ਰਹਿੰਦਾ ਹੈ। ਨਸ਼ਰ ਨ੍ਹੀਂ ਕੀਤਾ ਜਾ ਸਕਦਾ। ਤੁਸੀਂ ਇੰਟਰਨੈੱਟ ’ਤੇ ਸਰਚ ਕਰ ਲਵੋ। ਅੰਗ ਦਾਨ ਕਰਨ ਵਾਲੀਆਂ ਵੈੱਬਸਾਈਟ ਚੈੱਕ ਕਰੋ। ਜਿਨ੍ਹਾਂ ਨੂੰ ਅੰਗਾਂ ਦੀ ਲੋੋੜ ਹੁੰਦੀ ਹੈ। ਉਨ੍ਹਾਂ ਨੇ ਓਥੇ ਆਪਣੀ ਡਿਮਾਂਡ ਤੇ ਬਾਇਓਡਾਟਾ ਪਾਇਆ ਹੁੰਦਾ। ਉਹ ਪੰਜ ਸਾਲ ਤੱਕ ਸੇਵ ਰਹਿੰਦਾ ਏ।” ਗੋਰੀ ਨੇ ਉਨ੍ਹਾਂ ਨੂੰ ਕਲਿਊ ਦਿੱਤਾ ਸੀ।

ਘਰ ਪੁੱਜ ਕੇ ਪ੍ਰਦੀਪ ਨੇ ਲੈਪਟੋਪ ਆਨ ਕਰ ਲਿਆ ਸੀ। ਉਹ ਤੇ ਅੰਜਲਾ ਲੜਕੀ ਦੀ ਸਰਚ ਕਰਨ ਲੱਗੇ। ਵੱਖ-ਵੱਖ ਅੰਗਾਂ ਦੀ ਡਿਮਾਂਡ ਕਰਨ ਵਾਲਿਆਂ ਦੀ ਗਿਣਤੀ ਪੰਦਰਾਂ ਲੱਖ ਸੀ। ਉਹਨਾਂ ਵਿਚੋਂ ਦਿਲ ਦੀ ਮੰਗ ਕਰਨ ਵਾਲੇ ਡੇਢ ਲੱਖ ਮਰਦ ਸਨ ਤੇ ਪੈਂਤੀ ਹਜ਼ਾਰ ਔਰਤਾਂ ਤੇ ਲੜਕੀਆਂ ਸਨ। ਜਿਨ੍ਹਾਂ ਲੜਕੀਆਂ ਦੇ ਹਾਰਟ ਸ਼ਰਿੰਕ ਹੋ ਗਏ ਸਨ, ਉਹ ਪੰਜ ਹਜ਼ਾਰ ਮਰੀਜ਼ ਸਨ। ਬਾਰ੍ਹਾਂ ਸੌ ਮਰੀਜ਼ ਉਹ ਸਨ, ਜਿਨ੍ਹਾਂ ਨੇ ਫੇਸਬੁੱਕ ਰਾਹੀਂ ਹਸਪਤਾਲਾਂ ਨਾਲ ਸਬੰਧ ਜੋੜੇ ਹੋਏ ਸਨ। ਉਨ੍ਹਾਂ ਦੀ ਲਗਾਤਾਰ ਗੱਲ ਹੁੰਦੀ ਰਹਿੰਦੀ ਹੈ। ਪ੍ਰਦੀਪ ਨੇ ਇਨ੍ਹਾਂ ਬਾਰਾਂ ਸੌ ਮਰੀਜ਼ਾਂ ਦੇ ਫੇਸਬੁੱਕ ਦੇ ਅਕਾਊਂਟ ਚੈੱਕ ਕੀਤੇ। ਫੇਸਬੁੱਕ ’ਤੇ ‘ਯੂਨੀਵਰਸਿਟੀ ਆਫ਼ ਵਿਕਟੋਰੀਆ’ ਨੇ ‘ਪਿਛਲੇ ਦਸ ਸਾਲ ਦਾ ਨਾਇਕ’ ਬਾਰੇ ਸਵਾਲ ਪਾਇਆ ਸੀ। ਯੂਨੀਵਰਸਿਟੀ ਆਪਣੇ ਪੇਜ ਰਾਹੀਂ ਸੰਸਾਰ ਪੱਧਰ ਦੀਆਂ ਨਾਮੀ ਸ਼ਖ਼ਸੀਅਤਾਂ ਦਾ ਸਰਵੇਖਣ ਕਰਵਾ ਰਹੀ ਸੀ। ਟੇਨਾ ਨਾਂ ਦੀ ਲੜਕੀ ਨੇ ਇਸ ਪੇਜ ਨੂੰ ਲਾਈਕ ਕੀਤਾ ਹੋਇਆ ਸੀ। ਉਸ ਨੇ ਨਾਇਕ ਦੇ ਖਾਨੇ ਵਿਚ ਦਿਲਕਬੀਰ ਲਿਖਿਆ ਹੋਇਆ ਸੀ। ਦਿਲਕਬੀਰ ਬਾਰੇ ਪੰਦਰਾਂ ਪੰਨਿਆਂ ਦੀ ਅਟੈਂਚਮੈਂਟ ਲੱਗੀ ਹੋਈ ਸੀ। ਜਿਸ ਨੂੰ ਪੜ੍ਹ ਕੇ ਬੰਦੇ ਦਾ ਹੱਥ ਸਲੂਟ ਮਾਰਨ ਲਈ ਉੱਪਰ ਉੱਠ ਪੈਂਦਾ ਹੈ। ਉਸੇ ਵੇਲੇ ਪ੍ਰਦੀਪ ਨੇ ਟੇਨਾ ਨੂੰ ਫ਼ੋਨ ਲਾਇਆ ਸੀ।

“ਅਸੀਂ ਦਿਲਕਬੀਰ ਦੇ ਮਾਪੇ ਹਾਂ।”

ਉਹ ਤੇ ਅੰਜਲਾ ਉਸ ਨਾਲ ਕਿੰਨਾ ਚਿਰ ਦਿਲਕਬੀਰ ਦੀਆਂ ਗੱਲਾਂ ਕਰਦੇ ਰਹੇ। ਉਸ ਦੇ ਸਰੀਰ ਅੰਦਰ ਧੜਕ ਰਹੇ ਦਿਲ ਬਾਬਤ ਪੁੱਛਦੇ ਰਹੇ।

“ਅਸੀਂ ਤੈਨੂੰ ਮਿਲਣਾ ਚਾਹੁੰਦੇ ਆਂ। ਆਪਣੇ ਗ੍ਰੇਟ ਸਨ (Son) ਦੀ ਆਵਾਜ਼ ਸੁਣਨ ਲਈ।” ਅੰਜਲਾ ਨੇ ਬੇਨਤੀ ਕੀਤੀ।

ਟੇਨਾ ਨੇ ਨਾਂਹ ਕਰ ਦਿੱਤੀ। ਪ੍ਰਦੀਪ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਨ ਲੱਗਾ।

“ਬੇਟੀ, ਸਿਰਫ ਇਕ ਵਾਰ।”

ਉਹ ਗੋਰੀ ‘ਬੇਟੀ’ ਸ਼ਬਦ ਸੁਣ ਕੇ ਪਿਘਲ ਗਈ। ਅੰਜਲਾ ਨੇ ਉਹਨੂੰ ਰੋ-ਰੋ ਕੇ ਆਪਣਾ ਹਾਲ ਸੁਣਾਇਆ। ਦੋਨੋਂ ਜੀਅ ਉਸ ਨੂੰ ਮਿਲਣ ਦੀ ਆਪਣੇ ਜੀਵਨ ਦੀ ਆਖਰੀ ਇੱਛਾ ਦੱਸਦੇ ਹਨ। ਆਖਿਰ ਵਿਚ ਉਹ ਮੰਨ ਗਈ। ਉਹ ਹਵਾਈ ਜਹਾਜ਼ ਰਾਹੀਂ ਸਾਢੇ ਤਿੰਨ ਸੌ ਕਿਲੋਮੀਟਰ ਦੂਰ ਟੇਨਾ ਦੇ ਘਰ ਜਾਂਦੇ ਹਨ। ਉਸ ਲਈ ਤੋਹਫੇ ਲੈ ਕੇ ਉਸ ਦੇ ਘਰ ਪੁੱਜਦੇ ਹਨ। ਉਥੇ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਹੇ।

ਉਨ੍ਹਾਂ ਉਸ ਨੂੰ ਆਪਣੇ ਵਿਚਕਾਰ ਬਿਠਾ ਲਿਆ ਸੀ। ਉਸ ਨੂੰ ਆਪ ਲੰਚ ਕਰਵਾਇਆ। ਉਨ੍ਹਾਂ ਕਈ ਵਾਰ ਸਟੈਥੋਸਕੋਪ ਨਾਲ ਹਾਰਟ ਬੀਟ ਸੁਣੀ। ਉਹ ਗਦਗਦ ਹੋ ਉੱਠੇ। ਉਨ੍ਹਾਂ ਦੇ ਚਿਹਰਿਆਂ ’ਤੇ ਲਾਲੀ ਆ ਗਈ। ਉਹ ਕਦੇ ਟੇਨਾ ਨੂੰ ਜੂਸ ਪਿਲਾਉਂਦੇ ਰਹੇ, ਕਦੇ ਵਿਸਕੀ ਤੇ ਕਦੇ ਪੀਜ਼ਾ ਖੁਆਉਂਦੇ ਰਹੇ। ਵਾਪਸੀ ’ਤੇ ਇਕ ਵਾਰ ਫੇਰ ਹਾਰਟ ਬੀਟ ਸੁਣੀ। ਉਹ ਖੁਸ਼ੀ-ਖੁਸ਼ੀ ਵਾਪਸ ਆਪਣੇ ਘਰ ਆ ਗਏ।

ਕਹਾਣੀ-ਦੋ

ਪਿਆਰੇ ਵਿਦਿਆਰਥੀਓ, ਕਹਾਣੀਆਂ ਮਨੁੁੱਖੀ ਜੀਵਨ ਦਾ ਅਕਸ ਹੁੰਦੀਆਂ ਹਨ। ਇਨ੍ਹਾਂ ਵਿਚ ਸਵਾਲ ਉਠਾਏ ਵੀ ਜਾ ਸਕਦੇ ਆ ਤੇ ਸਵਾਲਾਂ ਦੇ ਜਵਾਬ ਵੀ ਮਿਲ ਜਾਂਦੇ ਆ। ਕਹਾਣੀ ਇਕ ਵਿਚੋਂ ਵੀ ਤੁਹਾਨੂੰ ਕੁਝ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ। ਜਿਹੜੇ ਰਹਿ ਗਏ, ਮੈਂ ਇਕ ਹੋਰ ਕਹਾਣੀ ਸੁਣਾਉਂਦਾ ਆਂ। ਉਸ ਤੋਂ ਮਿਲ ਜਾਣਗੇ।

ਅਦਾਲਤ ਨੇ ਇਕ ਬਿਰਜੂ ਨਾਂ ਦੇ ਨੌਜਵਾਨ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ। ਇਹ ਸ਼ਖ਼ਸ ਰੱਜੇ ਪੁੱਜੇ ਪਰਿਵਾਰ ਦਾ ਜੰਮਪਲ ਏ। ਇਸ ਦਾ ਪਰਿਵਾਰ ਸੱਤਾਧਾਰੀ ਪਾਰਟੀ ਦੇ ਬਹੁਤ ਨੇੜੇ ਆ। ਪਰਿਵਾਰ ਦੇ ਕੁਝ ਮੈਂਬਰ ਸਰਕਾਰੀ ਉੱਚ ਅਹੁਦਿਆਂ ’ਤੇ ਹਨ। ਉਸ ਨੇ ਦਿੱਲੀ ਦੀ ਇਕ ਯੂਨੀਵਰਸਿਟੀ ਵਿਚ ਇੰਡੀਅਨ ਹਿਸਟਰੀ ਦੀ ਮਾਸਟਰ ਡਿਗਰੀ ਕਰਨ ਲਈ ਦਾਖ਼ਲ ਲਿਆ। ਪਾਰਟੀ ਨੇ ਉਸ ਨੂੰ ਸਟੂਡੈਂਟ ਵਿੰਗ ਦੀ ਕਮਾਂਡ ਸੰਭਾਲ ਦਿੱਤੀ। ਪਹਿਲੇ ਸਾਲ ਵਿਚ ਹੀ ਉਸ ਦੇ ਨਾਂ ਦੀ ਤੂਤੀ ਬੋਲਣ ਲੱਗ ਪਈ ਪਰ ਇਕ ਲੜਕੀ ਦੇ ਕਤਲ ਦੇ ਦੋਸ਼ ਵਿਚ ਟੰਗਿਆ ਗਿਆ। ਜਦੋਂ ਉਹ ਜੇਲ੍ਹ ਅੰਦਰ ਪੁੱਜਾ, ਉਸ ਨੇ ਕੈਦੀਆਂ ਨਾਲ ਆਪਣੀ ਜਾਣ-ਪਛਾਣ ਇਉਂ ਕਰਵਾਈ :-

“ਮੈਂ ਉਸ ਸਟੂਡੈਂਟ ਯੂਨੀਅਨ ਦਾ ਲੀਡਰ ਹਾਂ, ਜਿਹੜੀ ਰਾਸ਼ਟਰ ਪ੍ਰੇਮੀ ਹੈ।...ਤੇ ਦੇਸ਼ ਧ੍ਰੋਹੀਆਂ ਖ਼ਾਸਕਰ ਪਾਕਿਸਤਾਨੀ ਹਮਾਇਤੀਆਂ ਖ਼ਿਲਾਫ਼ ਮੁਹਿੰਮ ਚਲਾ ਰਹੀ ਏ। ਮੇਰੇ ਹੱਥੋਂ ਦੇਸ ਦੇ ਚਾਰ ਦੁਸ਼ਮਣਾਂ ਦਾ ਸਫਾਇਆ ਹੋ ਗਿਆ।...ਤੇ ਯਾਰਾਂ ਨੂੰ ਫ਼ਾਂਸੀ ਦੀ ਸਜ਼ਾ ਹੋ ਗਈ।”

ਬਿਰਜੂ ਨੇ ਬੜੇ ਮਾਣ ਨਾਲ ਤੇ ਹਿੱਕ ਠੋਕ ਕੇ ਇਹ ਗੱਲ ਕਹੀ। ‘ਦੁਸ਼ਮਣਾਂ ਦੇ ਸਫ਼ਾਏ’ ਵਾਲੀ ਗੱਲ ’ਤੇ ਜ਼ਰਾ ਜ਼ੋਰ ਦਿੱਤਾ। ਉਸ ਦੇ ਖੂੰਖਾਰ ਚਿਹਰੇ ਨੂੰ ਦੇਖ ਕੇ ਕੈਦੀਆਂ ਦੇ ਮਨਾਂ ਵਿਚ ਦਹਿਸ਼ਤ ਬੈਠ ਗਈ। ਉਹ ਉਸ ਦੀ ਮੁੱਠੀ ਚਾਪੀ ਕਰਨ ਲੱਗ ਪਏ। ਜੇਲ੍ਹ ਪ੍ਰਸ਼ਾਸਨ ਵਲੋਂ ਵੀ ਉਸ ਦੀ ਸੇਵਾ ਤੇ ਖ਼ਾਸ ਤਵੱਜੋਂ ਦਿੱਤੀ ਜਾ ਰਹੀ ਸੀ।

ਕੁਝ ਮਹੀਨਿਆਂ ਬਾਅਦ ਉਸੇ ਯੂਨੀਵਰਸਿਟੀ ਦਾ ਇਕ ਹੋਰ ਵਿਦਿਆਰਥੀ ਨੇਤਾ ਮੋਹਿਤ ਸਰਕਾਰ ਵੱਲੋਂ ਜੇਲ੍ਹ ਭੇਜ ਦਿੱਤਾ ਗਿਆ। ਉਸ ਉੱਤੇ ਦੇਸ਼ ਧ੍ਰੋਹ, ਸਰਕਾਰ ਖ਼ਿਲਾਫ਼ ਬਗ਼ਾਵਤ ਕਰਨ ਅਤੇ ਸਰਕਾਰੀ ਤੇ ਪ੍ਰਾਈਵੇਟ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਕੇਸ ਮੜ੍ਹੇ ਗਏ ਸਨ। ਉਹ ਜੇਲ੍ਹ ਅੰਦਰ ਬਿਰਜੂ ਬਾਰੇ ਪ੍ਰਚੱਲਤ ਦੰਦ ਕਥਾਵਾਂ ਸੁਣ ਕੇ ਮੁਸਕਰਾ ਪਿਆ। ਉਸ ਨੇ ਕੈਦੀਆਂ ਨੂੰ ਬਿਰਜੂ ਬਾਰੇ ਪਤਾ ਕੀ ਦੱਸਿਆ?

“ਸਰ, ਕੀ ਦੱਸਿਆ?” ਸਾਰੇ ਵਿਦਿਆਰਥੀ ਇਕੋ ਸਾਹੇ ਬੋਲੇ।

“ਅੱਜ ਦੀ ਤਰੀਕ ਵਿਚ ਹਕੂਮਤ ਆਪਣੀ ਜਨਤਾ ਨੂੰ ਵਿਦਿਆ, ਰੁਜ਼ਗਾਰ, ਸਿਹਤ ਸਹੂਲਤਾਂ, ਖੁਰਾਕ ਤੇ ਜਿਉਣਯੋਗ ਵਾਤਾਵਰਣ ਦੇ ਨਹੀਂ ਪਾ ਰਹੀ। ਇਸ ਕਾਰਨ ਨਪੀੜੀ ਹੋਈ ਭਾਰਤ ਦੀ ਜਨਤਾ ਸੰਘਰਸ਼ਾਂ ਦੇ ਰਾਹ ਪਈ ਹੋਈ ਹੈ। ਸਾਡੀ ਕ੍ਰਾਂਤੀਕਾਰੀ ਸਟੂਡੈਂਟ ਯੂਨੀਅਨ ਵੀ ਮੁਫ਼ਤ ਵਿਦਿਆ ਤੇ ਸਭਨਾਂ ਨੂੰ ਰੁਜ਼ਗਾਰ ਲਈ ਲੜ ਰਹੀ ਹੈ। ਹਕੂਮਤ ਨੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਧਿਆਨ ਹਟਾਉਣ ਲਈ ਜਾਤ, ਧਰਮ, ਭਾਸ਼ਾ ਤੇ ਭਾਰਤ-ਪਾਕਿਸਤਾਨ ਦੇ ਮੁੱਦੇ ਲੋਕਾਂ ਵਿਚ ਉਭਾਰੇ। ਜਨਤਾ ਨੂੰ ਹਿੰਦੂ ਮੁਸਲਮਾਨਾਂ ਵਿਚ ਵੰਡ ਦਿੱਤਾ ਪਰ ਸਾਡੀ ਯੂਨੀਅਨ ਚਾਨਣ ਫੈਲਾਉਣ ਵਾਲੀ ਵਿਦਿਆ ਤੇ ਢਿੱਡ ਭਰਨ ਲਈ ਰੁਜ਼ਗਾਰ ਦੀ ਲੜਾਈ ਨੂੰ ਦਿੱਲੀ ਦੀਆਂ ਸੜਕਾਂ ’ਤੇ ਲੈ ਆਈ।”

ਬੱਚਿਓ, ਮੋਹਿਤ ਇਵੇਂ ਬੋਲ ਰਿਹਾ ਸੀ, ਜਿਵੇਂ ਕਿਸੇ ਵੱਡੀ ਰੈਲੀ ਨੂੰ ਸੰਬੋਧਨ ਕਰ ਰਿਹਾ ਹੋਵੇ - “ਹਕੂਮਤ ਨੇ ਬਿਰਜੂ ਹੁਰਾਂ ਦੀ ਯੂਨੀਅਨ ਨੂੰ ਆਪਣੇ ਰਾਜਨੀਤਕ ਹਿੱਤਾਂ ਲਈ ਵਰਤਿਆ। ਰਾਤ ਦੇ ਸਮੇਂ ਹੋਸਟਲਾਂ ਵਿਚ ਰਹਿ ਰਹੇ ਵਿਦਿਆਰਥੀਆਂ ’ਤੇ ਹੱਲਾ ਬੋਲ ਦਿੱਤਾ। ਇਨ੍ਹਾਂ ਦੇ ਨਕਾਬਪੋਸ਼ਾਂ ਨੇ ਲੋਹੇ ਦੀਆਂ ਰਾਡਾਂ ਨਾਲ ਨਿਹੱਥੇ ਵਿਦਿਆਰਥੀਆਂ ਦੇ ਸਿਰ ਪਾੜ ਦਿੱਤੇ। ਲਹੂ ਦੀਆਂ ਤਤੀਰੀਆਂ ਨਾਲ ਫਰਸ਼ ਲਾਲੋ ਲਾਲ ਹੋ ਗਏ। ਦੇਸ਼ ਦੀਆਂ ਧੀਆਂ ਭੈਣਾਂ ਦੇ ਗੁਪਤ ਅੰਗਾਂ ’ਤੇ ਸੱਟਾਂ ਮਾਰੀਆਂ। ਸਰਕਾਰ, ਮੀਡੀਆ ਤੇ ਪ੍ਰਸ਼ਾਸਨ ਸਭ ਹਮਲਾਵਰਾਂ ਦੇ ਹੱਕ ਵਿਚ ਭੁਗਤੇ।”

ਮੋਹਿਤ ਨੇ ਰੋਸ ਜਤਾਉਂਦਿਆਂ ਅੱਗੇ ਦੱਸਿਆ-

“ਇਸ ਪਿੱਛੋਂ ਇਨ੍ਹਾਂ ਦੀ ਚੜ੍ਹ ਮਚ ਗਈ। ਕੈਂਪਸ ਅੰਦਰ ਲੜਕੀਆਂ ਤੇ ਲੜਕਿਆਂ ਨੂੰ ਇਕੱਠੇ ਬੈਠਣ ’ਤੇ ਕੁਟਾਪਾ ਚਾੜ੍ਹਨ ਲੱਗ ਪਏ। ਵੈਲੇਨਟਾਈਨ-ਡੇ ’ਤੇ ਪ੍ਰੇਮੀ ਜੋੜਿਆਂ ਦੇ ਮੂੰਹ ਕਾਲ਼ੇ ਕਰ ਦਿੱਤੇ। ਇਹ ਲੋਕ ਲੜਕੀਆਂ ਨੂੰ ਜੀਨਜ਼, ਸ਼ਰਟਸ, ਟੌਪ...ਆਦਿ ਨਾ ਪਾਉਣ ਦਿੰਦੇ। ਬਹੁਤੀਆਂ ਲੜਕੀਆਂ ਇਨ੍ਹਾਂ ਦੇ ਕਹਿਣ ’ਤੇ ਸਾੜ੍ਹੀ ਲਾ ਕੇ ਆਉਣ ਲੱਗ ਪਈਆਂ।”

ਮੋਹਿਤ ਨੇ ਕੈਦੀਆਂ ਨੂੰ ਇਕ ਲੜਕੀ ਦੀ ਅਖ਼ਬਾਰੀ ਫੋਟੋ ਦਿਖਾਈ, ਜੋ ਉਂਗਲੀ ਖੜ੍ਹੀ ਕਰਕੇ ਲਾਠੀਚਾਰਜ ਕਰ ਰਹੇ ਪੁਲਸੀਏ ਨੂੰ ਵੰਗਾਰ ਰਹੀ ਸੀ।

“ਇਹ ਸਾਡੇ ਵਾਲੀ ਕ੍ਰਾਂਤੀਕਾਰੀ ਸਟੂਡੈਂਟ ਯੂਨੀਅਨ ਦੀ ਆਗੂ ਮਾਹਨੂਰ ਆ। ਇਸ ਨੇ ਇਹ ਕਹਿ ਕੇ ਇਨ੍ਹਾਂ ਦਾ ਕੋਡ ਆਫ ਕੰਡਕਟ ਲਾਗੂ ਨਾ ਕੀਤਾ ਕਿ ਇਹ ਔਰਤ ਨੂੰ ਮੁੜ ਗੁਲਾਮੀ ਵੱਲ ਧੱਕਣ ਦੀ ਰਾਜਨੀਤਕ ਸਾਜਿਸ਼ ਹੈ।...ਭਾਰਤੀ ਔਰਤ ਨੇ ਕੀ ਖਾਣਾ, ਕੀ ਪੀਣਾ, ਕੀ ਪਹਿਨਣਾ, ਕੀ ਬੋਲਣਾ ਆ ਤੇ ਕੀਹਨੂੰ ਮੰਨਣਾ ਆ ਜਾਂ ਨਹੀਂ ਵੀ ਮੰਨਣਾ, ਇਹ ਉਸ ਦੀ ਮਰਜ਼ੀ ਆ। ਏਹੀ ਭਾਰਤੀ ਔਰਤ ਦੀ ਸ਼ਕਤੀ ਏ।”

“ਫੇਰ?” ਕੈਦੀ ਅਖ਼ਬਾਰ ਵਿਚ ਮਾੜਕੂ ਜਿਹੀ ਦਿਖਦੀ ਲੜਕੀ ਦੀ ਜੁਅਰੱਤ ਤੋਂ ਹੈਰਾਨ ਹੋਏ ਬੋਲੇ।

“ਫੇਰ ਕੀ?  ਯੂਨੀਵਰਸਿਟੀ ਦੀਆਂ ਬਹੁਤੀਆਂ ਲੜਕੀਆਂ ਮਾਹਨੂਰ ਨਾਲ ਸਟੈਂਡ ਕਰ ਗਈਆਂ। ਨਵੇਂ ਬਣੇ ਰਾਜੇ ਮਹਾਰਾਜੇ ਤਲਵਾਰ ਨਾਲੋਂ ਵੀ ਤਿੱਖੀਆਂ ਇਨ੍ਹਾਂ ਕੁੜੀਆਂ ਤੋਂ ਭੈਅ ਖਾਣ ਲੱਗੇ। ਇਸ ਬਿਰਜੂ ਐਂਡ ਕੰਪਨੀ ਨੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਧਿਆਨ ਹਟਾਉਣ ਲਈ, ਕੁੜੀਆਂ ਦੀ ਜ਼ੁਬਾਨਬੰਦੀ ਕਰਨ ਲਈ, ਉਹਨਾਂ ’ਤੇ ਦਹਿਸ਼ਤ ਪਾਉਣ ਲਈ ਅਤੇ ਮਾਹਨੂਰ ਨੂੰ ਸਬਕ ਸਿਖਾਉਣ ਲਈ ਉਸ ਨਾਲ ਗੈਂਗਰੇਪ ਕੀਤਾ।...ਦਰਿੰਦਿਆਂ ਨੇ ਉਸ ਦੇ ਸਰੀਰ ਨੂੰ ਨੋਚ-ਨੋਚ ਕੇ ਖਾਧਾ। ਉਸ ਦੇ ਗੁਪਤ ਅੰਗਾਂ ਵਿਚ ਮਿਰਚਾਂ ਪਾ ਦਿੱਤੀਆਂ। ਉਹ ਤੜਫਦੀ ਰਹੀ। ਅੰਤ ਜਿਊਂਦੀ ’ਤੇ ਤੇਲ ਪਾ ਕੇ ਉਸ ਨੂੰ ਸਾੜ ਦਿੱਤਾ ਗਿਆ।”

ਮੋਹਿਤ ਦੇ ਇਹ ਸ਼ਬਦ ਸੁਣ ਕੇ ਕੈਦੀ ਵੀ ਬਲ਼ ਉੱਠੇ। ਉਹਨਾਂ ਦੀਆਂ ਅੱਖਾਂ ਵਿਚੋਂ ਪਰਲ-ਪਰਲ ਹੰਝੂ ਡਿੱਗਣ ਲੱਗ ਪਏ। ਮਸੋਸੇ ਹੋਏ ਮੋਹਿਤ ਨੇ ਇਹ ਬੀਰ ਕਥਾ ਅਗਾਂਹ ਤੋਰੀ - *“ਸਾਡੀ ਇਹ ਵੀਰਾਂਗਣਾ ਇਕ ਕਿਲੋਮੀਟਰ ਤੱਕ ਆਪਣੇ ਆਪ ਨੂੰ ਬਚਾਉਣ ਲਈ ਅੱਗ ਦੀਆਂ ਲਪਟਾਂ ਵਿਚ ਘਿਰੀ ਭੱਜਦੀ ਰਹੀ। ਉਹ ਆਪਣੇ ਲਈ...ਲੋਕਾਂ ਲਈ ਜਿਉਣਾ ਚਾਹੁੰਦੀ ਸੀ ...ਪਰ ਉਸ ਸ਼ੇਰਨੀ ਨੂੰ ਅੱਗ ਨੇ ਭਸਮ ਕਰ ਦਿੱਤਾ। ਇਹ ਸਭ ਕੁਝ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਦੇਸ ਦੇ ‘ਬਿਰਜੂ’ ਨੰਗੇ ਹੋ ਗਏ। ਮਾਹਨੂਰ ਲੋਕ ਮਨਾਂ ਵਿਚ ਵਸ ਗਈ। ਅੱਗ ਦੀਆਂ ਲਪਟਾਂ ਵਿਚ ਸੜ ਰਹੀ ਮਾਹਨੂਰ ਨੂੰ ਦੇਖ ਕੇ, ਜ਼ਮੀਰ ਵਾਲੀ ਕੋਈ ਅੱਖ ਨਾ ਬਚੀ, ਜਿਹੜੀ ਨਮ ਨਾ ਹੋਈ ਹੋਵੇ। ਲੋਕਾਂ ਦੀਆਂ ਅੱਖਾਂ ਵਿਚ ਲਹੂ ਉਤਰ ਆਇਆ। ਪੂਰੀ ਦੁਨੀਆਂ ਵਿਚ ਹਕੂਮਤ ਦੀ ਤੋਏ-ਤੋਏ ਹੋਣ ਲੱਗੀ।”

ਇਹ ਸੁਣ ਕੇ ਕੈਦੀ ਵੀ ਗੁੱਸੇ ਨਾਲ ਕੰਬਣ ਲੱਗੇ। ਮੋਹਿਤ ਨੇ ਲੜੀ ਗਈ ਲੰਬੀ ਲੜਾਈ ਦੀ ਸੰਖੇਪ ਜਿਹੀ ਗੱਲ ਇਉਂ ਕੀਤੀ-

“ਮਾਹਨੂਰ ਦੇ ਘਿਨੌਣੇ ਕਤਲ ਦੇ ਵਿਰੋਧ ਵਿਚ ਭਾਰਤ ਦੀ ਜਵਾਨੀ ਸੜਕਾਂ ’ਤੇ ਨਿਕਲ ਆਈ। ਆਮ ਲੋਕ ਵੀ ਲੜਾਈ ਦੇ ਮੈਦਾਨ ਵਿਚ ਆ ਗਏ। ਕਾਲਜਾਂ, ਯੂਨੀਵਰਸਿਟੀਆਂ ਦੀਆਂ ਵਿਦਿਆਰਥਣਾਂ ਸੰਘਰਸ਼ ਦੀ ਅਗਵਾਈ ਕਰਨ ਲੱਗੀਆਂ। ਲੋਕ ਸ਼ਕਤੀ ਨੇ ਹਿੰਦੁਸਤਾਨ ਜਾਮ ਕਰਕੇ ਰੱਖ ਦਿੱਤਾ। ਦੇਸ ਵਿਚ ਬਹੁਤ ਵੱਡੀ ਮੂਵਮੈਂਟ ਖੜ੍ਹੀ ਹੋ ਗਈ।...ਲੋਕ-ਰੋਹ ਅੱਗੇ ਹਕੂਮਤ ਨੇ ਗੋਡੇ ਟੇਕ ਦਿੱਤੇ। ਅਦਾਲਤੀ ਕਾਰਵਾਈ ਜਲਦੀ ਨਾਲ ਹੋਈ। ਬਾਕੀ ਮੁਜ਼ਰਮ ਤਾਂ ਬਚ ਗਏ ਪਰ ਬਿਰਜੂ ਨੂੰ ਫ਼ਾਸੀ ਦੀ ਸਜ਼ਾ ਹੋ ਗਈ।”

ਕੈਦੀ ਬਿਰਜੂ ਨੂੰ ਫ਼ਾਂਸੀ ਦੀ ਸਜ਼ਾ ਸੁਣ ਕੇ ਹੌਂਸਲੇ ਵਿਚ ਆ ਗਏ। ਫੇਰ ਮੋਹਿਤ ਨੇ ਆਪਣੀ ਤੇ ਆਪਣੇ ਵਰਗੇ ਜੰਗਜੂਆਂ ਦੀ ਵਾਰਤਾ ਸੁਣਾਉਣੀ ਸ਼ੁਰੂ ਕੀਤੀ - “ਮੇਰੇ ਵਰਗੇ ਹਜ਼ਾਰਾਂ ਨੌਜਵਾਨਾਂ ’ਤੇ ਝੂਠੇ ਤੇ ਸੰਗੀਨ ਦੋਸ਼ ਲਾ ਕੇ ਵੱਖ-ਵੱਖ ਜੇਲ੍ਹਾਂ ਵਿਚ ਸੁੱਟ ਦਿੱਤਾ ਗਿਆ ਕਿਉਂਕਿ ਅਸੀਂ ਹਕੂਮਤ ਦੇ ਜਬਰ ਦਾ ਵਿਰੋਧ ਕਰ ਰਹੇ ਸੀ। ਦੇਸ ਦੀਆਂ ਧੀਆਂ-ਭੈਣਾਂ ਦੇ ਬਲਾਤਕਾਰੀਆਂ ਨੂੰ ਸਜ਼ਾ ਦਿਵਾਉਣ ਲਈ ਲੜ ਰਹੇ ਸੀ। ਮੁਲਕ ਵਿਚ ਰਾਜਨੀਤਕ, ਸਮਾਜਕ, ਆਰਥਿਕ ਤੇ ਸਭਿਆਚਾਰਕ ਤਬਦੀਲੀ ਲਿਆਉਣਾ ਚਾਹੁੰਦੇ ਸੀ।”

ਵਿਦਿਆਰਥੀਓ, ਆਪਾਂ ਮੋਹਿਤ ਤੋਂ ਮਾਫ਼ੀ ਮੰਗਦੇ ਆਂ। ਇਹਨਾਂ ਯੋਧਿਆਂ ਨਾਲ ਕੀ ਬੀਤੀ? ਇਨ੍ਹਾਂ ਗੱਲਾਂ ਨੂੰ ਵਿਰਾਮ ਦਿੰਦੇ ਹਾਂ। ਮੁੜ ਬਿਰਜੂ ’ਤੇ ਆਉਂਦੇ ਹਾਂ।

ਆਖਿਰ ਬਿਰਜੂ ਨੂੰ ਫ਼ਾਂਸੀ ਹੋਣ ਦੀ ਮਿਤੀ ਤੈਅ ਹੋ ਗਈ। ਉਸ ਨੇ ਜੇਲ੍ਹ ਅਧਿਕਾਰੀਆਂ ਨੂੰ ਅਰਜ਼ੀ ਦਿਤੀ ਕਿ ਉਹ ਮਰਨ ਉਪਰੰਤ ਅੱਖਾਂ ਦਾਨ ਕਰਨੀਆਂ ਚਾਹੁੰਦਾ ਹੈ। ਉਸ ਨੂੰ ਅੱਖਾਂ ਦਾਨ ਕਰਨ ਦੀ ਆਗਿਆ ਮਿਲ ਗਈ। ਫੇਰ ਉਸ ਨੇ ਗੁਰਦੇ, ਦਿਲ...ਸਰੀਰ ਦੇ ਬਾਕੀ ਅੰਗ ਵੀ ਦਾਨ ਕਰਨ ਦਾ ਐਲਾਨ ਕਰ ਦਿੱਤਾ। ਜੇਲ੍ਹ ਅਧਿਕਾਰੀਆਂ ਨੇ ਉਸ ਦੀ ਇਹ ਮੰਗ ਵੀ ਮੰਨ ਲਈ। ਇਕ ਮਨੁੱਖੀ ਅਧਿਕਾਰ ਸੰਗਠਨ ਨੇ ਅਦਾਲਤ ਵਿਚ ਬਿਰਜੂ ਦੇ ਅੰਗ ਦਾਨ ਕਰਨ ਖ਼ਿਲਾਫ਼ ਅਰਜ਼ੀ ਦਿੱਤੀ। ਉਨ੍ਹਾਂ ਦੇ ਵਕੀਲ ਨੇ ਦਲੀਲ ਦਿੱਤੀ-

“ਮੀ ਲੌਰਡ, ਬਿਰਜੂ ਦੇ ਮਰਨ ਉਪਰੰਤ ਅੰਗ ਦਾਨ ਕਰਨ ਉੱਤੇ ਪਾਬੰਦੀ ਲਾਈ ਜਾਵੇ। ਇਹ ਇਸ ਬੰਦੇ ਦੀ ਮਰਨ ਤੋਂ ਬਾਅਦ ਜਿਉਂਦੇ ਰਹਿਣ ਦੀ ਜੁਗਤ ਆ। ਇਹ ਮਰ ਕੇ ਲੋਕ ਮਨਾਂ ਵਿਚ ਵਸਣਾ ਚਾਹੁੰਦੈ। ਇਸ ਦੇ ਅੰਗ ਭਸਮ ਹੀ ਹੋਣ ਦਿੱਤੇ ਜਾਣ। ਭਾਵੇਂ ਇਹਦੇ ਅੰਗ ਜਿਉਂਦੇ ਮਨੁੱਖਾਂ ਦੇ ਲਾਉਣ ਨਾਲ, ਬਹੁਤ ਵੱਡੀ ਕ੍ਰਾਂਤੀ ਨਹੀਂ ਹੋ ਜਾਣੀ। ਨਾ ਹੀ ਇਹਨੇ ਦੇਸ਼ ਦਾ ਮਸੀਹਾ ਬਣ ਜਾਣੈ ਪਰ ਇਹਦੇ ਜੀਵਨ ਵਿਚ ਇਕ ਚੰਗਿਆਈ ਜੁੜ ਜਾਣੀ ਆ। ਇਹੋ ਜਿਹੇ ਕ੍ਰਿਮੀਨਲ ਬੰਦਿਆਂ ਦਾ, ਹੈਵਾਨਾਂ ਦਾ, ਦਰਿੰਦਿਆਂ ਦਾ ਦੁਨੀਆਂ ਵਿਚ ਨਾਂ ਤਾਂ ਰਹੇ ਪਰ ਰਹੇ ਖਲਨਾਇਕਾਂ ਵਿਚ।”

*****

ਵਿਦਿਆਰਥੀਆਂ ਦੀਆਂ ਅੱਖਾਂ ਅੱਗੇ ਅੱਗ ਦੀਆਂ ਲਪਟਾਂ ਵਿਚ ਮੱਚ ਰਹੀ ਮਾਹਨੂਰ ਏ। ਉਹ ਸੁੰਨ ਹੋਏ ਬੈਠੇ ਹਨ। ਕਿਵੇਂ ਉਸ ਨੇ ਪ੍ਰਾਣ ਤਿਆਗੇ ਹੋਣਗੇ?  ਉਹ ਏਹੀ ਸੋਚੀ ਜਾਂਦੇ ਸਨ। ਦੇਸ਼ ਦੀ ਗੰਧਲੀ ਸਿਆਸਤ ਨੇ ਵਿਦਿਆਰਥੀਆਂ ਨੂੰ ਹਿਲਾ ਕੇ ਰੱਖ ਦਿੱਤਾ ਏ।...ਰਜਨੀਸ਼ ਖਰੇ ਨੇ ਉਨ੍ਹਾਂ ਨੂੰ ਮਸਾਂ ਸਹਿਜ ਕੀਤਾ ਏ। ਉਨ੍ਹਾਂ ਨੇ ਹੌਲੀ-ਹੌਲੀ ਰਜਨੀਸ਼ ਖਰੇ ਦੇ ਸਵਾਲਾਂ ਦੇ ਜਵਾਬ ਦੇਣੇ ਸ਼ੁਰੂ ਕੀਤੇ ਹਨ। ਇਕ ਵਿਦਿਆਰਥੀ ਸਵਾਲ ਦੇ ਕੇ ਬੈਠਦਾ, ਦੂਜਾ ਬੋਲ ਪੈਂਦਾ ਹੈ। ਉਹ ਉਨ੍ਹਾਂ ਦੇ ਜਵਾਬ ਸੁਣ ਕੇ ਸੰਤੁਸ਼ਟ ਹੋ ਗਿਆ। ਉਸ ਨੇ ਲਾਸ਼ ’ਤੇ ਅਧਿਐਨ ਕਰਨ ਲਈ ਹਰੀ ਝੰਡੀ ਦਿੱਤੀ ਐ। ਸੋਗ ਵਿਚ ਡੁੱਬੇ ਹੋਏ ਵਿਦਿਆਰਥੀ ਪ੍ਰਯੋਗਸ਼ਾਲਾ ਵੱਲ ਤੁਰ ਪਏ ਹਨ।

ਅਜਮੇਰ ਸਿੱਧੂ ਦੀਆਂ ਕਹਾਣੀਆਂ ਦਾ ਵਿਸ਼ਾ ਵਸਤੂ ਪੰਜਾਬ ਦੇ ਸਮਾਜਕ ਯਥਾਰਥ ਤੋਂ ਲੈ ਕੇ ਬ੍ਰਹਿਮੰਡੀ ਵਿਗਿਆਨ ਤੱਕ ਫੈਲਿਆ ਹੋਇਆ ਹੈ। ਉਨ੍ਹਾਂ ਨੇ ਹਾਸ਼ੀਏ ਤੇ ਧੱਕੇ ਦਲਿਤਾਂ ਅਤੇ ਦਮਿਤਾਂ ਦੀ ਬਾਤ ਪਾਈ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿੱਚ ਵਿਗਿਆਨਕ ਸੋਚ, ਯਥਾਰਥਵਾਦੀ ਸੋਝੀ, ਮਾਨਵੀ ਸੰਵੇਦਨਾ, ਬੌਧਿਕ ਕਲਪਨਾ ਅਤੇ ਕ੍ਰਾਂਤੀਕਾਰੀ ਚੇਤਨਾ ਇਕੋ ਵੇਲੇ ਨਾਲੋ ਨਾਲ ਮੌਜੂਦ ਰਹਿੰਦੀਆਂ ਹਨ। ਉਨ੍ਹਾਂ ਨਾ ਕੇਵਲ ਪੰਜਾਬੀ ਦੀ ਪ੍ਰਗਤੀਵਾਦੀ ਯਥਾਰਥਵਾਦੀ ਸ਼ੈਲੀ ਦੀ ਕਹਾਣੀ ਵਿੱਚ ਹੀ ਨਵੇਂ ਪ੍ਰਯੋਗ ਕੀਤੇ ਸਗੋਂ ਅਸਲੋ ਨਵੀਂ ਸ਼ੈਲੀ ਦੀ ਵਿਗਿਆਨਕ ਗਲਪ ਵੀ ਲਿਖੀ। ਉਨ੍ਹਾਂ ਦੀ ਵਾਰਤਕ ਸ਼ੈਲੀ ਕਮਾਲ ਹੈ, ਜਿਸ ਵਿੱਚ ਤੱਥਗੱਤ ਜਾਣਕਾਰੀ, ਇਤਿਹਾਸਕ ਬੋਧ ਅਤੇ ਸੁੰਦਰ ਸ਼ਬਦ ਚੋਣ ਹੁੰਦੀ ਹੈ।

ਕੁਝ ਹਲਕਾ-ਫੁਲਕਾ-ਵਿਗਿਆਨ ਦੇ ਚੁਟਕਲੇ



“ਜੀਵ ਵਿਗਿਆਨੀਆਂ  ਨੇ ਹੁਣ ਸ਼ਰਮ ਦਾ ਜੀਨ ਲੱਭਿਆ ਹੈ।”

“ਉਹਨਾਂ ਨੂੰ ਉਸਨੂੰ ਲੱਭਣ ਵਿਚ ਇੰਨੀ ਦੇਰ ਕਿਓਂ ਲੱਗੀ?”

