ਮਿਨੀ ਕਹਾਣੀਆਂ

ਕਹਾਣੀ ਇੱਕ ਉਡਾਣ ਦੀ

ਯੂਨਾਨ (ਗ੍ਰੀਸ/ਗ੍ਰੀਕ ) ਮਿਥਿਹਾਸ ਵਿੱਚ,  ਇੱਕ ਪਿਤਾ-ਪੁੱਤਰ ਦੀ ਪੁਰਾਤਨ ਕਥਾ ਹੈ, ਜਿਨ੍ਹਾਂ ਨੇ ਪੰਛੀਆਂ ਵਾਂਗ ਉਡਣ ਦੀ ਕੋਸ਼ਿਸ਼ ਕੀਤੀ ਸੀ। ਇਕਰਸ ਤੇ ਉਸਦੇ ਪਿਤਾ ਡੈਡਲਸ ਨੂੰ ਰਾਜੇ ਮਿਨੋਸ ਨੇ ਇੱਕ ਟਾਪੂ ਵਿੱਚ ਕੈਦ ਕੀਤਾ ਹੋਇਆ ਸੀ। ਡੈਡਲਸ ਇੱਕ ਮਾਹਰ ਕਾਰੀਗਰ ਸੀ। ਜੇਲ੍ਹ ਵਿੱਚੋਂ ਫਰਾਰ ਹੋਣ ਲਈ ਡੈਡਲਸ ਨੇ ਆਪਣੀ ਤੇ ਇਕਰਸ ਦੀ ਪਿੱਠ ‘ਤੇ ਮੋਮ ਦੇ ਨਾਲ਼ ਖੰਭ ਚਿਪਕਾ ਲਏ ਅਤੇ ਉਨ੍ਹਾਂ ਨੇ ਪੰਛੀਆਂ ਵਾਂਗ ਫੜ ਫੜਾ ਕੇ ਉਡਣਾ ਸ਼ੁਰੂ ਕਰ ਦਿੱਤਾ। ਛੇਤੀਂ ਹੀ ਉਹ ਸਮੁੰਦਰ ਦੇ ਉੱਪਰੋਂ ਦੀ ਉੜਨ ਲੱਗੇ। 


‘ਪੁੱਤਰ, ਬਹੁਤ ਉੱਚਾ ਨਾ ਉਡੀਂ ਕਿਉਂਕਿ ਧੁੱਪ ਨਾਲ਼ ਮੋਮ ਪਿਘਲ ਜਾਏਗਾ ਤੇ ਖੰਭ ਟੁੱਟ ਜਾਣਗੇ!’


ਪਰ ਇਕਰਸ ਨੇ ਆਪਣੇ ਪਿਤਾ ਦੀ ਗੱਲ ਨਾ ਸੁਣੀ ਤੇ ਬਹੁਤ ਉੱਚਾ ਉਡਦਾ ਚਲਿਆ ਗਿਆ। ਸੂਰਜ ਦੀ ਗਰਮੀ ਨਾਲ਼ ਮੋਮ ਪਿਘਲਣ ਲੱਗਿਆ ਅਤੇ ਉਸਦੇ ਖੰਭ ਝੜਨ ਲੱਗੇ। ਪੁੱਤਰ ਖੰਭ ਝੜਨ ਕਰਕੇ ਸਮੁੰਦਰ ਵਿੱਚ ਡਿਗ ਪਿਆ ਤੇ ਡੁੱਬ ਗਿਆ। ਡੈਡਲਸ ਥੋੜੀ ਦੂਰ ਜਾ ਕੇ ਧਰਤੀ ਤੇ ਅਰਾਮ ਨਾਲ਼ ਉੱਤਰ ਗਿਆ....


ਅਸਲ ਵਿੱਚ ਦੁਨੀਆਂ ਦੇ ਵਿੱਚ ਕਈ ਲੋਕਾਂ ਨੇ ਇਸ ਕਹਾਣੀ ਨੂੰ ਸੁਣ ਕੇ, ਖੰਭ ਚਿਪਕਾ ਉਡਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਬੜੇ ਵਡੇ ਖੰਭ ਲਗਾ ਕੇ ਉੱਚੇ ਪਹਾੜਾਂ ਤੋਂ ਛਲਾਂਗਾਂ ਲਗਾਈਆਂ, ਪ੍ਰੰਤੂ ਅਫ਼ਸੋਸ ਉਹ ਅਸਫ਼ਲ ਰਹੇ!


