ਐਟਮ ਦਾ ਪੁੱਤਰ ਹਾਂ ਮੈਂ, ਫੋਟੋਨ ਮੇਰਾ ਨਾਂ।
ਸਭ ਤੋਂ ਤੇਜ਼ ਦੌੜਾਕ ਹਾਂ, ਜ਼ਰਾ ਵੀ ਆਲਸ ਨਾ।
ਤਿੰਨ ਲੱਖ ਕਿਲੋਮੀਟਰ ਦੂਰੀ, ਸੈਕਿੰਡ ਵਿਚ ਕਰ ਜਾਵਾਂ।
ਸੂਰਜ ਦਾ ਸੁਨੇਹਾ ਧਰਤ ਨੂੰ, ਅੱਠ ਮਿੰਟਾਂ ਵਿਚ ਪਹੁੰਚਾਵਾਂ।
ਊਰਜਾ ਦਾ ਮੈਂ ਛੋਟਾ ਬੰਡਲ, ਨਜ਼ਰ ਕਦੇ ਨਾ ਆਵਾਂ।
ਫਿਰ ਵੀ ਆਪਣੇ ਚਾਨਣ ਸੰਗ, ਜੱਗ ਪੂਰਾ ਰੁਸ਼ਨਾਵਾਂ ।
ਨਮੀ ਭਰੀ ਹਵਾ ਵਿਚ ਜਦ, ਮੈਂ ਪਾਵਾਂ ਪਗਡੰਡੀ ।
ਰੰਗਾਂ ਭਰੀ ਪਟਾਰੀ ਖੁੱਲੇ, ਬਣੇ ਪੀਂਘ ਸਤਰੰਗੀ ।
ਐਟਮ ਦੇ ਦੋ ਅੰਗ ਹਨ, ਨਾਭੀ ਤੇ ਇਲੇੱਕਟ੍ਰਾਨ ।
ਇਲੇੱਕਟ੍ਰਾਨ ਹੈ ਘੁੰਮਦਾ ਰਹਿੰਦਾ, ਨਾਭੀ ਕਰੇ ਅਰਾਮ ।
ਇਲੇੱਕਟ੍ਰਾਨ ਦੇ ਘੁੰਮੇਟੇ ਅੰਦਰ, ਮੈਂ ਫਸਿਆ ਅਣਭੋਲ ।
ਜਦ ਉਹ ਕਦੇ ਵੀ ਨੱਚੇ-ਟੱਪੇ, ਪ੍ਰਗਟ ਹੋਵਾਂ ਮੈਂ ਅਬੋਲ ।
ਜਦ ਕਦੇ ਨਾਭੀ ਟੁੱਟ ਜਾਵੇ, ਨਿਕਲਣ ਅਜਬ ਹੀ ਕਣ।
ਤਦ ਵੀ ਮੈਂ ਪ੍ਰਗਟ ਹੋ ਜਾਵਾਂ, ਪੂਰੀ ਤਰ੍ਹਾਂ ਬਣ ਠਣ ।
ਤੁਰਿਆ ਫਿਰਦਾ ਮੈਂ ਮਨਮੌਜੀ, ਰੁਕਾਂ ਤਾਂ ਮਰ ਹੀ ਜਾਵਾਂ।
ਮੇਰੇ ਬਿਨ ਸੰਸਾਰ ਹਨੇਰਾ, ਕੁਝ ਨਾ ਦਿਸੇ, ਜੇ ਨਾ ਹੋਵਾਂ।
ਵਿਗਿਆਨੀ
ਮੰਗਲ, ਚੰਨ ਵੱਲ ਜਾ ਰਹੇ ਹਨ
ਧਰਮੀ
ਸਵਰਗ ਦੀ ਵਿਉਂਤ ਬਣਾ ਰਹੇ ਹਨ
ਵਿਗਿਆਨੀ
ਗਿਆਨ ਦਾ ਦੀਪ ਜਗਾ ਰਹੇ ਹਨ
ਧਰਮੀ
ਫ਼ਿਰਕਾਪ੍ਰਸਤੀ ਦਾ ਪਾਠ ਪੜ੍ਹਾ ਰਹੇ ਹਨ
ਵਿਗਿਆਨੀ
ਜੀਵਨ ਜਾਚ ਸਿਖਾ ਰਹੇ ਹਨ