“ਕਿਓਂਕਿ ਉਹ ਦੋ ਜੀਨਾਂ ਦੇ ਪਿੱਛੇ ਲੁਕਿਆ ਹੋਇਆ ਸੀ!”


ਖ਼ੂਨ ਨਿਰਾਸ਼ਾ ਵਿਚ ਆਸ਼ਾ ਕਿਵੇਂ ਰੱਖਦਾ ਹੈ? B+


ਕੰਪਿਊਟਰ ਕੀਬੋਰਡ 'ਤੇ ਪੁਲਾੜ ਯਾਤਰੀ ਦੀ ਮਨਪਸੰਦ "ਕੀ (Key)" ਕਿਹੜੀ ਹੈ?

ਸਪੇਸ ਬਾਰ


ਕੰਪਿਊਟਰ ਹੈੱਕਰ ਜੇਲ੍ਹ ਤੋਂ ਬਾਹਰ ਕਿਵੇਂ ਨਿੱਕਲਿਆ?

ਉਸਨੂੰ ਇਸਕੇਪ ਹੋਣ ਵਾਲ਼ੀ ਚਾਬੀ (Esc Key ) ਲੱਭ ਗਈ ਸੀ!


ਟਾਇਫ਼ੂਨ ਦੀ ਮਾਰ ਇੰਨੀ ਜ਼ਿਆਦਾ ਕਿਓਂ ਹੁੰਦੀ ਹੈ?

ਕਿਓਂਕਿ ਉਸਦੀ ਅੱਖ ਬਹੁਤ ਵੱਡੀ ਹੁੰਦੀ ਹੈ।


ਨਿਊਕਲੀਅਸ ਰਾਇਬੋਸਮ ਨਾਲ਼ ਸੰਪਰਕ ਕਿਵੇਂ ਕਰਦਾ ਹੈ?

ਸੈੱਲ ਫ਼ੋਨ ਨਾਲ਼।

ਡੱਚ/ਅੰਗਰੇਜ਼ੀ ਵਿਗਿਆਨ ਕਥਾ / ਬਸਤੀ / ਫ੍ਰੈਂਕ ਰੋਜਰ, ਅਨੁਵਾਦ: ਅਮਨਦੀਪ ਸਿੰਘ

ਯੂਰਪੀਅਨ ਸਪੇਸ ਏਜੰਸੀ ਦੇ ਹੈੱਡਕੁਆਰਟਰ 'ਤੇ ਸ਼ੈਂਪੇਨ ਚੱਲ ਰਹੀ ਹੈ, ਕਿਓਂਕਿ ਏਜੰਸੀ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਪ੍ਰੋਜੈਕਟ ਬਾਰੇ ਐਲਾਨ ਕੀਤਾ ਗਿਆ ਹੈ।

ਏਜੰਸੀ ਦੇ ਬੁਲਾਰੇ ਨੇ ਟੀਵੀ 'ਤੇ ਇੱਕ ਲਾਈਵ ਇੰਟਰਵਿਊ ਵਿੱਚ ਘੋਸ਼ਣਾ ਕੀਤੀ, "ਯੂਲਿਸਸ ਚੰਦਰਮਾ ਦੀ ਸਤ੍ਹਾ 'ਤੇ ਸੁਰੱਖਿਅਤ ਲੈਂਡ ਕਰ ਗਿਆ ਹੈ ਅਤੇ ਆਪਣੇ ਅੰਕੜੇ ਪ੍ਰਸਾਰਿਤ ਕਰ ਰਿਹਾ ਹੈ। ਚੰਦਰਮਾ 'ਤੇ ਮਾਨਵ ਰਹਿਤ ਪਹਿਲਾ ਯੂਰਪੀ ਮਿਸ਼ਨ ਸਫਲ ਰਿਹਾ ਹੈ। ਇਹ ਹੁਣ ਹਰ ਕਿਸੇ ਲਈ ਸਪੱਸ਼ਟ ਹੈ ਕਿ ਯੂਰਪ ਪੁਲਾੜ ਦੀ ਖੋਜ ਵਿੱਚ ਪੂਰੀ ਤਰ੍ਹਾਂ ਹਿੱਸਾ ਲੈ ਰਿਹਾ ਹੈ। ਅਮਰੀਕਨ, ਰੂਸੀ, ਚੀਨੀ ਅਤੇ ਭਾਰਤ ਲਈ ਹੁਣ ਇਸ ਖੇਤਰ ਵਿਚ ਇੱਕ ਹੋਰ ਗੰਭੀਰ ਦਾਅਵੇਦਾਰ ਜੁੜ ਗਿਆ ਹੈ। ਇਹ ਬਿਨਾਂ ਕਹੇ ਸਪਸ਼ਟ ਹੈ ਕਿ ਸਾਡੀ ਏਜੰਸੀ ਲਈ ਇਹ ਇੱਕ ਸ਼ਾਨਦਾਰ ਪੁਲਾੜੀ ਖੋਜ ਦੀ ਸ਼ੁਰੂਆਤ ਹੈ। ਹੁਣ ਕੁਝ ਲੋਕ ਸਾਡੇ ਪਹਿਲੇ ਮਨੁੱਖੀ ਮਿਸ਼ਨ ਦੇ ਸੁਪਨੇ ਵੇਖਣਾ ਸ਼ੁਰੂ ਕਰਨ ਲੱਗ ਪਏ ਹੋ ਸਕਦੇ ਹਨ, ਪਰ ਆਓ ਵਰਤਮਾਨ 'ਤੇ ਧਿਆਨ ਕੇਂਦਰਿਤ ਕਰੀਏ ਅਤੇ ਜੋ ਮਹਤਵਪੂਰਣ ਜਾਣਕਾਰੀ ਯੂਲਿਸਸ ਪ੍ਰਸਾਰਿਤ ਕਰ ਰਿਹਾ ਹੈ, ਉਸਨੂੰ ਵਰਤਣਾ ਸ਼ੁਰੂ ਕਰੀਏ।”

ਮਿਸ਼ਨ ਨੂੰ ਜਿਹੜੀਆਂ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉਨ੍ਹਾ ਬਾਰੇ ਇੱਕ ਵੀ ਸ਼ਬਦ ਨਹੀਂ ਕਿਹਾ ਗਿਆ, ਜਿਵੇਂ ਕਿ ਸ਼ੁਰੂਆਤ ਵਿਚ ਗ਼ਲਤ ਸੁਨੇਹੇ, ਤਕਨੀਕੀ ਖਰਾਬੀਆਂ, ਮਿਸ਼ਨ ਫੇਲ ਹੋਣ ਦੀ ਭਵਿੱਖਬਾਣੀ ਬਾਰੇ ਖ਼ਬਰਾਂ। "ਅੰਤ ਭਲੇ ਦਾ ਭਲਾ," ਇੱਕ ਪ੍ਰਮੁੱਖ ਅਖਬਾਰ ਦੀ ਮੁੱਖ-ਖ਼ਬਰ ਹੈ,  ਭਾਵੇਂ ਮਿਸ਼ਨ ਖਤਮ ਹੋਣ ਦੀ ਬਜਾਏ ਅਜੇ ਮੁਸ਼ਕਿਲ ਨਾਲ ਸ਼ੁਰੂ ਹੀ ਹੋਇਆ ਹੈ।

2

ਯੂਲਿਸਸ ਉੱਥੇ ਹੀ ਉਤਰਿਆ ਜਿੱਥੇ ਉਸਨੇ ਉੱਤਰਨਾ ਸੀ, ਉਸ ਦੇ ਸਾਰੇ ਤਕਨੀਕੀ ਸਿਸਟਮ ਸਹੀ ਢੰਗ ਨਾਲ਼ ਕੰਮ ਕਰ ਰਹੇ ਹਨ ਅਤੇ ਧਰਤੀ ਨੂੰ ਡਾਟਾ ਭੇਜ ਰਹੇ ਹਨ। ਪਰ ਸਭ ਚੰਗੀਆਂ ਖ਼ਬਰਾਂ ਨਹੀਂ ਹਨ।

ਲਾਂਚ ਤੋਂ ਬਾਅਦ ਆਉਣ ਵਾਲ਼ੀਆਂ ਮੁਸ਼ਕਲਾਂ ਬਾਰੇ ਕੁਝ ਅਨਿਸ਼ਚਿਤਤਾ ਹੈ। ਹੁਣ ਜਦੋਂ ਸਾਨੂੰ ਦੱਸਿਆ ਗਿਆ ਹੈ ਕਿ ਯੂਲਿਸਸ  ਦੇ ਚੰਦਰ ਭਾਗ (Lunar Module) ਦੀਆਂ ਪਹਿਲੀਆਂ ਤਸਵੀਰਾਂ ਉਤਸੁਕ ਲੋਕਾਂ ਨੂੰ ਨਹੀਂ ਦਿਖਾਈਆਂ ਜਾ ਸਕੀਆਂ ਤਾਂ ਕਾਨਾਫੂਸੀ ਤੇ ਅਫ਼ਵਾਹਾਂ ਸ਼ੁਰੂ ਹੋ ਗਈਆਂ।

ਏਜੰਸੀ ਦੇ ਬੁਲਾਰੇ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਕੋਈ ਗੰਭੀਰ ਸਮੱਸਿਆ ਹੈ ਅਤੇ ਵਾਅਦਾ ਕੀਤਾ ਹੈ ਕਿ ਚੰਦਰਮਾ ਦੇ ਚਿੱਤਰ ਜਲਦੀ ਹੀ ਦਿਖਾਏ ਜਾਣਗੇ ਜਦੋਂ ਕੁਝ ਤਕਨੀਕੀ ਮਸਲੇ ਹੱਲ ਹੋ ਜਾਣਗੇ। ਉਹ ਇਹ ਨਹੀਂ ਦੱਸ ਸਕਦਾ ਕਿ ਉਹ ਤਕਨੀਕੀ ਮਸਲੇ ਕੀ ਹਨ?

ਉਹਨਾਂ ਮਸਲਿਆਂ ਬਾਰੇ ਮੀਡੀਆ ਵਿਚ ਕਿਆਸ-ਅਰਾਈਆਂ ਸ਼ੁਰੂ ਹੋ ਗਈਆਂ ਹਨ।

3

ਯੂਲਿਸਸ ਦੁਆਰਾ ਲਏ ਗਏ ਚਿੱਤਰਾਂ ਨੂੰ ਯੂਰਪੀਅਨ ਸਪੇਸ ਏਜੰਸੀ ਦੇ ਇੱਕ ਸਟਾਫ ਮੈਂਬਰ ਨੇ ਇੰਟਰਨੈਟ ਤੇ ਲੀਕ ਕਰ ਦਿੱਤਾ।

ਚਿੱਤਰ ਕੋਈ ਬਹੁਤੇ ਸਾਫ਼ ਨਹੀਂ ਹਨ ਅਤੇ ਕਿਸੇ ਗਤੀਵਿਧੀ ਦਾ ਸੰਕੇਤ ਦਿੰਦਾ ਜਾਪਦੇ ਹਨ।  ਇਹ ਪਤਾ ਲਗਾਉਣਾ ਅਸੰਭਵ ਹੈ ਕਿ ਵੀਡੀਓ ਫੁਟੇਜ ਅਸਲੀ ਹੈ ਜਾਂ ਨਹੀਂ, ਸੰਪਾਦਿਤ ਜਾਂ ਸਿਰਫ਼ ਜਾਅਲੀ। ਕੁਝ ਘੰਟਿਆਂ ਬਾਅਦ, ਸੋਸ਼ਲ ਮੀਡੀਆ ਟਿੱਪਣੀਆਂ ਨਾਲ ਭਰ ਜਾਂਦਾ ਹੈ, ਅਤੇ ਉਸ ਦਿਨ ਬਾਅਦ ਵਿੱਚ ਯੂਰਪੀਅਨ ਸਪੇਸ ਏਜੰਸੀ ਇੱਕ ਅਧਿਕਾਰਤ ਘੋਸ਼ਣਾ ਕਰਦੀ ਹੈ।

“ਯੂਲਿਸਸ ਦੁਆਰਾ ਪ੍ਰਸਾਰਿਤ ਵੀਡੀਓ ਚਿੱਤਰ ਕੁਝ ਗ਼ਲਤੀਆਂ ਨੂੰ ਦਰਸਾਉਂਦੇ ਹਨ ਜੋ ਕਿ ਲਾਂਚ ਤੋਂ ਬਾਅਦ ਮਿਸ਼ਨ ਨੂੰ ਪੇਸ਼ ਆਈਆਂ ਤਕਨੀਕੀ ਸਮੱਸਿਆਵਾਂ ਨਾਲ ਸਬੰਧਤ ਹਨ। ਅਸੀਂ ਹੁਣ ਇਹਨਾਂ ਸਮੱਸਿਆਵਾਂ ਦੀ ਜਾਂਚ ਕਰ ਰਹੇ ਹਾਂ ਅਤੇ ਉਹਨਾਂ ਨੂੰ ਹੱਲ ਕਰਨ ਲਈ ਉਚਿਤ ਕਦਮ ਚੁੱਕਾਂਗੇ।"

ਅਗਿਆਤ ਸਰੋਤਾਂ ਦੁਆਰਾ ਫੈਲਾਈਆਂ ਗਈਆਂ ਅਫਵਾਹਾਂ ਕਿ ਯੂਲਿਸਸ ਦੇ ਥੱਲੇ ਲੁਕ ਕੇ ਕੁਝ ਬੇਟਿਕਟ ਯਾਤਰੀ ਵੀ ਚੰਨ ‘ਤੇ ਪੁੱਜ ਗਏ ਹਨ, ਨੂੰ ਬੁਲਾਰੇ ਦੁਆਰਾ ਦ੍ਰਿੜ੍ਹਤਾ ਨਾਲ ਰੱਦ ਕਰ ਦਿੱਤਾ ਗਿਆ ਹੈ, “ਇਹ ਅਫਵਾਹਾਂ ਸਨਸਨੀਖੇਜ਼ ਕੋਰੀ ਬਕਵਾਸ ਹਨ। ਕੋਰੋ ਸਪੇਸਪੋਰਟ 'ਤੇ ਸੁਰੱਖਿਆ ਉਪਾਅ ਬਹੁਤ ਸਖ਼ਤ ਹਨ। ਇਸ ਤੋਂ ਇਲਾਵਾ, ਚੰਦਰ ਭਾਗ ਜਾਂ ਬੂਸਟਰ 'ਤੇ ਲੁਕਣ ਲਈ ਕੋਈ ਥਾਂ ਨਹੀਂ ਹੈ। ਜੇ ਇਹ ਅਸੰਭਵ ਘਟਨਾ ਹੋ ਵੀ ਜਾਏ ਤੇ ਕੋਈ ਮਨੁੱਖ ਜਾਂ ਜਾਨਵਰ ਦਾ ਉਸ ਵਿਚ ਸਵਾਰੀ ਕਰਕੇ ਨਾਲ਼ ਚਲਾ ਵੀ ਜਾਵੇ, ਤਾਂ ਉਹ ਜਿੰਦਾ ਨਹੀਂ ਬਚੇ ਸਕਦਾ - ਰੌਕੇਟ ਦੇ ਪ੍ਰਵੇਗ, ਆਕਸੀਜਨ ਦੀ ਕਮੀ ਅਤੇ ਜ਼ੀਰੋ ਤੋਂ ਹੇਠਾਂ ਤਾਪਮਾਨ ਵਿਚ ਕਿਸੇ ਵੀ ਜੀਵਤ ਪ੍ਰਾਣੀ ਦੇ ਜਿੰਦਾ ਰਹਿਣ ਦੀ ਸੰਭਾਵਨਾ ਨਹੀਂ ਹੋ ਸਕਦੀ।"

4

ਜਦੋਂ ਹੋਰ ਤਸਵੀਰਾਂ ਲੀਕ ਹੋਈਆਂ ਜਿਨ੍ਹਾਂ ਵਿਚ ਬਿਨਾ ਸ਼ੱਕ ਚੱਲਦੇ-ਫਿਰਦੇ ਮਨੁੱਖ ਦਿੱਖ ਰਹੇ ਸਨ ਤਾਂ ਯੂਰਪੀਅਨ ਸਪੇਸ ਏਜੰਸੀ ਨੂੰ ਇੱਕ ਪ੍ਰੈਸ ਕਾਨਫਰੰਸ ਕਰਨੀ ਪਈ। ਏਜੰਸੀ ਦਾ ਬੁਲਾਰਾ ਇਹ ਖ਼ਬਰ ਦੱਸਦਾ ਹੋਇਆ ਸਾਫ਼ ਤੌਰ ਤੇ ਬੇਚੈਨ ਦਿੱਖ ਰਿਹਾ ਹੈ -

“ਅਸੀਂ ਹੁਣ ਪੁਸ਼ਟੀ ਕਰ ਸਕਦੇ ਹਾਂ ਕਿ ਯੂਲਿਸਸ ਦੀ ਲਾਂਚ ਤੋਂ ਪਹਿਲਾਂ, ਕੁਝ ਨਾਜਾਇਜ਼ ਵਿਅਕਤੀ ਪ੍ਰਤਿਬੰਧਿਤ ਖੇਤਰ ਦੇ ਅੰਦਰ ਘੁਸਣ ਵਿਚ ਤੇ ਯੂਲਿਸਸ ਦੇ ਚੰਦਰ ਭਾਗ ਤੱਕ ਪਹੁੰਚਣ ਵਿਚ ਕਾਮਯਾਬ ਹੋ ਗਏ ਸਨ। ਹਾਲਾਂਕਿ ਸਾਰੇ ਵਿਗਿਆਨੀ ਅਤੇ ਮਾਹਰਾਂ ਨੇ ਸਪੱਸ਼ਟ ਤੌਰ 'ਤੇ ਉਹਨਾਂ ਦੀ ਧਰਤੀ ਤੋਂ ਚੰਦਰਮਾ ਤੱਕ ਦੀ ਯਾਤਰਾ ਨੂੰ ਬਿਨਾ ਉਚਿਤ ਸਹੂਲਤਾਂ ਦੇ ਸਰਅੰਜਾਮ ਕਰਨ ਤੇ ਬਚਣ ਦੀ ਸੰਭਾਵਨਾ ਨੂੰ ਨਕਾਰਿਆ ਹੈ, ਪਰ ਉਹ ਕਿਸੇ ਨਾ ਕਿਸੇ ਤਰ੍ਹਾਂ ਐਡੀ ਬਿਖਮ ਉਡਾਣ ਵਿਚ ਬਚ ਕੇ ਚੰਦ ਉਪਰ ਪਹੁੰਚ ਗਏ ਹਨ। ਉਨ੍ਹਾਂ ਦੀ ਪਹਿਚਾਣ ਤੇ ਮਨੋਰਥ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ। ਜਾਂਚ-ਪੜਤਾਲ ਤੋਂ ਬਾਅਦ ਸਾਨੂੰ ਜਦੋਂ ਵੀ ਕੋਈ ਨਵੀਂ ਜਾਣਕਾਰੀ ਮਿਲ਼ੇਗੀ ਤਾਂ ਅਸੀਂ ਤੁਹਾਡੇ ਨਾਲ਼ ਸਾਂਝੀ ਕਰਾਂਗੇ। ਅੰਤ ਵਿੱਚ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਇਹ ਸਮੱਸਿਆ ਯੂਲਿਸਸ ਦੀਆਂ ਨਿਯਮਤ ਗਤੀਵਿਧੀਆਂ ਦੇ ਵਿਚ ਦਖਲ ਨਹੀਂ ਦੇ ਰਹੀ। ਚੰਦਰ ਭਾਗ ਲਗਾਤਾਰ ਡਾਟਾ ਭੇਜ ਰਿਹਾ ਹੈ ਅਤੇ ਆਪਣਾ ਮਿੱਟੀ ਦੀ ਖੋਜ ਦਾ ਪ੍ਰੋਗਰਾਮ ਸ਼ੁਰੂ ਕਰ ਚੁੱਕਾ ਹੈ।”

ਸਾਰਾ ਮੀਡੀਆ ਇਸਤੋਂ ਪਹਿਲਾਂ ਕਈ ਵਾਰ ਹਵਾਈ ਉਡਾਣਾਂ ਨਾਲ਼ ਸਿਰਤੋੜ ਸ਼ਰਨਾਰਥੀਆਂ ਦੁਆਰਾ ਕੀਤੀਆਂ ਅਜਿਹੀਆਂ ਕੋਸ਼ਿਸ਼ਾਂ ਤੇ ਉਹਨਾਂ ਦੇ ਚਮਤਕਾਰੀ ਢੰਗ ਨਾਲ ਬਚਣ ਬਾਰੇ ਜ਼ਿਕਰ ਕਰ ਰਿਹਾ ਹੈ। ਪਰ ਹਰ ਕੋਈ ਹਵਾਈ ਯਾਤਰਾ ਅਤੇ ਖਲਾਅ ਯਾਤਰਾ ਦੇ ਵਿਚਕਾਰ ਅੰਤਰ ਨੂੰ ਭਲੀ-ਭਾਂਤ ਸਮਝਦਾ ਹੈ।

5

ਬੀਬੀਸੀ ਨੇ ਇੱਕ ਸੋਮਾਲੀ ਵਿਅਕਤੀ ਨਾਲ ਇੱਕ ਇੰਟਰਵਿਊ ਪ੍ਰਸਾਰਿਤ ਕੀਤਾ ਹੈ, ਜੋ ਕਿ ਗੁਪਤ ਰਹਿਣਾ ਚਾਹੁੰਦਾ ਹੈ ਅਤੇ ਜੋ ਯੂਲਿਸਸ ਦੇ ਅੰਦਰ ਲੁਕ ਕੇ ਚੰਨ ਤੱਕ ਪਹੁੰਚਣ ਵਾਲ਼ੇ ਇੱਕ ਵਿਅਕਤੀ ਦੇ ਭਰਾ ਹੋਣ ਦਾ ਦਾਅਵਾ ਕਰਦਾ ਹੈ।

ਉਹ ਕਹਿੰਦਾ ਹੈ, “ਮੇਰੇ ਭਰਾ ਤੇ ਉਸਦੀ ਪਤਨੀ ਨੇ ਆਪਣੀ ਯਾਤਰਾ ਦੀ ਪੂਰੀ ਤਿਆਰੀ ਕੀਤੀ ਸੀ। ਉਹ ਸਿਰਫ਼ ਇਤਫ਼ਾਕ ਨਾਲ ਜਿਉਂਦੇ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚੇ। ਉਨ੍ਹਾਂ ਨੇ ਕੋਲਡ ਸਟੋਰੇਜ ਕਮਰਿਆਂ ਤੇ ਪਾਣੀ ਦੇ ਵਿਚ ਸਿਖਲਾਈ ਪ੍ਰਾਪਤ ਕੀਤੀ ਅਤੇ ਆਪਣੇ ਅੰਦਰ ਜ਼ੀਰੋ ਡਿਗਰੀ ਤੋਂ ਹੇਠਾਂ ਦੇ ਤਾਪਮਾਨ ਤੇ ਖਲਾਅ ਵਿਚ ਵਿਚਰਨ ਦੀ ਸ਼ਕਤੀ ਪੈਦਾ ਕੀਤੀ। ਉਹਨਾਂ ਨੇ ਕੂੜੇ ਵਿਚ ਸੁੱਟੀ ਇੰਸੂਲੇਟਿੰਗ ਸਮੱਗਰੀ ਤੋਂ ਥਰਮਲ ਸੂਟ ਬਣਾਏ ਅਤੇ ਪਲਾਸਟਿਕ ਬੈਗਾਂ ਵਿਚ ਆਕਸੀਜਨ ਸਪਲਾਈ ਭਰੀ। ਉਹ ਆਪਣੇ ਨਾਲ਼  ਪਾਣੀ, ਭੋਜਨ ਤੇ  ਹੋਰ ਉਪਯੋਗੀ ਸਮਗਰੀ ਵੀ ਛੁਪਾ ਕੇ ਲੈ ਗਏ। ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਮੇਰੇ ਭਰਾ ਨੇ ਆਪਣੇ ਮਜ਼ਬੂਤ ਇਰਾਦੇ, ਲਗਨ ਅਤੇ ਦ੍ਰਿੜਤਾ ਨਾਲ ਸਮੁੱਚੇ ਵਿਗਿਆਨਕ ਸੰਸਾਰ ਨੂੰ ਹੈਰਾਨ ਕਰ ਦਿੱਤਾ।"

ਮਾਹਰ ਤੇ ਯੂਰਪੀਅਨ ਸਪੇਸ ਏਜੰਸੀ ਦੇ ਸਟਾਫ ਮੈਂਬਰ ਸੋਮਾਲੀ ਆਦਮੀ ਦੇ ਦਾਅਵਿਆਂ 'ਤੇ ਵਿਸ਼ਵਾਸ ਕਰਨ ਤੋਂ ਇਨਕਾਰ ਕਰਦੇ ਹਨ, ਪਰ ਉਹ ਇਸਦਾ ਕੋਈ ਹੋਰ ਸਪਸ਼ਟੀਕਰਣ ਨਹੀਂ ਦੇ ਸਕਦੇ।

“ਸਾਡੀ ਜਾਂਚ-ਪੜਤਾਲ ਅੱਗੇ ਵਧ ਰਹੀ ਹੈ ਤੇ ਜਲਦੀ ਹੀ ਸਾਨੂੰ ਇਸ ਦਾ ਰਹੱਸ ਪਤਾ ਲੱਗ ਜਾਵੇਗਾ।”  ਬੁਲਾਰੇ ਨੇ ਆਪਣੀ ਗੱਲ ਖਤਮ ਕਰਦਿਆਂ ਕਿਹਾ।

6

ਆਖਿਰਕਾਰ ਯੂਰਪੀਅਨ ਸਪੇਸ ਏਜੰਸੀ ਨੇ ਵੀਡੀਓ ਫੁਟੇਜ ਰਿਲੀਜ਼ ਕੀਤੀ ਜਿਸ ਵਿਚ ਦੋ ਮਨੁੱਖ ਬੇਢਬੇ ਢੰਗ ਨਾਲ਼ ਚੱਲਦੇ  ਦਿਖਾਈ ਦਿੰਦੇ ਹਨ, ਜਿਨ੍ਹਾਂ ਨੇ ਸਪੇਸ ਸੂਟ ਪਾਏ ਹੋਏ ਹਨ, ਜੋ ਕਿਸੇ ਗ਼ੈਰ ਪੇਸ਼ਾਵਰ ਦੇ ਬਣਾਏ ਲੱਗ ਰਹੇ ਹਨ, ਪਰ ਚੰਗੇ ਫਿੱਟ ਲੱਗ ਰਹੇ ਹਨ। ਇਹ ਸਪੱਸ਼ਟ ਨਹੀਂ ਦਿੱਖ ਰਿਹਾ ਕਿ ਉਹ ਕੀ ਕਰ ਰਹੇ ਹਨ,ਕਿਉਂਕਿ ਉਹ ਕੈਮਰੇ ਦੀ ਰੇਂਜ ਤੋਂ ਥੋੜ੍ਹੀ ਦੂਰ ਹਨ।

ਕੁਝ ਟਿੱਪਣੀਕਾਰ ਉਹਨਾਂ ਤਸਵੀਰਾਂ ਦੀ ਸਚਾਈ ਤੇ ਸ਼ੱਕ ਕਰਦੇ ਹਨ, ਪਰ ਯੂਰਪੀਅਨ ਸਪੇਸ ਏਜੰਸੀ ਨੇ ਉਹਨਾਂ ਦੀ ਪੁਸ਼ਟੀ ਕੀਤੀ ਹੈ।

"ਇਹ ਇੱਕ ਚਮਤਕਾਰ ਹੈ ਕਿ ਇਹ ਜੋੜਾ ਚੰਦਰਮਾ 'ਤੇ ਜਿੰਦਾ ਪਹੁੰਚ ਗਿਆ।" ਏਜੰਸੀ ਦਾ ਬੁਲਾਰਾ ਕਹਿੰਦਾ ਹੈ, “ਪਰ ਸਾਨੂੰ ਇਹ ਸਮਝਣਾ ਹੋਵੇਗਾ ਕਿ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਲਗਭਗ ਜ਼ੀਰੋ ਹੈ। ਬਹੁਤ ਜਲਦੀ ਉਨ੍ਹਾਂ ਕੋਲ ਆਕਸੀਜਨ, ਭੋਜਨ ਅਤੇ ਪਾਣੀ ਖਤਮ ਹੋ ਜਾਵੇਗਾ, ਅਤੇ ਉੱਥੇ ਨਵੀਂ ਸਪਲਾਈ ਪ੍ਰਾਪਤ ਕਰਨ ਦਾ ਕੋਈ ਤਰੀਕਾ ਨਹੀਂ ਹੈ। ਫਿਰ ਉੱਥੇ ਤਾਪਮਾਨ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਤੇ ਗੁਰੁਤਾਕਰਸ਼ਣ ਵੀ ਘੱਟ ਹੈ। ਸਾਨੂੰ ਡਰ ਹੈ ਕਿ ਉਹਨਾਂ ਦੀ ਸਫਲਤਾ ਦੀ ਕਹਾਣੀ ਜਲਦੀ ਹੀ ਖਤਮ ਹੋ ਜਾਵੇਗੀ।”

ਸੋਮਾਲੀ ਚੰਦਰਵਾਸੀਆਂ ਦੀਆਂ ਅਜ਼ਮਾਇਸ਼ਾਂ ਅਤੇ ਕਸ਼ਟ ਸਭ ਅੰਤਰਰਾਸ਼ਟਰੀ ਮੀਡੀਆ ਵਿਚ ਚਰਚਾ ਦਾ ਵਿਸ਼ਾ ਹਨ। ਹੁਣ ਕੋਈ ਵੀ ਯੂਲਿਸਸ ਦੇ ਅਸਲ ਮਿਸ਼ਨ ਵੱਲ ਧਿਆਨ ਨਹੀਂ ਦੇ ਰਿਹਾ ਹੈ।

7

ਵੱਖ-ਵੱਖ ਦੇਸ਼ਾਂ ਦੇ ਸੋਮਾਲੀ ਭਾਈਚਾਰਿਆਂ ਨੇ ਚੰਨ ਦੇ ਉਤੇ ਨਵੇਂ ਮੋਗਾਦਿਸ਼ੂ (ਸੋਮਾਲੀਆ ਦੀ ਰਾਜਧਾਨੀ) ਲਈ ਇੱਕ ਲਾਭ ਫੰਡ ਬਣਾਇਆ ਹੈ, ਜਿਸਨੂੰ ਉਹ ਆਪਣੀ "ਪਹਿਲੀ ਬਾਹਰੀ ਬਸਤੀ" ਕਹਿੰਦੇ ਹਨ, ਉਨ੍ਹਾਂ ਲੋਕਾਂ ਲਈ ਇੱਕ ਅਗਲਾ ਮੋਰਚਾ ਜਿਨ੍ਹਾਂ ਨੂੰ ਆਪਣੇ ਹਾਲ ‘ਤੇ ਛੱਡ ਦਿੱਤਾ ਗਿਆ ਹੈ।

“ਯੁੱਧ, ਅਰਾਜਕਤਾ ਅਤੇ ਹਫੜਾ-ਦਫੜੀ ਨਾਲ ਗ੍ਰਸਤ ਖੇਤਰਾਂ ਤੋਂ ਆਉਣ ਵਾਲ਼ੇ ਸ਼ਰਨਾਰਥੀਆਂ ਦਾ ਕਿਤੇ ਵੀ ਸਵਾਗਤ ਨਹੀਂ ਹੈ, ਅਤੇ ਸਾਰੇ ਮੇਜ਼ਬਾਨ ਦੇਸ਼ ਇਹ ਦਾਅਵਾ ਕਰਦੇ ਹਨ ਕਿ ਉਹਨਾ ਦਾ ਇਮੀਗ੍ਰੇਸ਼ਨ ਕੋਟਾ ਜਾਂ ਤਾਂ ਖਤਮ ਹੋ ਗਿਆ ਹੈ ਜਾਂ ਨੱਕੋ-ਨੱਕ ਭਰ ਗਿਆ ਹੈ। ਹੁਣ ਸਿਰਫ ਹੱਦਾਂ-ਬੰਨੇ ਖਿੱਚਣ ਦਾ ਤੇ ਨਵੇਂ ਖਿਤਿਜ ਲੱਭਣ ਦਾ ਇੱਕੋ ਇੱਕ ਵਿਕਲਪ ਹੀ ਬਚਿਆ ਹੈ, ਜਿੱਥੇ ਪਨਾਹਗੀਰਾਂ ਦਾ ਅਜੇ ਵੀ ਸਵਾਗਤ ਕੀਤਾ ਜਾਂਦਾ ਹੈ, ਜਿੱਥੋਂ ਉਹਨਾਂ ਨੂੰ ਵਾਪਿਸ ਨਹੀਂ ਭੇਜਿਆ ਜਾ ਸਕਦਾ, ਜਿੱਥੇ ਕੋਈ ਵੀ ਆਪਣਾ ਭਵਿੱਖ ਸਿਰਜ ਸਕਦਾ ਹੈ, ਭਾਵੇਂ ਸਿਧਾਂਤਕ ਤੌਰ 'ਤੇ ਸੰਭਵ ਨਾ ਵੀ ਹੋਵੇ। ਸਿਰਫ਼ ਸਮਾਂ ਹੀ ਦੱਸੇਗਾ।"

8

ਚੰਦਰਮਾ ਮੁਹਿੰਮ ਬਾਰੇ ਇੱਕ ਹੋਰ ਸਨਸਨੀਖੇਜ਼ ਖ਼ਬਰ ਜਾਰੀ ਕੀਤੀ ਜਾਂਦੀ ਹੈ - ਹੁਣ ਇਹ ਖੁਲਾਸਾ ਕੀਤਾ ਗਿਆ ਹੈ ਕਿ ਚੰਦ ‘ਤੇ ਪਹੁੰਚਣ ਵਾਲ਼ੀ ਸੋਮਾਲੀ ਔਰਤ ਗਰਭਵਤੀ ਹੈ। ਇਹ ਸਪਸ਼ਟ ਤੌਰ 'ਤੇ ਯੂਰਪੀਅਨ ਸਪੇਸ ਏਜੰਸੀ ਦੁਆਰਾ ਜਾਰੀ ਕੀਤੀਆਂ ਗਈਆਂ ਤਾਜ਼ਾ ਤਸਵੀਰਾਂ ਵਿਚ ਦਿਖਾਈ ਦਿੰਦਾ ਹੈ, ਅਤੇ ਇਸ ਤੱਥ ਦੀ ਪੁਸ਼ਟੀ ਬੱਚੇ ਦੇ ਨਾਮਵਰ ਪਿਤਾ ਦੇ ਕਥਿਤ ਭਰਾ ਦੁਆਰਾ ਵੀ ਕੀਤੀ ਜਾਂਦੀ ਹੈ। ਉਸਨੇ ਇਹ ਵੀ ਕਿਹਾ ਕਿ ਇਹ ਸਭ ਪਹਿਲਾਂ ਤੋਂ ਹੀ ਸੋਚੀ-ਸਮਝੀ ਯੋਜਨਾ ਦਾ ਹਿੱਸਾ ਹੈ, ਜੋ ਜਲਦੀ ਹੀ ਸਾਡੀਆਂ ਅੱਖਾਂ  ਸਾਹਮਣੇ ਆਉਣ ਵਾਲਾ ਹੈ, ਅਸੀਂ “ਜਿਹੜੇ ਪਿੱਛੇ ਰਹਿ ਗਏ ਹਾਂ” (ਮਤਲਬ ਧਰਤੀ ਦੇ ਲੋਕ)।

ਹੁਣ ਜਦੋਂ ਆਦਮੀ ਨੇ ਇੱਕ ਕੈਮਰੇ ਨੂੰ ਥੋੜ੍ਹਾ ਹਿਲਾ ਦਿੱਤਾ ਹੈ ਤਾਂ ਇਹ ਦੇਖਣਾ ਆਸਾਨ ਹੋ ਗਿਆ ਹੈ ਕਿ ਉਹ ਜੋੜਾ ਚੰਦਰਮਾ ਦੀ ਸਤ੍ਹਾ 'ਤੇ ਕੀ ਕਰ ਰਿਹਾ ਹੈ? ਚੰਦਰ ਭਾਗ ਦੇ ਅੱਗੇ, ਧਰਤੀ ਤੋਂ ਸਮਗਲ ਕਰਕੇ ਲਿਆਂਦੇ ਗਏ ਸਮਾਨ ਨਾਲ਼ ਇੱਕ ਛੋਟਾ ਜਿਹਾ ਸਾਵਾ ਘਰ (Green house) ਬਣਾਇਆ ਜਾ ਰਿਹਾ ਹੈ। ਪਲਾਸਟਿਕ ਦੇ ਇੱਕ ਪਾਰਦਰਸ਼ੀ ਟੁਕੜੇ ਦੇ ਹੇਠਾਂ ਹਰੇ ਰੰਗ ਦੀ ਕੋਈ ਚੀਜ਼ ਦਿਖ ਰਹੀ ਹੈ।

ਮੀਡੀਆ ਵਿੱਚ ਇਸ ਬਾਰੇ ਬਹੁਤ ਸਾਰੀਆਂ ਅਫਵਾਹਾਂ ਉਡ ਰਹੀਆਂ ਹਨ। ਕੀ ਉਹ ਦੋ ਲੋਕ ਚੰਦ ‘ਤੇ ਇੱਕ ਛੋਟਾ ਜਿਹਾ ਅਧਾਰ ਬਣਾ ਰਹੇ ਹਨ? ਅਤੇ ਉਹ ਹਰੀ ਚੀਜ਼ ਕੀ ਹੋ ਸਕਦੀ ਹੈ? ਕੁਝ ਦਾਅਵਾ ਕਰਦੇ ਹਨ ਕਿ ਉਹ ਕਾਈ ਜਾਂ ਕੁਝ ਪੌਦੇ ਹੋ ਸਕਦੇ ਹਨ ਜੋ ਆਕਸੀਜਨ ਪੈਦਾ ਕਰ ਸਕਦੇ ਹਨ ਅਤੇ ਖਾਧੇ ਵੀ ਜਾ ਸਕਦੇ ਹਨ। ਕੀ ਇਹ ਹਾਈਡ੍ਰੋਪੋਨਿਕ (ਜਲ-ਖੇਤੀ) ਬਗੀਚਾ ਬਣਾਉਣ ਵੱਲ ਪਹਿਲਾ ਕਦਮ ਹੈ ਜੋ "ਬਸਤੀਵਾਸੀਆਂ" ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰੇਗਾ? ਕੀ ਇਹ ਉਹਨਾਂ ਦੋ ਲੋਕਾਂ ਲਈ ਇੱਕ ਆਸਮਈ ਭਵਿੱਖ ਸੈਨਤਾਂ ਮਾਰ ਰਿਹਾ ਹੈ, ਜਿੱਥੇ ਕਿਸੇ ਵੀ ਤਰ੍ਹਾਂ ਦਾ ਜੀਵਨ ਸੰਭਵ ਨਹੀਂ ਸੀ ਮੰਨਿਆ ਜਾਂਦਾ?