ਪੇਸ਼ਕਸ਼ - ਅਮਨਦੀਪ ਸਿੰਘ 

1903 - ਪਹਿਲੀ ਹਵਾਈ ਉਡਾਣ

1899 ਤੋਂ ਵਿਲਬਰ ਤੇ ਓਲੀਵਰ ਰਾਈਟ ਭਰਾ ਵਿਗਿਆਨਕ ਤਰੀਕੇ ਨਾਲ਼ ਹਵਾਈ ਉਡਾਣ ਦਾ ਪ੍ਰਯੋਗ ਕਰ ਰਹੇ ਸਨ। ਨੌਰਥ ਕੈਰੋਲਾਈਨਾਂ ਵਿੱਚ ਉਹਨਾਂ ਦੇ ਗਲਾਈਡਰ ਪ੍ਰਯੋਗਾਂ ਨੇ ਮਹੱਤਵਪੂਰਨ ਖੋਜ ਕਰਕੇ ਲਗਾਤਾਰ ਉੱਚਾ ਉੱਡਣ ਦੀ ਸਮੱਸਿਆ ਹੱਲ ਕੀਤੀ। ਉਹ ਹਵਾਈ ਜਹਾਜ਼ ਨੂੰ ਹਵਾ ਵਿੱਚ ਕੰਟਰੋਲ ਕਰ ਸਕਦੇ ਸਨ। ਉਹਨਾਂ ਨੇ ਆਪਣਾ ਇੰਜਣ ਤੇ ਬਾਲਣ ਬਣਾਇਆ, ਜੋ ਉਹਨਾਂ ਨੇ 40-ਫੁੱਟ, 274 ਕਿਲੋ ਦੇ ਜਹਾਜ਼ ਵਿੱਚ ਫਿੱਟ ਕੀਤੇ। ਆਖਿਰ 17 ਦਿਸੰਬਰ 1903 ਨੂੰ, ਸਭ ਤੋਂ ਪਹਿਲਾਂ ਟੌਸ ਜਿੱਤ ਕੇ ਵਿਲਬਰ ਨੇ ਜਹਾਜ਼ ਉਡਾਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਾ ਹੋ ਸਕੀ। ਉਹਨਾਂ ਦੀ ਦੂਜੀ ਕੋਸ਼ਿਸ਼ ਕਾਮਯਾਬ ਰਹੀ ਜੋ ਦੁਨੀਆ ਦੀ ਸਭ ਤੋਂ ਪਹਿਲੀ ਬਿਜਲਈ ਸ਼ਕਤੀ ਨਾਲ਼ ਉਡਣ ਵਾਲ਼ੀ ਉਡਾਣ ਸੀ। ਓਲੀਵਰ ਰਾਈਟ ਨੇ ਜਹਾਜ਼ ਨੂੰ ਹਵਾ ਦੇ ਵਿੱਚ ਉਡਾ ਦਿੱਤਾ, ਭਾਵੇਂ ਉਹ 120 ਫੁੱਟ ਬਾਅਦ ਹੀ ਜ਼ਮੀਨ 'ਤੇ ਜਾ ਉੱਤਰਿਆ। ਉਹਨਾਂ ਦਾ ਜਹਾਜ਼, 12 ਸਕਿੰਟਾਂ ਤੇ 6.5 ਮੀਲ ਪ੍ਰਤੀ ਘੰਟੇ ਨਾਲ਼ ਉਡਿਆ। ਉਸ ਦਿਨ ਉਹਨਾਂ ਨੇ ਚਾਰ ਕੋਸ਼ਿਸ਼ਾਂ ਕੀਤੀਆਂ ਤੇ ਵਿਲਬਰ ਦੀ ਦੂਜੀ ਤੇ ਦਿਨ ਦੀ ਚੌਥੀ ਪ੍ਰਭਾਵਸ਼ਾਲੀ ਕੋਸ਼ਿਸ਼ ਦੌਰਾਨ ਜਹਾਜ਼ 59 ਸਕਿੰਟ ਵਿੱਚ 852 ਫੁੱਟ ਉਡਿਆ! ਇਹ ਇੱਕ ਹਕੀਕਤ ਸੀ, ਅਨੇਕਾਂ ਅੜਚਣਾਂ ਨੂੰ ਪਾਰ ਕਰਦਿਆਂ ਤੇ ਹੋਰ ਗਲਾਈਡਰ ਜਹਾਜ਼ਾਂ ਦੀਆਂ ਕਾਮਯਾਬੀਆਂ ਨੂੰ ਖ਼ਿਤਿਜ 'ਤੇ ਪਿੱਛੇ ਛੱਡਦਿਆਂ, ਰਾਈਟ ਭਰਾਵਾਂ ਦੀ ਮਸ਼ੀਨ ਹਵਾ ਵਿੱਚ ਉਡਾਣ ਭਰੀ ਸੀ! 