ਧਰਮੀ
ਮੌਤ ਦੀ ਖੇਡ ਰਚਾ ਰਹੇ ਹਨ
ਵਿਗਿਆਨੀ
ਸਮਾਜ ਨੂੰ ਉੱਚਾ ਉਠਾ ਰਹੇ ਹਨ
ਧਰਮੀ
ਗੁੰਬਦ ਉਤੇ ਗੁੰਬਦ ਚੜਾ ਰਹੇ ਹਨ
ਵਿਗਿਆਨੀ
ਸਮਾਜ ਤਾਂਈ ਪੜ੍ਹਾ ਰਹੇ ਹਨ
ਧਰਮੀ
'ਬਿੰਦਰਾ' ਅਨਪੜ੍ਹਤਾ ਫੈਲਾ ਰਹੇ ਹਨ।
ਨਾ ਸਮਾਂ, ਨਾ ਦਿਸ਼ਾ, ਨਾ ਵਿਸਥਾਰ
ਬਸ ਅਡੋਲ, ਅਜੀਵ ਤੇ ਅਦਿੱਖ ਅਣੂ
ਅਚਨਚੇਤ ਖਿੰਡਦਾ ਤੇ ਜੁੜਦਾ
ਤੁਰਦਾ ਫਿਰ ਐਟਮ ਦਾ ਸਫ਼ਰ
ਹੁੰਦਾ ਬ੍ਰਹਿਮੰਡ ਦਾ ਆਗ਼ਾਜ਼।
ਗ਼ੁਬਾਰ ਚੋਂ ਗੂੰਜੀ ਸ਼ਕਤੀ
ਪੁੰਗਰੀ ਅਕਾਸ਼-ਗੰਗਾ
ਉਭਰੇ ਗ੍ਰਹਿ ਤੇ ਉਪਗ੍ਰਹਿ
ਭੂ ਘੁੰਮੀ ਰਵੀ ਉਦਾਲੇ
ਅਦਿੱਖ ਚੋਂ ਹੋਇਆ ਦਿੱਖ ਦਾ ਪ੍ਰਕਾਸ਼
ਹਯਾਤੀ ਕਿਓਂ ਤੇ ਕਿਨ ਬਣਾਈ
ਕੁਦਰਤ ਬੈਠੀ ਗੁੱਝੇ ਭੇਦ ਛੁਪਾਈ
ਸਾਇੰਸੀ ਸੂਝ ਵੀ ਖੋਕ ਨਾ ਪਾਈ।
ਦਿਨ ਚੜ੍ਹਦੇ ਸੂਰਜ ਧਰਤੀ ਵੱਲ ਤੱਕਿਆ
ਫਿਰ ਨਿਗਾਹ ਨੂੰ ਠੱਲ੍ਹ ਨਾ ਸਕਿਆ।
ਭੋਂ ਸਾਗਰ ਮੇਲਦੇ ਰੰਗ ਨਿਆਰੇ
ਚੁਫੇਰੇ ਇਹਦੇ ਚਿੱਟੇ ਬੱਦਲ਼ ਪਿਆਰੇ।
ਸਮੁੰਦਰ, ਪਰਬਤ ਤੇ ਚਸ਼ਮਾ ਵਹਿੰਦਾ
ਮਿੱਟੀ, ਪੌਣ-ਪਾਣੀ ਸਭ ਤੱਕਦਾ ਰਹਿੰਦਾ।
ਵੱਸਦੀ ਰਹਿ, ਧਰਤ ਧਿਆਣੀ ਨੂੰ ਕਹਿੰਦਾ
ਤਾਹੀਓਂ ਸੂਰਜ ਕਦੇ ਨਾ ਡੁੱਬਦਾ
ਬੱਸ ਚੜ੍ਹਦਾ ਤੇ ਲਹਿੰਦਾ।
ਭੂ ਸਾਂਭਣ ਲਈ ਕੁੱਖ ਬਣਾਈ
ਖਿੱਚ ਤੇ ਧੱਕ ਦੀ ਸ਼ਕਤੀ, ਧੜਕਣ ਧੜਕਾਈ।
ਡਇਨਾਸੋਰ ਆ ਧਾਕ ਜਮਾਈ
ਗੱਲ ਕੀ ਅੰਡਜ ਡਾਹਢੀ ਉਥਲ ਮਚਾਈ।