9

ਚੰਦਰਮਾ 'ਤੇ ਬੱਚੇ ਦੇ ਜਨਮ ਦੀ ਖ਼ਬਰ - ਪਹਿਲਾ ਮਨੁੱਖੀ ਬੱਚਾ ਜੋ ਮਨੁੱਖਜਾਤੀ ਦੇ ਇਤਿਹਾਸ ਵਿੱਚ ਧਰਤੀ ਉੱਤੇ ਨਹੀਂ ਪੈਦਾ ਹੋਇਆ - ਨੇ ਸਾਰੇ ਸੰਸਾਰ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਜਿਸਦੇ ਬਾਰੇ ਹਰ ਪਾਸੇ ਅਣਗਿਣਤ ਪ੍ਰਤੀਕਰਮ ਹੋ ਰਹੇ ਹਨ।

ਕਈ ਲੋਕ ਮਾਪਿਆਂ ਦੀ ਆਲੋਚਨਾ ਕਰ ਰਹੇ ਹਨ ਕਿਉਂਕਿ ਅਜਿਹੀ ਜਗ੍ਹਾ ਬੱਚੇ ਨੂੰ ਪੈਦਾ ਕਰਨਾ,  ਜੋ ਜੀਵਨ ਲਈ ਖਤਰਨਾਕ ਹੈ, ਗੈਰ-ਜ਼ਿੰਮੇਵਾਰਾਨਾ ਕੰਮ ਹੈ। ਅਜਿਹੇ ਮਾਹੌਲ ਵਿੱਚ ਬੱਚਾ ਜੇ ਬਚ ਵੀ ਗਿਆ ਤਾਂ ਉਹ ਬਿਨਾ ਹਮਉਮਰ ਦੋਸਤਾਂ-ਮਿੱਤਰਾਂ ਦੇ ਵੱਡਾ ਹੋਏਗਾ, ਦੁਨੀਆ ਤੋਂ ਪੂਰੀ ਤਰ੍ਹਾਂ ਅਲੱਗ, ਆਪਣੇ ਬਚਾਅ ਲਈ ਇੱਕ ਨਾ ਖਤਮ ਹੋਣ ਵਾਲ਼ੀ ਲੜਾਈ ਲੜਦਾ।

ਜਿਹੜੇ ਵਿਗਿਆਨੀ ਕਹਿੰਦੇ ਹਨ ਕਿ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਘੱਟ ਗੁਰੁਤਾਕਰਸ਼ਣ ਦਾ ਬੱਚੇ ਦੇ ਵਿਕਾਸ 'ਤੇ ਕੀ ਪ੍ਰਭਾਵ ਹੋਵੇਗਾ, ਉਨ੍ਹਾਂ 'ਤੇ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਕਿ ਉਹ ਹਕੀਕਤ ਤੋਂ ਟੁੱਟੇ ਹੋਏ ਹਨ।

ਪਿਤਾ ਦੇ ਭਰਾ (ਬੱਚੇ ਦੇ ਚਾਚਾ) ਦੇ ਅਨੁਸਾਰ, ਜੋ ਹੁਣ ਧਰਤੀ ਉੱਤੇ ਨਵੇਂ ਮੋਗਾਦਿਸ਼ੂ ਦਾ ਸਵੈ-ਨਿਯੁਕਤ (ਅਖੌਤੀ) ਰਾਜਦੂਤ ਬਣ ਬੈਠਾ ਹੈ, ਇਹ ਜਨਮ ਇਸ ਕਹਾਣੀ ਨੂੰ ਇੱਕ ਨਵਾਂ ਹੁਲਾਰਾ ਦੇ ਰਿਹਾ ਹੈ - "ਇੱਕ ਵਧਦੀ-ਫੁੱਲਦੀ, ਵਿਹਾਰਕ ਕਾਲੋਨੀ ਵੱਲ ਪਹਿਲਾ ਕਦਮ ਪੁੱਟਿਆ ਗਿਆ ਹੈ, ਜੋ ਦੁਨੀਆ ਦੇ ਸਾਰੇ ਸ਼ਰਨਾਰਥੀਆਂ ਲਈ ਇੱਕ ਉਮੀਦ ਦੀ ਕਿਰਣ ਹੈ।”

ਸੰਯੁਕਤ ਰਾਜ ਅਮਰੀਕਾ ਅਤੇ ਹੋਰ ਥਾਵਾਂ ਦੇ ਸਪੇਸਪੋਰਟਾਂ 'ਤੇ ਸੁਰੱਖਿਆ ਉਪਾਅ ਅਤੇ ਨਿਗਰਾਨੀ ਨੂੰ ਹੋਰ ਸਖਤ ਕਰ ਦਿੱਤਾ ਗਿਆ ਹੈ। ਉਹਨਾਂ ਨੂੰ ਇਹ ਡਰ ਹੈ ਕਿ ਸੋਮਾਲੀ ਵਿਅਕਤੀਆਂ ਦੀ ਸਫਲਤਾ ਤੋਂ ਪ੍ਰੇਰਣਾ ਤੇ ਹੱਲਾਸ਼ੇਰੀ ਲੈ ਕੇ ਹੋਰ ਲੋਕ ਵੀ ਅਜਿਹੇ ਕੰਮ ਕਰ ਸਕਦੇ ਹਨ ਤੇ ਪੁਲਾੜ ਵਾਹਨਾਂ ਵਿਚ ਅਛੋਪਲੇ ਹੋ ਕੇ, ਚੰਦ ਜਾਂ ਹੋਰ ਗ੍ਰਹਿਆਂ ‘ਤੇ ਜਾ ਸਕਦੇ ਹਨ।

ਪਰ ਦੁਨੀਆ ਭਰ ਦੇ ਸ਼ਰਨਾਰਥੀ ਖੁਸ਼ ਹੋ ਰਹੇ ਹਨ ਅਤੇ ਜਸ਼ਨ ਮਨਾ ਰਹੇ ਹਨ - ਅਸੰਭਵ ਹੁਣ ਸੰਭਵ ਹੋ ਗਿਆ ਹੈ, ਹੁਣ ਉਹਨਾਂ ਦੇ ਸੁਪਨੇ ਸਾਕਾਰ ਹੋ ਸਕਦੇ ਹਨ, ਇੱਕ ਨਵਾਂ ਤੇ ਅਣਚਿਤਵਿਆ ਅਕਾਸ਼ਦੀਪ ਖ਼ਿਤਿਜ ‘ਤੇ ਚਮਕਦਾ ਦਿੱਖ ਰਿਹਾ ਹੈ।

ਚੰਦਾਮਾਮਾ ਦੇ ਉੱਪਰ, ਯੂਲਿਸਸ ਦੇ ਕੈਮਰੇ ਦੇ ਸਾਹਮਣੇ, ਸੋਮਾਲੀ ਪਿਤਾ ਦੀ ਆਪਣੇ ਨਵਜੰਮੇ ਬੱਚੇ ਨੂੰ ਮਾਣ ਨਾਲ ਫੜੀ ਹੋਈ ਤਸਵੀਰ  (ਜਿਸਨੇ ਕਿ ਧਰਤੀ ‘ਤੇ ਪਹਿਲਾਂ ਤੋਂ ਹੀ ਬਣਾਇਆ ਹੋਇਆ ਇੱਕ ਪਿਆਰਾ ਜਿਹਾ ਸਪੇਸ ਸੂਟ ਪਹਿਨਿਆ ਹੋਇਆ ਹੈ), ਬਿਨਾ ਸ਼ੱਕ ਸੋਸ਼ਲ ਮੀਡੀਆ ‘ਤੇ ਹੁਣ ਤੱਕ ਦੀ ਸਭ ਤੋਂ ਵੱਧ ਸਾਂਝੀ ਕੀਤੀ ਗਈ ਤਸਵੀਰ ਹੈ!

ਫਰੈਂਕ ਰੌਜਰ ਦਾ ਜਨਮ 1957 ਵਿਚ ਬੈਲਜੀਅਮ ਵਿਚ ਹੋਇਆ। ਉਸਦੀ ਪਹਿਲੀ ਕਹਾਣੀ 1975 ਵਿਚ ਪ੍ਰਕਾਸ਼ਿਤ ਹੋਈ ਸੀ ਤੇ ਹੁਣ ਤੱਕ ਉਹ 500 ਤੋਂ ਉੱਪਰ ਕਹਾਣੀਆਂ ਲਿਖ ਚੁੱਕਿਆ ਹੈ, ਜੋ 40 ਤੋਂ ਵੱਧ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ। ਗਲਪ ਰਚਨਾ ਤੋਂ ਇਲਾਵਾ ਉਹ ਅਤਿਯਥਾਰਥਵਾਦੀ (Surrealist) ਤੇ ਵਿਅੰਗਮਈ ਕੋਲਾਜ ਤੇ ਚਿੱਤਰ ਵੀ ਬਣਾਉਂਦਾ ਹੈ।

ਜਾਮਨੀ-ਮਖੌਟਾ  ਭਾਗ-1/ ਰੂਪ ਢਿੱਲੋਂ

ਜਾਮਨੀ ਮਖੌਟਾ ਪਾਗਲ ਵਾਂਙ ਹੱਸਿਆ।

ਫਰੋਜ਼ ਗੱਗ ਦੀਆਂ ਅੱਖਾਂ ਅੱਡ ਕੇ ਆਪਣੇ ਤ੍ਰਹਿਣਾ ਵਿਖਾਉਂਦੀਆਂ ਸਨ। ਇਹ ਕਿੰਞ ਹੋ ਸਕਦਾ ਹੈ! ਕੀ ਹੁਣ ਉਸ ਦੇ ਸਾਹਮਣੇ ਮੁਮਤਾਜ਼ ਖਲੋਤੀ ਸੀ? ਇਹ ਤਾਂ ਨਾਮੁਮਕਿਨ ਹੈ! ਉਸ ਦੇ ਸਾਹਮਣੇ ਤੀਵੀਂ ਖੜ੍ਹੀ ਸੀ ਜਾਮਨੀ ਚੋਗ਼ੇ ਵਿੱਚ, ਜਿਸ ਦੇ ਥੱਲੇ ਜਾਮਨੀ ਪਸਾਰ ਸੀ। ਇੱਕ ਪਲ ਪਹਿਲਾਂ ਮੂੰਹ ਉੱਤੇ ਜਾਮਨੀ ਮਖੌਟਾ ਸੀ। ਸਾਰੀ ਰਾਤ ਪਾਰਟੀ ਵਿੱਚ ਕਮਰੇ ਤੋਂ ਕਮਰੇ ਤੁਰ ਕੇ ਲੋਕਾਂ ਨੂੰ ਉਤਸੁਕ ਕੀਤਾ, ਸਹਿਮ ਕੀਤਾ ਅਤੇ ਮੱਤ ਮਾਰੀ, ਇਹ ਕੌਣ ਹੈ? ਕੌਣ ਹੈ? ਜਿੱਥੇ ਵੀ ਫਰੋਜ਼ ਗੱਗ ਗਿਆ, ਕਿਸੇ ਖੂੰਜੇ ਖੜ੍ਹੀ ਹੋਈ ਸੀ ਜਾਂ ਸਾਫ਼ ਸਾਹਮਣੇ ਉਸ ਵੱਲ ਤਾੜਦੀ ਰਹੀ। ਫਰੋਜ਼ ਵਹਿਮੀ ਬੰਦਾ ਸੀ। ਸੋ ਉਸ ਨੂੰ ਬਾਰ ਬਾਰ ਵੇਖ ਕੇ ਬੇਚੈਨ ਹੋ ਚੁੱਕਾ ਸੀ। ਉਂਞ ਪੂਰਾ ਬੰਦਾ ਨਹੀਂ ਸੀ।

ਕਈ ਸਾਲ ਪਹਿਲਾਂ ਫਰੋਜ਼ ਦਾ ਹਾਦਸਾ ਹੋ ਚੁੱਕਾ ਸੀ ਅਤੇ ਓਸ ਨੂੰ ਬਚਾਉਣ ਵਾਸਤੇ ਅੱਧਾਂ ਪਿੰਡਾ ਮਸ਼ੀਨੀ ਬਣਾਉਣਾ ਪਿਆ। ਮੂੰਹ ਦਾ ਇੱਕ ਪਾਸੇ ਲੋਹਾ ਨਕਾਬ ਸੀ ਅਤੇ ਨਕਲੀ ਕੈਮਰੇ  ਵਾਲ਼ੀ ਅੱਖ। ਇੱਕ ਬਾਂਹ ਫੁਲਾਦ ਦੀ ਬਣਾਈ ਗਈ ਸੀ ਅਤੇ ਦੂਜੇ ਪਾਸੇ ਵਾਲ਼ੀ ਲੱਤ ਵੀ ਇਸਪਾਤ ਦੀ ਸੀ। ਅੱਧਾ ਕਲਦਾਰ ਸੀ, ਯਾਨੀ ਰੌਬੋਟ। ਇਸ ਲਈ ਨਾ ਕੇ ਪੂਰਾ ਆਦਮੀ ਸੀ ਨਾ ਕੇ ਪੂਰਾ ਕਲਦਾਰ! ਇਸ ਤਰ੍ਹਾਂ ਦੇ ਬੰਦਿਆਂ ਨੂੰ ਕਲਮਨੁੰਖ ਸਕਦੇ ਸੀ। ਸਦੀਆਂ ਪਹਿਲਾਂ ਇੱਕ ਜ਼ੁਬਾਨ ਵਿੱਚ ਸਾਈਬੋਰਗ ਵੀ ਕਹਿ ਦਿੰਦੇ ਸੀ। ਉਂਞ ਤਕਨਾਲੋਜੀ ਸੀ ਉਸ ਦੇ ਮੂੰਹ ਉੱਤੇ ਨਕਲੀ ਮਾਸ ਲਾਉਣ ਵਾਸਤੇ ਅਤੇ ਬਾਂਹ ਲੱਤ ਨੂੰ ਵੀ ਮਸਨੂਈ ਵਸਤ ਦੀ ਖੱਲ ਦੇਣ ਲਈ। ਕਿਸੇ ਨੂੰ ਪਤਾ ਨਹੀਂ ਸੀ ਲੱਗਣਾ। ਪਰ ਕਾਨੂੰਨ ਸਖ਼ਤ ਸੀ। ਕਲਦਾਰੀ ਨੂੰ ਬੰਦੇ ਦੇ ਰੂਪ ਵਿੱਚ ਇੰਞ ਬਣਾਉਣਾ ਮਨ੍ਹਾ ਸੀ।

ਕੋਈ ਕਲਦਾਰ ਪੁਰਖ ਦੀ ਸ਼ਕਲ ਨਹੀਂ ਬਣਾ ਸਕਦੇ ਸੀ। ਸਾਫ਼ ਵੇਖ ਕੇ ਪਤਾ ਹੋਣਾ ਚਾਹੀਦਾ ਕਿ ਬੰਦਾ ਕੌਣ ਸੀ ਅਤੇ ਰੌਬੋਟ ਕੌਣ। ਮਸ਼ੀਨੀ ਮਾਨਵ ਨੂੰ ਸਿਰ ਅਤੇ ਅੰਗ ਦੇ ਸਕਦੇ ਸੀ, ਥੋੜਾ ਬਹੁਤਾ ਬੰਦੇ ਦੇ ਰੂਪ ਵਰਗੇ ਪਰ ਉਨ੍ਹਾਂ ਦੇ ਮੂੰਹਾਂ ਉੱਤੇ ਨਕਲੀ ਮਾਸ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਦੇ ਮੂੰਹਾਂ ਉੱਤੇ ਕੋਈ ਇਨਸਾਨੀ ਇਜ਼ਹਾਰ ਤੇ ਸੰਵੇਦਨਾ ਵੀ ਨਹੀਂ ਹੋ ਸਕਦੇ ਸਨ । ਲੋਹੇ ਦੇ ਮੂੰਹ, ਲੋਹੇ ਦੇ ਪਿੰਡੇ ਠੀਕ ਸਨ। ਪਰ ਕਿਸਮਤ ਨਾਲ਼ ਫਰੋਜ਼ ਗੱਗ ਪੂਰਾ ਬੰਦਾ ਰਿਹਾ, ਨਾ ਕੇ ਪੂਰਾ ਕਲਦਾਰ ਸੀ।

ਫਰੋਜ਼ ਨੂੰ ਆਪਣਾ ਮਸ਼ੀਨੀ ਰੂਪ ਜੱਗ ਦੇ ਸਾਹਮਣੇ ਸਾਫ਼ ਵਿਖਾਉਣਾ ਪੈਣਾ ਸੀ। ਇਸ ਲਈ ਕਈ ਜਣੇ ਉਸ ਨੂੰ ਵੇਖ ਕੇ ਸਹਿਮ ਜਾਂਦੇ ਸੀ। ਜਿੰਞ ਹੁਣ ਉਹ ਮੁਮਤਾਜ਼ ਦਾ ਮੁਖੜਾ ਵੇਖ ਕੇ ਡਰ ਗਿਆ ਸੀ।


ਪਰ ਇੰਨਾ ਡਰ ਕਿਉਂ ਸੀ? ਕਿਉਂਕਿ ਮੁਮਤਾਜ਼ ਉਸ ਦੀ ਵਹੁਟੀ ਹੁੰਦੀ ਸੀ! ਨਾਲ਼ੇ ਤਿੰਨ ਛਿਮਾਹੀਆਂ ਪਹਿਲਾਂ ਸਰੀਰ ਛੱਡ ਚੁੱਕੀ ਸੀ! ਸੋ ਜੋ ਉਸ ਦੇ ਨੇਤਰ ਵਿਖਾਉਂਦੇ ਸਨ ਅਣਹੋਣ ਸੀ! ਡਰ ਨਾਲ਼ ਸਹਿਮ ਕੇ ਥੱਲੇ ਡਿੱਗ ਪਿਆ, ਜਦ ਤੱਕ ਉਸ ਦੇ ਮਿੱਤਰ ਉਸ ਕੋਲ਼ ਪਹੁੰਚ ਚੁੱਕੇ, ਮੁਮਤਾਜ਼ ਨੱਸ ਗਈ

ਜਦ ਫਰੋਜ਼ ਨੇ ਉਸ ਨੂੰ ਪਲ ਪਹਿਲਾਂ ਪੁੱਛਿਆ ਤੂੰ  ਕੌਣ ਹੋ? ਉਸ ਨੇ ਖ਼ੁਦ ਆਪਣਾ ਜਾਮਨੀ ਮਖੌਟਾ ਲਾਹ ਕੇ ਫਰੋਜ਼ ਨੂੰ ਆਪਣਾ ਮੁਖੜਾ ਵਿਖਾਇਆ। ਵੇਖ ਕੇ ਹੱਦ ਹੋ ਗਈ, ਫਰੋਜ਼ ਨੂੰ! ਮੁਮਤਾਜ਼ ਦਾ ਮੋਇਆ ਮੁਖ ਸੀ! ਫਰੋਜ਼ ਦੇ ਦੋ ਦੋਸਤ, ਖ਼ਲੀਲ ਬੁਖ਼ਾਰੀ ਅਤੇ ਮੀਰਾਂ ਸ਼ਾਹ ਸ਼ੇਰਵਾਨੀ ਸਨ। ਉਸ ਰਾਤ ਪਾਰਟੀ ਵਿੱਚ ਫਰੋਜ਼ ਦੇ ਪਹੁੰਚਣੇ ਤੋਂ ਪਹਿਲਾਂ ਉਨ੍ਹਾਂ ਦੇ ਹਰ ਮਹਿਮਾਨ ਨੇ ਜਾਮਨੀ ਲੀੜੇ ਵਾਲ਼ੀ ਨੁੰ ਵੇਖਿਆ ਹੋਇਆ ਸੀ। ਸੋ ਪਤਾ ਸੀ ਕਿ ਫਰੋਜ਼ ਦੀ ਸੋਚ ਉਡਾਰੀ ਨਹੀਂ ਸੀ। ਪਰ ਜਦ ਗੱਲ ਆਈ ਕਿ ਜਾਮਨੀ ਮਖੌਟੇ ਵਾਲ਼ੀ ਜ਼ਨਾਨੀ ਉਸ ਦੀ ਮੋਈ ਹੋਈ ਘਰਵਾਲ਼ੀ ਸੀ, ਉਨ੍ਹਾਂ ਨੂੰ ਫ਼ਿਕਰ ਸੀ ਕਿ ਖੌਰ੍ਹੇ ਕਾਲ਼ੀ ਉਦਾਸੀ ਜੋ ਜਦ ਮੁਮਤਾਜ਼ ਪੂਰੀ ਹੋਈ ਸੀ, ਸ਼ੁਰੂ ਹੋਈ ਸੀ, ਹਾਲੇ ਵੀ ਕਾਇਮ ਸੀ। ਜਾਂ ਫਰੋਜ਼ ਥੱਕ ਥੱਕ ਕੇ ਛਲ਼ੇਡੇ ਵੇਖ ਰਿਹਾ ਸੀ।

ਜਦ ਵੀ ਕਿਸੇ ਨੇ ਓਸ ਔਰਤ ਨੂੰ ਬੁਲਾਇਆ ਸੀ, ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਚੁੱਪ ਰਹੀ, ਬੁੱਤ ਵਾਂਙ॥ ਉਸ ਦਾ ਮੂੰਹ ਠਰਿਆ ਹੋਇਆ ਸੀ। ਬੁੱਲ੍ਹਾਂ ’ਚ ਇੱਕ ਵੀ ਵਾਕ ਨਹੀਂ ਆਇਆ ਜਦ ਲੋਕਾਂ ਨੇ ਉਸ ਨਾਲ਼ ਗੱਲ ਛੇੜਣ ਦੀ ਕੋਸ਼ਿਸ਼ ਕੀਤੀ ਸੀ। ਸੋ ਲੋਕ ਡਰ ਨਾਲ਼ ਉਸ ਤੋਂ ਪਰ੍ਹੇ ਰਹੇ। ਮੇਜ਼ਬਾਨ ਨੂੰ ਵੀ ਏਸ ਪਰਾਹੁਣੇ ਬਾਰੇ ਕੁਝ ਨਹੀਂ ਸੀ ਪਤਾ। ਉਹਨੇ ਉਸ ਨੂੰ ਸਵਾਲ ਪੁੱਛੇ ਪਰ ਨਾਰੀ ਚੁੱਪ ਹੀ ਰਹੀ ਜਾਂ ਤੁਰ ਪਈ ਹੋਰ ਕਮਰੇ ਵੱਲ।

ਮੇਜ਼ਬਾਨ ਦਾ ਨਾਂ ਟੀਟੂ ਸੀ। ਉਸ ਨੇ ਫ਼ੈਸਲਾ ਲਿਆ ਸੀ ਕਿ ਪਾਰਟੀ ਵਿੱਚ ਪਰਾਹੁਣਿਆਂ ਨੂੰ ਪੁੱਛਣਾ ਨਕਾਬਾਂ ਪਾ ਕੇ ਆਉਣ ਅਤੇ ਦਿਲਚਸਪ ਬਸਤਰ। ਇਹ ਪਾਰਟੀ ਦਾ ਵਿਸ਼ਾ ਸੀ। ਉਸ ਨੇ ਪੰਜ ਨੌਜਵਾਨ ਕੁੜੀਆਂ ਨੂੰ ਮਾਹਾਂਭਾਰਤ ’ਚੋਂ ਨਾਰੀਆਂ ਦੇ ਰੌਲ ਦਿੱਤੇ ਸਨ। ਹਰ ਕਮਰੇ ਵਿੱਚ (ਪੰਜ ਵੱਡੇ ਹਾਲ) ਇੱਕ ਪਾਸੇ ਬਾਰ ਲਾਈ ਹੋਈ ਸੀ, ਜਿੱਥੇ ਇੱਕ ਕੁੰਤੀ ਜਾਂ ਗਾਂਧਰੀ ਜਾਂ ਦ੍ਰੌਪਦੀ ਖੜ੍ਹੀ ਸੀ। ਅਤੇ ਹਰ ਕੁੜੀ ਦੇ ਆਸ ਪਾਸ ਪੰਜ ਕਲਦਾਰ ਸਨ, ਜਿਨ੍ਹਾਂ ਨੇ ਮਾਹਾਂਭਾਰਤ ਦੇ ਜ਼ਮਾਨੇ ਵਾਲ਼ੇ ਲੀੜੇ ਪਾਏ ਹੋਏ ਸੀ! ਪਰ ਉਨ੍ਹਾਂ ਦੇ ਮੁਖ ਸਾਫ਼ ਦੀਂਦੇ ਸਨ, ਲੋਹੇ, ਬੇਜਜ਼ਬੇ ਅਤੇ ਸਖ਼ਤ। ਕਿਸੇ ਕੋਲ਼ ਨੱਕ ਨਹੀਂ ਸੀ ਜਾਂ ਬੁੱਲ੍ਹ । ਸਿਰਫ਼ ਬੱਤੀਆਂ ਸਨ ਜਿੱਥੇ ਅੱਖਾਂ ਹੋਣੀਆਂ ਚਾਹੀਦੀਆਂ ਸਨ ਜਾਂ ਸਪੀਕਰ ਜਿੱਥੇ ਮੂੰਹ ਹੋਣਾ ਚਾਹੀਦਾ ਸੀ। ਕਾਨੂੰਨ ਨੇ ਕਿਹਾ ਸੀ ਇੰਞ ਸੂਰਤ ਹੋਣੀ ਚਾਹੀਦੀ ਹੈ। ਉਨ੍ਹਾਂ ਦੇ ਅੰਗ ਵੀ ਲੋਹੇ ਦੇ ਸਨ। ਮਾਸ ਤੋਂ ਬਿਨਾ, ਸਾਫ਼ ਰੌਬੋਟ ਹੀ ਜਾਪਦੇ ਸੀ। ਆਲ਼ੇ ਦੁਆਲ਼ੇ ਕਈ ਹੋਰ ਕਲਦਾਰ ਸਨ ਜੋ ਸਾਕੀ ਦਾ ਕੰਮ ਕਰ ਰਹੇ ਸਨ। ਪਾਰਟੀ ਵਿੱਚ ਤਕਰੀਬਨ ਹਰ ਕਲਦਾਰ ਦਾ ਕੰਮ ਸੀ ਸੇਵਕ ਦਾ।

ਫ਼ਲਕ ਨੇ ਹਾਲ਼ੇ ਰਾਤ ਨਹੀਂ ਛੱਡੀ ਸੀ ਜਦ ਜਾਮਨੀ ਮਖੌਟੇ ਵਾਲ਼ੀ ਨੱਸੀ ਸੀ ਅਤੇ ਜਦ ਪੁਲਸ ਪੁੱਜੀ, ਸੂਰਜ ਉੱਠਣਾ ਸ਼ੁਰੂ ਹੋਇਆ। ਪੁਲਸੀਆ  ਆਪਣੀ ਪੁਲਾੜੀ-ਕਿਸ਼ਤੀ ਵਿੱਚੋਂ ਦੋ ਕਲਦਾਰਾਂ ਨਾਲ਼ ਨਿਕਲ਼ਿਆ। ਅੱਜ ਕੱਲ੍ਹ ਹੌਲਦਾਰ ਸਿਪਾਹੀ ਸਭ ਕਲਦਾਰ ਸਨ। ਵਰਦੀ ਦੀ ਜਗ੍ਹਾ ਲਾਲ ਰੰਗ ਉਨ੍ਹਾਂ ਦੇ ਜੁੱਸਿਆਂ ਉੱਤੇ ਲਾਇਆ ਹੋਇਆ ਸੀ। ਇੰਞ ਪਤਾ ਲੱਗਾ ਜਾਂਦਾ ਸੀ ਕਿ ਪੁਲਸ ਹੈ। ਕੋਤਵਾਲ ਦੀ ਵਰਦੀ ਵੀ ਲਾਲ ਸੀ। ਉਸ ਦਾ ਨਾਂ ਸੀ ਨੇਕ ਸਿੰਘ।

ਹੁਣ ਤੱਕ ਫਰੋਜ਼ ਨੂੰ ਪਾਣੀ ਪਿਲਾ ਕੇ ਇੱਕ ਕੁਰਸੀ ਉੱਤੇ ਬਿਠਾਇਆ ਸੀ, ਬਾਰ ਕੋਲ਼। ਬਾਰ ਦੇ ਪਿੱਛੇ ਏਸ ਵੇਲ਼ੇ ਦੋ ਕਲਦਾਰ ਸੇਵਕ ਸਨ ਅਤੇ ਇੱਕ ਨੌਜਵਾਨ ਕੁੜੀ, ਨੀਨਾ ਧੀਮਾਨ। ਨੇਕ ਨੇ ਵੇਖ ਲਿਆ ਸੀ ਕਿੰਞ ਨੀਨਾ ਅਤੇ ਫਰੋਜ਼ ਦੇ ਨੈਣ ਪਲ ਵਾਸਤੇ ਇੱਕ ਦੂਜੇ ਨਾਲ਼ ਨੱਚੇ। ਫੇਰ ਇਰਦ ਗਿਰਦ ਝਾਕੇ। ਨੀਨਾ ਘਰ ਜਾਣ ਦੀਆਂ ਤਿਆਰੀਆਂ ਕਰ ਰਹੀ ਸੀ।

ਨੇਕ ਨੇ ਫਰੋਜ਼ ਨੂੰ ਸਵਾਲ ਪੁੱਛੇ। ਖ਼ਲੀਲ ਨੇ ਉਨ੍ਹਾਂ ਨੂੰ ਟੁੱਕ ਕੇ ਆਖਿਆ, ਪਰ ਤੁਹਾਨੂੰ ਕਿਸ ਨੇ ਬੁਲਾਇਆ? ਅਸੀਂ ਤਾਂ ਨਹੀਂ ਕਾਲ ਕੀਤੀ। ਵਿਚਾਰਿਆ ਗਿਰ ਗਿਆ, ਹੋਰ ਕੁਝ ਨਹੀਂ।

ਜਨਾਬ, ਤੁਸੀਂ ਭਾਵੇਂ ਨਹੀਂ ਬੁਲਾਇਆ, ਪਰ ਪਾਰਟੀ ਦੇ ਮੇਜ਼ਬਾਨ ਨੇ ਫਰੋਜ਼ ਜੀ ਨੂੰ ਏਸ ਹਾਲ ’ਚ ਵੇਖ ਕੇ ਬੁਲਾਇਆ। ਉਂਞ ਕਈ ਅਤਿਥੀਆਂ ਨੇ ਇੱਕ  ਜਾਮਨੀ ਨਕਾਬ ਵਾਲ਼ੀ ਬਾਰੇ ਉਲਾਹਮੇ ਦਿੱਤੇ। ਸੋ ਅਸੀਂ ਆ ਗਏ। ਹੁਣ ਸਾਨੂੰ ਪਤਾ ਲੱਗਿਆ ਕਿ ਫਰੋਜ਼ ਜਨਾਬ ਨੇ ਉਸ ਦਾ ਮੂੰਹ ਵੇਖਿਆ, ਹੈ ਨਾ?


ਇੰਨਾ ਸੁਣ ਕੇ ਫਰੋਜ਼ ਬਾਰ ਬਾਰ ਮੁਮਤਾਜ਼! ਮੁਮਤਾਜ਼! ਕਰਨ ਲੱਗ ਪਿਆ।

ਮੁਮਤਾਜ਼ ਕੌਣ ਹੈ? ਕੋਤਵਾਲ ਨੇ ਪੁੱਛਿਆ।

ਮੁਮਤਾਜ਼…

ਕੋਤਵਾਲ ਜੀ ਇਸ ਦਾ ਨਾ ਸੁਣੋਂ। ਸਾਨੂੰ ਲੱਗਦਾ ਹੰਭਿਆ ਹੋਇਆ ਹੈ। ਲੰਮੀ ਦਿਹਾੜੀ ਬਾਅਦ ਲੰਮੀ ਪਾਰਟੀ। ਉਂਞ ਮੁਮਤਾਜ਼ ਇਨ੍ਹਾਂ ਦੀ ਘਰਵਾਲ਼ੀ ਹੁੰਦੀ ਸੀ। ਉਹ…ਰੱਬ ਨੂੰ ਪਿਆਰੀ ਹੋ ਚੁੱਕੀ, ਮੀਰਾਂ ਸ਼ਾਹ ਨੇ ਆਪਣੀ ਵਿੱਚ ਪਾਈ।

ਉਸ ਪਲ ਨੀਨਾ ਬਾਹਰ ਜਾਣ ਹੀ ਲੱਗੀ ਸੀ ਜਦ ਉਸ ਨੂੰ ਨੇਕ ਸਿੰਘ ਨੇ ਕਿਹਾ, ਜੀ ਤੁਸੀਂ ਰੁਕ ਜਾਓ। ਪਾਸੇ ਖਲੋਵੋ ਪਲੀਜ਼। ਤੁਹਾਨੂੰ ਇਸ ਜਾਮਨੀ ਤੀਵੀਂ ਬਾਰੇ ਸਵਾਲ ਪੁੱਛਣੇ ਨੇ। ਸਾਰਿਆਂ ਦੀਆਂ ਅੱਖਾਂ ਇਕੱਠੀਆਂ ਨੀਨਾ ਵੱਲ ਤੁਰੀਆਂ। ਸਿਰਫ਼ ਫਰੋਜ਼ ਦੀਆਂ ਨੀਵੀਂਆਂ ਸਨ। ਨੀਨਾ ਦਾ ਮੁਖ ਸੂਹਾ ਰੰਗ ਹੋ ਗਿਆ।

ਜੀ ਮੈਂ ਘਰ ਪਹੁੰਚਣਾ। ਹੁਣ ਦੇਰ ਹੋ ਗਈ।

ਅੱਧੇ ਘੰਟੇ ਦਾ ਫ਼ਰਕ ਨਹੀਂ ਪੈਣਾ ਜੀ। ਤੁਹਾਡਾ ਨਾਂ ਕੀ ਹੈ?

ਜੀ , ਨੀਨਾ ਹੈ, ਮੈਂ ਨੀਨਾ ਧੀਮਾਨ ਹਾਂ।

ਠੀਕ। ਤੁਸੀਂ ਉੱਥੇ ਬਹਿ ਜਾਓ। ਅੱਛਾ ਹੁਣ ਉਸ ਦਾ ਧਿਆਨ ਫੇਰ ਤਿੰਨੇ ਮਿੱਤਰਾਂ ’ਤੇ ਸੀ, ਆਪਣੇ ਨਾਂ ਦੇਵੋ।

ਮੇਰਾ ਨਾਂ ਖ਼ਲੀਲ ਬੁਖ਼ਾਰੀ ਹੈ, ਮੈਂ ਫਰੋਜ਼ ਗੱਗ ਦਾ ਖ਼ਾਸ ਯਾਰ ਹਾਂ।

ਅਤੇ ਮੇਰਾ ਨਾਂ ਡਾਕਟਰ ਮੀਰਾਂ ਸ਼ਾਹ ਸ਼ੇਰਵਾਨੀ ਹੈ। ਮੈਂ ਵੀ ਇਨ੍ਹਾਂ ਦਾ ਖ਼ਾਸ ਦੋਸਤ ਹਾਂ। ਹੁਣ ਫਰੋਜ਼ ਦਾ ਨਾਂ ਵੀ ਤੁਹਾਨੂੰ ਪਤਾ ਲੱਗ ਚੁੱਕਾ, ਸੋ…

…ਸੋ ਕੁਝ ਨਹੀਂ। ਫਰੋਜ਼ ਜੀ, ਸਿਰਫ਼ ਤੁਸੀਂ ਉਸ ਦਾ ਮੁਖੜਾ ਵੇਖਿਆ। ਦੱਸੋ, ਤੁਸੀਂ ਭੁਲੇਖੇ ਨਾਲ਼ ਉਸ ਨੂੰ ਮੁਮਤਾਜ਼ ਨਾਲ਼…ਮਤਲਬ ਵੇਖ ਕੇ ਭੰਬਲ ਭੂਸੇ ਖਾ ਗਏ। ਤੁਹਾਨੂੰ ਲੱਗਿਆ ਮੁਮਤਾਜ਼ ਸੀ? ਸੋ ਉਸ ਦੀ ਸ਼ਕਲ ਤੁਹਾਡੀ ਘਰਵਾਲ਼ੀ ਨਾਲ਼ ਮਿਲ਼ਦੀ ਹੈ?

ਓਹ ਹੀ ਸੀ! ਓਹੀ! ਫਰੋਜ਼ ਬੌਂਦਲ਼ ਕੇ ਬੋਲਿਆ।

ਕੀ ਮਤਲਬ? ਉਸ ਦਾ ਭੂਤ? ਤੁਸੀਂ ਜਿੰਨਾਂ ਨੂੰ ਮੰਨਦੇ ਹੋ ?