(ਹਵਾਲਾ: https://www.nps.gov/wrbr/learn/historyculture/thefirstflight.htm)

ਪੁਲਾੜ-ਯਾਤਰੀ ਦੀ ਪਤਨੀ  - ਅਮਨਦੀਪ ਸਿੰਘ 

‘ਵਿਆਹ ਤੋਂ ਪਹਿਲਾਂ ਤਾਂ ਤੁਸੀਂ ਚੰਨ-ਤਾਰੇ ਤੋੜ ਕੇ ਲਿਆਉਣ ਦੀ ਗੱਲ ਕਰਦੇ ਸੀ, ਪਰ ਹੁਣ ਸਿਤਾਰਿਆਂ ਵਾਲ਼ਾ ਇੱਕ ਸੂਟ ਵੀ ਨਹੀਂ ਲਿਆ ਕੇ ਦਿੰਦੇ!’ ਚੰਨ ਵਰਗੀ ਜਾਸਮੀਨ ਨੇ ਸਿਧਾਰਥ ਨੂੰ ਗੁੱਸੇ ਨਾਲ਼ ਕਿਹਾ। ਉਹਨਾਂ ਦਾ ਵਿਆਹ ਹੋਏ ਨੂੰ ਅਜੇ ਸਾਲ ਵੀ ਨਹੀਂ ਹੋਇਆ ਸੀ। ਪਰ ਹਨੀਮੂਨ ਦਾ ਸਮਾਂ ਖਤਮ ਹੋ ਚੁੱਕਾ ਸੀ, ਤੇ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ ਸੀ। ਸਿਧਾਰਥ ਇੱਕ ਪੁਲਾੜ-ਯਾਤਰੀ (Astronaut) ਸੀ, ਜੋ ਕਿ ਆਪਣੇ ਕੰਮ ਵਿੱਚ ਬਹੁਤ ਵਿਅਸਤ ਸੀ, ਤੇ ਆਪਣੀ ਪਤਨੀ ਨੂੰ ਪ੍ਰੇਮਿਕਾ ਵਰਗੀ ਤਵੱਜੋ ਨਹੀਂ ਦੇ ਪਾ ਰਿਹਾ ਸੀ! ਪਰ ਉਸਨੇ ਉਸਦੀ ਇਹ ਗੱਲ ਦਿਲ ਨੂੰ ਲਾ ਲਈ। ਉਸਨੇ ਆਪਣੀ ਪੁਲਾੜ-ਯਾਤਰੀ ਦੀ ਨੌਕਰੀ ਛੱਡ ਦਿੱਤੀ ਜਿਸ ਵਿੱਚ ਇੰਨੇ ਪੈਸੇ ਵੀ ਨਹੀਂ ਸਨ ਬਚਦੇ, ਤੇ ਉਸਨੇ ਪੁਲਾੜ ਵਿੱਚ ਮਾਈਨਿੰਗ ਕਰਦੀ ਸਪੇਸ ਮਰਚੈਂਟ ਨੇਵੀ ਦੀ ਨੌਕਰੀ ਸ਼ੁਰੂ ਕਰ ਦਿੱਤੀ।

‘ਮੈਂ  ਹੁਣ ਸਪੇਸ ਵਿੱਚੋਂ ਤੇਰੇ ਲਈ ਹੀਰੇ-ਜਵਾਹਰਾਤ ਲੈ ਕੇ ਆਵਾਂਗਾ।’

