ਸੰਪਾਦਕੀ

ਸਲਾਹਕਾਰ ਬੋਰਡ: ਡਾ. ਦੇਵਿੰਦਰ ਪਾਲ ਸਿੰਘ (ਕੈਨੇਡਾ), ਅਜਮੇਰ ਸਿੱਧੂ (ਭਾਰਤ), ਰੂਪ ਢਿੱਲੋਂ (ਯੂ.ਕੇ.) 

ਸੰਪਾਦਕ: ਅਮਨਦੀਪ ਸਿੰਘ

"ਉਡਾਣ" - ਪੰਜਾਬੀ ਵਿਗਿਆਨ ਗਲਪ ਮੈਗ਼ਜ਼ੀਨ 

(ਨਵੀਂ ਆਮਦ - ਨਵਾਂ ਸੁਨੇਹਾ)


‘ਇਹ ਇੱਕ ਮਨੁੱਖ ਲਈ ਛੋਟਾ ਕਦਮ ਹੈ। ਪਰ ਮਨੁੱਖਤਾ ਲਈ ਇੱਕ ਵੱਡੀ ਪੁਲਾਂਘ ਹੈ।’ - ਨੀਲ ਆਰਮਸਟਰੌਂਗ (ਚੰਨ ਤੋਂ 1969 ਵਿੱਚ) 

"ਉਡਾਣ" ਮੈਗ਼ਜ਼ੀਨ, ਪੰਜਾਬੀ ਸਾਹਿਤ ਵਿਚ ਪੰਜਾਬੀ ਵਿਗਿਆਨ ਗਲਪ ਦੀ ਵਿਧਾ ਦੇ ਵਿਕਾਸ ਨੂੰ ਸਾਕਾਰ ਕਰਨ ਲਈ ਇੱਕ ਛੋਟੀ ਜਿਹੀ ਕੋਸ਼ਿਸ਼ ਹੈ। ਵਿਗਿਆਨ ਗਲਪ ਵਿਧਾ, ਪੰਜਾਬੀ ਸਾਹਿਤ ਦਾ ਅਜਿਹਾ ਖੇਤਰ ਹੈ ਜੋ ਅਜੇ ਆਪਣੇ ਮੁੱਢਲੇ ਪੜ੍ਹਾਅ ਉੱਤੇ ਹੈ। ਇਹ ਮੈਗ਼ਜ਼ੀਨ ਉਸ ਵਿਧਾ ਨੂੰ ਪ੍ਰਫੁੱਲਿਤ ਤੇ ਵਿਕਸਿਤ ਕਰਨ ਲਈ ਵਚਨਬੱਧ ਹੈ। ਹੋਰ ਭਾਸ਼ਾਵਾਂ, ਖ਼ਾਸ ਕਰ ਅੰਗਰੇਜ਼ੀ ਵਿੱਚ ਵਿਗਿਆਨ-ਗਲਪ ਇੱਕ ਅਜਿਹੀ ਵਿਸ਼ਾਲ ਸਾਹਿਤਕ ਵਿਧਾ ਬਣ ਚੁੱਕੀ ਹੈ ਜੋ ਜੀਵਨ ਦੇ ਲਗਭਗ ਸਾਰੇ ਹੀ ਖੇਤਰਾਂ ਨੂੰ ਪ੍ਰਭਾਵਿਤ ਕਰਨ ਦੇ ਸਮਰਥ ਹੈ। ਪੱਛਮੀ ਦੇਸ਼ਾਂ ਵਿਚ ਲੋਕਾਂ ਦੀ ਬਹੁਗਿਣਤੀ ਵਿਗਿਆਨ-ਗਲਪ ਵਿਚ ਦਿਲਚਸਪੀ ਰੱਖਦੀ ਹੈ, ਇਸ ਬਾਰੇ ਜਾਨਣਾ, ਪੜ੍ਹਣਾ ਜਾਂ ਫ਼ਿਲਮਾਂ ਦੇਖਣਾ ਪਸੰਦ ਕਰਦੀ  ਹੈ। 


ਵਿਗਿਆਨ ਗਲਪ ਕੀ ਹੈ?