ਹਿਮਯੁੱਗ ਫਿਰ ਫੱਟੀ ਪੋਚੀ
ਇਨਸਾਨ ਜੰਮਣ ਦੀ ਸ੍ਰਿਸ਼ਟੀ ਸੋਚੀ।
ਪਵਨ, ਪਾਣੀ ਨੂੰ ਸਵੱਛ ਏ ਰੱਖਣਾ
ਬੰਦਿਆ ਸੋਝੀ ਨਾਲ ਤੂੰ ਰੇਤਾ ਢੱਕਣਾ।
ਫਸਲ ਉਗਾਉਣ ਦੀ ਅਕਲ ਸਿਖਾਈ
ਪਰ ਜੇਰਜ ਉਦਰ ਦੀ ਕਦਰ ਨਾ ਪਾਈ।
ਜਦ ਦੇ ਖੋਜੇ ਅੱਗ ਤੇ ਪਹੀਆ
ਮਾਨਵ ਕੀਤੀ ਕੋਈ ਗੱਲ ਨਾ ਸਹੀ ਆ।
ਹਰ ਸੂ ਤੜਥੱਲ ਮਚਾਈ
ਵਿਕਸਿਤ ਹੋਣ ਦੀ ਰਟ ਲਗਾਈ।
ਵਾਹੀ ਲਈ ਬਣ ਕੀਤੇ ਖਾਲ਼ੀ
ਪੋਣ ਪਾਣੀ ਦਾ ਨਾ ਕੋਈ ਵਾਲੀ।
ਬਾਕੀ ਥਾਂ ਪਿੰਡਾਂ ਸ਼ਹਿਰਾਂ ਨੇ ਭਰਤੇ
ਚਿੱਟੇ ਬੱਦਲ਼ ਕਾਲੇ ਕਰਤੇ।
ਦਰਿਆਵਾਂ ਨੂੰ ਬੰਨ੍ਹ ਲਗਾ ਲਏ
ਗੰਦਲੇ ਧੋਣ ਵੀ ਵਿੱਚ ਮਲਾ ਲਏ
ਆਉਂਦੀਆਂ ਨਸਲਾਂ ਦੇ ਭਾਗ ਕਿਓਂ ਖਾ ਲਏ।
ਧਰਤੀ ਹੇਠਲਾ ਆਬ ਜੋ ਕੱਢਿਆ
ਖ਼ੁਦ ਪੈਰਾਂ ਨੂੰ ਨਾਲ ਕੁਹਾੜੇ ਵੱਢਿਆ।
ਪੀਣ ਲਈ ਨਾ ਪਾਣੀ ਮਿਲਣਾ
ਰਹਿ ਜਾਣੇ ਏ ਮੂੰਹ ਨੇ ਟੱਡਿਆ।
ਜਣਨੀ ਦੇ ਪਿੰਡੇ ਨੂੰ ਲਾਉਂਦੇ ਅੱਗਾਂ
ਥਾਂ ਥਾਂ ਲੂੰਬੀਆਂ ਲਾਈਆਂ ਠੱਗਾਂ।
ਪਤਾ ਨਹੀਂ ਹੁਣ ਕੀ ਪਿਆ ਕਰਦਾ
ਆਸਮਾਨ ਚੋਂ ਤੇਜ਼ਾਬ ਪਿਆ ਵਰਦਾ
ਧਰਤੀ ਦਾ ਰਾਖਾ ਖ਼ੁਦ ਜਾਵੇ ਮਰਦਾ।
ਅਸੀਂ ਸਭ ਸੂਰਜ ਵਿੱਚੋਂ ਉਪਜੇ,
ਸੂਰਜ ਦੀ ਸੰਤਾਨ ਹਾਂ।
ਸੂਰਜ ਵਾਂਗ ਚਮਕਣ ਲਈ
ਹੁੰਦੇ ਸਦਾ ਕੁਰਬਾਨ ਹਾਂ।
ਪਰ ਸੂਰਜ ਵਰਗਾ ਬਣਨ ਲਈ -
ਅਸਗਾਹ ਪੈਂਡਾ ਤਹਿ ਕਰਨਾ ਹੈ।
ਅੱਗ ਦਾ ਵਹਿੰਦਾ ਹੋਇਆ
ਇੱਕ ਦਰਿਆ ਵੀ ਤਰਨਾ ਹੈ!