‘ਪਰ ਰਹੋਗੇ ਮੇਰਾ ਤੋਂ ਦੂਰ ਹੀ!’ ਜਾਸਮੀਨ ਨੇ ਵਿਅੰਗ ਕੱਸਦਿਆਂ ਕਿਹਾ।


ਜਾਸਮੀਨ ਦਾ ਮਨ ਕਰ ਰਿਹਾ ਸੀ ਕਿ ਉਹ ਸਿਧਾਰਥ ਨੂੰ ਨਾ ਜਾਣ ਦੇਵੇ, ਪਰ ਉਸਨੂੰ ਪਤਾ ਸੀ ਕਿ ਸਿਧਾਰਥ ਉਸਦੀ ਗੱਲ ਮੰਨਣ ਵਾਲ਼ਾ ਨਹੀਂ ਸੀ। ਸਿਧਾਰਥ ਆਪਣੀ ਕੰਪਨੀ ਨਾਲ਼ ਪੁਲਾੜ ਵਿੱਚ ਚਲਿਆ ਗਿਆ। ਉਹਨਾਂ ਨੇ ਅਕਾਸ਼ੀ-ਪਿੰਡਾਂ ਤੇ ਮਾਈਨਿੰਗ ਕੀਤੀ ਤੇ ਬਹੁਤ ਵੱਡਮੁੱਲੇ ਖਣਿਜ ਪਦਾਰਥ ਲੱਭੇ। ਪਰ ਉਹਨਾਂ ਦੀ ਭੁੱਖ ਨਹੀਂ ਸੀ ਮਿਟ ਰਹੀ ਤੇ ਉਹ ਪ੍ਰਿਥਵੀ ਤੋਂ ਹੋਰ ਬਹੁਤ ਦੂਰ ਬਲਕਿ ਸੌਰ-ਮੰਡਲ ਟੱਪ ਕੇ ਸਿਤਾਰਿਆਂ ਤੋਂ ਵੀ ਪਾਰ ਚਲੇ ਗਏ। ਉਹਨਾਂ ਦਾ ਲਖ਼ਸ਼ ਹੀਰਿਆਂ ਦੇ ਬਣੇ ਗ੍ਰਹਿ ਸਨ। ਇਸ ਤਰ੍ਹਾ ਉਹ ਦੂਰੀ, ਸਮਾਂ ਤੇ ਕਾਲ ਦੇ ਅੱਲਗ-ਅੱਲਗ ਆਯਾਮ ਪਾਰ ਕਰਦੇ ਚਲੇ ਗਏ। ਉਹਨਾਂ ਨੇ ਬਹੁਤ ਕੁੱਝ ਵੇਖਿਆ, ਬਹੁਤ ਕੀਮਤੀ ਹੀਰੇ-ਜਵਾਹਰਾਤ ਇਕੱਠੇ ਕੀਤੇ। ਹੁਣ ਉਹਨਾਂ ਨੂੰ ਲੱਗਿਆ ਕਿ ਉਹ ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਬਣ ਜਾਣਗੇ, ਤੇ ਉਹਨਾਂ ਨੇ ਆਪਣੇ ਸਪੇਸ-ਸ਼ਿੱਪ ਦਾ ਰੁੱਖ ਪ੍ਰਿਥਵੀ ਵੱਲ ਨੂੰ ਮੋੜ ਦਿੱਤਾ। ਜਦੋਂ ਉਹ ਵਾਪਿਸ ਪ੍ਰਿਥਵੀ ਤੇ ਪਹੁੰਚੇ ਤਾਂ ਸੌ ਸਾਲ ਤੋਂ ਵੀ ਵੱਧ ਸਮਾਂ ਬੀਤ ਚੁੱਕਿਆ ਸੀ। ਪ੍ਰਿਥਵੀ ਬਿਲਕੁਲ ਬਦਲ ਚੁੱਕੀ ਸੀ, ਹਰ ਪਾਸੇ ਉਡਣ ਕਾਰਾਂ, ਗਗਨਚੁੰਬੀ ਇਮਾਰਤਾਂ, ਤੇ ਟੈਕਨੋਲੋਜੀ ਦਾ ਇਨਕਲਾਬ ਸੀ। ਉਹਨਾਂ ਨੂੰ ਬਹੁਤ ਵੱਡਾ ਸ਼ੌਕ ਲੱਗਿਆ। ਉਹਨਾਂ ਦੀ ਕੰਪਨੀ ਵੀ ਨਾ ਰਹੀ, ਪਰ ਜਿਹੜਾ ਕੀਮਤੀ ਸਮਾਨ ਉਹ ਲੈ ਕੇ ਆਏ ਸਨ, ਉਸਦੀ ਸੱਚਮੁੱਚ ਹੀ ਬਹੁਤ ਕੀਮਤ ਸੀ। ਉਸ ਨੂੰ ਵੇਚ ਕੇ ਉਹ ਰਾਤੋ-ਰਾਤ ਹੀ ਕ੍ਰੋੜਾਂਪਤੀ ਬਣ ਗਏ। 