ਕੋਤਵਾਲ ਜਨਾਬ, ਤੁਹਾਡਾ ਨਾਂ ਕੀ ਹੈ? ਖ਼ਲੀਲ ਨੇ ਆਖਿਆ, ਉਂਞ ਵਰਦੀ ਉੱਤੇ ਲਿਖਿਆ ਤਾਂ ਸੀ ਅਤੇ ਸਾਫ਼ ਦਿੱਸਦਾ ਸੀ।

ਨੇਕ ਸਿੰਘ।

ਸਰਦਾਰ ਜੀ ਮੈਂ ਦੱਸ ਤਾਂ ਕੀ ਹੋਇਆ। ਜਿੱਥੇ ਤੀਕਰ ਗੱਲ ਫਰੋਜ਼ ਤੋਂ ਸਮਝ ਪਈ। ਅਸੀਂ ਤਿੰਨੇ ਜਣੇ ਵੱਡੇ ਹਾਲ ਵਾਲ਼ੀ ਬਾਰ ਨਾਲ਼ ਖੜ੍ਹੇ ਗੱਲ ਬਾਤ ਕਰ ਰਹੇ ਸਨ। ਸਾਰੀ ਰਾਤ ਓਸ ਜਾਮਨੀ ਮਖੌਟੇ ਵਾਲ਼ੀ ਇੱਧਰ ਉੱਧਰ ਤੁਰਦੀ ਫਿਰਦੀ ਸੀ, ਪਰ ਕਿਸੇ ਨਾਲ਼ ਗੱਲ ਨਹੀਂ ਸੀ ਕਰਦੀ। ਜਿੱਥੇ ਵੀ ਫਰੋਜ਼ ਜਾਂਦਾ ਸੀ, ਉਸ ਨੂੰ ਨਜ਼ਰ ਆਉਂਦੀ ਸੀ, ਹਮੇਸ਼ਾ ਉਸ ਵੱਲ ਤਾੜਦੀ। ਸੋ ਇਹ ਹੈਰਾਨਗੀ ਦਾ ਕੇਸ ਹੈ, ਮਤਲਬ ਖੱਜਲ ਖਰਾਬੀ ਦਾ। ਫੇਰ ਸਾਨੂੰ ਉੱਥੇ ਛੱਡ ਕੇ ਓਸ ਤੀਵੀਂ ਮਗਰ ਨੱਠ ਪਿਆ। ਪੰਜਾਂ ਹਾਲਾਂ ਵਿੱਚ ਇੱਧਰ ਉੱਧਰ ਗਿਆ, ਹਾਰ ਕੇ ਏਸ ਬਾਰ ਤੱਕ ਪੁੱਜਿਆ। ਸ਼ਾਇਦ ਉਹ ਕੁੜੀ, ਨੀਨਾ ਤੁਹਾਨੂੰ ਦੱਸ ਸਕਦੀ ਹੈ, ਕਿ ਇੱਥੇ ਜਾਮਨੀ ਲੀੜੇ ਵਾਲ਼ੀ ਨੇ ਨੀਨਾ ਅਤੇ ਬਾਰ ਅਮਲਿਆਂ ਨੂੰ ਵੀ ਔਖਾ ਕੀਤਾ। ਹੁਣ ਜ਼ਿਆਦਾ ਜਣੇ ਤਾਂ ਕਲਦਾਰ ਹਨ, ਸੋ ਉਨ੍ਹਾਂ ਨੂੰ ਬਹੁਤੀ ਦਿੱਕਤ ਤਾਂ ਹੋਈ ਨਹੀਂ। ਪਰ ਕੁੜੀਆਂ ਨੂੰ ਡਰ ਲੱਗਿਆ।

ਫੇਰ? ਨੇਕ ਨੇ ਉਸ ਨੂੰ ਤਸ਼ਰੀਹ ਕਰਨ ਪੁੱਛਿਆ।

ਫੇਰ, ਹੁਣ ਮੀਰਾਂ ਸ਼ਾਹ ਬੋਲ਼ਿਆ, ਇਨ੍ਹਾਂ ਨੇ ਉਸ ਨੂੰ ਤੀਜੀ ਵਾਰੀ ਪੁੱਛਿਆ, ਆਪਣਾ ਨਕਾਬ ਲਾਹ! ਤੂੰ  ਕੌਣ ਹੈ? ਜਵਾਬ ਵਿੱਚ ਬੁਰਕਾ ਲਾਹ ਦਿੱਤਾ। ਸੋ ਉਸ ਨੂੰ ਵੇਖ ਕੇ ਭੁੱਲੇਖਾ ਜ਼ਰੂਰ ਹੋ ਗਿਆ ਕਿ ਮੁਮਤਾਜ਼ ਹੀ ਹੈ। ਇਹ ਹੋ ਨਹੀਂ ਸਕਦਾ। ਤੁਸੀਂ ਸ਼ਾਇਦ ਸਹੀ ਹੋ ਕਿ ਸ਼ਕਲਾਂ ਮਿਲ਼ਦੀਆਂ। ਮੁਮਤਾਜ਼ ਦਾ ਕੱਦ ਜਿੱਡਾ ਉਸ ਦਾ ਕੱਦ ਸੀ। ਸੋ ਭੁੱਲੇਖਾ ਤਾਂ ਹੋ ਹੀ ਸਕਦਾ ਨੇਕ ਜੀ। ਹੁਣ ਤਸੀਂ ਵੇਖ ਸਕਦੇ ਨੇ ਕਿ ਇਹ ਸਭ ਕੁਝ ਕਰਕੇ ਸਦਮਾ ਪਹੁੰਚ ਗਿਆ। ਮੈਂ ਇਨ੍ਹਾਂ ਦਾ ਡਾਕਟਰ ਹਾਂ। ਅਸੀਂ ਇਨ੍ਹਾਂ ਨੂੰ ਇਨ੍ਹਾਂ ਦੇ ਘਰ ਲੈ ਕੇ ਚੱਲੇ ਹਾਂ। ਕਲਦਾਰ ਸੇਵਕਾਂ ਨੂੰ ਸਵਾਲ ਪੁੱਛ ਲਿਓ। ਗਵਾਹ ਨੇ। ਨੀਨਾ ਨੂੰ ਵੀ ਪੁੱਛ ਲਿਓ।

ਪਹਿਲਾਂ ਇੱਕ ਆਖਰੀ ਸਵਾਲ।

ਕੀ? ਐਤਕੀਂ ਖ਼ਲੀਲ ਨੇ ਮੋੜ ਕੇ ਪੁੱਛਿਆ।

ਜਦ ਤੁਰਦੀ ਸੀ ਕਿੰਞ ਹਿਲ਼ਦੀ ਸੀ? ਸਾਰੇ ਕਹਿ ਰਹੇ ਕਿ ਉਸ ਦੇ ਮੂੰਹ ਉੱਤੇ ਜਜ਼ਬੇ ਨਹੀਂ ਸਨ।

ਗੱਲ ਤੁਹਾਡੀ ਸਮਝ ਗਿਆ। ਹੋ ਨਹੀਂ ਸਕਦਾ ਕੋਤਵਾਲ ਜੀ! ਕਲਦਾਰ ਨਹੀਂ ਸੀ! ਉਸ ਦੇ ਮੂੰਹ ਉੱਤੇ ਖੱਲ ਸੀ, ਮਤਲਬ ਇਨਸਾਨ ਦਾ ਚਿਹਰਾ ਹੀ ਸੀ। ਬਾਹਾਂ ਉੱਤੇ ਮਾਸ ਸੀ। ਜਿੰਞ ਤੁਰ ਰਹੀ ਸੀ, ਉਸਦੀ ਚਾਲ ਇਨਸਾਨ ਦੀਹੀ ਸੀ। ਏਹ ਜੋ ਤੁਸੀਂ ਕਹਿ ਰਹੇ ਨੇ, ਓਨਾ ਹੀ ਅਣਹੋਣਾ ਹੈ ਜਿੰਨਾ ਕਿ ਮੁਮਤਾਜ਼ ਹੈ! ਤੁਸੀਂ ਆਪਣਾ ਕੰਮ ਕਰੋ ਅਤੇ ਸਾਨੂੰ ਸਾਡਾ। ਆ ਓ, ਆ ਮੇਰਾ ਪਤਾ ਹੈ ਅਤੇ ਆ ਫਰੋਜ਼ ਗੱਗ ਦਾ ਹੈ। ਜੇ ਲੋੜ ਰਹੀ ਹਾਕ ਮਾਰ ਦੇਣੀ। ਇੰਞ ਕਹਿ ਕੇ ਸਲਾਮ ਕਰ ਕੇ ਦੋਵੇਂ ਫਰੋਜ਼ ਨੂੰ ਓਥੋਂ ਲੈ ਗਏ।

ਹੁਣ ਨੇਕ ਦੀ ਨਜ਼ਰ ਨੀਨਾ ਦੇ ਨੈਣ ਨਾਲ਼ ਮਿਲ਼ੀ। ਕੁੜੀ ਤਾਂ ਬੇਚੈਨ ਸੀ।

 

ਫਰੋਜ਼ ਗੱਗ ਅੱਧਾ ਬੰਦਾ ਅੱਧਾ ਮਸ਼ੀਨ ਕਰਕੇ ਲੋਕਾਂ ਦੀ ਨਿਗ੍ਹਾ ਵਿੱਚ ਇੱਕ ਕਿਸਮ ਦਾ ਕੋੜ੍ਹੀ ਸੀ। ਲੋਕ ਉਸ ਦੇ ਵੱਲ ਵੇਖ ਕੇ ਡਰਦੇ ਸੀ। ਰੋਜ਼ ਕਲਦਾਰਾਂ ਨੂੰ ਵੇਖਦੇ ਸੀ, ਪਰ ਅੱਧਾ ਬੰਦਾ, ਅੱਧਾ ਰੌਬੋਟ ਹੋਰ ਹੀ ਸ਼ੈ ਸੀ! ਕਲਮਨੁੱਖ! ਅੱਧ ਮਸ਼ੀਨੀ ਮਰਦ ਕਰਕੇ ਖੌਰ੍ਹੇ ਕਦੀ ਕਲਦਾਰਾਂ ਵਾਂਗਰ ਮਰੇਗਾ ਨਹੀਂ! ਕੀ ਪਤਾ! ਨਵੀਂ ਤਰ੍ਹਾਂ ਦਾ ਮਨੁੱਖਤਾ ਸੀ। ਹੋਰ ਹੀ ਚੀਜ਼। ਇੱਕ ਹੋਰ ਗੱਲ ਸੀ। ਗੱਗ ਖ਼ਾਨਦਾਨ ਅਮੀਰ ਸੀ ਪਰ ਫਰੋਜ਼ ਤੋਂ ਬਿਨਾ ਹੋਰ ਸਾਰੇ ਪੂਰੇ ਹੋ ਚੁੱਕੇ ਸੀ। ਇਹ ਹੀ ਵਾਰਸ ਸੀ।

ਹਾਦਸੇ ਕਰਕੇ ਸਾਰਾ ਅਰਥ ਤਰਕਾ ਕਲਦਾਰਾਂ ਵਾਲ਼ੇ ਕਾਰਖਾਣੇ ਉੱਤੇ ਲਾ ਦਿੱਤਾ ਸੀ। ਵੇਖਣਾ ਚਾਹੁੰਦਾ ਸੀ ਜੇ ਆਪਣਾ ਰੂਪ ਬਦਲ ਸਕਦਾ ਸੀ। ਕਾਨੂੰਨ ਨੇ ਤਾਂ ਮਾਸ ਲਾਉਣ ਨੂੰ ਕੀਤਾ ਹੋਇਆ ਸੀ। ਪਰ ਹੋਰ ਤਰੀਕੇ ਹੋ ਸਕਦੇ ਨੇ। ਜੇ ਪੂਰਾ ਬੰਦਾ ਨਹੀਂ ਸੀ ਬਣ ਸਕਦਾ, ਫੇਰ ਕਲਦਾਰ ਬਣਨ ਦੀ ਕੋਸ਼ਿਸ਼ ਕਰੇਗਾ। ਇੰਞ ਜੀਵਨ ਵੀ ਵੱਧ ਸਕਦਾ ਸੀ। ਇਸ  ਕੰਮ ਲਈ ਰਿਸਰਚ ਕਰਨੀ ਪੈਣੀ ਸੀ ਅਤੇ ਉਸ ਨੂੰ ਤਿੰਨ ਖੋਜ ਸਹਾਇਕ ਮਿਲ਼ ਪਏ ਸੀ। ਦੋ ਤਾਂ ਜ਼ਨਾਨੀਆਂ ਸਨ, ਇੱਕ ਮਰਦ। ਬਾਕੀ ਸਹਾਇਕ ਕਲਦਾਰ ਹੀ ਸਨ।

ਇਹ ਢਾਈ ਸਾਲ ਪਹਿਲਾਂ ਦੀ ਗੱਲ ਸੀ। ਕਾਰਖਾਣੇ ਵਿੱਚ ਪ੍ਰਯੋਗਸ਼ਾਲਾ ਸੀ। ਉੱਥੇ ਫਰੋਜ਼ ਸਣੇ ਪੰਜ ਹੀ ਜਣੇ ਕੰਮ ਕਰਦੇ ਸਨ। ਦੂਜੇ ਆਦਮੀ ਦਾ ਨਾਂ ਲੇਟੋ ਗਿੱਲ ਸੀ। ਮੋਟਾ ਬੰਦਾ ਸੀ, ਹਰ ਪਲ ਮੂੰਹ ਵਿੱਚ ਕੁਝ ਨਾ ਕੂਝ ਤੁੰਨਿਆ ਹੁੰਦਾ। ਪਹਿਲੀ ਔਰਤ ਦਾ ਨਾਂ ਵਜਿਹਾ ਰਸੂਲ ਸੀ, ਜਿਸ ਨੇ ਥੋੜਾ ਚਿਰ ਪਹਿਲਾਂ ਹੀ ਕੰਮ ਸ਼ੁਰੂ ਕੀਤਾ ਸੀ। ਦੂਜੀ ਮੁਮਤਾਜ਼ ਮੁਨਜ਼ਰ ਸੀ। ਦੁਰੋਂ ਦੋਹੀਂ ਜੋੜੀਆਂ ਲੱਗਦੀਆਂ ਸਨ। ਇੱਕ ਦੂਜੇ ਜਿੱਡੀ ਸੀ, ਪਰ ਵਜਿਹਾ ਪਤਲੀ ਸੀ, ਮੁਮਤਾਜ਼ ਥੋੜੀ ਭਾਰੀ, ਪਰ ਮੁਖ ਸੁੰਦਰ ਸੀ।

ਹਾਦਸਾ ਕਰਕੇ ਵੇਖਣ ਵਿੱਚ ਫਰੋਜ਼ ਡਰਾਉਣਾ ਸੀ। ਅੱਧਾ ਰੂਪ ਮਸ਼ੀਨੀ, ਅੱਖ ਇੱਕ ਕੈਮਰਾ ਲੇਂਜ਼। ਇੱਕ ਬਾਂਹ ਤਾਂ ਕੋਈ ਫ਼ੈਕਟਰੀ ਦੇ ਰੌਬੋਟ ਦੀ ਬਾਂਹ ਲੱਗਦੀ ਸੀ ਅਤੇ ਲੋਹੇ ਵਾਲ਼ੀ ਲੱਤ ਵੀ ਇੰਞ ਜਾਪਦੀ ਸੀ। ਸੋ ਕੋਈ ਨਹੀਂ ਕਹਿ ਸਕਦਾ ਸੀ ਕਿ ਇਹ ਬੰਦਾ ਮਿਆਰੀ ਕਵਾਰਾ ਸੀ। ਛੜਾ ਹੀ ਸੀ। ਪਰ ਇੱਕ ਗੱਲ ਸੀ। ਅਮੀਰ ਸੀ। ਵਜਿਹਾ ਨੂੰ ਪੈਸੇ ਦਿੱਸਦੇ ਸੀ ਅਤੇ ਉਸ ਨੂੰ ਪੂਰਾ ਪਤਾ ਸੀ ਬੰਦੇ ਨੂੰ ਕਿੰਞ ਆਪਣੇ ਜਾਲ਼ ਵਿੱਚ ਫਸਾਈਦਾ ਹੈ। ਕਦੀ ਕਦੀ ਸਫਾਈ ਕਰਨ ਵਾਸਤੇ ਇੱਕ ਨੌਜਵਾਨ ਕੁੜੀ ਆਉਂਦੀ ਸੀ। ਉਹ ਸਫਾਈ ਕਰਨ ਵਾਲ਼ੇ ਕਲਦਾਰਾਂ ਉੱਤੇ ਨਜ਼ਰ ਰੱਖਦੀ ਸੀ। ਪਿਆਰੀ ਸੀ, ਪਰ ਵੇਖਣ ਵਿੱਚ ਨਾਦਾਨ। ਕਦੀ ਕਦੀ ਉਹ ਫਰੋਜ਼ ਵੱਲ ਝਾਕਦੀ ਸੀ। ਇਹ ਗੱਲ ਪਹਿਲਾਂ ਵਜਿਹਾ ਨੇ ਵੇਖੀ, ਪਰ ਉਸ ਨੇ ਗੱਲ ਉੱਤੇ ਹੱਸ ਕੇ ਧਿਆਨ ਨਾ ਦਿੱਤਾ। ਅਣਪੜ੍ਹ ਕਾਮੀ ਸੀ। ਹੋ ਨਹੀਂ ਸਕਦਾ ਕਿ ਉਸ ਦਾ ਧਿਆਨ ਫਰੋਜ਼ ਵੱਲ ਸੀ। ਜਦ ਵੀ ਆਉਂਦੀ ਸੀ ਵਜਿਹਾ ਉਸ ਦੀ ਜ਼ਿੰਦਗੀ ਨੂੰ ਮੁਸ਼ਕਲ ਬਣਾਉਂਦੀ ਸੀ। ਪਰ ਵਜਿਹਾ ਦਾ ਧਿਆਨ ਤਾਂ ਮੁਮਤਾਜ਼ ਉੱਤੇ ਸੀ।

ਵਜਿਹਾ ਸਮਝਦੀ ਸੀ ਕਿ ਮੁਮਤਾਜ਼ ਦਾ ਮੁਖ ਸੋਹਣਾ ਸੀ, ਪਰ ਪਿੰਡਾ ਸੁੰਦਰ ਨਹੀਂ ਸੀ। ਰੂਪ ਤਾਂ ਵਜਿਹਾ ਦਾ ਹੀ ਸੋਹਣਾ ਸੀ, ਸੋ ਉਹ ਫਰੋਜ਼ ਨਾਲ਼ ਤਿਤਲੀ ਬਣ ਕੇ ਕਲੋਲੀਆਂ ਕਰਦੀ ਸੀ। ਫਰੋਜ਼ ਨੇ ਉਸ ਨੂੰ ਕੰਨੀ ਬੁੱਜੇ ਦਿੱਤਾ। ਇੱਕ ਦਿਨ ਜਦ ਕਾਮੀ ਵੱਲ ਕੁਝ ਸੁੱਟਿਆ, ਗ਼ੁੱਸੇ ਵਿੱਚ ਵਜਿਹਾ ਨੂੰ ਬਿਕਾਰ ਕਰ ਦਿੱਤਾ। ਗ਼ੁੱਸੇ ਵਿੱਚ ਉਹ ਤੁਰ ਪਈ, ਆਪਣੇ ਨਾਲ਼ ਹੀ ਆਪਣੀ ਖੋਜ ਲੈ ਗਈ। ਖੁਰਾ ਖੋਜ ਮਿਟਾ ਹੀ ਦਿੱਤਾ ਅਤੇ ਫਰੋਜ਼ ਨੂੰ ਫੇਰ ਸ਼ੁਰੂ ਕਰਨਾ ਪਿਆ। ਇਸ ਵਿੱਚ ਲੇਟੋ ’ਤੇ ਮੁਮਤਾਜ਼ਨੇ ਮੱਦਦ ਕੀਤੀ।

ਮੁਮਤਾਜ਼ ਦਾ ਅੱਬਾ, ਮਜ਼ਹਰ ਮੁਨਜ਼ਰ ਹੈ। ਸ਼ਾਨ ਵਾਲ਼ਾ ਅਤੇ ਤੜਕ ਫੜਕ ਬੰਦਾ ਹੈ। ਹਰ ਰੋਜ਼ ਫਰੋਜ਼ ਦੀ ਲੈਬ, ਯਾਨੀ ਪ੍ਰਯੋਗਸ਼ਾਲੇ ਆਉਂਦਾ ਸੀ। ਧੀ ਨੂੰ ਮਿਲ਼ਦਾ ਰਹਿੰਦਾ ਸੀ, ਫਰੋਜ਼ ਨੂੰ ਵੀ ਅਤੇ ਲੇਟੋ ਨੂੰ। ਗੱਪੀ ਬੰਦਾ ਸੀ, ਪਰ ਫਰੋਜ਼ ਉਹਨੂੰ ਝੱਲਦਾ ਸੀ। ਭਾਵੇਂ ਫਰੋਜ਼ ਕੋਲ਼ੇ ਕੈਮਰੇ  ਵਾਲ਼ੀ ਅੱਖ ਸੀ ਉਹ ਫੇਰ ਵੀ ਅੰਨ੍ਹਾ ਸੀ। ਮਜ਼ਹਰ ਸੁਜਾਖਾ ਸੀ ਜਦ ਫਰੋਜ਼ ਦੀ ਦੌਲਤ ਬਾਰੇ ਗੱਲ ਆਉਂਦੀ ਸੀ। ਕੱਪੜੇ ਲਾਹੁਣਾ ਚਾਹੁੰਦਾ ਸੀ। ਪਰ ਪਿਆਰ ਨਾਲ਼। ਉਸ ਨੇ ਵੇਖ ਲਿਆ ਕਿ ਉਸ ਦੀ ਧੀ ਕਿੰਞ ਲੋਹੇ ਦੇ ਮਖੌਟੇ ਵਾਲ਼ੇ ਵੱਲ ਝਾਕਦੀ ਸੀ। ਉਸ ਨੂੰ ਮੌਕਾ ਦਿੱਸ ਗਿਆ ਅਤੇ ਧੀ ਨੂੰ ਹੱਲਾ ਸ਼ੇਰੀ ਦੇਣ ਲੱਗ ਪਿਆ।

ਇਨਸਾਨ ਦੀ ਅਬਾਦੀ ਕਾਫ਼ੀ ਵੱਧ ਚੁੱਕੀ ਸੀ। ਆਪਣੀ ਧਰਤੀ ਦੀ ਹਰ ਖਾਣੀ ਸੰਪਤੀ ਵਰਤ ਚੁੱਕੇ ਸੀ, ਪਾਣੀ, ਹਵਾ ਅਤੇ ਹਰ ਜਾਨਵਰ ਨੂੰ ਖਾ ਖਾ ਕੇ ਰਜ ਚੁੱਕੇ ਸੀ। ਬੰਦੇ ਦੇ ਟਿੱਡੀ ਦਲ ਨੇ ਨੁਕਸਾਨ ਵੀ ਕੀਤਾ। ਉਂਞ ਅਬਾਦੀ ਨੂੰ ਘਟਾਉਣ ਲਈ ਕੁਦਰਤ ਨੇ ਕਈ ਬਿਮਾਰੀਆਂ ਉਨ੍ਹਾਂ ਨੂੰ ਦਿੱਤੀਆਂ ਅਤੇ ਕਦੀਂ ਕਦੀਂ ਜੰਗ ਵੀ ਅਬਾਦੀ ਨੂੰ ਘਟਾ ਦਿੰਦਾ ਸੀ। ਪਰ ਹੁਣ ਲੜਾਈਆਂ ਘੱਟ ਗਈਆਂ ਸਨ ਅਤੇ ਕਈ ਬਿਮਾਰੀਆਂ ਵਾਸਤੇ ਇਲਾਜ ਮਿਲ਼ ਪਏ ਸੀ। ਫੇਰ ਵੀ ਕਦੀਂ ਕਦੀ ਕਦੀਂ ਕੁਦਰਤ ਵੱਡਾ ਰੋਗ ਲੈ ਆਉਂਦੀ  ਸੀ।

ਫੇਰ ਵੀ ਅਬਾਦੀ ਹੁਣ ਅਰਬਾਂ ਵਿੱਚ ਪਹੁੰਚ ਚੁੱਕੀ ਸੀ, ਖੌਰ੍ਹੇ ਨੀਲ ਤੋਂ ਟੱਪ ਚੁੱਕੀ ਸੀ। ਸੋ ਹੁਣ ਮਕਾਨ ਇਮਾਰਤਾਂ ਧਰਤ ਦੇ ਹਰ ਇੰਚ ਉੱਤੇ ਸਨ। ਜੇ ਕੋਈ ਪੰਛੀ ਥੱਲੇ ਵੇਖੇ ਉਸ ਨੂੰ ਘਾਹ ਜਾਂ ਪੱਥਰ ਨਹੀਂ ਦਿੱਸਣਾ ਸੀ, ਪਰ ਇੱਟ ’ਤੇ ਲੋਹਾ ’ਤੇ ਕੱਚ ਦੇ ਬਣਾਏ ਨਿਵਾਸ। ਸਿਰਫ਼ ਪਾਣੀ ਹੀ ਬੰਦੇ ਤੋਂ ਬਚਿਆ ਸੀ। ਝੀਲ ਸਮੁੰਦਰ ਹਾਲੇ ਪਾਣੀ ਵਾਲ਼ੇ ਜੀਵਾਂ ਦੀਆਂ  ਪਾਤਸ਼ਾਹੀਆਂ ਸਨ।

ਫਰੋਜ਼ ਦਾ ਘਰ ਇੱਕ ਸ਼ਹਿਰੀ ਇਲਾਕੇ ਵਿੱਚ ਸੀ। ਅਮੀਰ ਕਰਕੇ ਕੱਚ ਕਿਲ੍ਹਾ ਸੀ, ਇੱਕ ਲੰਮਾ ਬੁਰਜ ਜੋ ਆਲ਼ੇ ਦੁਆਲ਼ੇ ਵਾਲ਼ੀਆਂ ਮਿਨਾਰਾਂ ਬਿਜਮੰਦਰਾਂ ਤੋਂ ਵੀ ਉੱਚੀਆਂ  ਸਨ ।

ਏਸ ਬੁਰਜ ਦੇ ਉਪਰਲ਼ੇ ਫਲੈਟ ਦੇ ਬੈਠਕ ਵਿੱਚ ਹੁਣ ਖ਼ਲੀਲ ਅਤੇ ਮੀਰਾਂ ਸ਼ਾਹ ਬੈਠੇ ਸਨ। ਫਰੋਜ਼ ਨੂੰ ਉਸ ਦੀ ਖਾਬਗਾਹ ਵਿੱਚ ਪਿਆ ਛੱਡ ਦਿੱਤਾ ਸੀ।

ਕੱਲ੍ਹ ਸਾਨੂੰ ਨਰਸ ਲਈ ਸੇਵਕ ਕਲਦਾਰ ਨੂੰ ਭੇਜਣਾ ਪੈਣਾ ਹੈ। ਉਸ ਦੀ ਮੱਦਦ ਨਾਲ਼ ਆਪਾਂ ਫਰੋਜ਼ ਨੂੰ ਛੇਤੀ ਠੀਕ ਕਰਾਈਏ, ਮੀਰਾਂ ਸ਼ਾਹ ਬੋਲ਼ਿਆ।

ਜੀ। ਪਰ ਜੇ ਉਸ ਨੂੰ ਕਾਹਲ਼ੀ ’ਚ ਠੀਕ ਕਰਨ ਦੀ ਕੋਸ਼ਿਸ਼ ਕੀਤੀ, ਉਸ ਨੂੰ ਇਹ ਭੁੱਲੇਖਾ ਨਹੀਂ ਰਵ੍ਹੇਗਾ , ਮਤਲਬ ਕਿ ਉਸ ਨੇ ਮੁਮਤਾਜ਼ ਦਾ ਭੂਤ ਵੇਖਿਆ?

ਆਹੋ।  ਹੌਲ਼ੀ ਹੌਲ਼ੀ ਕਰਨਾ ਪੈਣਾ। ਹਰ ਸ਼ੱਕ ਉਸ ਦੇ ਜ਼ਿਹਨ ਵਿੱਚੋਂ ਕੱਢਣਾ ਪੈਣਾ ਹੈ। ਸ਼ੱਕੀ ਬੰਦਾ ਹੈ ਅਤੇ ਕਾਫ਼ੀ ਵਹਿਮੀ ਹੈ। ਉਸ ਨੂੰ ਸਬੂਤ ਦੇਣਾ ਪੈਣਾ ਹੈ ਕਿ ਮੁਮਤਾਜ਼ ਨਹੀਂ ਹੋ ਸਕਦੀ ਸੀ।

ਹੂੰ। ਜੇ ਲੋੜ ਪਈ ਨੇਕ ਸਿੰਘ ਦੀ ਮੱਦਦ ਵੀ ਲੈ ਸਕਦੇ। ਪਰ ਪੁਲਸ ਸ਼ਾਮਲ ਕਰਨ ਤੋਂ ਪਹਿਲਾਂ ਸਾਨੂੰ ਸਬੂਤ ਲਭਣਾ ਪੈਣਾ ਹੈ। ਸਬੂਤ ਨਾਲ਼ ਵਹਿਮ ਨਿਕਲ਼ ਜਾਵੇਗਾ।

ਸਹੀ। ਤੂੰ  ਹੁਣ ਆਪਣੀ ਵਾਤ ਚਾਲੂ ਕਰ। ਨਾਲ਼ੋ ਨਾਲ਼ ਪੁਲਸ ਵੀ ਜ਼ਰੂਰ ਪੁੱਛ ਗਿੱਛ ਕਰ ਰਹੀ ਹੋਵੇਗੀ। ਪਰ ਕਿਉਂਕਿ ਕਿਸੇ ਨੂੰ ਕੁਝ ਹੋਇਆ ਨਹੀਂ ਜਿੰਨਾ ਕਰਨਾ ਸੀ ਰਾਤ ਕਰ ਚੁੱਕੀ। ਸਬੂਤ ਤੋਂ ਬਗੈਰ ਨੇਕ ਸਿੰਘ ਨੇ ਕੁਝ ਨਹੀਂ ਕਰਨਾ ’ਤੇ ਫਰੋਜ਼ ਨੇ ਹੋਰ ਕਾਲ਼ੀ ਉਦਾਸੀ ਵਿੱਚ ਡੁੱਬ ਜਾਣਾ ਹੈ।

ਠੀਕ। ਰਾਤ ਕਿੱਥੇ ਤਾਂ ਗਈ ਸੀ। ਕਿੱਥੇ ਤੋਂ ਆਈ ਸੀ। ਕਿਸੇ ਨੇ ਤਾਂ ਵੇਖਿਆ ਹੋਵੇਗਾ। ਸ਼ਾਇਦ ਪੁਲਸ ਪੁੱਛ ਹਟੀ ਪਰ ਮੈਂ ਫੇਰ ਟੀਟੂ ਦੇ ਘਰ ਜਾਂਦਾ ਅਤੇ ਸਵਾਲ ਆਖਦਾ। ਸ਼ਾਇਦ ਉਸ ਨੇ ਟੈਕਸੀ ਕੀਤੀ ਹੋਵੇਗੀ। ਜਾਂ ਕਿਸੇ ਨੇ ਜਿਸ ਗੱਡੀ-ਜਹਾਜ਼ ਵਿੱਚ ਆਈ ਸੀ ਵੇਖਿਆ ਹੋਵੇ। ਕਿਸੇ ਤਰੀਕੇ ਨਾਲ਼ ਹੀ ਪਾਰਟੀ ਆਈ ਅਤੇ ਉੱਥੋਂ ਗਈ। ਮੇਰੇ ’ਤੇ ਰਹਿਣਦੇ। ਤੂੰ  ਫਰੋਜ਼ ਨੂੰ ਸੰਭਾਲ਼!

ਖ਼ਲ਼ੀਲ ਨੂੰ ਪਤਾ ਲੱਗ ਗਿਆ ਸੀ ਕਿ ਨੇਕ ਸਿੰਘ ਨੇ ਉਸ ਨੀਨਾ ਨੂੰ ਕਈ ਸਵਾਲ ਪੁੱਛੇ ਅਤੇ ਟੀਟੂ ਨੂੰ ਵੀ। ਹਾਰ ਕੇ ਇੱਕ ਟੈਕਸੀ ਕੰਪਣੀ ਤੋਂ ਪਤਾ ਲੱਗ ਗਿਆ ਸੀ ਕਿ ਇੱਕ ਪੁਲਾੜ-ਨਾਓ ਨੇ ਜਾਮਨੀ ਲੀੜੇ ਵਾਲ਼ੀ ਨੂੰ ਟੀਟੂ ਦੀ ਪਾਰਟੀ ਲੈ ਕੇ ਆਂਦਾ ਸੀ। ਅਤੇ ਇੱਕ ਅਲੱਗ ਕੰਪਣੀ ਦੇ ਗੱਡੀਵਾਨ ਨੇ ਲੈ ਪਰਤਿਆ ਸੀ। ਪਰ ਕਿੱਥੇ ਪਰਤਿਆ? ਏਸ ਦਾ ਜਵਾਬ ਸੁਣ ਕੇ ਖ਼ਲੀਲ ਹੈਰਾਨ ਹੋ ਪਿਆ! ਕਬਰਸਤਾਨ! ਨਾਲ਼ੇ ਓਸ ਹੀ ਕਬਰਸਤਾਨ ਜਿੱਥੋਂ ਚੁੱਕਿਆ, ਉਸ ਨੂੰ ਛੱਡਿਆ! ਜਿੱਥੇ ਮੁਮਤਾਜ਼ ਦਫ਼ਨ ਸੀ! ਕਾਸ਼! ਇਹ ਗੱਲ ਸੁਣ ਕੇ ਨੇਕ ਹੱਸ ਪਿਆ ਅਤੇ ਉਸ ਨੇ ਉਸ ਹੀ ਵਕਤ ਖੋਜ ਬੰਦ ਕਰ ਰ ਦਿੱਤੀ ਸੀ।

ਖ਼ਲੀਲ ਨੂੰ ਪਤਾ ਲੱਗ ਗਿਆ ਸੀ ਕਿ ਕਲਦਾਰੀ ਗੱਡੀਵਾਨ ਨੇ ਲਿਆਂਦੀ ਸੀ ਪਰ ਇੱਕ ਇਨਸਾਨ ਨੇ ਹੀ ਵਾਪਸ ਛੱਡਿਆ ਸੀ। ਬੰਦੇ ਦੇ ਘਰ ਪੁੱਜ ਗਿਆ ਅਤੇ ਕਈ ਸਵਾਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਔਰਤ ਨੂੰ ਕਬਰਸਤਾਨ ਦੇ ਨਾਲ਼ ਦਾਖ਼ਲਖਾਣੇ ’ਤੇ ਛੱਡਿਆ ਸੀ।

ਹੁਣ ਏਸ ਸਮੇਂ ਦੇ ਕਬਰਸਤਾਨ ਸਾਡੀ ਭੂਮੀ ’ਤੇ ਨਹੀਂ ਸਨ, ਪਰ ਪੁਲਾੜ ਵਿੱਚ ਵੱਡੇ ਵੱਡੇ ਗੋਲ਼ੇ ਬਣਾਏ ਸਨ, ਜਿਨ੍ਹਾਂ ਵਿੱਚ ਖਾਣੇ ਸਨ। ਅਬਾਦੀ ਵੱਡੀ ਕਰਕੇ ਧਰਤ ਉੱਤੇ ਜਗ੍ਹਾ ਨਹੀਂ ਰਹੀ ਸੋ ਇਹ ਗੋਲ਼ੇ ਦੁਨੀਆ ਦੇ ਉਪਗ੍ਰਹਿ ਸਨ ਜੋ ਗ੍ਰਹਿ ਪੰਥ ’ਤੇ ਚਲਦੇ ਸਨ। ਸਾਰਿਆਂ ਦੇ ਬਾਹਰ ਦਾਖ਼ਲਖਾਣੇ ਸਨ ਜਿਸ ਦੇ ਰਾਹੀਂ ਆਪਣੇ ਪਿਆਰਿਆਂ ਨੂੰ ਅੰਦਰ ਵੇਖਣ ਜਾ ਸਕਦੇ ਸਨ। ਪਰ ਜਿਸ ਵੇਲ਼ੇ ਜਾਮਨੀ ਮਖੌਟੇ ਵਾਲ਼ੀ ਨੂੰ ਚੁੱਕਿਆ ਅੰਦਰ ਜਾਣ ਦਾ ਬੂਹਾ ਬੰਦ ਸੀ। ਜਦ ਛੱਡਿਆ, ਉਹ ਹੀ ਗੱਲ ਸੀ! ਦਾਖ਼ਲਖਾਣੇ ਵਿੱਚ ਹੀ ਸੀ।

ਕੀ ਇਸ ਦਾ ਮਤਲਬ ਸੱਚ ਮੁੱਚ ਮੁਮਤਾਜ਼ ਦੀ ਬਲ਼ਾ ਸੀ? ਨਹੀਂ ਹੋ ਸਕਦਾ। ਕਿਸੇ ਨੇ ਜਾਣ ਬੁੱਝ ਕੇ ਪੁਲਾੜ ਜਾ ਕੇ ਕਬਰਸਤਾਨ ਕੋਲ਼ੋ ਲਿਫਤ ਲਈ ਸੀ! ਨਾਲ਼ੇ ਐਣ ਉਹ ਹੀ ਕਰਬਸਤਾਨ ਜਿੱਥੇ ਮੁਮਤਾਜ਼ ਦਫ਼ਨ ਸੀ! ਹੁਣ ਲੱਭਣਾ ਔਖਾ ਹੋਵੇਗਾ। ਖ਼ਲੀਲ ਦੇ ਦਿਮਾਗ਼ ਵਿੱਚ ਇੱਕ ਹੀ ਰਾਹ ਸੀ! ਇਨਾਮ ਦਿੱਤਾ ਜਾਵੇਗਾ ਉਸ ਨੂੰ ਜਿਸ ਨੇ ਪਤਾ ਦਿੱਤਾ ਓਹ ਔਰਤ ਕੌਣ ਹੈ! ਏਸ ਢੰਗ ਨਾਲ਼ ਲੱਭ ਜਾਵੇਗੀ। ਆਪਣੀ ਜੁਗਤ ਮੀਰਾਂ ਸ਼ਾਹ ਨੂੰ ਦੱਸ ਦਿੱਤੀ। ਡਾਕਟਰ ਸਹਿਮਤ ਸੀ।

ਜਦ ਖ਼ਲੀਲ ਟੈਕਸੀ ਵਾਲ਼ੇ ਦੇ ਘਰ ਗਿਆ, ਉਸ ਵੇਲ਼ੇ ਮੀਰਾਂ ਸ਼ਾਹ ਦਾ ਖ਼ਾਸ ਕਲਦਾਰ ਨਰਸ ਦੇ ਘਰ ਪਹੁੰਚ ਚੁੱਕਾ ਸੀ। ਨਰਸ ਦਾ ਨਾਂ ਸ਼ਗੁਫ਼ਤਾ ਸੀ। ਸ਼ਗੁਫ਼ਤਾ ਨੀਨਾ ਦੀ ਮਕਾਨ ਮਾਲਕਣ ਸੀ। ਕਿਸਮਤ ਦੀ ਗੱਲ ਸੀ ਓਸ ਵੇਲ਼ੇ ਸ਼ਗੁਫ਼ਤਾ ਸੁੱਤੀ ਸੀ ਪਰ ਨੀਨਾ ਉੱਠੀ। ਜਦ ਘੰਟੀ ਵਜਾਈ ਨੀਨਾ ਨੇ ਬੂਹਾ ਖੋਲ੍ਹਿਆ ਅਤੇ ਉਸ ਦੇ ਸਾਹਮਣੇ ਡਾਕਟਰ ਦਾ ਕਲਦਾਰ ਖਲੋਇਆ ਸੀ।

ਜੀ ਸਵੇਰੇ ਕੀ ਕਰਦੇ ਇੱਥੇ? ਮਾਲਕਣ ਸੁੱਤੀ ਹੈ।

ਉਸ ਨੂੰ ਜਗਾਓ, ਕਲਦਾਰ ਦੀ ਆਵਾਜ਼ ਵਿੱਚ ਹਰ ਕਲਦਾਰ ਵਾਂਗਰ ਬਿੱਜਲੀ ਦੀ ਸਰ ਸਰ ਸੀ। ਉਨ੍ਹਾਂ ਨੂੰ ਮਨ੍ਹਾ ਸੀ ਇਨਸਾਨ ਦੀ ਆਵਾਜ਼ ਦੀ ਸੁਰ ਦੀ ਨਕਲ ਕਰਨ। ਉਂਞ ਚਾਰ ਅਸੂਲ ਸਨ।

ਪਹਿਲਾਂ ਕਿ ਬੰਦਿਆਂ ਦੀ ਮੱਦਦ ਕਰਾਂਗੇ।

ਦੂਜਾ ਕਿ ਬੰਦਿਆਂ ਦੀ ਸੁਰੱਖਿਆ ਕਰਾਂਗੇ।

ਤੀਜਾ ਕਿ ਕਦੇ ਬੰਦਿਆਂ ਨੂੰ ਨਹੀਂ ਮਾਰਾਂਗੇ।

ਚੌਥਾ ਕਿ ਬੰਦਿਆਂ ਦੀ ਨਕਲ ਮਨ੍ਹਾ ਹੈ, ਸ਼ਕਲ ਵਿੱਚ ਜਾਂ ਸੁਭਾਓ ਵਿੱਚ।

ਨੀਨਾ ਨੇ ਸੋਚਿਆ, ਫੇਰ ਵੀ ਸਾਇੰਸੀ ਬੰਦਿਆਂ ਨੇ ਸਿਰ ਦਿੱਤਾ, ਪਿੰਡਾ ਦਿੱਤਾ ਅਤੇ ਲੱਤਾਂ ਬਾਹਾਂ ਦਿੱਤੀਆਂ! ਜਿੰਞ ਇਨਸਾਨ ਹਰ ਚੀਜ਼ ਨੂੰ ਆਪਣੇ ਰੂਪ ਵਿੱਚ ਹੀ ਵੇਖਣਾ ਚਾਹੁੰਦਾ ਹੈ।

ਨਰਸ ਦੀ ਜ਼ਰੂਰੀ ਲੋੜ ਹੈ ਮੇਮ ਸਾਹਿਬਾ।

ਫੇਰ ਵੀ ਏਸ ਵੇਲ਼ੇ!