ਗਹਿਨ ਅੰਤਰਿਕਸ਼ ਵਿੱਚ
ਤਾਰਿਆਂ ਤੋਂ ਪਾਰ ਪਰਵਾਜ਼ ਕਰਨਾ ਹੈ।
1.
ਹਰ ਤਰਫ਼ ਫੈਲਿਆ -
ਕੂੜਾ ਤੇ ਕਰਕਟ।
ਪ੍ਰਦੂਸ਼ਣ ਬਣਾ ਰਿਹਾ
ਸ਼ਹਿਰ ਨੂੰ ਮਰਘਟ!
ਮੁਲਕ ਦਾ ਰਹਿਨੁਮਾ
ਬਣ ਗਿਆ ਗਿਰਗਟ।
2.
ਬੱਚੇ ਦਮੇ ਦਾ ਸ਼ਿਕਾਰ ਨੇ ਹੋ ਰਹੇ।
ਸਿਰਫ਼ ਦਮ ਲਈ ਨੇ ਰੋ ਰਹੇ।
ਮਾਪੇ ਤਾਂ ਹੰਝੂ ਨੇ ਧੋ ਰਹੇ!
ਨਦੀਆਂ ਮੈਲੀਆਂ ਨੇ ਹੋ ਰਹੀਆਂ।
ਮਿੱਲਾਂ ਦਾ ਗੰਦ ਹੈ ਢੋ ਰਹੀਆਂ।
ਮੱਛੀਆਂ (ਵਿਚਾਰੀਆਂ) ਤਾਂ ਬੇਵੱਸ ਹੋ ਰਹੀਆਂ!
ਆਦਮੀ ਇਹ ਕੀ ਹੈ ਕਰ ਰਿਹਾ?
ਧਰਤੀ ਨੂੰ ਧੂੰਏਂ ਨਾਲ਼ ਭਰ ਰਿਹਾ!
ਜੰਗਲਾਂ ਦਾ ਕਤਲ ਹੈ ਕਰ ਰਿਹਾ!
ਹਰ ਤਰਫ਼ ਪਰਲੋ ਬੇਹਿਸਾਬ ਹੈ।
ਕਿਤੇ ਸੋਕਾ ਤੇ ਕਿਤੇ ਸੈਲਾਬ ਹੈ।
ਰਹਿਨੁਮਾ ਦੇ ਚਿਹਰੇ ‘ਤੇ ਨਕਾਬ ਹੈ!
3.
‘ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ।।’*
ਆਓ, ਬਾਣੀ ਦੇ ਚਾਨਣ ਨਾਲ਼ ਹਨੇਰਾ ਕਰੀਏ ਪਾਰ।
ਇੱਕ ਨਵੀਂ ਜਾਗ੍ਰਿਤੀ ਲਿਆਈਏ ਵਿੱਚ ਸੰਸਾਰ!