ਪਰ ਸਿਧਾਰਥ ਦੇ ਮਨ ਨੂੰ ਚੈਨ ਨਹੀਂ ਸੀ, ਉਸਦੀ ਤਾਂ ਦੁਨੀਆਂ ਹੀ ਉੱਜੜ ਗਈ ਸੀ, ਜਿਸ ਲਈ ਉਹ ਹੀਰੇ ਜਵਾਹਰਾਤ ਇਕੱਠੇ ਕਰਨ ਗਿਆ ਸੀ, ਜਦੋਂ ਉਹ ਹੀ ਨਾ ਰਹੀ ਤਾਂ ਹੁਣ ਉਹ ਵੀ ਜੀ ਕੇ ਕੀ ਕਰੇਗਾ! ਉਹ ਜਾਸਮੀਨ ਨੂੰ ਸੱਚਮੁੱਚ ਹੀ ਬੇਹੱਦ ਪਿਆਰ ਕਰਦਾ ਸੀ। ਉਸਦੇ ਸਾਥੀਆਂ ਨੇ ਉਸਨੂੰ ਸਮਝਾਇਆ। ਉਸਨੇ ਵੀ ਸੋਚਿਆ ਕਿ ਉਹ ਮਰ ਨਹੀਂ ਸਕਦਾ, ਕਿਉਂਕਿ ਮਰਨਾ ਬੁਜ਼ਦਿਲੀ ਹੈ। ਵੈਸੇ ਵੀ ਮਰਨਾ ਕੌਣ ਚਾਹੁੰਦਾ ਹੈ? ਪਰ ਉਹ ਇਸ ਨਵੇਂ ਸੰਸਾਰ ਵਿੱਚ ਰਹਿਣਾ ਨਹੀਂ ਸੀ ਚਾਹੁੰਦਾ। ਇਸ ਕਰਕੇ ਉਹ ਆਪਣੇ ਸਰੀਰ ਨੂੰ ਜਮਾ ਕੇ ਯਖ਼ ਹਾਲਤ ਵਿੱਚ ਇੱਕ ਲੰਮੀ ਨੀਂਦ ਸੌਂ ਜਾਣਾ ਚਾਹੁੰਦਾ ਸੀ। ਜਦੋਂ ਉਹ ਅਜਿਹਾ ਕਰਨ ਲਈ ਹਸਪਤਾਲ ਪਹੁੰਚਿਆ ਤਾਂ ਨਰਸਾਂ ਤੇ ਡਾਕਟਰਾਂ ਨੇ ਉਸਨੂੰ ਕਾਰਣ ਪੁੱਛਿਆ ਤਾਂ ਉਸਨੇ ਆਪਣੀ ਸਾਰੀ ਕਹਾਣੀ ਸੱਚੋ-ਸੱਚ ਸੁਣਾ ਦਿੱਤੀ। ਉਹ ਹੈਰਾਨ ਵੀ ਹੋਏ ਤੇ ਖ਼ੁਸ਼ ਵੀ। ਉਸਦੀ ਕਹਾਣੀ ਉਹਨਾਂ ਨੂੰ ਜਾਣੀ-ਪਹਿਚਾਣੀ ਲੱਗੀ ਕਿਉਂਕਿ ਉਹ ਇੱਕ ਲੋਕ-ਕਥਾ (Legend) ਬਣ ਚੁੱਕਾ ਸੀ। ਉਸਦੀ ਕਹਾਣੀ ਮਸ਼ਹੂਰ ਹੋ ਚੁੱਕੀ ਸੀ! 


‘ਤੁਹਾਡੇ ਲਈ ਇੱਕ ਖ਼ੁਸ਼ੀ ਦੀ ਖਬਰ ਹੈ।‘

‘ਮੇਰੇ ਲਈ ਇੱਥੇ ਖ਼ੁਸ਼ੀ ਦੀ ਖਬਰ ਕੀ ਹੋ ਸਕਦੀ ਹੈ?’ ਉਹ ਹੈਰਾਨ ਸੀ। 

‘ਤੁਹਾਡੀ ਪਤਨੀ ਜਾਸਮੀਨ ਇੱਥੇ ਹੀ ਸਿਥਲਤਾ ਦੀ ਅਵਸਥਾ ਵਿੱਚ ਸੁੱਤੀ ਪਈ ਹੈ!’