ਜੀ। ਰਾਤ ਦੀ ਪਾਰਟੀ ਬਾਅਦ ਮਾਲਕ ਬਿਮਾਰ ਹੋ ਗਿਆ ਅਤੇ ਉਸ ਦੇ ਡਾਕਟਰ ਨੇ ਕਿਹਾ ਉਸ ਦੀ ਹੰਗਾਮੀ ਹਾਲਤ ਹੈ।

ਕਿਸ ਦੀ? ਪਰ ਨੀਨਾ ਨੂੰ ਸ਼ੱਕ ਸੀ ਕਿਸ ਦੀ ਅਤੇ ਉਸ ਦਾ ਪੇਟ ਵੱਟ ਖਾ ਰਿਹਾ ਸੀ।

ਜੀ। ਫਰੋਜ਼ ਗੱਗ ਸਾਹਿਬ।

ਠੀਕ। ਮੈਂ ਹੁਣੇ ਉਸ ਨੂੰ  ਉਠਾ ਕੇ ਆਉਂਦੀ ਹੈ! ਡਰ ਨਾਲ਼ ਨੀਨਾ ਸ਼ਗੁਫ਼ਤਾ ਨੂੰ  ਜਗਾਉਣ ਤੁਰ ਪਈ। ਸ਼ਗੁਫ਼ਤਾ ਹੈਰਾਨ ਸੀ ਕਿ ਸਾਝਰੇ ਕਿਉਂ ਉਸ ਨੂੰ ਉੱਠਾ ਰਹੀ ਸੀ। ਫਟਾਫਟ ਨੀਨਾ ਨੇ ਸਮਝਾ ਦਿੱਤਾ ਕਿ ਫਰੋਜ਼ ਨਾਲ਼ ਰਾਤੀ ਪਾਰਟੀ ਵਿੱਚ ਕੀ ਬੀਤਿਆ ਸੀ ਅਤੇ ਹੁਣ ਮੁਮਤਾਜ਼ ਬਾਰੇ ਸੋਚਦਾ ਬਿਮਾਰ ਹੋ ਗਿਆ।

ਸ਼ਗੁਫ਼ਤਾ ਤੇਜ਼ ਸੀ ਅਤੇ ਸਮਝ ਗਈ ਕਿ ਦਾਲ਼ ਵਿੱਚ ਕੁਝ ਕਾਲ਼ਾ ਸੀ। ਉਸ ਨੇ ਸਾਫ਼ ਪੁੱਛਿਆ ਤੂੰ  ਉਸ ਨੂੰ ਪਿਆਰ ਕਰਦੀ ਹੈ ਨਾ? ਨੀਨਾ ਦਾ ਮੂੰਹ ਲਾਲ ਹੋ ਗਿਆ ਅਤੇ ਹਾਂ ਵਿੱਚ ਸਿਰ ਹਿਲਾਇਆ। ਫੇਰ ਤੂੰ  ਵੀ ਆ। ਜਦ ਦੋਵੇਂ ਬਾਹਰ ਆਈਆਂ, ਕਲਦਾਰ ਹੈਰਾਨ ਸੀ। ਪਰ ਉਸ ਦੇ ਲੋਹੇ ਮੂੰਹ ਨੂੰ ਵੇਖ ਕੇ ਪਤਾ ਨਹੀਂ ਲੱਗ ਸਕਦਾ ਸੀ। ਬਾਕੀ ਅਗਲੇ ਅੰਕ ਵਿਚ।

ਰੁਪਿੰਦਰਪਾਲ ਸਿੰਘ ਢਿੱਲੋਂ (ਰੂਪ ਢਿੱਲੋਂ) ਕਹਾਣੀ, ਨਾਵਲ ਅਤੇ ਕਵਿਤਾ ਲਿਖਦਾ, ਇੱਕ ਬਰਤਾਨਵੀ ਸਮਕਾਲੀ ਪੰਜਾਬੀ ਲੇਖਕ ਹੈ। ਰੂਪ ਢਿੱਲੋਂ ਇੰਗਲੈਂਡ ਦਾ ਜੰਮਪਲ ਅਤੇ ਅੰਗਰੇਜ਼ੀ ਸਾਹਿਤ ਦਾ ਚੰਗਾ ਜਾਣੂ ਹੈ। ਉਸਨੇ ਔਕਸਫੋਡ ਯੂਨੀਵਰਸਿਟੀ ਤੋਂ ਉਚੇਰੀ ਪੜ੍ਹਾਈ ਹਾਸਲ ਕੀਤੀ ਹੈ। ਹੁਣ ਤੱਕ ਉਸਦੇ ਪ੍ਰਕਾਸ਼ਿਤ ਹੋ ਚੁੱਕੇ ਨਾਵਲ ਤੇ ਕਹਾਣੀਆਂ ਹਨ - ਨੀਲਾ ਨੂਰ (2007), ਬੇਘਰ ਚੀਤਾ (2009), ਕਲਦਾਰ (2010), "ਬਾਰਸੀਲੋਨਾ: ਘਰ ਵਾਪਸੀ" (2010), ਭਰਿੰਡ (2011),ਓ, (2015), ਗੁੰਡਾ (2014), ਸਮੁਰਾਈ (2016), ਚਿੱਟਾ ਤੇ ਕਾਲ਼ਾ (2022), ਹੌਲ (2023)।



ਸਾਨੂੰ ਪਦਾਰਥ ਤੇ ਥੋੜ੍ਹੀ ਜਿਹੀ ਗਤੀ ਦਿਓ ਤੇ ਅਸੀਂ ਇੱਕ ਬ੍ਰਹਿਮੰਡ ਦਾ ਨਿਰਮਾਣ ਕਰਾਂਗੇ। ਇਹ ਕਾਫ਼ੀ ਨਹੀਂ ਹੈ ਕਿ ਸਾਡੇ ਕੋਲ਼ ਪਦਾਰਥ ਹੋਣਾ ਚਾਹੀਦਾ ਹੈ, ਸਾਡੇ ਕੋਲ਼ ਪੁੰਜ ਨੂੰ ਸ਼ੁਰੂ ਕਰਨ ਲਈ ਅਤੇ ਅਪਕੇਂਦਰੀ ਅਤੇ ਕੇਂਦਰਮੁਖੀ ਸ਼ਕਤੀਆਂ ਵਿਚ ਇਕਸੁਰਤਾ ਪੈਦਾ ਕਰਨ ਲਈ ਆਵੇਗ ਵੀ ਜ਼ਰੂਰੀ ਹੈ। …ਇਸ ਵਰਤਾਰੇ ਦੇ ਪ੍ਰਭਾਵਾਂ ਦਾ ਕੋਈ ਅੰਤ ਨਹੀਂ ਹੈ। ਉਹ ਨਾਮੀ ਮੂਲ ਧਮਾਕਾ ਫਿਰ ਵਿਵਸਥਾ ਦੇ ਸਭ ਗੋਲ਼ਿਆਂ ਵਿਚ ਫੈਲ ਜਾਂਦਾ ਹੈ, ਅਤੇ ਉਸ ਗੋਲ਼ੇ ਦੇ ਹਰ ਇੱਕ ਪ੍ਰਮਾਣੂ ਵਿਚ। ~ ਰਾਲਫ਼ ਵਾਲਡੋ ਐਮਰਸਨ (1803-1882), ਜੋ ਕਿ 19ਵੀਂ ਸਦੀ ਦਾ ਇਕ ਮਹਾਨ ਅਮਰੀਕਨ ਕਵੀ, ਦਾਰਸ਼ਨਿਕ ਤੇ ਲੇਖਕ ਸੀ। ਉਹ ਵਿਅਕਤੀਵਾਦ, ਪਾਰਦਰਸ਼ੀਵਾਦ (Transcendentalism) - ਸਵੈ ਨਿਰਭਰਤਾ ਤੇ ਬੌਧਿਕ ਅਜ਼ਾਦੀ ਵਿਚ ਵਿਸ਼ਵਾਸ਼ ਰੱਖਦਾ ਸੀ। ਫਰੀਡਰਕ ਨੀਚਾਹ ਅਨੁਸਾਰ ਉਹ ਸਭ ਤੋਂ ਗੁਣੀ ਅਮਰੀਕਨ ਸੀ ਤੇ ਵਾਲਟ ਵ੍ਹਿਟਮੈਨ ਉਸਨੂੰ ਆਪਣਾ ਉਸਤਾਦ ਮੰਨਦਾ ਸੀ।

ਯੁੱਗ ਪਲਟਾਉਣ ਵਾਲੀ ਨਵੀਂ ਤਕਨਾਲੋਜੀ: ਕੁਆਂਟਮ ਕੰਪਿਊਟਿੰਗ / ਪ੍ਰੋ. (ਡਾ.) ਸਤਬੀਰ ਸਿੰਘ


ਕੀ ਹੈ ਕੁਆਂਟਮ ਕੰਪਿਊਟਿੰਗ: ਕੁਆਂਟਮ ਕੰਪਿਊਟਿੰਗ ਨਵੀਂ ਸ਼੍ਰੇਣੀ ਦੇ ਬਣਨ ਵਾਲੇ ਕੰਪਿਊਟਰ ਉਪਕਰਨਾਂ ਅਤੇ ਯੰਤਰਾਂ ਲਈ ਇੱਕ ਆਧੁਨਿਕ ਤਕਨੀਕ ਹੈ, ਜਿਸ ਵਿੱਚ ਕੰਪਿਊਟਰ ਦੇ ਢਾਂਚੇ (ਡਿਜੀਟਲ ਨੈਟਵਰਕ) ਨੂੰ ਚਲਾਉਣ ਵਾਲੇ ਗਣਿਤ ਦੇ ਦੋ ਅੰਕ 0 ਅਤੇ 1 ਇਕੱਠਿਆਂ ਕੰਮ ਕਰਦੇ ਹਨ। ਕੁਆਂਟਮ ਮਕੈਨਿਕਸ ਦੇ ਸਿਧਾਂਤ ਤੇ ਚੱਲਣ ਵਾਲੇ ਕੰਪਿਊਟਰਾਂ ਨੂੰ ਕੁਆਂਟਮ ਕੰਪਿਊਟਰ ਕਿਹਾ ਜਾਂਦਾ ਹੈ। ਇਸ ਸਿਧਾਂਤ ਅਨੁਸਾਰ ਡਾਟਾ ਜਾਂ ਜਾਣਕਾਰੀ ਨੂੰ 0 ਜਾਂ 1 ਬਿੱਟ ਵਿੱਚ ਬਦਲਣ ਦੀ ਜਗ੍ਹਾ ਇਕੱਠਿਆਂ ਹੀ ਕੋਡ ਕੀਤਾ ਜਾ ਸਕਦਾ ਹੈ। ਪੁਰਾਣੇ ਸਮੇਂ ਦੀ ਤਕਨਾਲੋਜੀ (ਸੈਮੀਕੰਡਕਟਰ ਚਿੱਪਾਂ) ਅਨੁਸਾਰ ਚੱਲਣ ਵਾਲੇ ਡਿਜੀਟਲ ਕੰਪਿਊਟਰ/ਮਸ਼ੀਨਾਂ ਦੋ ਬਾਈਨਰੀ ਅੰਕਾਂ 0 ਜਾਂ 1 ਨੂੰ ਵਰਤੋਂ ਵਿੱਚ ਲਿਆਉਂਦੇ ਹਨ। ਇਹ ਦੋ ਅੰਕ 0 ਜਾਂ 1 ਬਿੱਟ ਦੇ ਰੂਪ ਵਿੱਚ ਜਾਣਕਾਰੀ ਜਾਂ ਡਾਟਾ ਨੂੰ ਇਕੱਠਾ ਕਰਕੇ ਕੰਪਿਊਟਰ ਦੀ ਯਾਦ ਸ਼ਕਤੀ ਵਿੱਚ ਜਮਾ ਕਰਕੇ ਸਾਰੀ ਪ੍ਰਣਾਲੀ ਨੂੰ ਕਾਰਜਸ਼ੀਲ ਕਰਦੇ ਹਨ। ਹੁਣ ਤੱਕ ਵਰਤੇ ਜਾ ਰਹੇ ਡਿਜੀਟਲ ਕੰਪਿਊਟਰ ਇੱਕੋ ਵੇਲੇ ਘੱਟ ਸਮੇਂ ਵਿੱਚ ਬਹੁਤ ਔਖੇ ਕੰਮ ਨਹੀਂ ਕਰ ਸਕਦੇ, ਪਰ ਕੁਆਂਟਮ ਕੰਪਿਊਟਰ (0,1) ਕਿਊਬਿਟ ਵਰਤ ਕੇ ਇੱਕੋ ਸਮੇਂ ਤੇ ਕਈ ਤਰ੍ਹਾਂ ਦੇ ਔਖੇ ਕੰਮ/ਗਣਨਾਵਾਂ ਸਮਾਨਾਂਤਰ ਤਰੀਕੇ ਨਾਲ ਜਲਦੀ ਕਰ ਸਕਦੇ ਹਨ। ਉਦਾਹਰਨ ਦੇ ਤੌਰ ਤੇ ਮੰਨ ਲਓ ਕਿਸੇ ਵੱਡੀ ਯੂਨੀਵਰਸਿਟੀ ਦੀ ਲਾਇਬਰ੍ਰੇਰੀ ਵਿੱਚੋਂ ਅਸੀਂ ਕੋਈ ਖਾਸ ਕਿਤਾਬ ਲੱਭਣੀ ਹੈ। ਪੁਰਾਣੇ ਤਰੀਕੇ ਅਨੁਸਾਰ ਅਸੀਂ ਉਸ ਕਿਤਾਬ ਨੂੰ ਲੱਭਣ ਲਈ ਖੁਦ ਹਰ ਇੱਕ ਸ਼ੈਲਫ ਚੈੱਕ ਕਰਾਂਗੇ ਤੇ ਫੇਰ ਇੱਕ-2 ਕਿਤਾਬ, ਜਦੋਂ ਤੱਕ ਸਾਨੂੰ ਉਹ ਕਿਤਾਬ ਲੱਭ ਨਹੀਂ ਜਾਂਦੀ। ਇਸ ਵਿਧੀ ਨੂੰ ਰੇਖਿਕ (Linear) ਪਹੁੰਚ ਕਹਿੰਦੇ ਹਨ। ਪਰ ਕੁਆਂਟਮ ਪਹੁੰਚ ਵਿੱਚ ਅਜਿਹੀ ਖਾਸ ਕਿਤਾਬ ਲੱਭਣ ਲਈ ਇੱਕੋ ਵੇਲੇ ਸਾਰੇ ਸੰਭਵ ਰਸਤੇ ਲੱਭੇ ਜਾਂਦੇ ਹਨ। ਮਸਨੂਈ ਬੁੱਧੀ ਵਰਗੇ ਕੰਮਾਂ ਅਤੇ ਹਾਲਾਤਾਂ ਵਿੱਚ ਕੁਆਂਟਮ ਕੰਪਿਊਟਰ ਹੀ ਵਰਤੇ ਜਾਣ ਲੱਗ ਪਏ ਹਨ, ਕਿਉਂਕਿ ਇਹ ਮਨੁੱਖੀ ਦਿਮਾਗ ਵਾਂਗ ਸੋਚ ਸਕਦੇ ਹਨ। ਇਸ ਵਕਤ ਮਸਨੂਈ ਬੁੱਧੀ ਤਕਨਾਲੋਜੀ ਆਪਣੀ ਚਰਮਸੀਮਾ ਤੇ ਹੈ। ਹਰ ਇੱਕ ਖੇਤਰ ਵਿੱਚ ਇਸਦੀ ਵਰਤੋਂ ਹੋ ਰਹੀ ਹੈ, ਜਿਵੇਂ ਵਪਾਰ, ਉਦਯੋਗ, ਆਰਥਿਕ ਖੇਤਰ, ਖੇਤੀਬਾੜੀ, ਬੈਂਕਿੰਗ ਪ੍ਰਣਾਲੀ, ਮੈਡੀਕਲ ਵਿਗਿਆਨ ਦੇ ਖੇਤਰ, ਮੌਸਮ ਵਿਗਿਆਨ, ਉਪਗ੍ਰਹਿ ਤਕਨਾਲੋਜੀ, ਮੋਬਾਈਲ ਸੰਚਾਰ ਪ੍ਰਣਾਲੀ ਆਦਿ। ਪਰ ਇਹ ਵੀ ਆਪਣੀ ਸੋਚਣ ਸ਼ਕਤੀ ਦੀ ਸਥਾਪਿਤ ਕੀਤੀ ਹੋਈ ਮਿਕਦਾਰ ਤੇ ਨਿਰਭਰ ਕਰਦੀ ਹੈ। ਕੁਆਂਟਮ ਕੰਪਿਊਟਿੰਗ ਰਾਹੀਂ ਮਸਨੂਈ ਬੁੱਧੀ ਅਤੇ ਮਸ਼ੀਨ ਸਿਖਲਾਈ ਦੇ ਕੰਮ ਕਰਨ ਦੀ ਕੁਸ਼ਲਤਾ ਬਹੁਤ ਵੱਧ ਜਾਂਦੀ ਹੈ। ਅਜਿਹੇ ਕੰਪਿਊਟਰ ਬਹੁਤ ਤਰੀਕੇ ਨਾਲ ਕੰਮ ਕਰਦੇ ਹਨ। ਕੁਆਂਟਮ ਕੰਪਿਊਟਰ ਰਵਾਇਤੀ ਕੰਪਿਊਟਰ ਨਾਲੋਂ ਲੱਖਾਂ ਗੁਣਾ ਜ਼ਿਆਦਾ ਤੇਜ਼ ਸਪੀਡ ਤੇ ਕੰਮ ਕਰਨ ਵਾਲੇ ਹੁੰਦੇ ਹਨ। ਭਵਿੱਖ ਦੀਆਂ ਕਈ ਅਜਿਹੀਆਂ ਸਮੱਸਿਆਵਾਂ, ਜੋ ਕਿ ਆਮ ਕੰਪਿਊਟਰਾਂ ਦੇ ਵੱਸੋਂ ਬਾਹਰੀ ਹਨ, ਕੁਆਂਟਮ ਕੰਪਿਊਟਰ ਕੁਸ਼ਲਤਾ ਨਾਲ ਹੀ ਹੱਲ ਕਰਨਗੇ। ਸੰਨ 2030 ਤੱਕ ਕੁਆਂਟਮ ਕੰਪਿਊਟਰ ਦੀ ਵਿਸ਼ਵ ਪੱਧਰ ਤੇ ਮਾਰਕੀਟ 65 ਬਿਲੀਅਨ ਡਾਲਰ ਤੱਕ ਪੁੱਜ ਜਾਵੇਗੀ। ਮਾਈਕ੍ਰੋਸੋਫਟ, ਗੂਗਲ, ਆਈ.ਬੀ.ਐਮ ਤੇ ਇੰਟੈਲ ਜਿਹੀਆਂ ਵੱਕਾਰੀ ਕੰਪਿਊਟਰ ਸੰਸਥਾਵਾਂ ਹੁਣ ਕੁਆਂਟਮ ਕੰਪਿਊਟਿੰਗ ਤਕਨੀਕਾਂ ਨੂੰ ਇੱਕ ਟੂਲ ਦੀ ਤਰ੍ਹਾਂ ਵਰਤ ਰਹੀਆਂ ਹਨ।

ਕੁਆਂਟਮ ਤਕਨਾਲੋਜੀ ਕੀ ਹੈ?

ਵਰਤਮਾਨ ਦੀ ਡਿਜੀਟਲ ਤਕਨਾਲੋਜੀ 0 ਜਾਂ 1 ਬਿੱਟ ਤੇ ਆਧਾਰਿਤ ਹੈ।  ਸਾਡੇ ਲੈਪਟਾਪ, ਮੋਬਾਈਲ ਫੋਨ, ਟੈਲੀਵਿਯਨ, ਕੈਮਰੇ, ਕੰਪਿਊਟਰ ਤੇ ਹੋਰ ਕਈ ਪ੍ਰਕਾਰ ਦੇ ਬਿਜਲਾਣੂ ਉਪਕਰਨ 0 ਜਾਂ 1 ਬਿੱਟ ਅਨੁਸਾਰ ਹੀ ਚੱਲਦੇ ਹਨ। 0 ਦਾ ਮਤਲਬ (ਆਫ) ਤੇ 1 ਦਾ ਮਤਲਬ (ਆਨ) ਮੁਤਾਬਕ ਹੀ ਜਾਣਕਾਰੀ ਜਮ੍ਹਾ ਹੋ ਸਕਦੀ ਹੈ।  ਪਰ ਕੁਆਂਟਮ ਕੰਪਿਊਟਿੰਗ ਕੁਆਂਟਮ ਬਿੱਟਸ ਜਾਂ ਕਿਊਬਿਟਸ ਤੇ ਆਧਾਰਿਤ ਹੈ। ਕੁਆਂਟਮ ਤਕਨਾਲੋਜੀ ਕਿਊਬਿਟਸ ਨੂੰ ਵਰਤਦੀ ਹੈ ਜੋ ਕਿ ਕੰਪਿਊਟਰ ਦੀਆਂ ਮੌਲਿਕ ਬਿਜਲਾਣੂ ਅਵਸਥਾਵਾਂ 0 ਅਤੇ 1 ਨੂੰ ਇਕੱਠਾ ਵਰਤ ਕੇ ਇੱਕੋ ਸਮੇਂ ਕਈ ਸਟੇਟਾਂ (00, 01, 10, 11) ਦੀ ਨੁਮਾਇੰਦਗੀ ਕਰਦੀ ਹੈ। ਇਸ ਸੁਮੇਲ ਨੂੰ “ਸੁਪਰਪੁਜ਼ੀਸ਼ਨ” ਵੀ ਕਿਹਾ ਜਾਂਦਾ ਹੈ। ਕੁਆਂਟਮ ਤਕਨਾਲੋਜੀ ਦਾ ਸਫਲ ਲਾਗੂਕਰਨ ਫੋਟੋਨਿਕ ਏਕੀਕ੍ਰਿਤ ਬਿਜਲਾਣੂ ਸਰਕਟਾਂ ਤੇ ਨਿਰਭਰ ਕਰਦਾ ਹੈ, ਜੋ ਕਿ ਫੋਟੋਨਿਕ ਕੁਆਂਟਮ ਅਵਸਥਾਵਾਂ ਜਾਂ ਕਿਊਬਿਟਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰ ਸਕਦੇ ਹਨ। ਹੈਲਮਹੋਲਟਜ਼ ਜੈਂਟਰਮ ਡਰੈਸਡਨ ਰੋਸਨਡੋਫ ਯੂਨੀਵਰਸਿਟੀ, ਜਰਮਨੀ ਦੇ ਭੌਤਿਕ ਵਿਗਿਆਨੀਆਂ ਨੇ ਨੈਨੋ-ਪੱਧਰ ਤੇ ਸਿਲੀਕਾਨ (ਸੈਮੀਕੰਡਕਟਰ) ਵਿੱਚ ਇਕਹਿਰੇ ਫੋਟਾਨ ਐਮੀਟਰਾਂ ਦੀ ਨਿਯੰਤਰਿਤ ਰਚਨਾ ਦਾ ਪ੍ਰਦਰਸ਼ਨ ਕੀਤਾ ਹੈ। ਇਹ ਰਿਪੋਰਟ ਨੇਚਰ ਮੈਗਜ਼ੀਨ ਵਿੱਚ 12 ਦਸੰਬਰ 2022 ਨੂੰ ਪ੍ਰਕਾਸ਼ਿਤ ਹੋਈ ਸੀ। ਇਸ ਖੋਜ ਲਈ CMOS ਤਕਨਾਲੋਜੀ ਦੀ ਵਰਤੋਂ ਹੋਈ ਹੈ। ਉਹਨਾਂ ਨੇ 100 ਨੈਨੋਮੀਟਰ ਸਕੇਲ ਦੀ ਇੱਕ ਫੋਟੋਨਿਕ ਕੁਆਂਟਮ ਚਿੱਪ (ਪ੍ਰੋਸੈਸਰ) ਤਿਆਰ ਕੀਤੀ ਹੈ। ਇਹ ਤੇਜ਼ ਤਰਾਟ ਚਿੱਪਾਂ ਹੀ ਕੁਆਂਟਮ ਕੰਪਿਊਟਰਾਂ ਦਾ ਆਧਾਰ ਬਣਨਗੀਆਂ। ਕੁਆਂਟਮ ਤਕਨਾਲੋਜੀ ਦੇ ਤਿੰਨ ਮੁੱਖ ਖੇਤਰਾਂ ਵਿੱਚੋਂ ਇਕੱਲੀ ਕੁਆਂਟਮ ਕੰਪਿਊਟਿੰਗ ਹੀ ਉੱਭਰ ਰਹੀ ਹੈ ਅਤੇ ਸੰਨ 2035 ਤੱਕ ਇਸ ਤਕਨਾਲੋਜੀ ਦਾ ਵਪਾਰਕ ਮੁੱਲ 1.3 ਟ੍ਰਿਲੀਅਨ ਡਾਲਰ ਤੱਕ ਹੋਣ ਦਾ ਅਨੁਮਾਨ ਹੈ।

ਰਵਾਇਤੀ ਕੰਪਿਊਟਰ ਅਤੇ ਕੁਆਂਟਮ ਕੰਪਿਊਟਰ ਵਿੱਚ ਫਰਕ: ਸਾਡੇ ਰਵਾਇਤੀ ਡਿਜੀਟਲ ਕੰਪਿਊਟਰ ਕੁਆਂਟਮ ਕੰਪਿਊਟਰ ਦੇ ਮੁਕਾਬਲਤਨ ਸਿੱਧੇ ਹਨ। ਉਹ ਇਨਪੁਟ ਸਿਗਨਲਾਂ ਦੇ ਇੱਕ ਸੀਮਤ ਸਮੂਹ ਅਨੁਸਾਰ ਕੰਮ ਕਰਦੇ ਹਨ ਅਤੇ ਐਲਗੋਰਿਦਮ (ਪ੍ਰੋਗਰਾਮਾਂ) ਦੀ ਵਰਤੋਂ ਕਰਕੇ ਕਿਸੇ ਆਮ ਸਮੱਸਿਆ ਦਾ ਇੱਕ ਜਵਾਬ ਦਿੰਦੇ ਹਨ। ਇਨਪੁੱਟ ਬਿੱਟਸ ਜੋ ਕਿ ਏਨਕੋਡਿੰਗ ਵੇਲੇ ਵਰਤੀਆਂ ਜਾਂਦੀਆਂ ਹਨ,ਇੱਕ ਦੂਜੇ ਨਾਲ ਜਾਣਕਾਰੀ ਸਾਂਝੀ ਨਹੀਂ ਕਰਦੀਆਂ। ਪਰ ਕੁਆਂਟਮ ਕੰਪਿਊਟਰ ਇਸਦੇ ਉਲਟ ਹਨ। ਇਹਨਾਂ ਵਿੱਚ ਇਨਪੁੱਟ ਬਿੱਟਸ ਇਕੱਠੇ ਕੰਮ ਕਰਨ ਵੇਲੇ ਆਪਸੀ ਜਾਣਕਾਰੀ ਸਾਂਝੀ ਕਰਦੀਆਂ ਹਨ। ਕਿਊਬਿਟਸ ਇੱਕੋ ਸਮੇਂ ਕਈ ਔਖੀਆਂ ਗਣਨਾਵਾਂ ਕਰਨ ਦੇ ਯੋਗ ਹੁੰਦੀਆਂ ਹਨ। ਪਰ ਕਲਾਸੀਕਲ ਕੰਪਿਊਟਰਾਂ ਦੀ ਤਰ੍ਹਾਂ ਕੁਆਂਟਮ ਕੰਪਿਊਟਰ ਇੱਕ ਸਪੱਸ਼ਟ ਜਵਾਬ ਨਹੀਂ ਦਿੰਦੇ। ਉਹ ਸੰਭਵ ਜਵਾਬਾਂ ਦੀ ਇੱਕ ਸੀਮਾ ਪ੍ਰਦਾਨ ਕਰਦੇ ਹਨ। 2019 ਵਿੱਚ ਗੂਗਲ ਕੰਪਨੀ ਨੇ ਆਪਣਾ ਪਹਿਲਾ ਕੁਆਂਟਮ ਕੰਪਿਊਟਰ ਤਿਆਰ ਕੀਤਾ। ਇਸਨੇ 200 ਸਕਿੰਟਾਂ ਵਿੱਚ ਇੱਕ ਔਖੀ ਸਮੱਸਿਆ ਦਾ ਹੱਲ ਕੱਢਿਆ ਜੋ ਕਿ ਪੁਰਾਣੇ ਕੰਪਿਊਟਰ ਨਾਲ ਤਕਰੀਬਨ 10 ਹਜ਼ਾਰ ਸਾਲ ਵਿੱਚ ਹੱਲ ਹੋ ਸਕਣੀ ਸੀ। ਸੋ ਅੱਜ ਦੇ ਯੁੱਗ ਵਿੱਚ ਕੁਆਂਟਮ ਕੰਪਿਊਟਰ ਇੱਕ ਵੱਡੀ ਸੰਭਾਵਨਾ ਹੈ, ਇਹ ਮਹਾਨ ਕੰਮ ਕਰ ਸਕਦੇ ਹਨ। ਕੁਆਂਟਮ ਕੰਪਿਊਟਰ ਗਣਨਾ ਲਈ ਇੱਕ ਨਵੀਂ ਪਹੁੰਚ ਹੈ, ਜੋ ਕਿ ਬਹੁਤ ਹੀ ਗੁੰਝਲਦਾਰ ਸਮੱਸਿਆਵਾਂ/ਕੰਮਾਂ ਨੂੰ ਜਲਦੀ ਹੱਲ ਕਰਨ ਲਈ ਬੁਨਿਆਦੀ ਭੌਤਿਕ ਵਿਗਿਆਨ ਦੇ ਸਿਧਾਂਤਾਂ ਦੀ ਵਰਤੋਂ ਕਰਦੀ ਹੈ। ਇਹਨਾਂ ਕੰਪਿਊਟਰਾਂ ਵਿੱਚ ਇੰਨੀ ਸਮਰੱਥਾ ਅਤੇ ਗਤੀ ਹੈ ਕਿ ਕੁਆਂਟਮ ਤਕਨਾਲੋਜੀ ਨੂੰ ਵਿਗਿਆਨ ਦੇ ਖੇਤਰ ਵਿੱਚ ਅਗਲੇ ਵੱਡੇ ਰੁਝਾਨਾਂ ਵਿੱਚੋਂ ਇੱਕ ਵਜੋਂ ਪਛਾਣਿਆ ਗਿਆ ਹੈ।

ਕੁਆਂਟਮ ਕਿਊਬਿਟਸ ਕੀ ਹਨ?

ਕੁਆਂਟਮ ਬਿੱਟ (ਕਿਊਬਿਟ) ਕੁਆਂਟਮ ਕੰਪਿਊਟਿੰਗ ਵਿੱਚ ਜਾਣਕਾਰੀ ਦੀ ਮੁੱਢਲੀ ਇਕਾਈ ਹੈ। ਜਿਵੇਂ ਕਿ ਉਪਰ ਦੱਸਿਆ ਗਿਆ ਹੈ ਡਿਜੀਟਲ ਡਾਟਾ ਬਿਟਸ 0 ਜਾਂ 1 ਹੈ, ਜੋ ਕਿ ਡਿਜੀਟਲ ਉਪਕਰਨਾਂ ਵਿੱਚ ਕਾਰਜ ਕਰਦੀਆਂ ਹਨ। ਕਿਊਬਿਟਸ ਇੱਕ ਸਮੇਂ ਵਿੱਚ ਕਈ ਸਥਿਤੀਆਂ ਵਿੱਚ ਹੋਣ ਲਈ ਸੁਪਰਪੁਜ਼ੀਸ਼ਨ ਦੀ ਵਰਤੋਂ ਕਰਦੀਆਂ ਹਨ। ਕੁਆਂਟਮ ਸੁਪਰਪੁਜੀਸ਼ਨ ਇੱਕ ਅਜਿਹਾ ਰਸਤਾ ਹੁੰਦਾ ਹੈ, ਜਿੱਥੇ ਕੁਆਂਟਮ ਕਣਾਂ ਦੀਆਂ ਸਾਰੀਆਂ ਸੰਭਵ ਅਵਸਥਾਵਾਂ ਦਾ ਸੁਮੇਲ ਹੁੰਦਾ ਹੈ। ਕੁਆਂਟਮ ਕਣ ਉਤਰਾਅ-ਚੜਾਅ ਦੌਰਾਨ ਹਿੱਲਣਾ ਜਾਰੀ ਰੱਖਦੇ ਹਨ, ਜਦੋਂ ਕੁਆਂਟਮ ਕੰਪਿਊਟਰ ਹਰੇਕ ਕਣ ਨੂੰ ਮਾਪਦਾ ਤੇ ਦੇਖਦਾ ਹੈ। ਦੂਜੇ ਪਾਸੇ ਬਾਈਨਰੀ ਜਾਂ ਡਿਜੀਟਲ ਬਿਟਸ 0 ਜਾਂ 1 ਨੂੰ ਹੀ ਦਰਸਾ ਸਕਦੀਆਂ ਹਨ। ਕਿਊਬਿਟਸ 0 ਜਾਂ 1, 0 ਅਤੇ 1 ਦਾ ਕੋਈ ਭਾਗ ਹੋ ਸਕਦੀਆਂ ਹਨ ਜੋ ਕਿ ਸੁਪਰਪੁਜੀਸ਼ਨ ਅਵਸਥਾ ਵਿੱਚ ਹੁੰਦੀਆਂ ਹਨ। ਇਸੇ ਸੁਪਰਪੁਜੀਸ਼ਨ ਧਾਰਨਾ ਕਰਕੇ ਹੀ ਕੁਆਂਟਮ ਕੰਪਿਊਟਰ ਕਿਸੇ ਸਮੱਸਿਆ ਦਾ ਹੱਲ ਕੱਢਣ ਲਈ ਸਾਰੇ ਵਿਕਲਪਾਂ ਬਾਰੇ ਸੋਚਦਾ ਹੈ ਨਾ ਕਿ ਕਿਸੇ ਇੱਕ ਵਿਕਲਪ ਬਾਰੇ।

ਕਿਊਬਿਟਸ ਕਿਸਦੇ ਬਣੇ ਹੋਏ ਹੁੰਦੇ ਹਨ?

ਇਸਦਾ ਜਵਾਬ ਕੁਆਂਟਮ ਪ੍ਰਣਾਲੀਆਂ ਦੇ ਢਾਂਚੇ ਤੇ ਨਿਰਭਰ ਕਰਦਾ ਹੈ। ਕਿਉਂਕਿ ਕੁੱਝ ਕਿਊਬਿਟਸ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਬਹੁਤ ਠੰਡੇ ਤਾਪਮਾਨ ਦੀ ਲੋੜ ਹੁੰਦੀ ਹੈ। ਕਿਊਬਿਟਸ ਫਸੇ ਹੋਏ ਆਇਨਾਂ,ਫੋਟਾਨਾਂ,ਨਕਲੀ ਜਾਂ ਅਸਲੀ ਪ੍ਰਮਾਣੂਆਂ ਜਾਂ ਕੁਆਸੀ ਕਣਾਂ ਤੋਂ ਬਣਾਏ ਜਾ ਸਕਦੇ ਹਨ। ਜਦੋਂ ਕਿ ਡਿਜੀਟਲ ਡਾਟਾ ਬਿਟਸ ਅਕਸਰ ਸਿਲੀਕਾਨ ਸੈਮੀਕੰਡਕਟਰ ਉਪਕਰਨਾਂ ਤੇ ਆਧਾਰਿਤ ਹੁੰਦੇ ਹਨ। ਕੁਆਂਟਮ ਕੰਪਿਊਟਰ ਵੱਡੇ ਪੱਧਰ ਤੇ ਸਮਾਨਾਂਤਰ ਗਣਨਾਵਾਂ ਕਰ ਸਕਦੇ ਹਨ। ਕੁਆਂਟਮ ਕਣ ਇੱਕ ਦੂਜੇ ਨਾਲ ਮਾਪਾਂ ਦੇ ਅਨੂਰੂਪ ਹੋਣ ਦੇ ਯੋਗ ਹੁੰਦੇ ਹਨ ਅਤੇ ਜਦੋਂ ਉਹ ਇਸ ਅਵਸਥਾ ਵਿੱਚ ਰੁੱਝੇ ਹੁੰਦੇ ਹਨ ਤਾਂ ਇਸਨੂੰ ਕੁਆਂਟਮ ਉਲਝਣ ਕਿਹਾ ਜਾਂਦਾ ਹੈ। ਇਸ ਕੁਆਂਟਮ ਉਲਝਣ ਦੇ ਦੌਰਾਨ ਇੱਕ ਕਿਊਬਿਟ ਤੋਂ ਮਾਪਾਂ ਦੀ ਵਰਤੋਂ ਦੂਜੀਆਂ ਕਿਊਬਿਟ ਇਕਾਈਆਂ ਬਾਰੇ ਨਤੀਜੇ ਤੇ ਪਹੁੰਚਣ ਲਈ ਕੀਤੀ ਜਾਂਦੀ ਹੈ। ਕੁਆਂਟਮ ਉਲਝਣਾਂ ਕੁਆਂਟਮ ਕੰਪਿਊਟਰਾਂ ਨੂੰ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਜਾਣਕਾਰੀ (ਡਾਟਾ) ਦੇ ਵੱਡੇ ਭੰਡਾਰਾਂ ਦੀ ਗਣਨਾ ਕਰਨ ਵਿੱਚ ਮੱਦਦ ਕਰਦਾ ਹੈ।

ਕੁਆਂਟਮ ਕੰਪਿਊਟਰ ਕਿਵੇਂ ਕੰਮ ਕਰਨਗੇ: ਕੁਆਂਟਮ ਕੰਪਿਊਟਰ ਦੀ ਮੁੱਖ ਯੋਗਤਾ ਇਸਦੀ ਕੁਆਂਟਮ ਸੁਪਰਮੇਸੀ ਹੈ। ਇਹ ਲੰਬੀਆਂ ਗਣਨਾਵਾਂ ਨੂੰ ਸਕਿੰਟਾਂ ਵਿੱਚ ਹੱਲ ਕਰ ਸਕਦੇ ਹਨ। ਰੌਜ਼ਾਨਾ ਵਿਸ਼ਵ ਪੱਧਰ ਤੇ 2.5 ਐਕਸਾਬਾਈਟ (1018 ਬਾਈਟ) ਡਾਟਾ ਪੈਦਾ ਹੋ ਰਿਹਾ ਹੈ। ਰਵਾਇਤੀ ਕੰਪਿਊਟਰ ਏਡੇ ਵੱਡੇ ਡਾਟਾ ਨੂੰ ਸੰਭਾਲ ਨਹੀਂ ਸਕਦੇ। ਇਹ ਡਿਜ਼ਾਇਨ ਹੀ ਇਸ ਤਰੀਕੇ ਨਾਲ ਕੀਤੇ ਜਾਂਦੇ ਹਨ ਕਿ ਬਹੁਤ ਵੱਡੇ ਡਾਟਾ ਨੂੰ ਆਸਾਨੀ ਨਾਲ ਸੰਭਾਲ ਸਕਣ। ਇੱਕ ਅਸਲ ਕੁਆਂਟਮ ਕੰਪਿਊਟਰ ਦੇ ਤਿੰਨ ਭਾਗ ਹੁੰਦੇ ਹਨ-

ਪਹਿਲੇ ਭਾਗ ਵਿੱਚ ਰਵਾਇਤੀ ਕੰਪਿਊਟਰ ਤੇ ਉਹਨਾਂ ਦਾ ਢਾਂਚਾ ਹੋਵੇਗਾ, ਜੋ ਕਿ ਪ੍ਰੋਗਰਾਮਾਂ ਰਾਹੀਂ ਹਦਾਇਤਾਂ ਕਿਊਬਿਟਸ ਤੱਕ ਪਹੁੰਚਾਉਣਗੇ। ਦੂਜੇ ਭਾਗ ਵਿੱਚ ਕੁੱਝ ਅਜਿਹੇ ਤਰੀਕੇ ਹੋਣਗੇ ਜੋ ਕੰਪਿਊਟਰ ਤੋਂ ਸਿਗਨਲ ਕਿਊਬਿਟਸ ਤੱਕ ਪੁੱਜਦਾ ਕਰਨਗੇ।

ਤੀਜਾ ਭਾਗ ਕਿਊਬਿਟਸ ਦਾ ਭੰਡਾਰ ਸਟੋਰ ਕਰਨ ਲਈ ਹੋਵੇਗਾ। ਇਹ ਭੰਡਾਰ ਕਿਊਬਿਟਸ ਨੂੰ ਸਥਿਰ ਕਰਕੇ ਰੱਖੇਗਾ। ਕੁਆਂਟਮ ਕੰਪਿਊਟਰ ਅਲੱਗ ਤੌਰ ਤੇ ਰੱਖੇ ਜਾਂਦੇ ਹਨ। ਇਹ ਸੁਪਰਕੰਡਕਟਰ ਸਰਕਟਾਂ ਤੇ ਕੰਮ ਕਰਨਗੇ। ਇਹਨਾਂ ਨੂੰ ਬਹੁਤ ਘੱਟ ਤਾਪਮਾਨ (-460 ਡਿਗਰੀ ਫਾਰਨਹਾਈਟ) ਤੇ ਹੀ ਰੱਖਿਆ ਜਾਵੇਗਾ।

ਵੱਡੀਆਂ ਕੰਪਿਊਟਰ ਕੰਪਨੀਆਂ ਆਈ.ਬੀ.ਐਮ, ਮਾਈਕ੍ਰੋਸੋਫਟ ਅਤੇ ਇੰਟੈਲ ਨੇ ਆਪਣੇ ਕੁਆਂਟਮ ਸਿਮੂਲੇਟਰ ਤਿਆਰ ਕਰ ਲਏ ਹਨ। ਵੱਡੇ-ਵੱਡੇ ਕਾਰਪੋਰੇਟ ਘਰ, ਵਪਾਰੀ ਜਗਤ ਆਦਿ ਅਜਿਹੇ ਸਿਮੂਲੇਟਰ ਆਪਣੇ ਵਪਾਰ ਨੂੰ ਵਧਾਉਣ ਲਈ ਵਰਤ ਰਹੇ ਹਨ। ਗਿਟਹੱਬ ਨਾਮਕ ਕੁਆਂਟਮ ਸਿਮੂਲੇਟਰ ਆਨਲਾਈਨ ਵੀ ਵਰਤਿਆ ਜਾ ਸਕਦਾ ਹੈ।

ਕੁਆਂਟਮ ਕੰਪਿਊਟਰ ਕਦੋਂ ਉਪਲਬਧ ਹੋਣਗੇ?

ਕੁਆਂਟਮ ਕੰਪਿਊਟਰ ਆਮ ਕੰਪਿਊਟਰਾਂ ਵਰਗੇ ਨਹੀਂ ਹਨ। ਅਗਲੇ ਕੁੱਝ ਸਾਲਾਂ ਵਿੱਚ ਕੁਆਂਟਮ ਕੰਪਿਊਟਿੰਗ ਵਿੱਚ ਪ੍ਰਮੁੱਖ ਖਿਡਾਰੀ ਕਿਊਬਿਟਸ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਕਰਨਗੇ ਜੋ ਉਹਨਾਂ ਦੇ ਕੰਪਿਊਟਰ ਵਰਤੋਂ ਵਿੱਚ ਲਿਆਉਣਗੇ। ਮੈਕਿੰਸੀ ਦਾ ਅੰਦਾਜ਼ਾ ਹੈ ਕਿ ਸੰਨ੍ਹ 2030 ਤੱਕ ਸਿਰਫ 5000 ਕੁਆਂਟਮ ਕੰਪਿਊਟਰ ਹੀ ਕੰਮ ਕਰਨਗੇ। ਸਭ ਤੋਂ ਗੁੰਝਲਦਾਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਲੋੜੀਂਦੇ ਸਾਫਟਵੇਅਰ ਅਤੇ ਹਾਰਡਵੇਅਰ ਸੰਨ੍ਹ 2035 ਤੋਂ ਬਾਅਦ ਤੱਕ ਹੀ ਉਪਲਬਧ ਹੋ ਸਕਦੇ ਹਨ। ਪਰ ਇੱਥੇ ਕਈ ਰੁਕਾਵਟਾਂ ਵੀ ਹਨ ਜੋ ਕਿ ਕੁਆਂਟਮ ਕੰਪਿਊਟਿੰਗ ਦੇ ਵਿਕਾਸ ਨੂੰ ਰੋਕਦੀਆਂ ਹਨ: ਇਸਦੀ ਤਰੱਕੀ ਵਿੱਚ ਵੱਡੀ ਰੁਕਾਵਟ ਇਹ ਹੈ ਕਿ ਕਿਊਬਿਟਸ ਅਸਥਿਰ ਹੁੰਦੀਆਂ ਹਨ। ਜਦੋਂ ਕਿ ਵਰਤਮਾਨ ਡਿਜੀਟਲ ਕੰਪਿਊਟਰਾਂ ਵਿੱਚ ਇੱਕ ਬਿੱਟ ਸਿਰਫ 0 ਜਾਂ 1 ਦੀ ਸਥਿਤੀ ਵਿੱਚ ਹੋ ਸਕਦੀ ਹੈ। ਪਰ ਕਿਊਬਿਟ ਦੋਵਾਂ ਅੰਕਾਂ ਦਾ ਸੁਮੇਲ ਹੋ ਸਕਦਾ ਹੈ। ਜਦੋਂ ਇੱਕ ਕਿਊਬਿਟ ਆਪਣੀ ਸਥਿਤੀ ਨੂੰ ਬਦਲਦੀ ਹੈ ਤਾਂ ਜਾਣਕਾਰੀ ਦੇ ਇਨਪੁੱਟ ਸਿਗਨਲ ਬਦਲ ਸਕਦੇ ਹਨ ਜਾਂ ਖਤਮ ਹੋ ਸਕਦੇ ਹਨ, ਜਿਸ ਨਾਲ ਨਤੀਜਿਆਂ ਦੀ ਸ਼ੁੱਧਤਾ ਖਤਮ ਹੋ ਸਕਦੀ ਹੈ। ਕੁਆਂਟਮ ਕੰਪਿਊਟਰਾਂ ਨੂੰ ਤੇਜ਼ ਗਤੀ ਨਾਲ ਕੰਮ ਕਰਨ ਲਈ ਤਕਰੀਬਨ ਲੱਖਾਂ ਦੀ ਗਿਣਤੀ ਵਿੱਚ ਆਪਸ ਵਿੱਚ ਜੁੜੀਆਂ ਕਿਊਬਿਟਸ ਚਾਹੀਦੀਆਂ ਹਨ, ਜੋ ਕਿ ਅਜੇ ਬਹੁਤ ਮੁਸ਼ਕਲ ਕੰਮ ਹੈ।

ਡਾ. ਸਤਬੀਰ ਸਿੰਘ ਨੇ ਨੈਨੋਇਲੈਕਟ੍ਰਾਨਿਕਸ ਵਿੱਚ ਪੀ.ਐਚ.ਡੀ. ਕੀਤੀ ਹੋਈ ਹੈ। ਉਹ ਵਿਗਿਆਨ ਅਤੇ ਤਕਨਾਲੋਜੀ ਵਿੱਚ ਹੁਣ ਤੱਕ 4 ਕਿਤਾਬਾਂ ਅਤੇ 35 ਦੇ ਕਰੀਬ ਆਰਟੀਕਲ ਲਿਖ ਚੁੱਕੇ ਹਨ, ਜੋ ਕਿ ਦੇਸ਼ ਵਿਦੇਸ਼ ਦੀਆਂ ਅਖਬਾਰਾਂ ਤੇ ਮੈਗਜ਼ੀਨਾਂ ਵਿੱਚ ਛਪ ਚੁੱਕੇ ਹਨ। ਵਿਦੇਸ਼ ਦੀਆਂ ਤਕਨੀਕੀ ਸੰਸਥਾਵਾਂ ਦੇ ਉਹ ਮੈਂਬਰ ਵੀ ਹਨ। ਪੰਜਾਬੀ ਭਾਸ਼ਾ ਦੇ ਵਿਸ਼ਵ ਪੱਧਰੀ ਵਿਕਾਸ ਲਈ ਉਹ ਹਮੇਸ਼ਾਂ ਤਤਪਰ ਰਹਿੰਦੇ ਹਨ।

ਉਡਾਣ

ਪੰਜਾਬੀ ਵਿਗਿਆਨ ਗਲਪ ਮੈਗ਼ਜ਼ੀਨ

ਬੱਚਿਆਂ ਦਾ ਕੋਨਾ

ਬਦਲਦੇ ਮੌਸਮ / ਅਮਨਦੀਪ ਸਿੰਘ

ਸਾਡੇ ਲਈ ਧਰਤੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ, ਕਿਓਂਕਿ ਅਸੀਂ ਨਵੀਂ ਧਰਤੀ ਨਹੀਂ ਖਰੀਦ ਸਕਦੇ! - ਪੀ. ਜੇ. ਹੋਮਜ਼, ਇੱਕ 8 ਸਾਲ ਦਾ ਬੱਚਾ

ਮਨੁੱਖਾਂ ਦੀ ਅਣਗਹਿਲੀ ਤੇ ਦੁਰਵਰਤੋਂ ਨਾਲ਼ ਧਰਤੀ ਦਾ ਜਲਵਾਯੂ ਬਦਲ ਰਿਹਾ ਹੈ ਤੇ ਧਰਤੀ ਦਾ ਤਾਪਮਾਨ ਨਿਰੰਤਰ ਵੱਧ ਰਿਹਾ ਹੈ ਜਿਸ ਨਾਲ਼ ਧਰਤੀ ਦਿਨੋ-ਦਿਨ ਹੋਰ ਗਰਮ ਹੋ ਰਹੀ ਹੈ। ਇਸਦਾ ਨਤੀਜਾ ਇਹ ਹੈ ਕਿ ਧਰਤੀ 'ਤੇ ਹੁਣ ਨਿਰੰਤਰ ਭਿਆਨਕ ਤੂਫ਼ਾਨ, ਵਾਵਰੋਲ਼ੇ, ਟਾਈਫੂਨ ਤੇ ਹੜ੍ਹ ਆ ਰਹੇ ਹਨ ਤੇ ਹਰ ਜਗ੍ਹਾ ਖਤਰਨਾਕ ਗਰਮੀ ਪੈ ਰਹੀ ਹੈ। ਇਹ ਕਹਾਣੀ ਭਵਿੱਖ ਵਿਚ ਇੱਕ ਅਜਿਹੇ ਸਮੇਂ ਦੀ ਹੈ ਜਦੋਂ ਮਨੁੱਖ ਤੇ ਧਰਤੀ ਦੇ ਹੋਰ ਜੀਵ ਇਸ ਮਾਰੂ ਵਰਤਾਰੇ ਦਾ ਸ਼ਿਕਾਰ ਹੋ ਕੇ ਅਲੋਪ ਹੋ ਚੁੱਕੇ ਹਨ। ਕੋਈ ਵੀ ਜੀਵ-ਜੰਤੂ ਨਹੀਂ ਬਚਿਆ। ਸਿਰਫ ਸਮੁੰਦਰ ਵਿਚਲੇ ਕੁੱਝ ਕੁ ਜੀਵ ਹੀ ਬਚੇ ਹਨ। ਉਹਨਾਂ ਵਿਚੋਂ ਕੁਝ ਵਿਸ਼ਾਲ ਕੇਕੜੇ ਵਰਗੇ ਜੀਵ ਵਿਕਸਿਤ ਹੋ ਗਏ ਹਨ ਜੋ ਜਲ ਅਤੇ ਥਲ ਦੋਵਾਂ ਵਿਚ ਰਹਿ ਸਕਦੇ ਹਨ। ਹੁਣ ਉਹਨਾਂ ਦਾ ਹੀ ਧਰਤੀ ਤੇ ਰਾਜ ਹੈ। ਉਹ ਸਮੁੰਦਰ ਤੱਟਾਂ 'ਤੇ ਵਿਸ਼ਾਲ ਤਿਤਲੀਆਂ ਦੇ ਮਗਰ ਤੁਰਦੇ ਹਨ ਤੇ ਉਹਨਾਂ ਦਾ ਸ਼ਿਕਾਰ ਕਰਕੇ ਆਪਣਾ ਪੇਟ ਭਰਦੇ ਹਨ। ਬਹੁਤ ਸਾਰੀ ਧਰਤੀ ਸਿਰਫ਼ ਆਮ ਜਿਹੀ ਕਾਈ ਨਾਲ਼ ਢਕੀ ਹੋਈ ਹੈ। ਧਰਤੀ ਦੀ ਦਸ਼ਾ ਬਹੁਤ ਖਰਾਬ ਹਾਲਤ ਵਿਚ ਹੈ। ਅਜੇ ਵੀ ਨਿਰੰਤਰ ਮੌਸਮ ਬਦਲਦੇ ਹਨ - ਕਦੇ ਮੀਂਹ-ਝੱਖੜ ਤੇ ਕਦੇ ਅੱਤ ਦੀ ਗਰਮੀ!

ਰਾਤ ਦਾ ਸਮਾਂ ਹੈ। ਚਾਰੇ ਪਾਸੇ ਸੁੰਨਮਸਾਨ ਪਸਰੀ ਹੋਈ ਹੈ। ਸਮੁੰਦਰ ਤੱਟ ਤੇ ਲਹਿਰਾਂ ਦਾ ਸ਼ੋਰ ਵੀ ਮੱਠਾ ਪੈ ਗਿਆ ਹੈ। ਪੰਛੀਆਂ ਦੀਆ ਅਵਾਜ਼ਾਂ ਵੀ ਨਹੀਂ ਆ ਰਹੀਆਂ, ਇਸ ਕਰਕੇ ਨਹੀਂ ਕਿ ਉਹ ਆਪਣੇ ਆਲ੍ਹਣਿਆਂ ਨੂੰ ਵਾਪਸ ਮੁੜ ਗਏ ਹਨ, ਸਗੋਂ ਇਸ ਕਰਕੇ ਕਿ ਕੋਈ ਪੰਛੀ ਬਚਿਆ ਹੀ ਨਹੀਂ। ਇੱਕ ਪਾਸੇ ਤੱਟ ਤੇ ਥੋੜ੍ਹੀ ਹਲਚਲ ਹੋ ਰਹੀ ਛੋਟੇ-ਛੋਟੇ ਕੇਕੜੇ ਇੱਕ ਵਿਸ਼ਾਲ ਕੇਕੜੇ ਦੇ ਦੁਆਲੇ ਇਕੱਠੇ ਹੋ ਰਹੇ ਹਨ।

"ਦਾਦੀ ਮਾਂ, ਸਾਨੂੰ ਨੀਂਦ ਨਹੀਂ ਆ ਰਹੀ। ਕੋਈ ਬਾਤ ਤਾਂ ਪਾਵੋ।’ ਉਹਨਾਂ ਵਿਚੋਂ ਇੱਕ ਕੇਕੜਾ ਬੋਲਦਾ ਹੈ।

ਵਿਸ਼ਾਲ ਕੇਕੜਾ ਕਹਿੰਦਾ ਹੈ, "ਠੀਕ ਹੈ ਬੱਚਿਓ, ਅੱਜ ਮੈਂ ਤੁਹਾਨੂੰ ਮਨੁੱਖਾਂ ਦੀ ਕਹਾਣੀ ਸੁਣਾਉਂਦੀ ਹਾਂ।’

"ਇਹ ਮਨੁੱਖ ਕੌਣ ਹੁੰਦੇ ਹਨ?’

"ਬਹੁਤ ਸਦੀਆਂ ਪਹਿਲਾਂ ਸਾਡੀ ਧਰਤੀ 'ਤੇ ਮਨੁੱਖਾਂ ਦਾ ਰਾਜ ਸੀ। ਉਹਨਾਂ ਨੇ ਬਹੁਤ ਤੱਰਕੀ ਕੀਤੀ - ਪੱਥਰ ਯੁੱਗ ਤੋਂ ਲੈ ਕੇ ਆਧੁਨਿਕ ਯੁੱਗ ਤੱਕ ਤਰ੍ਹਾਂ-ਤਰ੍ਹਾਂ ਦੇ ਸਾਜ਼ੋ-ਸਮਾਨ ਬਣਾਏ। ਪਹਿਲਾਂ-ਪਹਿਲ ਉਹਨਾਂ ਦਾ ਜੀਵਨ ਸਾਦਾ ਸੀ, ਪਰ ਯੁੱਗਾਂ ਦੇ ਬਦਲਣ ਨਾਲ਼ ਉਹਨਾਂ ਦਾ ਜੀਵਨ ਗੁੰਝਲਦਾਰ ਬਣਦਾ ਗਿਆ। ਉਹਨਾਂ ਦੀ ਅਬਾਦੀ ਵੀ ਵੱਧਦੀ ਗਈ ਤੇ ਉਹਨਾਂ ਦੀ ਭੁੱਖ ਵੀ। ਉਹ ਇੱਕ ਦੂਜੇ ਤੋਂ ਖੋਹ ਕੇ ਖਾਣ ਲੱਗੇ। ਲੜਾਈਆਂ-ਮਾਰਕੁਟਾਈਆਂ ਕਰ ਕੇ ਇੱਕ ਦੂਜੇ ਨੂੰ ਮਾਰਨ ਲੱਗੇ। ਉਹ ਜੀਵਨ ਦੀ ਕਦਰ ਭੁੱਲ ਗਏ। ਉਹ ਜੰਗਲ ਵੱਢਣ ਲੱਗੇ ਤੇ ਜੰਗਲ ਖਤਮ ਹੋਣੇ ਸ਼ੁਰੂ ਹੋ ਗਏ। ਉਹਨਾਂ ਦੇ ਕਰਕੇ ਬਹੁਤ ਸਾਰੇ ਜੀਵ-ਜੰਤੁ ਅਲੋਪ ਹੋ ਗਏ। ਅਜਿਹਾ ਵਰਤਾਰਾ ਕਈ ਯੁੱਗਾਂ ਤੱਕ ਚੱਲਦਾ ਰਿਹਾ। ਪਰ ਫੇਰ ਇੱਕਦਮ ਬਹੁਤ ਜਲਦੀ ਤਬਦੀਲੀ ਆਉਣੀ ਸ਼ੁਰੂ ਹੋ ਗਈ ਜਦੋ ਮਨੁੱਖਾਂ ਨੇ ਕਾਰਖਾਨੇ ਲਗਾਉਣੇ ਸ਼ੁਰੂ ਕੀਤੀ। ਜੈਵਿਕ ਬਾਲਣ - ਕੋਲਾ, ਪੈਟਰੋਲ ਤੇ ਗੈਸ ਆਦਿ ਵਰਤਣ ਨਾਲ਼ ਇੱਕ ਸਦੀ ਦੇ ਅੰਦਰ-ਅੰਦਰ ਹੀ ਧਰਤੀ ਦਾ ਤਾਪਮਾਨ ਇੱਕ ਡਿਗਰੀ ਤੋਂ ਵੀ ਵੱਧ ਗਿਆ।’

"ਕੀ ਇੱਕ ਡਿਗਰੀ ਤਾਪਮਾਨ ਦਾ ਵਧਣਾ ਨੁਕਸਾਨਦੇਹ ਹੈ?’ ਇੱਕ ਹੁਸ਼ਿਆਰ ਕੇਕੜਾ ਬੋਲਿਆ।

"ਤੁਹਾਨੂੰ ਲੱਗੇਗਾ ਕਿ ਧਰਤੀ ਦੇ ਤਾਪਮਾਨ ਦਾ ਇੱਕ ਡਿਗਰੀ ਵਧਣਾ ਤਾਂ ਕੁਝ ਵੀ ਨਹੀਂ, ਪਰ ਪੂਰੀ ਧਰਤੀ ਦਾ ਤਾਪਮਾਨ ਕਿਸੇ ਖੇਤਰ ਦੇ ਆਮ ਤਾਪਮਾਨ ਤੋਂ ਬਹੁਤ ਅੱਲਗ ਹੁੰਦਾ ਹੈ। ਉਹ ਇਸ ਗੱਲ ਉਤੇ ਬਹੁਤ ਨਿਰਭਰ ਕਰਦਾ ਹੈ ਕਿ ਧਰਤੀ ਨੇ ਸੂਰਜ ਤੋਂ ਕਿੰਨੀ ਤਪਿਸ਼ ਲਈ ਹੈ ਤੇ ਕਿੰਨੀ ਵਾਪਿਸ ਪੁਲਾੜ ਵਿਚ ਛੱਡੀ ਹੈ। ਧਰਤੀ ਦਾ ਤਾਪਮਾਨ ਤਕਰੀਬਨ ਸਥਿਰ ਰਹਿੰਦਾ ਹੈ। ਜੇ ਧਰਤੀ ਵਾਯੂਮੰਡਲ ਵਿਚ ਜ਼ਿਆਦਾ ਕਾਰਬਨ ਡਾਈਆਕਸਾਈਡ ਗੈਸ ਹੋਣ ਕਰਕੇ ਘੱਟ ਤਪਿਸ਼ ਵਾਪਿਸ ਪੁਲਾੜ ਵਿਚ ਛੱਡਦੀ ਹੈ ਤਾਂ ਉਸਦਾ ਤਾਪਮਾਨ ਇੱਕ-ਇੱਕ ਡਿਗਰੀ ਵਧਦਾ ਜਾਵੇਗਾ। ਇੱਕ ਡਿਗਰੀ ਵਾਧਾ ਬਹੁਤ ਮਹੱਤਵਪੂਰਨ ਹੈ ਕਿਓਂਕਿ ਧਰਤੀ ਦੇ ਸਾਰੇ ਸਮੁੰਦਰਾਂ ਤੇ ਜ਼ਮੀਨ ਨੂੰ ਇੱਕ ਡਿਗਰੀ ਗਰਮ ਕਰਨ ਲਈ ਬਹੁਤ ਜ਼ਿਆਦਾ ਤਾਪਮਾਨ ਚਾਹੀਦਾ ਹੈ। ਇਤਿਹਾਸ ਗਵਾਹ ਹੈ ਕਿ ਸੰਸਾਰਿਕ ਤਾਪਮਾਨ ਵਿਚ ਇੱਕ ਡਿਗਰੀ ਦੇ ਘਾਟੇ ਨੇ ਧਰਤੀ ਨੂੰ ਛੋਟੇ ਬਰਫ਼ ਯੁੱਗ ਵਿਚ ਧੱਕ ਦਿੱਤਾ ਸੀ। ਪਰ ਉਸ  ਛੋਟੀ ਜਿਹੀ ਬੜ੍ਹਤ ਨਾਲ਼ ਇੰਨੀ ਗਰਮੀ ਹੋ ਗਈ ਜੋ ਕਿ ਜੀਵਾਂ ਤੇ ਬਨਸਪਤੀ ਦੀ ਸਿਹਤ ਲਈ ਬਹੁਤ ਘਾਤਕ ਸਾਬਤ ਹੋਈ। ਜੋ ਕਿ ਅਸੀਂ ਸਭ ਹੁਣ ਵੀ ਦੇਖ ਹੀ ਰਹੇ ਹਾਂ। ਉਸ ਨਾਲ਼ ਪੂਰੀ ਧਰਤੀ ਦੇ ਸਮੁੰਦਰ ਵਿਚ ਕੋਰਲ ਰੀਫ਼ ਖਤਮ ਹੋ ਗਈਆਂ। ਧਰਤੀ ਦੇ ਧਰੁਵਾਂ 'ਤੇ ਬਰਫ਼ ਦੇ ਗਲੇਸ਼ੀਅਰ ਪਿਘਲ ਗਏ। ਗਰਮੀ ਨੇ ਸਭ ਰਿਕਾਰਡ ਤੋੜ ਦਿੱਤੇ। ਅੰਤਾਂ ਦੀ ਗਰਮੀ ਨਾਲ਼ ਜੀਵ-ਜੰਤੂ ਤਾਂ ਕੀ ਮਨੁੱਖ ਵੀ ਮਰਨ ਲੱਗੇ।"

ਕਹਾਣੀ ਸੁਣਦੇ ਹੋਏ ਸਾਰੇ ਕੇਕੜੇ ਬੱਚੇ ਹੈਰਾਨ ਹੋ ਰਹੇ ਹਨ!

"ਮਨੁੱਖਾਂ ਨੇ ਧਰਤੀ, ਹਵਾ, ਪਾਣੀ, ਵਿਚਾਰੇ ਜੀਵ-ਜੰਤੂਆਂ ਤੇ ਰਹਿਮਦਿਲ ਲੋਕਾਂ ਦੀ ਫਰਿਆਦ ਨਾ ਸੁਣੀ! ਉਹ ਜੈਵਿਕ ਬਾਲਣ ਬਾਲ਼ਦੇ ਗਏ ਤੇ ਹਵਾ ਵਿਚ ਵਿਚ ਕਾਰਬਨ ਡਾਈਆਕਸਾਈਡ ਤੇ ਹੋਰ ਗੈਸਾਂ ਦਾ ਜ਼ਹਿਰ ਭਰਦੇ ਗਏ। ਅਸਮਾਨ, ਧਰਤੀ ਤੇ ਜੰਗਲ ਅੱਗ ਨਾਲ਼ ਸੜਨ ਲੱਗੇ।’

ਕਹਾਣੀ ਸੁਣਦੇ ਹੋਏ ਬੱਚੇ ਜਲਦੇ ਸੰਸਾਰ ਬਾਰੇ ਸੋਚ ਕੇ ਡੂੰਘੇ ਸਾਹ ਲੈ ਰਹੇ ਹਨ। ਉਹਨਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ, ਉਹ ਸਭ ਰੋਜ਼ ਇਹ ਵਰਤਾਰਾ ਦੇਖਦੇ ਹਨ।

"ਫੇਰ ਕੀ ਹੋਇਆ?’

ਵਿਸ਼ਾਲ ਕੇਕੜਾ ਗੰਭੀਰਤਾ ਨਾਲ਼ ਕਹਿ ਰਿਹਾ ਹੈ, "ਉਸਤੋਂ ਬਾਅਦ ਬਰਫ਼ ਪਿਘਲ ਗਈ, ਸਮੁੰਦਰ ਚੜ੍ਹ ਗਏ। ਕੁਦਰਤ ਦਾ ਸੰਤੁਲਨ ਬਿਗੜ ਗਿਆ। ਤੂਫਾਨ ਪ੍ਰਚੰਡ ਹੋ ਗਏ, ਜ਼ਰਖੇਜ਼ ਜ਼ਮੀਨਾਂ ਰੇਗਿਸਤਾਨ ਵਿਚ ਬਦਲ ਗਈਆਂ, ਅਤੇ ਸਮੁੰਦਰ ਦੇ ਜੀਵ ਜਾਂ ਤਾਂ ਅਲੋਪ ਹੋ ਗਏ ਜਾਂ ਸਮੁੰਦਰ ਦੇ ਵਿਚ ਡੂੰਘਾ ਉੱਤਰ ਗਏ।"

"ਫੇਰ ਕੀ ਹੋਇਆ?" ਕੇਕੜੇ ਬੱਚੇ ਚੀਕ ਕੇ ਪੁੱਛਦੇ ਹਨ।

ਵਿਸ਼ਾਲ ਕੇਕੜੇ ਨੇ ਸਾਹ ਭਰਿਆ, "ਅੰਤ ਵਿਚ, ਮਨੁੱਖ ਅਤੇ ਬਹੁਤ ਸਾਰੇ ਜਾਨਵਰ ਵਾਤਾਵਰਣ ਤਬਦੀਲੀਆਂ ਤੋਂ ਬਚ ਨਹੀਂ ਸਕੇ ਜੋ ਉਹਨਾਂ ਨੇ ਆਪ ਹੀ ਕੀਤੀਆਂ ਸਨ। ਸਭ ਖੂਬਸੂਰਤ ਜੀਵਾਂ ਦੀਆਂ ਅਵਾਜ਼ਾਂ ਇੱਕ-ਇੱਕ ਕਰਕੇ ਹਮੇਸ਼ਾ ਲਈ ਚੁੱਪ ਹੋ ਗਈਆਂ।"

ਬੱਚੇ ਵਿਸ਼ਾਲ ਕੇਕੜੇ ਦੇ ਨੇੜੇ ਹੋ ਰਹੇ ਹਨ, ਉਹਨਾਂ 'ਤੇ ਉਦਾਸੀ ਦੀ ਲਹਿਰ ਪਸਰ ਰਹੀ ਹੈ। ਕਈਆਂ ਨੂੰ ਨੀਂਦ ਆ ਰਹੀ ਹੈ ਤੇ ਕਈ ਡਰਦੇ ਹੋਏ ਸੌਂ ਰਹੇ ਹਨ ਜਾਂ ਕੰਬ ਰਹੇ ਹਨ।

"ਪਰ," ਵਿਸ਼ਾਲ ਕੇਕੜਾ ਕਹਿ ਰਿਹਾ ਹੈ, "ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ। ਮਨੁੱਖਾਂ ਦੇ ਅਲੋਪ ਹੋਣ ਤੋਂ ਬਾਅਦ, ਭਿਆਨਕ ਵਾਤਾਵਰਣ ਵਿਚ ਵੀ ਹੋਰ ਨਵੀਂ ਜ਼ਿੰਦਗੀ ਪਣਪਣ ਲੱਗੀ। ਸਮੁੰਦਰ ਇੱਕ ਸ਼ਰਣਗਾਹ ਬਣ ਗਿਆ - ਹਰ ਪ੍ਰਕਾਰ ਦੇ ਜੀਵ-ਜੰਤੂਆਂ ਨਾਲ ਭਰਿਆ ਹੋਇਆ। ਸਾਡੇ ਵਰਗੇ ਜੀਵ ਵੀ ਜੀਵੰਤ ਰੰਗਾਂ ਨਾਲ ਖਿੜ ਗਏ।"

ਕੇਕੜੇ ਬੱਚਿਆਂ ਨੇ ਸੁੱਖ ਦਾ ਸਾਹ ਲਿਆ ਤੇ ਆਪਣੇ ਖੁਸ਼ਹਾਲ ਘਰ ਧਰਤੀ ਤੇ ਸਮੁੰਦਰ ਵੱਲ ਦੇਖਿਆ।

"ਮੇਰੇ ਬੱਚਿਓ, ਸਾਨੂੰ ਅਤੀਤ ਤੋਂ ਸਿੱਖਣਾ ਚਾਹੀਦਾ ।" ਵਿਸ਼ਾਲ ਕੇਕੜੇ ਨੇ ਸਬਕ ਸੁਣਾਇਆ, "ਸਾਨੂੰ ਆਪਣੇ ਸੰਸਾਰ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਇਸਦੀ ਰੱਖਿਆ ਕਰਨੀ ਚਾਹੀਦੀ ਹੈ, ਇਹ ਯਕੀਨੀ ਬਣਾਉਣ ਲਈ ਕਿ ਸਾਡੇ ਤੋਂ ਪਹਿਲਾਂ ਆਏ ਜੀਵਾਂ ਦੀਆਂ ਗਲਤੀਆਂ ਦੁਹਰਾਈਆਂ ਨਾ ਜਾਣ। ਕਿਉਂਕਿ ਸਾਡੇ ਵਿਚ ਭਵਿੱਖ ਨੂੰ ਬਦਲਣ ਦੀ ਸ਼ਕਤੀ ਹੈ।"

“ਬਿਲਕੁਲ, ਅਸੀਂ ਧਰਤੀ ਨੂੰ ਬਚਾਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ।” ਜਾਗਦੇ ਤੇ ਉਤਸੁਕ ਕੇਕੜੇ ਬੱਚੇ ਕਹਿੰਦੇ ਹਨ।

ਅਚਾਨਕ ਇਕਦਮ ਅਕਾਸ਼ ਕਾਲ਼ਾ ਪੈ ਗਿਆ ਤੇ ਮੋਹਲ਼ੇਧਾਰ ਮੀਂਹ ਪੈਣਾ ਸ਼ੁਰੂ ਹੋ ਗਿਆ।

"ਚਲੋ ਜਲਦੀ ਨਾਲ਼ ਸਭ ਆਪਣੀ ਗੁਫ਼ਾ ਵੱਲ ਨੱਠੋ।’ ਇੰਨਾ ਸੁਣਦਿਆਂ ਸਭ ਕੇਕੜੇ ਮੀਂਹ ਤੋਂ ਬਚਣ ਲਈ ਆਪਣੀ ਗੁਫ਼ਾ ਵੱਲ ਨੂੰ ਚੱਲ ਪੈਂਦੇ ਹਨ। ਉਹ ਸਭ ਸੋਚਦੇ ਹਨ, "ਅਜੇ ਵੀ ਉਮੀਦ ਤੇ ਜ਼ਿੰਦਗੀ ਜਿੰਦਾ ਹੈ - ਜੋ ਬਦਲਦੇ ਮੌਸਮਾਂ ਵਿਚ ਵੀ ਕਿਸੇ ਨਾ ਕਿਸੇ ਰੂਪ ਵਿਚ ਪ੍ਰਫੁੱਲਤ ਹੋ ਰਹੀ ਹੈ!” 

ਪੇਸ਼ੇ ਤੋਂ ਇੰਜਨੀਅਰ ਅਤੇ ਦਿਲ ਤੋਂ ਕਵੀ – ਅਮਨਦੀਪ ਸਿੰਘ ਵਿਗਿਆਨ ਗਲਪ ਦੀਆਂ ਕਹਾਣੀਆਂ, ਬਾਲ ਸਾਹਿਤ ਅਤੇ ਲੇਖ ਵੀ ਲਿਖਦਾ ਹੈ। ਉਸਦੀ ਕਹਾਣੀਆਂ ਦੀ ਕਿਤਾਬ 'ਟੁੱਟਦੇ ਤਾਰਿਆਂ ਦੀ ਦਾਸਤਾਨ (ਲੋਕ ਸਾਹਿਤ ਪ੍ਰਕਾਸ਼ਨ, 1989)' ਪੰਜਾਬੀ ਵਿੱਚ ਵਿਗਿਆਨ ਗਲਪ (Science Fiction) ਦੀ ਪਹਿਲੀ ਕਿਤਾਬ ਹੈ।  ਉਹ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਨੌਰਾ ਤੋਂ ਹੈ ਅਤੇ ਅੱਜ-ਕੱਲ੍ਹ ਅਮਰੀਕਾ ਵਿੱਚ ਰਹਿ ਰਿਹਾ ਹੈ । 

ਕਵਿਤਾ - ਸਮੇਂ ਦਾ ਵਹਿਣ / ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

ਟਿਕ…ਟਿਕ…ਟਿਕ…

ਸਮੇਂ ਦਾ ਵਹਿਣ

ਲਗਾਤਾਰ ਜਾਰੀ ਹੈ।

ਤੇ

ਇਸ ਦੇ ਨਾਲ ਹੀ

ਮੁਕਦਾ ਜਾ ਰਿਹੈ

ਧਰਤੀ ਦੀ ਕੁੱਖ ‘ਚੋਂ ਪਾਣੀ।

ਟਿਕ…ਟਿਕ…ਟਿਕ…

ਤੇ

ਗਿਰ ਰਿਹੇ

ਤੇਜ਼ਾਬੀ ਮਾਦਾ

ਮੀਂਹ ਦਾ ਰੂਪ ਧਾਰ

ਧਰਤੀ ਦੀ ਹਿੱਕ ਉੱਤੇ।

ਟਿਕ…ਟਿਕ…ਟਿਕ…

ਤੇ

ਮਰ ਰਹੇ ਨੇ

ਪ੍ਰਦੂਸਿ਼ਤ ਜਲ ਦੇ ਦੈਂਤ ਹੱਥੋਂ

ਝੀਲਾਂ, ਦਰਿਆ ਤੇ ਨਦੀਆਂ ਨਾਲੇ

ਜੀਵ, ਰੁੱਖ ਤੇ ਮਨੁੱਖ।

ਸਮਸ਼ਾਨ ਵਰਗਾ ਸੰਨਾਟਾ ਛਾ ਰਿਹੇ

ਧਰਤੀ ਦੀ ਹਿੱਕ ਅੰਦਰ।

ਰੋਕ ਸਕਦੇ ਹੋ ਤਾਂ

ਰੋਕ ਲਵੋ

ਸਮੇਂ ਦੇ ਇਸ ਵਹਿਣ ਨੂੰ।

ਨਹੀਂ ਤਾਂ

ਇਸ ਟਿਕ…ਟਿਕ…ਟਿਕ… ਦੇ ਨਾਲ ਹੀ

ਰੁਕ ਜਾਵੇਗੀ ਜੀਵਨ-ਧੜਕਣ।

ਤੇ

ਅਣਗਿਣਤ ਲਾਸ਼ਾਂ ਦਾ ਬੋਝ ਚੁੱਕੀ

ਇਹ ਜਨਮ-ਦਾਤੀ ਹਮੇਸ਼ ਹਮੇਸ਼ ਲਈ

ਬਾਂਝ ਬਣ ਜਾਵੇਗੀ।

ਨਵਾਂ ਚੰਨ ਉੱਗ ਪਿਆ / ਹਰੀ ਕ੍ਰਿਸ਼ਨ ਮਾਇਰ

ਮੀਸ਼ਾ ਬ੍ਰਹਿਮੰਡ ਬਾਰੇ ਨਵੀਂ ਤੋਂ ਨਵੀਂ ਜਾਣਕਾਰੀ ਪ੍ਰਾਪਤ ਕਰਨ ਲਈ ਹਰ ਸਮੇਂ ਉਤਸੁਕ ਰਹਿੰਦੀ। ਬਾਹਰੀ ਪੁਲਾੜ ਬਾਰੇ ਉਸ ਨੇ ਬੜੀਆਂ ਕਿਤਾਬਾਂ ਪੜ੍ਹੀਆਂ ਸਨ। ਖ਼ਾਸਕਰ ਚੰਨ ਬਾਰੇ ਤਾਂ ਉਸ ਨੇ ਕਈ ਕਿੱਸੇ ਸੁਣ ਰੱਖੇ ਸਨ।

ਉਸ ਦਾ ਕਮਰਾ ਗ੍ਰਹਿਆਂ, ਰਾਕਟਾਂ, ਧਰਤੀ ਦੇ ਗਵਾਂਢੀ ਉਪਗ੍ਰਹਿ ਚੰਦ ਦੀ ਚਾਂਦੀ ਰੰਗੀ ਸੁੰਦਰਤਾ ਨੂੰ ਪ੍ਰਗਟਾਉਂਦੇ ਪੋਸਟਰਾਂ ਨਾਲ ਭਰਿਆ ਪਿਆ ਸੀ। ਇੱਕ ਰਾਤ ਉਹ ਆਪਣੇ ਬਿਸਤਰੇ ’ਤੇ ਰਜਾਈ ਦੇ ਨਿੱਘ ਵਿੱਚ ਲੇਟੀ ਹੋਈ ਸੀ। ਕਮਰੇ ਦੀ ਖੁੱਲ੍ਹੀ ਖਿੜਕੀ ’ਚੋਂ ਉਹ ਤਾਰਿਆਂ ਨੂੰ ਨਿਹਾਰ ਰਹੀ ਸੀ। ਅਚਾਨਕ ਕੋਈ ਜਾਦੂ ਜਿਹਾ ਚੱਲ ਗਿਆ। ਬਾਰੀਕ ਜਿਹੀ ਇੱਕ ਲਿਸ਼ਕਦੀ ਕਿਰਨ ਖਿੜਕੀ ਵਿੱਚ ਦੀ ਉਸ ਦੇ ਕਮਰੇ ਵਿੱਚ ਆਉਣ ਲੱਗੀ। ਪਲਾਂ ਵਿੱਚ ਹੀ ਮੀਸ਼ਾ ਦਾ ਕਮਰਾ ਜਗਮਗਾ ਉੱਠਿਆ। ਇਸ ਤੋਂ ਪਹਿਲਾਂ ਕਿ ਉਹ ਇਸ ਅਜੀਬੋ ਗਰੀਬ ਰੌਸ਼ਨੀ ਦਾ ਕੋਈ ਥਹੁ ਪਤਾ ਲਗਾਉਂਦੀ, ਮੀਸ਼ਾ ਆਪਣੇ ਹੀ ਬੈੱਡ ਉੱਪਰ ਹਵਾ ਵਿੱਚ ਉੱਡਣ ਲੱਗੀ। ਉਸ ਨੂੰ ਇੰਜ ਜਾਪਿਆ ਜਿਵੇਂ ਕਿ ਉਹ ਭਾਰ ਮੁਕਤ ਹੋ ਗਈ ਸੀ। ਉਸ ਦਾ ਆਲਾ ਦੁਆਲਾ ਪੁਲਾੜ ਵਿੱਚ ਸਾਹ ਲੈਣ ਵਾਲੇ ਆਕਾਸ਼ੀ ਮਾਹੌਲ ਵਿੱਚ ਤਬਦੀਲ ਹੋ ਗਿਆ। ਮੀਸ਼ਾ ਨੇ ਹੈਰਾਨੀ ’ਚ ਅੱਖਾਂ ਝਪਕੀਆਂ। ਖਿੜਕੀ ਕੋਲ ਇੱਕ ਤਾਰਿਆਂ ਦੀ ਧੂੜ ਵਾਂਗ ਚਮਕਦੀ ਇੱਕ ਅੰਬਰ ਪਰੀ ਨਜ਼ਰ ਆਈ। ਉਸ ਪਰੀ ਨੇ ਖਿੜਕੀ ਕੋਲ ਆ ਕੇ, ਮੀਸ਼ਾ ਨੂੰ ਆਪਣੇ ਬਾਰੇ ਦੱਸਿਆ: ‘‘ਮੈਂ ਚੰਨਪਰੀ ਲੂਨੀ ਹਾਂ।”

ਉਸ ਨੇ ਮੀਸ਼ਾ ਨੂੰ ਕਿਹਾ, ‘‘ਚੰਨ ਬਾਰੇ ਜਾਣਨ ਵਿੱਚ ਤੂੰ ਐਨੀ ਦਿਲਚਸਪੀ ਲੈਂਦੀ ਏਂ। ਚੰਨ ’ਤੇ ਵੀ ਤੇਰੀਆਂ ਗੱਲਾਂ ਹੁੰਦੀਆਂ ਹਨ। ਚੰਨ ਦੇ ਖੋਜੀਆਂ ਨੇ ਇੱਕ ਵਿਸ਼ੇਸ਼ ਖੋਜ ਮਿਸ਼ਨ ਵਿੱਚ ਸ਼ਾਮਲ ਕਰਨ ਲਈ ਤੈਨੂੰ ਚੰਨ ਦੀ ਯਾਤਰਾ ਕਰਨ ਦਾ ਸੱਦਾ ਭੇਜਿਆ ਹੈ।”

“ਮੈਂ ਭਲਾ ਚੰਨ ’ਤੇ ਕਿਵੇਂ ਜਾ ਸਕਦੀ ਹਾਂ?” ਮੀਸ਼ਾ ਬੋਲੀ।

“ਸਾਡੇ ਕੋਲ ਸਾਰਾ ਪ੍ਰਬੰਧ ਹੈ, ਤੂੰ ਸਾਡੇ ਨਾਲ ਜਾਣ ਨੂੰ ਹਾਂ ਤਾਂ ਕਹਿ।”

“ਜਾਣਾ ਤਾਂ ਮੈਂ ਚਾਹੁੰਦੀ ਹਾਂ ਪਰ ਮੈਨੂੰ ਐਥੇ ਹੀ ਛੱਡ ਕੇ ਜਾਣਾ ਪਊ।”

“ਠੀਕ ਹੈ ਮੈਂ ਤੈਨੂੰ ਐਥੇ ਹੀ ਛੱਡ ਜਾਵਾਂਗੀ।” ਚੰਨ ਪਰੀ ਬੋਲੀ। ਦੇਖਦੇ ਦੇਖਦੇ ਉਸ ਪਰੀ ਨੇ ਹਵਾ ਵਿੱਚ ਹੱਥ ਲਹਿਰਾਇਆ ਅਤੇ ਇੱਕ ਤੇਜ਼ ਤਰੰਗ ਉਤਪੰਨ ਹੋ ਗਈ ਜਿਸ ਨੇ ਮੀਸ਼ਾ ਨੂੰ ਆਸੇ ਪਾਸਿਓਂ ਲਪੇਟ ਲਿਆ। ਉਹ ਪਲਾਂ ਵਿੱਚ ਚੰਨ ਦੀ ਧਰਤੀ ’ਤੇ ਪਹੁੰਚ ਗਈ ਸੀ। ਉਸ ਦੀਆਂ ਅੱਖਾਂ ਮੂਹਰੇ ਚੰਨ ਦਾ ਅਲੌਕਿਕ ਦ੍ਰਿਸ਼ ਫੈਲਿਆ ਹੋਇਆ ਸੀ। ਉੱਬੜ ਖਾਬੜ ਟੋਏ, ਪੱਧਰੇ ਪਹਾੜ ਉਸ ਦੇ ਸਾਹਮਣੇ ਵਿਛੇ ਪਏ ਸਨ। ਮੀਸ਼ਾ ਨੂੰ ਆਪਣੀਆਂ ਅੱਖਾਂ ’ਤੇ ਯਕੀਨ ਨਹੀਂ ਸੀ ਹੋ ਰਿਹਾ ਕਿ ਉਹ ਸੱਚਮੁੱਚ ਚੰਨ ’ਤੇ ਪਹੁੰਚ ਗਈ ਸੀ?