‘ਕੀ…’ ਉਸਨੂੰ ਯਕੀਨ ਨਹੀਂ ਹੋ ਰਿਹਾ ਸੀ, ‘ਕੀ ਮੈਂ ਕੋਈ ਸੁਪਨਾ ਦੇਖ ਰਿਹਾ ਹਾਂ?’ ਉਸਨੇ ਆਪਣੇ ਆਪ ਨੂੰ ਚੂੰਢੀ ਵੱਡਦਿਆਂ ਕਿਹਾ।  

‘ਬਿਲਕੁਲ ਸਹੀ ਹੈ, ਬੱਸ ਤੁਸੀਂ ਇੱਥੇ ਦਸਤਖ਼ਤ ਕਰੋ, ਤੇ ਅਸੀਂ ਤੁਹਾਡੀ ਪਤਨੀ ਨੂੰ ਜਗਾਉਣ ਦੀ ਪ੍ਰਕਿਰਿਆ ਸ਼ੁਰੂ ਕਰਦੇ ਹਾਂ।’ 

ਉਸਨੇ ਖ਼ੁਸ਼ੀ ਨਾਲ਼ ਦਸਤਖ਼ਤ ਕਰ ਦਿੱਤੇ। ਅਗਲੇ ਦਿਨ ਜਾਸਮੀਨ ਸੌ ਸਾਲ ਲੰਬੀ ਨੀਂਦ ਤੋਂ ਜਾਗ ਪਈ।


‘ਮੈਂ ਅੱਜ ਬਹੁਤ ਖ਼ੁਸ਼ ਹਾਂ।  ਮੈਨੂੰ ਯਕੀਨ ਸੀ ਕਿ ਤੁਸੀਂ ਇੱਕ ਦਿਨ ਜ਼ਰੂਰ ਵਾਪਿਸ ਆਓਗੇ।’ ਜਾਸਮੀਨ ਚਹਿਕਦਿਆਂ ਬੋਲੀ, ‘ਜਦੋਂ ਚੌਦਾਂ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਤੁਸੀਂ ਵਾਪਿਸ ਨਾ ਆਏ ਤਾਂ ਮੈਂ ਉਦੋਂ ਇਸ ਨਵੀਂ ਯਖ਼ ਅਵਸਥਾ ਵਿੱਚ ਸਿਥਲਤਾ ਦੀ ਤਕਨੀਕ ਨੂੰ ਅਜਮਾਉਣ ਵਾਰੇ ਸੋਚਿਆ ਤੇ ਇਹਨਾਂ ਨੂੰ ਹਿਦਾਇਤਾਂ ਲਿਖ ਦਿੱਤੀਆਂ ਕਿ ਜਦੋਂ ਤੁਸੀਂ ਵਾਪਿਸ ਆਓ ਤਾਂ ਮੈਨੂੰ ਜਗਾ ਲੈਣ।’

‘ਓਹ, ਜਾਸਮੀਨ ਮੈਂ ਬਹੁਤ ਖ਼ੁਸ਼ ਹਾਂ। ਦੇਖ ਮੈਂ ਤੇਰੇ ਲਈ ਸੱਚਮੁੱਚ ਹੀ ਚੰਨ-ਤਾਰੇ ਤੋੜ ਕੇ ਲੈ ਆਇਐਂ।‘

ਮੈਨੂੰ ਹੁਣ ਇਹਨਾਂ ਦੀ ਕੋਈ ਜ਼ਰੂਰਤ ਨਹੀਂ, ਬੱਸ ਤਮਾਮ ਉਮਰ ਸਿਰਫ਼ ਤੁਹਾਡਾ ਸਾਥ ਹੀ ਚਾਹੀਦਾ ਹੈ।’


ਇੰਨਾ ਕਹਿ ਕਿ ਜਾਸਮੀਨ ਨੇ ਆਪਣੇ ਪੁਲਾੜ-ਯਾਤਰੀ ਪਤੀ ਨੂੰ ਘੁੱਟ ਕੇ ਇੰਝ ਗਲਵੱਕੜੀ ਪਾ ਲਈ ਜਿਵੇਂ ਹੁਣ ਕਦੇ ਵੀ ਉਹ ਉਸਨੂੰ ਪੁਲਾੜ ਵਿੱਚ ਦੂਰ ਨਹੀਂ ਜਾਣ ਦੇਵੇਗੀ।