ਲੂਨੀ ਮੀਸ਼ਾ ਦਾ ਪਰੇਸ਼ਾਨ ਚਿਹਰਾ ਦੇਖ ਕੇ ਬੋਲੀ, ‘‘ਚੰਨ ਦੀ ਧਰਤੀ ’ਤੇ ਤੇਰਾ ਸਵਾਗਤ ਹੈ। ਸਾਡਾ ਇੱਕ ਵਿਸ਼ੇਸ ਖੋਜ ਮਿਸ਼ਨ ਹੈ: ਚੰਨ ਦੀ ਜਾਦੂਮਈ ਚਮਕ ਫਿੱਕੀ ਪੈਣ ਲੱਗ ਪਈ ਹੈ। ਇਸ ਚਮਕ ਨੂੰ ਪੁਨਰ ਸੁਰਜੀਤ ਕਰਨ ਲਈ ਤੇਰੀ ਮਦਦ ਚਾਹੀਦੀ ਹੈ।”

“ਉਹ ਕਿਵੇਂ!” ਮੀਸ਼ਾ ਦਾ ਦਿਲ ਜੋਸ਼ ਨਾਲ ਧੜਕਣ ਲੱਗਾ।

ਲੂਨੀ ਨੇ ਮੀਸ਼ਾ ਨੂੰ ਇੱਕ ਹੀਰੇ ਵਰਗਾ ਪੱਥਰ ਫੜਾਉਂਦਿਆਂ ਕਿਹਾ, ‘‘ਇਸ ਕ੍ਰਿਸਟਲ ਵਿੱਚ ਚੰਨ ਦੀ ਗੁਆਚੀ ਊਰਜਾ ਨੂੰ ਮੋੜ ਲਿਆਉਣ ਦੀ ਤਾਕਤ ਹੈ। ਅਸੀਂ ਇਸ ਵਰਗੇ ਹੋਰ ਕ੍ਰਿਸਟਲ ਚੰਨ ਦੀ ਸਤ੍ਵਾ ਤੋਂ ਲੱਭ ਕੇ ਲਿਆਉਣੇ ਹਨ। ਤਾਂ ਜੋ ਉਨ੍ਹਾਂ ਦੀ ਸਮੁੱਚੀ ਰੌਸ਼ਨੀ ਚੰਨ ਉੱਪਰ ਸੁੱਟੀ ਜਾ ਸਕੇ। ਇਹ ਸਿਲਸਿਲਾ ਸ਼ੁਰੂ ਹੋ ਜਾਵੇਗਾ ਤਾਂ ਚੰਨ ਦੀ ਚਮਕ ਮੁੜ ਤੋਂ ਵਾਪਸ ਆ ਜਾਵੇਗੀ।”

“ਪਰ ਚੰਨ ਦਾ ਵਾਯੂਮੰਡਲ ਹੀ ਕਿਤੇ ਰੌਸ਼ਨੀ ਨੂੰ ਨਾਂ ਜਜ਼ਬ ਕਰੀ ਜਾਂਦਾ ਹੋਵੇ?” ਲੂਨੀ ਨੇ ਡਰ ਜਤਾਇਆ।

“ਮੈਂ ਤਾਂ ਇਸ ਬਾਰੇ ਕਦੀ ਸੋਚਿਆ ਹੀ ਨਹੀਂ।” ਲੂਨੀ ਨੇ ਕਿਹਾ।

“ਇੱਥੇ ਕਈ ਹਨੇਰੀਆਂ ਥਾਵਾਂ ਹੋਣਗੀਆਂ ਜੋ ਨੇੜੇ ਜਾਣ ’ਤੇ ਰੌਸ਼ਨੀ ਦੀਆਂ ਸ਼ੁਆਵਾਂ ਨੂੰ ਨਿਗਲ ਜਾਂਦੀਆਂ ਹੋਣਗੀਆਂ।” ਮੀਸ਼ਾ ਨੇ ਸ਼ੱਕ ਜਤਾਉਂਦਿਆਂ ਗੱਲ ਜਾਰੀ ਰੱਖੀ, “ਹੋ ਸਕਦਾ ਇਹ ਬਲੈਕ ਹੋਲ ਹੋਣ।”

“ਉਹ ਕੀ ਹੁੰਦੇ ਨੇ?”

“ਮਰੇ ਮੁੱਕੇ ਤਾਰੇ ਅੰਬਰ ਵਿੱਚ ਮੂੰਹ ਟੱਡ ਕੇ ਬੈਠ ਜਾਂਦੇ ਹਨ। ਕੋਈ ਵੀ ਵਸਤੂ ਇਨ੍ਹਾਂ ਕੋਲੋਂ ਲੰਘੇ ਝਪਟ ਮਾਰ ਕੇ ਨਿਗਲ ਜਾਂਦੇ ਹਨ।”

“ਹੈਂ ਰੌਸ਼ਨੀ ਨੂੰ ਵੀ?”

“ਹਾਂ ਰੌਸ਼ਨੀ ਨੂੰ ਵੀ।”

“ਤੂੰ ਬੜੀ ਬੁੱਧੀਮਾਨ ਏਂ।” ਲੂਨੀ ਨੇ ਕਿਹਾ।

ਮੀਸ਼ਾ ਲੂਨੀ ਦਾ ਸਾਥ ਦੇਣ ਲਈ ਮੰਨ ਗਈ। ਉਸ ਨੇ ਲੂਨੀ ਨੂੰ ਨਾਲ ਲੈ ਕੇ ਚੰਨ ਦੀ ਸਤ੍ਵਾ ਦੀ ਖੋਜਬੀਨ ਕਰਨੀ ਸ਼ੁਰੂ ਕਰ ਦਿੱਤੀ। ਉਹ ਚਾਰੇ ਦਿਸ਼ਾਵਾਂ ਵਿੱਚ ਘੁੰਮਦੀਆਂ ਰਹੀਆਂ। ਫਿਰ ਉਹ ਹੀਰਿਆਂ ਦੀ ਇੱਕ ਗੁਫ਼ਾ ਵਿੱਚ ਪਹੁੰਚੀਆਂ। ਗੁਫ਼ਾ ਜਗਮਗਾਉਂਦੇ ਕ੍ਰਿਸਟਲਾਂ ਨਾਲ ਭਰੀ ਪਈ ਸੀ। ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਇਸ ਗੁਫ਼ਾ ਵਿੱਚੋਂ ਉਨ੍ਹਾਂ ਨੂੰ ਉਨ੍ਹਾਂ ਦੇ ਮਤਲਬ ਦੇ ਕ੍ਰਿਸਟਲ ਜ਼ਰੂਰ ਲੱਭ ਪੈਣਗੇ। ਮੀਸ਼ਾ ਨੇ ਜਦੋਂ ਵਕਰੀ ਕ੍ਰਿਸਟਲਾਂ ਨੂੰ ਇੱਕ ਚੱਕਰ ਵਿੱਚ ਰੱਖ ਕੇ ਦੇਖਿਆ ਤਾਂ ਸਾਰੇ ਕ ੍ਰਿਸਟਲਾਂ ਦਾ ਪ੍ਰਕਾਸ਼ ਜੁੜ ਕੇ ਜਦੋਂ ਗੁਫ਼ਾ ਦੀ ਕੰਧ ’ਤੇ ਪਿਆ, ਉਸ ਨੂੰ ਦੇਖ ਕੇ ਲੂਨੀ ਜੇਸ਼ ਵਿੱਚ ਉਛਲ ਪਈ। ਬੋਲੀ,‘‘ਓ ਮਾਈ ਗੌਡ! ਇਹ ਤਾਂ ਨਵਾਂ ਚੰਨ ਉੱਗ ਪਿਆ ਹੈ ਕੰਧ ’ਤੇ!”

“ਲੂਨੀ! ਇਹ ਕ੍ਰਿਸਟਲ ਚੰਨ ਦੀ ਗੁਆਚੀ ਊਰਜਾ ਨੂੰ ਰੀਚਾਰਜ ਕਰ ਦੇਣਗੇ।” ਮੀਸ਼ਾ ਨੇ ਕਿਹਾ। ਫੇਰ ਉਨ੍ਹਾਂ ਹੋਰ ਵੀ ਕਈ ਕ੍ਰਿਸਟਲ ਗੁਫ਼ਾ ’ਚੋਂ ਚੁੱਕ ਲਿਆਂਦੇ। ਉਨ੍ਹਾਂ ਨੂੰ ਲੂਨੀ ਦੀ ਪ੍ਰਯੋਗਸ਼ਾਲਾ ਵਿੱਚ ਲਿਆਂਦਾ ਗਿਆ। ਲੱਗੀਆਂ ਜੋੜ ਤੋੜ ਲਗਾਉਣ। ਲੂਨੀ ਅਤੇ ਮੀਸ਼ਾ ਨੇ ਚੰਨ ’ਤੇ ਚੋਣਵੇਂ ਖੋਜੀਆਂ ਦੀ ਇੱਕ ਮੀਟਿੰਗ ਵਿੱਚ ਆਪਣੇ ਖੋਜ ਪ੍ਰਾਜੈਕਟ ਦੀ ਰਿਪੋਰਟ ਪੇਸ਼ ਕੀਤੀ। ਪੇਸ਼ਕਾਰੀ ਹੋਈ। ਖੋਜੀ ਦੰਗ ਰਹਿ ਗਏ, ਇੱਕ ਨਵਾਂ ਚੰਨ ਉਗਮ ਪਿਆ ਸੀ। ਪ੍ਰਯੋਗਸ਼ਾਲਾ ਵਿੱਚ ਕ੍ਰਿਸਟਲਾਂ ਨੂੰ ਤਰਤੀਬ ਦੇ ਕੇ ਇੱਕ ਖੂੰਜੇ ਵਿੱਚ ਰੱਖ ਦਿੱਤਾ ਗਿਆ। ਰੌਸ਼ਨੀ ਜਦ ਚੰਨ ’ਤੇ ਸੁੱਟੀ ਗਈ, ਚੰਨ ਰੌਸ਼ਨੀ ਨਾਲ ਡਲਕਾਂ ਮਾਰਨ ਲੱਗਾ। ਖੋਜੀ ਬੜੇ ਖ਼ੁਸ਼ ਸਨ। ਮੀਸ਼ਾ ਦੇ ਚੰਨ ’ਤੇ ਪੈਰ ਪਾਉਣ ਨਾਲ ਚਿਰਾਂ ਤੋਂ ਲਟਕਦੀ ਖੋਜ ਪੂਰੀ ਹੋਈ ਸੀ।

“ਹੁਣ ਧਰਤੀ ਉੱਪਰ ਦਿਨ ਚੜ੍ਹਨ ਵਾਲਾ ਹੋਵੇਗਾ, ਮੀਸ਼ਾ ਨੂੰ ਉਸ ਦੇ ਮਾਂ-ਬਾਪ ਲੱਭਣ ਨਾ ਲੱਗ ਪੈਣ।” ਲੂਨੀ ਨੇ ਕਿਹਾ।

“ਹਾਂ! ਮੈਨੂੰ ਹੁਣ ਵਾਪਸ ਭੇਜਣ ਦਾ ਪ੍ਰਬੰਧ ਕਰੋ।” ਮੀਸ਼ਾ ਨੇ ਕਿਹਾ।

“ਪਰ ਤੈਨੂੰ ਇੱਕ ਵਾਰ ਫਿਰ ਚੰਨ ’ਤੇ ਗੇੜਾ ਮਾਰਨਾ ਪਵੇਗਾ।” ਖੋਜੀ ਬੋਲੇ।

“ਉਹ ਕਿਸ ਲਈ?”

“ਬਲੈਕ ਹੋਲਾਂ ਬਾਰੇ ਵਿਚਾਰਨ ਲਈ।”

“ਚੰਨ ਦੀ ਰੌਸ਼ਨੀ ਦਾ ਵੱਡਾ ਹਿੱਸਾ ਤਾਂ ਉਹ ਭੁੱਖੜ ਹੀ ਹੜੱਪਦੇ ਹੋਣਗੇ।” ਮੀਸ਼ਾ ਨੇ ਕਿਹਾ।

“ਸਾਡੀ ਅਗਲੀ ਚਿੰਤਾ ਇਹੀ ਬਲੈਕ ਹੋਲ ਹਨ।” ਇੱਕ ਖੋਜੀ ਬੋਲਿਆ।

ਲੂਨੀ ਨੇ ਹਵਾ ਵਿੱਚ ਹੱਥ ਲਹਿਰਾਇਆ। ਮੀਸ਼ਾ ਨੂੰ ਕਿਰਨਾਂ ਦੀ ਇੱਕ ਰੱਸੀ ਨੇ ਲਪੇਟਾ ਮਾਰ ਲਿਆ। ਫਿਰ ਉਹ ਖੁੱਲ੍ਹੇ ਆਕਾਸ਼ ਵਿੱਚ ਤੈਰਨ ਲੱਗੀ। ਉਹ ਮੁੜ ਆਪਣੇ ਕਮਰੇ ਵਿੱਚ ਪਹੁੰਚ ਗਈ। ਉਸ ਨੇ ਸੁਣਿਆ ਕਿ ਉਸ ਦੀ ਮਾਂ ਉਸ ਦੇ ਬੰਦ ਕਮਰੇ ਅੱਗੇ ਆਵਾਜ਼ਾਂ ਮਾਰ ਰਹੀ ਸੀ,” “ਮੀਸ਼ਾ ਬੇਟੇ! ਮੂੰਹ ਹੱਥ ਧੋ ਕੇ ਨਾਸ਼ਤਾ ਕਰ ਲੈ। ਸਕੂਲ ਦਾ ਵਕਤ ਹੋਣ ਵਾਲਾ ਹੈ।”

ਹਰੀ ਕ੍ਰਿਸ਼ਨ ਮਾਇਰ ਨੇ ਵਿਗਿਆਨ ਦੇ ਵਿਸ਼ੇ ਫਿਜ਼ਿਕਸ ਦਾ ਤਿੰਨ ਦਹਾਕੇ ਅਧਿਆਪਨ ਕੀਤਾ। ਪੰਜਾਬ  ਸਿੱਖਿਆ ਵਿਭਾਗ ਵਿਚੋਂ ਬਤੌਰ ਪ੍ਰਿੰਸੀਪਲ ਸੇਵਾ ਮੁਕਤ ਹੋਏ। ਵਿਗਿਆਨ ਦੇ  ਵਿਸ਼ਿਆਂ ਤੇ ਨਿਬੰਧ ਅਕਸਰ  ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਬਾਲ ਸਾਹਿਤ ਵਿੱਚ  ਕਹਾਣੀ, ਕਵਿਤਾ, ਜੀਵਨੀਆਂ, ਬੁਝਾਰਤਾਂ ਦੀਆਂ ਤਕਰੀਬਨ ਪੰਦਰਾਂ ਪੁਸਤਕਾਂ ਛਪੀਆਂ ਹਨ। ਕੁਝ ਛਪਾਈ ਅਧੀਨ ਹਨ। ਉਹਨਾਂ ਦੀਆਂ  ਪੁਸਤਕਾਂ ‘ਮਹਾਨ ਖੋਜਕਾਰ’, ‘ਭਾਰਤੀ ਖੋਜਕਾਰ’, ‘ਅਸੀਂ ਜੀਵ ਜੰਤੂ’  ਭਾਗ 1 ਅਤੇ 2 ਪੁਸਤਕਾਂ ਕਾਫ਼ੀ ਚਰਚਿਤ ਰਹੀਆਂ ਹਨ।


ਵਿਗਿਆਨ ਕਵਿਤਾ - ਆਲਮੀ ਤਪਸ਼ / ਹਰੀ ਕ੍ਰਿਸ਼ਨ ਮਾਇਰ

ਕੱਲੀ ਕੱਲੀ ਆਖੇ ਸੁਣੋ ਜ਼ੁਬਾਨ

ਵਧ ਰਿਹਾ ਧਰਤੀ ਦਾ ਤਾਪਮਾਨ

ਐਨੀ ਗਰਮੀ ਹੈ ਕਿੱਥੋਂ ਆਉਦੀ

ਅੱਗ ਧਰਤੀ ਦੇ ਸੀਨੇ ਲਾਉਂਦੀ 

ਹੁੰਦਾ ਇਕ ‘ਹਰਾ ਗ੍ਰਹਿ ਪ੍ਰਭਾਵ’

ਇਸ ਦਾ ਹੈ ਜ਼ੁੰਮੇਵਾਰ ਜਨਾਬ

ਮੀਥੇਨ ਤੇ ਨਾਈਟਰੋਜਨ ਦੇ ਆਕਸਾਈਡ

ਕਾਰਬਨ ਮੋਨੋ ਤੇ ਡਾਈ ਆਕਸਾਈਡ

ਗੈਸਾਂ ਇਹ  ਹਰੇ  ਘਰ ਦੀਆਂ

ਇਹ ਰੋਕ ਪੈਦਾ ਨੇ ਕਰਦੀਆਂ

ਇਨਫਰਾਰੈੱਡ* ਵਿਕੀਰਨਾਂ ਧੁੱਪ ਲਿਆਉਂਦੀ

ਸਾਰਾ ਦਿਨ ਧਰਤੀ ਨੂੰ ਗਰਮਾਉਂਦੀ

ਗਰਮੀ ਉੱਠੇ ਰਾਤੀਂ ਜਦੋਂ ਉਤਾਂਹ 

‘ਰੋਕ’ ਨਾਂ ਦੇਵੇ  ਜਾਣ ਅਗਾਂਹ

ਫਿਰ ਗਰਮੀ ਧਰਤੀ ਵੱਲ ਮੁੜਦੀ

ਰਾਤੀਂ ਨੈਣਾਂ ‘ਚੋਂ ਨੀਂਦਰ ਉੜਦੀ 

ਮਾਂ  ਪਾਉਂਦੀ  ਹੁੰਦੀ ਸੀ ਬਾਤ

ਬੱਦਲਾਂ ਵਾਲੀ ਨਿੱਘੀ ਹੁੰਦੀ ਰਾਤ

ਇਸਨੂੰ ਕਹਿੰਦੇ ‘ਹਰਾ ਗ੍ਰਹਿ ਪ੍ਰਭਾਵ’

ਵੱਧਦੇ ਤਾਪ ਦਾ ਦੇਵੇ ਜੁਆਬ

ਜਿਉਂ ਤਾਪਮਾਨ ਹੈ ਵੱਧ ਰਿਹਾ

ਹੈ ਆਫ਼ਤਾਂ ਨੂੰ ਸੱਦ ਰਿਹਾ

ਤੋਦੇ ਪਿਘਲਣੇ ਸਾਗਰ ਉਛਾਲੇ ਖਾਣੇ

ਕੰਢਿਆਂ ਤੇ ਘਰ ਉੱਜੜ ਜਾਣੇ

ਚੱਲਦਾ ਰਹੇ ਜੀਵਨ ਦਾ ਦੌਰ

ਆਫ਼ਤਾਂ ਨੇ ਸੀ ਮੁਕਾਏ ਡਾਇਨਾਸੌਰ

ਜਾਗੋ ਲੋਕੋ ਹਾਕਾਂ ਮਾਰ ਬੁਲਾਉਦਾ

 ਖ਼ਤਰਾ ਸਾਡੇ ਘਰ ਵੱਲ ਆਉਦਾ

*ਇਨਫਰਾਰੈੱਡ ਵਿਕੀਰਨਾ ਇਲੈਕਟ੍ਰੋ  ਮੈਗਨੈਟਿਕ  ਸਪੈਕਟਰਮ ਵਿੱਚ ਲਾਲ ਰੰਗ ਤੋਂ ਹੇਠਲੀਆਂ ਅਦਿੱਖ ਵਿਕੀਰਨਾਂ ਹੁੰਦੀਆਂ ਹਨ,ਜੋ ਧੁੱਪ ਰਾਹੀਂ ਸਾਡੇ ਕੋਲ ਆਉਂਦੀਆਂ ਹਨ।

ਦੀਪੂ ਦੀ ਜੁਗਤ / ਅਮਰਪ੍ਰੀਤ ਸਿੰਘ ਝੀਤਾ

ਦੀਪੂ ਦਸਵੀਂ ਜਮਾਤ ਕਰਨ ਬਾਅਦ, ਸ਼ਹਿਰ ਦੇ ਇੱਕ ਕਾਲਜ ਵਿੱਚ ਦਾਖਲ ਹੋ ਗਿਆ ਸੀ। ਉਸਦਾ ਸੁਪਨਾ ਇੰਜਨੀਅਰ ਬਣਨ ਦਾ ਸੀ। ਇਸ ਲਈ ਉਸਨੇ ਗਿਆਰਵੀਂ ਵਿੱਚ ਵਿਗਿਆਨ ਦੇ ਵਿਸ਼ੇ ਰੱਖੇ ਸਨ‌।

ਕਾਲਜ ਤੋਂ ਸਾਰੀ ਛੁੱਟੀ ਹੋਣ ਬਾਅਦ ਦੀਪੂ ਆਪਣੇ ਪਿੰਡ ਨੂੰ ਜਾਣ ਵਾਲੀ ਬੱਸ ਵਿੱਚ ਬੈਠ ਗਿਆ। ਜਦੋਂ ਉਹ ਪਿੰਡ ਪਹੁੰਚਿਆ ਤਾਂ ਉਸਨੇ ਪਿੰਡ ਦੇ ਬਾਹਰ ਵੱਲ ਲੋਕਾਂ ਦਾ ਬੜਾ ਇਕੱਠ ਦੇਖਿਆ। ਜਦੋਂ ਉਹ ਘਰ ਆਇਆ ਤਾਂ ਉਸਦੀ ਮਾਤਾ ਨੇ ਆਖਿਆ, “ਪੁੱਤ ਦੀਪੂ ਆਪਣੇ ਪਿੰਡ ਬੜੇ ਹੀ ਪਹੁੰਚੇ ਹੋਏ ਬਾਬਾ ਜੀ ਕਾਲੇ ਪਹਾੜਾਂ ਵਾਲੇ ਆਏ ਨੇ। ਉਹਨਾਂ ਦੇ ਦਰਸ਼ਨਾਂ ਲਈ ਬਹੁਤ ਲੋਕ ਆ ਰਹੇ ਨੇ। ਮੈਂ ਤੈਨੂੰ ਹੀ ਉਡੀਕਦੀ ਸੀ ਕਿ ਕਦੋਂ ਤੂੰ ਘਰ ਆਵੇਂ ਤੇ ਤੇਰਾ ਮੱਥਾ ਬਾਬਾ ਜੀ ਕੋਲ ਟਿਕਾ ਲਿਆਂਵਾ। ਬਾਬਾ ਜੀ ਤੈਨੂੰ ਵੱਡੀ ਪੜ੍ਹਾਈ ਕਰਵਾਉਣ ਤੇ ਵੱਡੀ ਨੌਕਰੀ ਲੱਗਣ ਦਾ ਆਸ਼ੀਰਵਾਦ ਦੇ ਦੇਣ। ਹੁਣ ਤੂੰ ਛੇਤੀ ਨਾਲ ਕੱਪੜੇ ਬਦਲ ਤੇ ਮੇਰੇ ਨਾਲ ਬਾਬਾ ਜੀ ਦੇ ਡੇਰੇ ਵੱਲ ਚੱਲ।”

ਦੀਪੂ ਨੇ ਆਪਣੀ ਮਾਤਾ ਜੀ ਦੀ ਗੱਲ ਸੁਣ ਕੇ ਕੱਪੜੇ ਬਦਲ ਲਏ ਅਤੇ ਮਾਤਾ ਜੀ ਸੰਗ ਬਾਬਾ ਜੀ ਦੇ ਡੇਰੇ ਵੱਲ ਚੱਲ ਪਿਆ। ਡੇਰੇ ਉੱਤੇ ਲੋਕਾਂ ਦੀ ਬੜੀ ਭੀੜ ਲੱਗੀ ਹੋਈ ਸੀ। ਦੀਪੂ ਆਪਣੀ ਮਾਤਾ ਜੀ ਨਾਲ ਪੰਡਾਲ ਵਿੱਚ ਉੱਚੀ ਥਾਂ ਉੱਤੇ ਬੈਠੇ ਬਾਬਾ ਜੀ ਨੂੰ ਮੱਥਾ ਟੇਕ ਕੇ ਬੈਠ ਗਿਆ। ਪੰਡਾਲ ਬੜਾ ਹੀ ਸੋਹਣਾ ਸਜਾਇਆ ਗਿਆ ਸੀ, ਜਿਵੇਂ ਕੋਈ ਮਹਿਲ ਹੋਵੇ। ਆਸੇ ਪਾਸੇ ਬੈਠੇ ਲੋਕ ਬਾਬਾ ਜੀ ਦੇ ਚਮਤਕਾਰਾਂ ਬਾਰੇ ਦੱਸ ਰਹੇ ਸਨ। ਕਿਸੇ ਨੇ ਆਖਿਆ ਕਿ ਉਹਨਾਂ ਦੇ ਘਰ ਦੇ ਇੱਕ ਮੈਂਬਰ ਵਿੱਚੋਂ ਬਾਬਾ ਜੀ ਨੇ ਭੂਤ ਨੂੰ ਕੱਢ ਕੇ ਸ਼ੀਸ਼ੀ ਵਿੱਚ ਬੰਦ ਕੀਤਾ ਸੀ। ਕਿਸੇ ਨੇ ਆਖਿਆ ਕਿ ਮੇਰੀ ਕੁੜੀ ਬੜੀ ਬਿਮਾਰ ਰਹਿੰਦੀ ਸੀ, ਉਸਦਾ ਬੜੇ ਡਾਕਟਰਾਂ ਕੋਲੋਂ ਇਲਾਜ ਕਰਾਇਆ ਪਰ ਉਹ ਰਾਜ਼ੀ ਨਾ ਹੋਈ। ਜਦੋਂ ਇਹਨਾਂ ਬਾਬਾ ਜੀ ਕੋਲ ਆਏ ਤਾਂ ਇਹਨਾਂ ਦੱਸਿਆ ਕਿ ਕੁੜੀ ਨੂੰ ਕੋਈ ਬਿਮਾਰੀ ਨਹੀਂ ਆ, ਸਗੋਂ ਕਿਸੇ ਟੂਣਾ ਕੀਤਾ ਆ। ਫਿਰ ਬਾਬਾ ਜੀ ਨੇ ਆਪਣੀ ਤਪੱਸਿਆ ਦੀ ਸ਼ਕਤੀ ਨਾਲ ਟੂਣਾ ਬੇਅਸਰ ਕਰਕੇ ਸਾਡੀ ਕੁੜੀ ਦੀ ਜਾਨ ਬਚਾ ਦਿੱਤੀ। ਹਰ ਕੋਈ ਆਪਣੀ ਸਮੱਸਿਆ ਦੇ ਕੀਤੇ ਹੱਲ ਬਾਰੇ ਦੱਸ ਕੇ ਬਾਬਾ ਜੀ ਦਾ ਗੁਣਗਾਨ ਕਰ ਰਿਹਾ ਸੀ। ਇਹ ਸਭ ਦੇਖ ਸੁਣ ਕੇ ਦੀਪੂ ਤੇ ਉਸਦੀ ਮਾਤਾ ਜੀ ਵੀ ਬੜੇ ਪ੍ਰਭਾਵਿਤ ਹੋਏ।

ਕੁਝ ਚਿਰ ਬਾਅਦ ਇੱਕ ਸ਼ਰਧਾਲੂ ਆਪਣੇ ਬਾਰਾਂ ਸਾਲਾਂ ਦੇ ਬਿਮਾਰ ਮੁੰਡੇ ਦੇ ਇਲਾਜ ਲਈ ਬਾਬਾ ਜੀ ਕੋਲ ਜਾ ਬੈਠਾ। ਉਹਨਾਂ ਦਾ ਮੁੰਡਾ ਕਦੀ ਹੱਸੀ ਜਾਵੇ, ਕਦੀ ਉੱਚੀ ਉੱਚੀ ਰੌਲਾ ਪਾਉਣ ਲੱਗੇ। ਕੁਝ ਚਿਰ ਬਾਅਦ ਬਾਬਾ ਜੀ ਨੇ ਬਿਮਾਰ ਮੁੰਡੇ ਦੇ ਹੱਥ ਵਿੱਚ ਨਿੰਬੂ ਫੜ੍ਹਾਇਆ ਤੇ 

ਕੁਝ ਮੰਤਰ ਬੋਲਣ ਬਾਅਦ ਉਸਦੇ ਪਿਤਾ ਨੂੰ ਬੋਲੇ, “ਭਗਤਾ ਹੁਣ ਇਹ ਨਿੰਬੂ ਕੱਟ ਕੇ ਦਿਖਾ। ਜਦੋਂ ਨਿੰਬੂ ਕੱਟਿਆ ਤਾਂ ਉਸ ਵਿੱਚੋਂ ਲਹੂ ਵਰਗਾ ਲਾਲ ਰੰਗ ਨਿਕਲਿਆ। ਬਾਬਾ ਜੀ ਬੋਲੇ ਕਿ ਭਗਤਾ ਤੇਰੇ ਮੁੰਡੇ ਉੱਤੇ ਕਿਸੇ ਨੇ ਜਾਦੂ ਟੂਣਾ ਕੀਤਾ ਆ। ਤੈਨੂੰ ਦਸ ਚੌਕੀਆਂ ਭਰਨੀਆਂ ਪੈਣੀਆਂ ਤੇ ਸਾਡੇ ਦੱਸੇ ਅਨੁਸਾਰ ਇਹ ਕੁਝ ਟੋਟਕੇ ਕਰਨੇ ਪੈਣੇ ਨੇ, ਦੇਖੀਂ ਤੇਰਾ ਮੁੰਡਾ ਛੇਤੀ ਰਾਜੀ ਹੋ ਜਾਵੇਗਾ। ਇਹ ਸਭ ਦੇਖ ਕੇ ਸਾਰੇ ਬੈਠੇ ਲੋਕ ਬਾਬਾ ਜੀ ਦੀ ਜੈ ਜੈ ਕਾਰ ਕਰਨ ਲੱਗ ਪਏ। ਕੁਝ ਚਿਰ ਬਾਅਦ ਬਾਬਾ ਜੀ ਨੇ ਆਖਿਆ ਕਿ ਉਹ ਇਸ ਪਿੰਡ ਤੋਂ ਬੁਰੀ ਆਤਮਾਵਾਂ ਦੂਰ ਕਰਨ ਲਈ ਮੰਤਰ ਪੜ੍ਹਨਗੇ ਫਿਰ ਇਹਨਾਂ ਲੱਕੜੀਆਂ ਉੱਤੇ ਪਾਣੀ ਦੀਆਂ ਕੁਝ ਬੂੰਦਾਂ ਪਾ ਕੇ ਅੱਗ ਬਾਲਣਗੇ। ਜੇਕਰ ਅੱਗ ਮੱਚ ਗਈ ਤਾਂ ਤੁਹਾਡੇ ਪਿੰਡ ਤੋਂ ਸਭ ਬੁਰੀਆਂ ਆਤਮਾਵਾਂ ਭੱਜ ਜਾਣਗੀਆਂ। ਜੇਕਰ ਅੱਗ ਨਾ ਮਚੀ ਤੇ ਧੂੰਆਂ ਹੋ ਗਿਆ ਤਾਂ ਤੁਹਾਡੇ ਪਿੰਡ ਵਿੱਚ ਕੁਝ ਬਹੁਤ ਬੁਰਾ ਹੋਵੇਗਾ।”

ਪੰਡਾਲ ਵਿੱਚ ਬੈਠੇ ਲੋਕ ਸੋਚਣ ਲੱਗੇ ਕਿ ਪਾਣੀ ਨਾਲ ਕਿਵੇਂ ਅੱਗ ਮੱਚ ਸਕਦੀ ਆ? ਕੁਝ ਚਿਰ ਬਾਅਦ ਬਾਬਾ ਜੀ ਨੇ ਮੰਤਰ ਪੜ੍ਹੇ ਤੇ ਫਿਰ ਜਦੋਂ ਲੱਕੜਾਂ ਉੱਤੇ ਪਾਣੀ ਛਿੜਕਿਆ ਤਾਂ ਅੱਗ ਮੱਚ ਪਈ। ਇਹ ਦੇਖ ਕੇ ਸਾਰੇ ਲੋਕ ਫਿਰ ਬਾਬਾ ਜੀ ਦੀ ਜੈ ਜੈ ਕਾਰ ਕਰਨ ਲੱਗ ਪਏ। ਕੁਝ ਚਿਰ ਬਾਅਦ ਦੀਪੂ ਆਪਣੀ ਮਾਤਾ ਸੰਗ ਘਰ ਵਾਪਸ ਆ ਗਿਆ।

ਅਗਲੇ ਦਿਨ ਸਾਰੇ ਪਿੰਡ ਵਿੱਚ ਬਾਬਾ ਜੀ ਦੇ ਚਮਤਕਾਰਾਂ ਦੀਆਂ ਹੀ ਗੱਲਾਂ ਹੋ ਰਹੀਆਂ ਸਨ। ਦੀਪੂ ਜਦੋਂ ਕਾਲਜ ਪਹੁੰਚਿਆ ਤਾਂ ਉੱਥੇ ਵੀ ਬਾਬਾ ਜੀ ਦੇ ਚਮਤਕਾਰਾਂ ਦੀ ਹੀ ਗੱਲ ਹੋ ਰਹੀ ਸੀ। ਕੈਮਿਸਟਰੀ ਦੇ ਪੀਰਡ ਵਿੱਚ ਦੀਪੂ ਨੇ ਬਾਬਾ ਜੀ ਦੇ ਚਮਤਕਾਰਾਂ ਬਾਰੇ ਮਾਸਟਰ ਪ੍ਰੀਤਮ ਸਿੰਘ ਨੂੰ ਦੱਸਿਆ ਤਾਂ ਮਾਸਟਰ ਜੀ ਬੋਲੇ, “ਬੱਚਿਓ! ਕੁਝ ਬਾਬੇ ਸੱਚੀ ਭਗਤੀ ਵਾਲੇ ਹੁੰਦੇ ਹਨ। ਉਹ ਕੋਈ ਵੀ ਜਾਦੂ ਚਮਤਕਾਰ ਨਹੀਂ ਦਿਖਾਉਂਦੇ, ਸਗੋਂ ਆਪਣੇ ਧਰਮ ਦੀ ਬਾਣੀ ਨੂੰ ਹੀ ਸਮਝਾਉਂਦੇ ਹਨ‌। ਪਰ ਆਪਣੇ ਭਾਰਤ ਵਿੱਚ ਜ਼ਿਆਦਾਤਰ ਲੋਕਾਂ ਦੇ ਅਨਪੜ੍ਹ ਹੋਣ ਦਾ ਫਾਇਦਾ ਪਾਖੰਡੀ ਬਾਬੇ ਉਠਾਉਂਦੇ ਹਨ। ਬੱਚਿਓ, ਇਹ ਸਭ ਚਮਤਕਾਰ ਤੁਸੀਂ ਵੀ ਕਰ ਸਕਦੇ ਹੋ। ਤੁਸੀਂ ਵੀ ਪਾਖੰਡੀ ਬਾਬਿਆਂ ਵਾਂਗ ਭੋਲੇ ਭਾਲੇ ਲੋਕਾਂ ਨੂੰ ਅੰਧ ਵਿਸ਼ਵਾਸ ਵਿੱਚ ਪਾ ਕੇ ਉਹਨਾਂ ਦਾ ਫਾਇਦਾ ਚੁੱਕ ਸਕਦੇ ਹੋ। ਪਰ ਅਜਿਹੇ ਕੰਮ ਕਰਨੇ ਗੈਰ ਕਾਨੂੰਨੀ ਤੇ ਅਨੈਤਿਕ ਹਨ।”

ਫਿਰ ਮਾਸਟਰ ਜੀ ਨੇ ਧਾਤਾਂ ਦੇ ਗੁਣਾਂ ਬਾਰੇ ਦੱਸਿਆ ਤੇ ਫਿਰ ਐਸਿਡ (ਤੇਜ਼ਾਬ) ਤੇ ਬੇਸ (ਖਾਰ) ਦੇ ਪਾਠ ਨੂੰ ਪੜ੍ਹਾਇਆ ਤੇ ਰੋਜ਼ਾਨਾ ਜੀਵਨ ਵਿੱਚ ਇਹਨਾਂ ਦੀਆਂ ਕਿਰਿਆਵਾਂ ਨੂੰ ਕਰਕੇ ਸਮਝਾਇਆ। ਇਹ ਸਭ ਸਮਝਣ 'ਤੇ ਦੀਪੂ ਸਣੇ ਸਾਰੇ ਵਿਦਿਆਰਥੀਆਂ ਨੇ ਆਖਿਆ ਕਿ ਮਾਸਟਰ ਜੀ ਤੁਸੀਂ ਇਹਨਾਂ ਝੂਠੇ ਚਮਤਕਾਰਾਂ ਪਿੱਛੇ ਲੁਕੇ ਵਿਗਿਆਨ ਦੀਆਂ ਕਿਰਿਆਵਾਂ ਬਾਰੇ ਦੱਸ ਕੇ ਸਾਨੂੰ ਅੰਧ ਵਿਸ਼ਵਾਸ ਵਿੱਚ ਪੈਣੋਂ ਬਚਾ ਲਿਆ ਹੈ। ਹੁਣ ਅਸੀਂ ਵੀ ਇਹਨਾਂ ਵਿਗਿਆਨ ਦੀਆਂ ਕਿਰਿਆਵਾਂ ਬਾਰੇ ਆਪਣੇ ਪਿੰਡ ਦੇ ਲੋਕਾਂ ਨੂੰ ਦੱਸਾਂਗੇ ਤੇ ਉਹਨਾਂ ਨੂੰ ਢੌਂਗੀ ਬਾਬੇ ਦੇ ਜਾਲ ਵਿੱਚ ਫਸਣ ਨਹੀਂ ਦੇਵਾਂਗੇ। ਕੁਝ ਚਿਰ ਬਾਅਦ ਸਾਰੀ ਛੁੱਟੀ ਹੋ ਗਈ।

ਜਦੋਂ ਦੀਪੂ ਘਰ ਆਇਆ ਤਾਂ ਉਸਨੇ ਘਰ ਵਿੱਚ ਚਾਚੀ ਪਾਲੋ, ਤਾਈ ਸੰਤੀ ਨੂੰ ਬਾਬੇ ਦੇ ਡੇਰੇ ਜਾਣ ਲਈ ਆਪਣੇ ਜਵਾਕਾਂ ਸੰਗ ਬੈਠੇ ਦੇਖਿਆ। ਕੁਝ ਸੋਚ ਕੇ ਦੀਪੂ ਇੱਕ ਜੁਗਤ ਬਣਾਉਂਦਾ ਹੈ। ਉਹ ਆਪਣੇ ਮਿੱਤਰਾਂ - ਪਾਲੇ, ਰਾਜੂ ਤੇ ਗੋਪੀ ਨੂੰ  ਆਪਣੀ ਜੁਗਤ ਬਾਰੇ ਦਸਦਾ ਹੈ। ਉਹ ਵੀ ਉਸਦੀ ਮਦਦ ਕਰਨ ਦੀ ਹਾਮੀ ਭਰਦੇ ਹਨ। ਸਾਰੇ ਮਿੱਤਰ ਪਿੰਡ ਵਿਚਲੇ ਚੁਰਾਹੇ ਉੱਤੇ ਬੜੀ ਸਾਵਧਾਨੀ ਨਾਲ ਆਸੇ ਪਾਸੇ ਦੇਖਦਿਆਂ ਕੁਝ ਨਿੰਬੂ, ਸੇਬ, ਲਾਲ ਵੰਗਾਂ ਰੱਖ ਕੇ ਹੋਲੀ ਦਾ ਲਾਲ ਰੰਗ ਖਿਲਾਰ ਦਿੰਦੇ ਹਨ।

ਇੱਕ ਘੰਟੇ ਬਾਅਦ ਪਿੰਡ ਵਿੱਚ ਰੌਲਾ ਪੈ ਜਾਂਦਾ ਹੈ ਕਿ ਪਿੰਡ ਵਿਚਲੇ ਚੁਰਾਹੇ ਉੱਤੇ ਕੋਈ ਟੂਣਾ ਕਰ ਗਿਆ ਆ। ਪਤਾ ਨਹੀਂ ਹੁਣ ਕੀ ਮਾੜਾ ਹੋਵੇਗਾ? ਸਾਰੇ ਪਿੰਡ ਵਾਲੇ ਉੱਥੇ ਇਕੱਠੇ ਹੋ ਗਏ ਤੇ ਟੂਣੇ ਦੇ ਅਸਰ ਬਾਰੇ ਗੱਲਾਂ ਕਰਨ ਲੱਗੇ। ਕੋਈ ਕਹਿੰਦਾ ਕਿ ਬਾਬਾ ਜੀ ਨੂੰ ਸੱਦੋ ਤੇ ਇੱਥੇ ਪਾਠ ਪੂਜਾ ਕਰਵਾਓ।

ਕੁਝ ਚਿਰ ਬਾਅਦ ਦੀਪੂ ਵੀ ਆਪਣੇ ਮਿੱਤਰਾਂ ਸੰਗ ਉੱਥੇ ਆ ਗਿਆ। ਜਦੋਂ ਦੀਪੂ ਟੂਣੇ ਵਾਲੀ ਥਾਂ ਕੋਲ ਜਾਣ ਲੱਗਾ ਤਾਂ ਉਸਦੀ ਮਾਤਾ ਨੇ ਉਸਦੀ ਬਾਂਹ ਫੜ ਕੇ ਰੋਕਿਆ ਤੇ ਆਖਿਆ, “ਪੁੱਤਰਾ, ਟੂਣਾ ਛੇੜਨ ਵਾਲੇ ਨਾਲ ਬਹੁਤ ਮਾੜਾ ਹੁੰਦਾ ਆ, ਤੂੰ ਉੱਥੇ ਨਾ ਜਾ।”

ਪਰ ਦੀਪੂ ਨਾ ਰੁਕਿਆ ਤੇ ਉਸਨੇ ਟੂਣੇ ਕੋਲ ਜਾ ਕੇ ਇੱਕ ਸੇਬ ਚੁੱਕਿਆ ਤੇ ਕੱਟ ਕੇ ਖਾਣ ਲੱਗਿਆ। ਸਾਰੇ ਲੋਕ ਦੀਪੂ ਨੂੰ ਬੁਰਾ ਭਲਾ ਬੋਲਣ ਲੱਗੇ ਕਿ ਇਸਦੇ ਅਜਿਹਾ ਕਰਨ ਨਾਲ ਪਿੰਡ ਵਿੱਚ ਜ਼ਰੂਰ ਕੁਝ ਬੁਰਾ ਹੋਵੇਗਾ। ਦੀਪੂ ਦੀ ਮਾਤਾ ਵੀ ਬੜਾ ਡਰ ਗਈ ਕਿ ਹੁਣ ਦੀਪੂ ਨਾਲ ਕੀ ਹੋਵੇਗਾ? ਉਹ ਹੁਣ ਬਚੇਗਾ ਵੀ ਕਿ ਨਹੀਂ‌।

ਦੀਪੂ ਨੇ ਸੇਬ ਦੇ ਇੱਕ ਟੁਕੜੇ ਨੂੰ ਖਾਣ ਬਾਅਦ ਉਸਦੇ ਤਿੰਨੋਂ ਮਿੱਤਰ ਵੀ ਦੀਪੂ ਕੋਲ ਆ ਗਏ। ਦੀਪੂ ਨੇ ਕਿਹੰ “ਮਾਤਾ ਜੀ ਤੇ ਮੇਰੇ ਪਿੰਡ ਵਾਲਿਓ, ਇਹ ਕੋਈ ਟੂਣਾ ਨਹੀਂ ਆ। ਤੁਹਾਡੇ ਮਨਾਂ ਵਿੱਚੋਂ ਭੂਤ ਪ੍ਰੇਤ ਤੇ ਟੂਣਿਆਂ ਦਾ ਡਰ ਕੱਢਣ ਲਈ ਅਸੀਂ ਇਹ ਸਭ ਕੁਝ ਕੀਤਾ ਆ। ਇਹ ਸਾਰਾ ਕੁਝ ਅਸੀਂ ਚਾਰਾਂ ਮਿੱਤਰਾਂ ਨੇ ਹੀ ਇੱਥੇ ਰੱਖਿਆ ਸੀ।”

ਪਿੰਡ ਵਾਲੇ ਉਹਨਾਂ ਦੀ ਗੱਲ ਬੜੇ ਧਿਆਨ ਨਾਲ ਸੁਣਨ ਲੱਗੇ। ਫਿਰ ਦੀਪੂ ਬੋਲਿਆ, “ਸਾਡੇ ਕੈਮਿਸਟਰੀ ਵਾਲੇ ਮਾਸਟਰ ਜੀ ਨੇ ਸਾਨੂੰ ਧਾਤਾਂ, ਤੇਜ਼ਾਬਾਂ ਤੇ ਖਾਰਾਂ ਬਾਰੇ ਪਾਠ ਪੜ੍ਹਾਇਆ ਸੀ। ਉਸ ਵਿੱਚ ਉਹਨਾਂ ਨੇ ਆਪਣੇ ਪਿੰਡ ਆਏ ਬਾਬੇ ਵਾਲੀਆਂ ਜੁਗਤਾਂ ਵੀ ਕਰਕੇ ਦਿਖਾਈਆਂ।”

ਇਹ ਸੁਣ ਕੇ ਪਿੰਡ ਦਾ ਸਰਪੰਚ ਗੱਜਣ ਸਿੰਘ ਬੋਲਿਆ, “ਇਹ ਕਿੱਦਾਂ ਹੋ ਸਕਦਾ ਹੈ? ਬਾਬਾ ਜੀ ਤਾਂ ਬਹੁਤ ਕਰਨੀ ਵਾਲੇ ਨੇ, ਉਹ ਕਾਤ੍ਹੋਂ ਝੂਠ ਬੋਲਣਗੇ? ਤੁਸੀਂ ਸਾਨੂੰ ਇਹ ਸਭ ਕਰ ਕੇ ਦਿਖਾਓ ਤਾਂ ਤੁਹਾਡੀ ਗੱਲ ਸੱਚ ਮੰਨੀਏ।”

ਦੀਪੂ ਬੋਲਿਆ, “ਸਰਪੰਚ ਸਾਹਿਬ ਜੀ ਤੁਹਾਨੂੰ ਇਹੋ ਸੱਚ ਦਿਖਾਉਣ ਲਈ ਤਾਂ ਇਹ ਜੁਗਤ ਬਣਾਈ ਆ।”

ਉਸਨੇ ਆਪਣੇ ਮਿੱਤਰਾਂ ਨੂੰ ਸਾਰਾ ਸਮਾਨ ਲਿਆਉਣ ਲਈ ਆਖਿਆ। ਉਸਦੇ ਮਿੱਤਰ ਆਪਣੇ ਘਰਾਂ ਵਿੱਚੋਂ ਸਮਾਨ ਲੈ ਆਏ।

ਦੀਪੂ ਨੇ ਇੱਕ ਪਾਸੇ ਕੁਝ ਲੱਕੜਾਂ ਰੱਖੀਆਂ ਤੇ ਉਹਨਾਂ ਉੱਤੇ ਪਾਣੀ ਛਿੜਕਿਆ ਤਾਂ ਉੱਥੇ ਅੱਗ ਲੱਗ ਗਈ। ਸਾਰੇ ਲੋਕ ਇਹ ਦੇਖ ਕੇ ਹੱਕੇ ਬੱਕੇ ਰਹਿ ਗਏ। ਫਿਰ ਦੀਪੂ ਨੇ ਦੱਸਿਆ ਕਿ ਇਹਨਾਂ ਲੱਕੜਾਂ ਥੱਲੇ ਕਾਗਜ਼ ਵਿੱਚ ਕੈਲਸ਼ੀਅਮ ਕਾਰਬਾਈਡ ਨਾਮ ਦਾ ਪਦਾਰਥ ਰੱਖਿਆ ਸੀ। ਜਦੋਂ ਪਾਣੀ ਛਿੜਕਿਆ ਤਾਂ ਕਾਗਜ਼ ਗਿੱਲਾ ਹੋ ਗਿਆ ਤੇ ਨਮੀਂ ਹੋਣ ਕਰਕੇ ਕੈਲਸ਼ੀਅਮ ਕਾਰਬਾਈਟ ਨੇ ਅੱਗ ਫੜ੍ਹ ਲਈ। ਇਸ ਤਰ੍ਹਾਂ ਇਹ ਪਾਖੰਡੀ ਬਾਬੇ ਚਮਤਕਾਰ ਕਰਦੇ ਨੇ। ਸਾਰੇ ਪਿੰਡ ਵਾਲੇ ਇਹ ਦੇਖ ਕੇ ਬੜੇ ਹੈਰਾਨ ਹੋ ਗਏ ਤੇ ਆਖਣ ਲੱਗੇ ਕਿ ਬਾਬਾ ਜੀ ਸਾਨੂੰ ਮੂਰਖ ਬਣਾ ਕੇ ਇੰਨੇ ਦਿਨਾਂ ਦੇ ਠੱਗਦੇ ਪਏ ਸੀ।

ਕੁਝ ਚਿਰ ਬਾਅਦ ਚਾਚੀ ਪਾਲੋ ਬੋਲੀ, “ਦੀਪੂ ਚੱਲ ਆ ਤੇ ਤੁਸੀਂ ਜੁਗਤ ਕਰ ਦਿਖਾਈ, ਪਰ ਉਸ ਦਿਨ ਨਿੰਬੂ ਵਿੱਚੋਂ ਕਿਵੇਂ ਖੂਨ ਨਿਕਲਿਆ?”

ਦੀਪੂ ਬੋਲਿਆ, “ਚਾਚੀ ਜੀ ਇਹ ਵੀ ਉਸ ਪਾਖੰਡੀ ਬਾਬੇ ਨੇ ਵਿਗਿਆਨ ਦੀ ਜੁਗਤ ਹੀ ਵਰਤੀ ਸੀ।”

ਫਿਰ ਦੀਪੂ ਨੇ ਬੱਬੀ ਨੂੰ ਇੱਕ ਨਿੰਬੂ ਫੜ੍ਹਾਇਆ, ਫਿਰ ਉਸ ਵਿੱਚ ਇੱਕ ਟੀਕੇ ਰਾਹੀਂ ਕੁਝ ਭਰਿਆ। ਜਦੋਂ ਉਹ ਨਿੰਬੂ ਬੱਬੀ ਨੇ ਕੱਟਿਆ ਤਾਂ ਉਸ ਵਿੱਚੋਂ ਖੂਨ ਵਰਗਾ ਕੁਝ ਨਿਕਲ ਆਇਆ। ਇਹ ਦੇਖ ਕੇ ਦੀਪੂ ਬੋਲਿਆ, “ਮੈਂ ਪਹਿਲਾਂ ਟੂਣੇ ਤੋਂ ਜਿਹੜਾ ਸੇਬ ਕੱਟਿਆ ਉਹ ਵਿੱਚੋਂ ਚਿੱਟਾ ਹੀ ਸੀ। ਇਹ ਨਿੰਬੂ ਵੀ ਅੰਦਰੋਂ ਸਾਫ ਹੀ ਸੀ। ਪਰ ਜਦੋਂ ਮੈਂ ਇਸ ਵਿੱਚ ਟੀਕੇ ਰਾਹੀਂ ਪੋਟਾਸ਼ੀਅਮ ਪਰਮਿਗਨੇਟ ਭਰਿਆ ਤਾਂ ਵੀ ਤੁਹਾਨੂੰ ਨਿੰਬੂ ਬਾਹਰ ਤੋਂ ਸਹੀ ਦਿਸਿਆ ਹੋਣਾ, ਪਰ ਅੰਦਰੋਂ ਇਹ ਲਾਲ ਹੋ ਗਿਆ ਸੀ। ਚਾਚੀ ਜੀ, ਇਹ ਪੋਟਾਸ਼ੀਅਮ ਪਰਮਿਗਨੇਟ ਉਹੋ ਲਾਲ ਦਵਾਈ ਆ,  ਜਿਸ ਨਾਲ ਆਪਾਂ ਮੇਲੇ ਉੱਤੇ ਛਬੀਲ ਦੇ ਜੂਠੇ ਗਲਾਸ ਧੋਂਦੇ ਹਾਂ। ਹੁਣ ਦੱਸੋ ਕਿ ਮੈਂ ਵੀ ਕੋਈ ਪਹੁੰਚਿਆ ਹੋਇਆ ਜਾਂ ਕਰਨੀ ਵਾਲਾ ਬਾਬਾ ਆ।”

ਇਹ ਸਭ ਕੁਝ ਦੇਖ ਕੇ ਪਿੰਡ ਵਾਲੇ ਬੜੇ ਹੈਰਾਨ ਹੋ ਜਾਂਦੇ ਹਨ।

ਸਭ ਨੂੰ ਚੁੱਪ ਦੇਖ ਕੇ ਦੀਪੂ ਬੋਲਦਾ ਹੈ ਕਿ ਮੇਰੇ ਪਿੰਡ ਵਾਲਿਓ, ਇਹ ਸਭ ਵਿਗਿਆਨ ਦੀਆਂ ਜੁਗਤਾਂ ਨੇ, ਜਿਹਨਾਂ ਨੂੰ ਚਲਾਕ, ਢੌਂਗੀ ਲੋਕ ਵਰਤ ਕੇ ਪਾਖੰਡੀ ਬਾਬੇ ਬਣ ਕੇ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾ ਕੇ ਲੁੱਟਦੇ ਹਨ। ਅਜਿਹੇ ਕੁਝ ਪਾਖੰਡੀ ਬਾਬੇ ਜੇਲ੍ਹਾਂ ਵਿੱਚ ਵੀ ਕੈਦ ਹਨ। ਤੁਸੀਂ ਵੀ ਸਾਰੇ ਸਿਆਣੇ ਬਣੋ ਤੇ ਆਪਣੇ ਬੱਚਿਆਂ ਨੂੰ ਸਕੂਲ ਭੇਜੋ। ਜਿਸ ਨਾਲ ਉਹ ਪੜ੍ਹ ਲਿਖ ਜਾਣ, ਤੇ ਵਿਗਿਆਨ ਰਾਹੀਂ ਕੁਦਰਤ ਦੇ ਭੇਤ ਸਮਝ ਕੇ ਸਮਾਜ ਵਿੱਚ ਫੈਲੇ ਅੰਧ ਵਿਸ਼ਵਾਸ਼ ਨੂੰ ਖਤਮ ਕਰ ਸਕਣ।

ਦੀਪੂ ਦੀ ਮਾਤਾ ਆਪਣੇ ਪੁੱਤਰ ਦੀ ਸਿਆਣਪ ਤੇ ਹਿੰਮਤ ਦੇਖ ਕੇ ਬੜੀਖੁਸ਼ ਹੋ ਗਈ। ਉਸਦੀ ਮਾਤਾ ਨੇ ਕਿਹਾ, “ਹੈ ਕਿ ਪੁੱਤਰਾ! ਤੂੰ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਨੇ ਤੇ ਪਾਖੰਡੀ ਬਾਬਿਆਂ ਦੀਆਂ ਜੁਗਤਾਂ ਤੋਂ ਚੰਗੇ ਤਰ੍ਹਾਂ ਜਾਣੂੰ ਕਰਵਾ ਦਿੱਤਾ ਆ। ਹੁਣ ਮੈਂ ਕਦੀ ਵੀ ਗੁਰਦੁਆਰੇ ਤੋਂ ਸਿਵਾਏ ਕਿਤੇ ਵੀ ਮੱਥਾ ਟੇਕਣ ਨਹੀਂ ਜਾਊਂਗੀ।”

ਫਿਰ ਸਾਰੇ ਪਿੰਡ ਵਾਲੇ ਵੀ ਦੀਪੂ ਨੂੰ ਉਸਦੀ ਸਿਆਣਪ ਕਰਕੇ ਸ਼ਾਬਾਸ਼ ਦੇਣ ਲੱਗ ਜਾਂਦੇ ਹਨ ਤੇ ਅੱਗੇ ਤੋਂ ਕਿਸੇ ਵੀ ਬਾਬੇ ਦੇ ਚੱਕਰਾਂ ਵਿੱਚ ਫਸਣ ਤੋਂ ਤੌਬਾ ਕਰਦੇ ਹਨ।

ਅਮਰਪ੍ਰੀਤ ਸਿੰਘ (ਝੀਤਾ) ਮੈਥ ਮਾਸਟਰ, ਪੰਜਾਬੀ ਲੇਖਕ, ਕਵੀ ਅਤੇ ਬਾਲ ਸਾਹਿਤਕਾਰ ਹੈ। ਉਸਦੀਆਂ ਰਚਨਾਵਾਂ ਪੰਜਾਬੀ ਅਖ਼ਬਾਰਾਂ ਤੇ ਰਸਾਲਿਆਂ (ਅਜੀਤ, ਪੰਜਾਬੀ ਟ੍ਰਿਬਿਊਨ, ਜਾਗਰਣ, ਨਵਾਂ ਜ਼ਮਾਨਾ, ਪੰਜਾਬ ਟਾਈਮਜ਼, ਪ੍ਰੀਤਲੜੀ, ਨਿੱਕੀਆਂ ਕਾਲੂਬਲਾਂ, ਪੰਖੜੀਆਂ) ਵਿੱਚ ਛਪਦੀਆਂ ਹਨ। ਉਸਦੀਆਂ ਹੁਣ ਤੱਕ ਕਵਿਤਾਵਾਂ ਦੀਆਂ ਤਿੰਨ ਬਾਲ ਪੁਸਤਕਾਂ: ਬੀਬੇ ਰਾਣੇ, ਪੰਖੇਰੂ, ਕਾਕਾ ਬੱਲੀ, ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇੱਕ ਬਾਲ ਕਹਾਣੀਆਂ ਦੀ ਪੁਸਤਕ ਛਪਾਈ ਅਧੀਨ ਹੈ।

ਬਾਲ-ਕਵਿਤਾਵਾਂ

ਸੂਰਜ ਗ੍ਰਹਿਣ

ਵਿਕਾਸ ਵਰਮਾ

ਧਰਤੀ ਦੁਆਲ਼ੇ ਘੁੰਮਦਾ ਚੰਨ, ਜਦੋਂ ਸੂਰਜ ਅੱਗੇ ਆਵੇ,

ਸੂਰਜ, ਚੰਨ ਨਾਲ਼ ਧਰਤੀ, ਇੱਕ ਸਿੱਧੀ ਲਾਈਨ ਬਣਾਵੇ,

ਪਰਛਾਵਾਂ ਫਿਰ ਆਪਣਾ, ਚੰਨ ਧਰਤੀ ਉੱਤੇ ਪਾਵੇ,

ਇਸ ਪੈਂਦੇ ਪਰਛਾਂਵੇ ਕਾਰਨ, ਸੂਰਜ ਨਜ਼ਰ ਨਾ ਆਵੇ,

ਕੁਦਰਤ ਦਾ ਬੱਸ ਇਹੋ ਨਜ਼ਾਰਾ, ‘ਸੂਰਜ ਗ੍ਰਹਿਣ’ ਕਹਾਵੇ।

ਚੰਨ ਗ੍ਰਹਿਣ

ਵਿਕਾਸ ਵਰਮਾ

ਧਰਤੀ ਦੁਆਲ਼ੇ ਘੁੰਮਦਾ ਚੰਨ, ਜਦੋਂ ਧਰਤੀ ਪਿੱਛੇ ਜਾਵੇ,

ਸੂਰਜ, ਧਰਤੀ ਦੇ ਨਾਲ਼ ਚੰਨ, ਇੱਕ ਸਿੱਧੀ ਲਾਈਨ ਬਣਾਵੇ,

ਪਰਛਾਵਾਂ ਫਿਰ ਆਪਣਾ, ਧਰਤੀ ਚੰਨ ਦੇ ਉੱਤੇ ਪਾਵੇ,

ਇਸ ਪੈਂਦੇ ਪਰਛਾਂਵੇ ਕਾਰਨ, ਚੰਨ ਨਜ਼ਰੀਂ ਨਾ ਆਵੇ,

ਕੁਦਰਤ ਦਾ ਬੱਸ ਇਹੋ ਨਜ਼ਾਰਾ, ‘ਚੰਨ ਗ੍ਰਹਿਣ’ ਕਹਾਵੇ।

ਚਿੱਤਰ: ਨਾਸਾ ਤੋਂ ਧੰਨਵਾਦ ਸਹਿਤ

ਸੁਪਨਾ

ਅਮਨਦੀਪ ਸਿੰਘ

(1)

ਕਿੰਨਾ ਪਿਆਰਾ! ਕਿੰਨਾ ਸੁੰਦਰ! ਸੁਪਨਾ ਹੁੰਦਾ ਹੈ!

ਜਦ ਨੀਂਦ ਦੀ ਗੋਦੀ ਸੌਂਦੇ ਹਾਂ

ਤਾਂ ਸੁਪਨਾ ਆਉਂਦਾ ਹੈ

ਅੱਖਾਂ ਮੀਚਦੇ ਹੀ -

ਦੂਰ ਦੇਸ਼ ਦੀ ਸੈਰ ਕਰਾਉਂਦਾ ਹੈ

ਸੱਤ ਸਮੁੰਦਰ ਪਾਰ -

ਮਿੰਟਾਂ ਵਿੱਚ ਪੰਹੁਚਾਉਂਦਾ ਹੈ

ਕਿੰਨਾ ਪਿਆਰਾ! ਕਿੰਨਾ ਸੁੰਦਰ! ਸੁਪਨਾ ਹੁੰਦਾ ਹੈ!

(2)

ਕਦੇ ਕਦੇ ਮੈਂ ਸੋਚਦਾ ਹਾਂ

ਸੁਪਨਾ ਕਿਓਂ ਆਉਂਦਾ ਹੈ?

ਜਦੋਂ ਮਨ-ਮਸਤਿਕ

ਯਾਦਾਂ ਨੂੰ ਸਜਾਉਂਦਾ ਹੈ

ਦਿਨ ਭਰ ਦੀ ਥਕਾਵਟ

ਨੂੰ ਮਿਟਾਉਂਦਾ ਹੈ

ਮਨ-ਮਸਤਿਕ ਵਿੱਚ

ਨਵੇਂ ਸੰਬੰਧ ਬਣਾਉਂਦਾ ਹੈ

ਉਸਨੂੰ ਨਵੇਂ ਦਿਨ ਲਈ

ਤਿਆਰ ਕਰਾਉਂਦਾ ਹੈ

ਉਸ ਵੇਲੇ ਫਿਰ ਸਾਨੂੰ

ਸੁਪਨਾ ਆਉਂਦਾ ਹੈ!

ਸਾਇੰਸ ਫਿਕਸ਼ਨ ਨੂੰ ਹਕੀਕਤ ਬਣਾਉਂਦੀਆਂ ਵਿਗਿਆਨ ਦੀਆਂ ਤਾਜ਼ਾ ਖ਼ਬਰਾਂ 

ਐੱਪਲ ਕੰਪਨੀ ਹੁਣ ਬਣਾਏਗੀ ਘਰੇਲੂ ਰੋਬੋਟ

ਇੱਕ ਰਿਪੋਰਟ ਅਨੁਸਾਰ ਆਈ-ਫ਼ੋਨ ਤੇ ਹੋਰ ਸਰਵੋਤਮ ਕੰਪਿਊਟਰ ਬਣਾਉਣ ਵਾਲ਼ੀ ਐੱਪਲ ਕੰਪਨੀ ਘਰੇਲੂ ਰੋਬੋਟ ਬਣਾਉਣ ‘ਤੇ ਕੰਮ ਕਰ ਰਹੀ ਹੈ। ਟੈਕਨੋਲੋਜੀ ਕੰਪਨੀਆਂ ਘਰ ਦੀ ਸਫ਼ਾਈ ਕਰਨ ਵਾਲ਼ੇ ਵੈਕੂਇਮ ਕਲੀਨਰ ਰੋਬੋਟ ਤੋਂ ਇਲਾਵਾ ਘਰ ਵਿਚ ਵਰਤੋਂ ਵਿਚ ਆਉਣ ਵਾਲ਼ਾ ਕੋਈ ਹੋਰ ਉਪਕਰਣ ਸਫ਼ਲਤਾਪੂਰਵਕ ਨਹੀਂ ਬਣਾ ਸਕੀਆਂ। ਹੁਣੇ ਜਿਹੇ ਐੱਪਲ ਨੇ ਸਵੈਚਲਿਤ ਕਾਰ ਬਣਾਉਣ ਦੀ ਕੋਸ਼ਿਸ਼ ਠੱਪ ਕਰ ਦਿੱਤੀ ਹੈ ਤੇ ਉਸਦੇ ਇੰਜਨੀਅਰ ਹੁਣ ਅਜਿਹੇ ਨਿੱਜੀ ਰੋਬੋਟ ‘ਤੇ ਕੰਮ ਕਰ ਰਹੇ ਹਨ ਜੋ ਤੁਹਾਡੇ ਨਾਲ਼ ਰਹਿ ਸਕਦਾ ਹੈ ਤੇ ਤੁਹਾਡੇ ਪਿੱਛੇ-ਪਿੱਛੇ ਜਾ ਸਕਦਾ ਹੈ। ਪਰ ਅਜੇ ਐੱਪਲ ਨੇ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ ਤੇ ਸਮਾਂ ਹੀ ਦੱਸੇਗਾ ਕਿ ਉਹ ਕਿਸ ਤਰ੍ਹਾਂ ਦਾ ਘਰੇਲੂ ਰੋਬੋਟ ਬਣਾ ਸਕਣਗੇ। ਪਰ ਜੇ ਉਹ ਅਜਿਹਾ ਕੋਈ ਵੀ ਰੋਬੋਟ ਬਣਾਉਣਗੇ ਤਾਂ ਉਮੀਦ ਹੈ ਉਹ ਆਈ-ਫ਼ੋਨ ਵਰਗਾ ਹੀ ਪਰਿਵਰਤਨਕਾਰੀ ਸਾਬਿਤ ਹੋਵੇਗਾ।

ਹੁਣ ਚੰਦਰਮਾ ਦਾ ਆਪਣਾ ਟਾਈਮ ਜ਼ੋਨ ਹੋਏਗਾ

ਵ੍ਹਾਈਟ ਹਾਊਸ ਨੇ ਨਾਸ ਨੂੰ ਚੰਦਰਮਾ ਦਾ ਆਪਣਾ ਟਾਈਮ ਜ਼ੋਨ - LTC (Coordinated Lunar Time) ਬਣਾਉਣ ਲਈ ਕਿਹਾ ਹੈ। ਕਿਓਂਕਿ ਚੰਦ ‘ਤੇ ਗੁਰੁਤਾਕਰਸ਼ਣ ਘੱਟ ਹੈ, ਉੱਥੇ ਸਮਾਂ ਪ੍ਰਿਥਵੀ ਦੇ ਮੁਕਾਬਲੇ ਤੇਜ਼ ਚੱਲਦਾ ਹੈ - ਜੋ ਕਿ 58.7 ਮਾਈਕਰੋ ਸਕਿੰਟ ਹੈ। ਤੁਹਾਨੂੰ ਇਹ ਫਰਕ ਜ਼ਿਆਦਾ ਨਹੀਂ ਲੱਗੇਗਾ,  ਪਰ ਚੰਦ ‘ਤੇ ਸਪੇਸਕ੍ਰਾਫਟ ਉਤਾਰਨ ਲਈ ਪ੍ਰਿਥਵੀ ਦੇ ਨਾਲ਼ ਤਾਲਮੇਲ ਮਿਲਾਉਣ ਲਈ ਕਾਫ਼ੀ ਹੈ। ਇੱਕਲਾ ਨਾਸਾ ਹੀ ਨਹੀਂ, ਯੂਰਪੀਅਨ ਸਪੇਸ ਏਜੰਸੀ ਵੀ ਚੰਦਰਮਾ ਦਾ ਟਾਈਮ ਜ਼ੋਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਚੰਦਰਮਾ ਦਾ ਕੋਈ ਵੀ ਨਵਾਂ ਟਾਈਮ ਜ਼ੋਨ ਦਾ ਸਟੈਂਡਰਡ ਬਣਾਉਣ ਲਈ ਸੰਸਾਰ ਦੇ ਦੇਸ਼ਾਂ ਨੂੰ ਇਕੱਠੇ ਕੰਮ ਕਰਨਾ ਪਏਗਾ ਤੇ ਇੱਕ ਸਾਂਝੀ ਸੰਸਥਾ ਬਣਾਉਣੀ ਪਏਗੀ - ਇੱਕ ਜੀ ਸੰਸਥਾ ਅੰਤਰਰਾਸ਼ਟਰੀ ਮਾਪ ਤੋਲ ਬਿਓਰੋ (International Bureau of Weights and Measures) ਹੈ, ਜੋ ਕਿ ਧਰਤੀ ਦੇ ਟਾਈਮ ਜ਼ੋਨ ਤੈਅ ਕਰਦੀ ਹੈ।

ਖਗੋਲ ਵਿਗਿਆਨੀਆਂ ਨੇ 2000 ਪ੍ਰਕਾਸ਼ ਵਰ੍ਹੇ ਦੂਰ ਸੁੱਤਾ ਪਿਆ ਇੱਕ ਦੈਂਤ ਕਾਲ਼ਾ ਖੂਹ ਲੱਭਿਆ

ਖਗੋਲ ਵਿਗਿਆਨੀਆਂ ਨੇ ਸਾਡੀ ਅਕਾਸ਼ਗੰਗਾ ਵਿਚ ਇੱਕ ਨੇੜਲਾ ਵਿਸ਼ਾਲ ਕਾਲ਼ਾ ਖੂਹ ਲੱਭਿਆ ਹੈ, ਜਿਸਦਾ ਗੁਆਂਢੀ ਸਿਤਾਰਾ ਉਸਦੇ ਅਸੀਮ ਗੁਰੁਤਾਕਰਸ਼ਣ ਕਰਕੇ ਲੜਖੜਾ ਰਿਹਾ ਹੈ, ਜਿਸਦਾ ਨਾਮਕਰਣ Gaia BH3 ਕੀਤਾ ਗਿਆ ਹੈ, ਜਿਸਦਾ ਪੁੰਜ ਸਾਡੇ ਸੂਰਜ ਤੋਂ 33 ਗੁਣਾ ਜ਼ਿਆਦਾ ਹੈ। ਸਾਡੇ ਸਭ ਤੋਂ ਨੇੜੇ ਦਾ ਕਾਲ਼ਾ ਖੂਹ Gaia BH1 ਹੈ, ਜੋ ਕਿ ਸਾਥੋਂ 150 ਪ੍ਰਕਾਸ਼ ਵਰ੍ਹੇ ਦੂਰ ਤਹੈ ਤੇ ਜਿਸਦਾ ਪੁੰਜ ਸਾਡੇ ਸੂਰਜ ਤੋਂ 10 ਗੁਣਾ ਜ਼ਿਆਦਾ ਹੈ। ਵਿਗਿਆਨੀਆਂ  ਨੇ ਇਹ ਨਵਾਂ ਕਾਲ਼ਾ ਖੂਹ ਯੂਰਪੀਅਨ ਸਪੇਸ ਏਜੰਸੀ ਦੀ ਗਾਇਆ ਟੈਲੀਸਕੋਪ ਦੇ ਇਕੱਠੇ ਕੀਤੇ ਗਏ ਅੰਕੜਿਆਂ ਦਾ ਅਧਿਐਨ ਕਰਦੇ ਹੋਏ ਲੱਭਿਆ ਹੈ। ਬਹੁਤ ਸਾਰੇ “ਸੁੱਤੇ” ਕਾਲ਼ੇ ਖੂਹਾਂ ਦੇ ਇੰਨੇ ਨੇੜੇ ਕੋਈ ਵੀ ਸਿਤਾਰਾ ਨਹੀਂ ਹੁੰਦਾ ਜਿਸ ਕਰਕੇ ਉਹਨਾਂ ਨੂੰ ਲੱਭਣਾ ਔਖਾ ਹੁੰਦਾ ਹੈ। ਸਾਡੀ ਅਕਾਸ਼ਗੰਗਾ ਵਿਚ ਸਭ ਤੋਂ ਵਿਸ਼ਾਲ ਕਾਲ਼ੇ ਖੂਹ ਦਾ ਖਿਤਾਬ ਸੈਜੀਟੇਰੀਅਸ ਏ ਨੂੰ ਮਿਲਿਆ ਹੋਇਆ ਹੈ ਜੋ ਕਿ ਅਕਾਸ਼ਗੰਗਾ ਦੇ ਕੇਂਦਰ ਵਿਚ ਹੈ ਤੇ ਜਿਸਦਾ ਪੁੰਜ ਸਾਡੇ ਸੂਰਜ ਤੋਂ 40 ਲੱਖ ਗੁਣਾ ਜ਼ਿਆਦਾ ਹੈ। ਚਿੱਤਰ: L. Calçada/ESO ਤੋਂ ਧੰਨਵਾਦ ਸਹਿਤ

ਟਿੱਕ-ਟਿੱਕ ਕਰਦਾ ਟਾਈਮ ਬੰਬ: ਪੁਲਾੜੀ ਕੂੜਾ ਧਰਤੀ ਦੀ ਓਜ਼ੋਨ ਪਰਤ ਨੂੰ ਖਾ ਰਿਹਾ ਹੈ

ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਇਲੋਨ ਮਸਕ ਦੇ ਸਟਾਰਲਿੰਕ ਵਰਗੇ ਇੰਟਰਨੈਟ ਸੈਟੇਲਾਈਟ ਨੈਟਵਰਕ ਧਰਤੀ ਦੀ ਓਜ਼ੋਨ ਪਰਤ ਨੂੰ ਖਤਮ ਕਰ ਸਕਦੇ ਹਨ। ਜੀਓਫਿਜ਼ੀਕਲ ਰਿਸਰਚ ਲੈਟਰਸ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਪੇਸਐਕਸ ਦਾ ਸਟਾਰਲਿੰਕ ਵਾਯੂਮੰਡਲ ਵਿੱਚ ਅਲਮੀਨੀਅਮ ਆਕਸਾਈਡ ਗੈਸ ਦੀ ਵੱਡੀ ਮਾਤਰਾ ਫੈਲਾਉਂਦਾ ਹੈ ਜੋ ਓਜ਼ੋਨ ਪਰਤ ਨੂੰ ਖਤਮ ਕਰ ਸਕਦਾ ਹੈ। ਚਿੱਤਰ: NSF's NOIRLab ਤੋਂ ਧੰਨਵਾਦ ਸਹਿਤ