ਅਮਰੀਕਾ ਦਾ ਪਹਿਲਾ ਰੌਕੇਟ 

1920 ਵਿੱਚ ਪੁਲਾੜ ਯਾਤਰਾ ਇੱਕ ਪਾਗਲਪਨ ਵਾਲ਼ਾ ਖ਼ਿਆਲ ਮੰਨਿਆ ਜਾਂਦਾ ਸੀ। ਲੋਕ ਡਾ. ਰੌਬਰਟ ਗੋਡਾਰਡ ਦੇ ਇਸ ਸਿਧਾਂਤ ‘ਤੇ ਹੱਸਦੇ ਸਨ ਕਿ ਬਹੁ-ਚਰਣਾਂ (Multi Staged) ਵਾਲ਼ਾ ਰੌਕੇਟ ਇੱਕ ਦਿਨ ਮਨੁੱਖ ਨੂੰ ਚੰਨ ਤੱਕ ਉਡਾ ਲੈ ਜਾਵੇਗਾ।


‘ਹਰ ਇੱਕ ਦ੍ਰਿਸ਼ਿਕੋਣ ਇੱਕ ਮੂਰਖਤਾ ਲਗਦੀ ਹੈ ਜਦ ਤੱਕ ਕੋਈ ਪਹਿਲਾ ਉਸਨੂੰ ਪੂਰਾ ਕਰਕੇ ਨਾ ਦਿਖਾ ਦੇਵੇ। ਜਦੋਂ ਉਹ ਸਿੱਧ ਹੋ ਜਾਵੇਗਾ ਤਾਂ ਆਮ ਜਿਹੀ ਗੱਲ ਹੋ ਜਾਂਦੀ ਹੈ!’ ਉਹ ਕਹਿੰਦਾ ਹੁੰਦਾ ਸੀ।


ਡਾ. ਰੌਬਰਟ ਗੋਡਾਰਡ ਨੇ ਔਬਰਨ (ਮੈਸੇਚੁਸੈੱਟਸ), ਬੌਸਟਨ ਦੇ ਨੇੜਲੇ ਸ਼ਹਿਰ ਵਿਖੇ ਤਰਲ ਬਾਲਣ ਵਾਲ਼ੇ ਰੌਕੇਟ ਦੀ ਸਭ ਤੋਂ ਪਹਿਲੀ ਸਫ਼ਲ ਉਡਾਣ ਕੀਤੀ। ਉਹ ਰੌਕੇਟ 2.5 ਸਕਿੰਟ ਵਿੱਚ 41 ਫੁੱਟ ਉਡਿਆ!


ਗੋਡਾਰਡ ਨੇ ਆਪਣੀ ਰਹਿੰਦੀ ਜ਼ਿੰਦਗੀ ਰੌਕਟ ਵਿਗਿਆਨ ਦੇ ਪ੍ਰਯੋਗ ਕਰਨ ਵਿੱਚ ਗੁਜ਼ਾਰ ਦਿੱਤੀ। ਹੋਰ ਪ੍ਰੀਖਣ ਕਰਨ ਲਈ ਉਹ ਆਪਣੀ ਪ੍ਰਯੋਗਸ਼ਾਲਾ ਨਿਊ ਮੈਕਸੀਕੋ ਦੇ ਸ਼ਹਿਰ ਰੌਜ਼ਵਲ ਵਿਖੇ ਲੈ ਗਿਆ, ਜਿੱਥੇ ਉਸਨੇ ਹੋਰ ਵਿਕਸਿਤ ਤੇ ਵੱਡੇ ਰੌਕੇਟ ਬਣਾਏ ਜੋ ਕਿ 1.5 ਮੀਲ ਦੀ ਉਚਾਈ ਤੱਕ ਉਡੇ। ਉਹ ਪਹਿਲਾ ਵਿਗਿਆਨਕ ਸੀ ਜਿਸਨੇ ਇਹ ਸਿੱਧ ਕੀਤਾ ਕਿ ਰੌਕੇਟ ਖਲਾਅ ਵਿੱਚ ਪ੍ਰੋਪਲਸ਼ਨ (Propulsion) ਲਈ ਵਰਤਿਆ ਜਾ ਸਕਦਾ ਹੈ। 


ਪੇਸ਼ਕਸ਼ - ਅਮਨਦੀਪ ਸਿੰਘ