ਵਿਗਿਆਨ ਗਲਪ ਕਾਲਪਨਿਕ ਗਲਪ ਦੀ ਇੱਕ ਸ਼ੈਲੀ ਹੈ, ਜੋ ਕਿ ਕਾਲਪਨਿਕ ਤੇ ਭਵਿੱਖ ਦੇ ਵਿੱਚ ਆਉਣ ਵਾਲ਼ੇ ਸਿਧਾਂਤਾਂ ਨੂੰ ਪੇਸ਼ ਕਰਦਾ ਹੈ, ਜਿਵੇਂ ਕਿ ਵਿਗਿਆਨ ਤੇ ਟੈਕਨੋਲੋਜੀ ਦਾ ਵਿਕਾਸ, ਪੁਲਾੜ ਜਾਂ ਅੰਤਰਿਕਸ਼ ਦੀ ਖੋਜ, ਸਮਾਂ ਯਾਤਰਾ, ਸਮਾਂਤਰ ਬ੍ਰਹਿਮੰਡ, ਅਜਨਬੀ  ਜਾਂ ਪਰਲੋਕ ਦੇ ਵਸ਼ਿੰਦੇ, ਰੋਬੋਟ, ਕੰਪਿਊਟਰ, ਇੰਟਰਨੈੱਟ, ਨਕਲੀ ਬੁਧੀਜੀਵਤਾ, ਚਿਰਜੀਵਤਾ/ਅਮਰਤਾ, ਇੱਕਤਾ ਦਾ ਸਿਧਾਂਤ, ਤੇ ਹੋਰ ਅਨੇਕਾਂ ਹੀ ਸੰਕਪਲ। ਵਿਗਿਆਨ ਗਲਪ ਨੇ ਵਿਗਿਆਨ ਦੀਆ ਅਨੇਕਾਂ ਹੀ ਖੋਜਾਂ ਦੀ ਭਵਿੱਖਬਾਣੀ ਕੀਤੀ ਸੀ ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ - ਐਟਮ ਬੰਬ, ਰੋਬੋਟ, ਤੇ ਬੋਰਾਜ਼ਨ (Borazon - ਬੋਰੋਨ ਨਾਇਟਰਾਈਡ ਤੋਂ ਬਣਿਆ ਹੀਰੇ ਵਰਗਾ ਸਖਤ ਪਦਾਰਥ)। 


ਵਿਗਿਆਨ-ਗਲਪ ਵਿੱਚ ਭਾਵੇਂ ਕਹਾਣੀਆਂ ਦਾ ਮੁੱਖ ਨਾਇਕ ਮਨੁੱਖ ਹੀ ਹੈ, ਪਰ ਉਸਦਾ ਵਿਗਿਆਨਕ ਵਾਤਾਵਰਣ ਦੇ ਨਾਲ਼ ਮੇਲ-ਜੋਲ ਤੇ ਸੰਬੰਧ ਕਹਾਣੀ ਦਾ ਮੁੱਖ ਵਿਸ਼ਾ ਬਣਦੇ ਹਨ। ਵਿਗਿਆਨ-ਗਲਪ ਸਾਹਿਤ ਦੇ ਹੋਰ ਰੂਪਾਂ ਤੋਂ ਆਪਣੀ ਵੱਖਰੀ ਤਕਨੀਤੀ ਚਿਤ੍ਰਤਾ ਤੇ ਉਸਦੇ ਪਾਤਰਾਂ ਜਿਵੇਂ ਮਨੁੱਖ, ਰੋਬਟ, ਅਜਨਬੀ-ਜੀਵਨ, ਪੁਲਾੜ, ਹੋਰ ਗ੍ਰਹਿ, ਸਿਤਾਰੇ, ਅਕਾਸ਼-ਗੰਗਾ, ਤੇ ਸਮੁੱਚੇ ਬ੍ਰਹਿਮੰਡ ਨੂੰ ਆਪਣਾ ਵਿਸ਼ਾ ਬਣਾਉਂਦਾ ਹੈ। ਉਹ ਆਦਮੀ ਦੀਆਂ ਯੋਗਤਾਵਾਂ, ਕਾਢਾਂ ਤੇ ਉਸਦੇ ਬਦਲਦੇ ਵਾਤਾਵਰਣ ਦੇ ਵਿਚਕਾਰ ਸੰਬੰਧਾਂ ਨੂੰ ਪ੍ਰਸਤੁਤ ਕਰਦਾ ਹੈ।


ਵਿਗਿਆਨ-ਗਲਪ ਬ੍ਰਹਿਮੰਡ ਦੇ ਵਿੱਚ ਆਦਮੀ ਦੀ ਕਿਸਮਤ ਤੇ ਉਸਦੀ ਜ਼ਿੰਦਗੀ ਦੇ ਅਰਥ, ਹਜ਼ਾਰਾਂ ਸਾਲ ਪੁਰਾਣੀ ਸੱਭਿਅਤਾ ਦੇ ਉਤਰਾਅ-ਚੜ੍ਹਾਅ ਬਾਰੇ ਸਾਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਨਾਲ਼ ਜਾਣਕਾਰੀ ਦਿੰਦਾ ਹੈ। ਉਹ ਇੱਕ ਆਜ਼ਾਦ ਹਸਤੀ ਦੇ ਅੰਦਰ ਉਤਪੰਨ ਹੋਣ ਵਾਲ਼ੇ ਪ੍ਰੇਰਨਾ ਦੇ ਸੈਲਾਬ ਨੂੰ ਸਾਡੇ ਸਾਹਮਣੇ ਪੇਸ਼ ਕਰਦਾ ਹੈ। ਵਧੀਆ ਵਿਗਿਆਨ-ਗਲਪ ਯਥਾਰਥ ਦੇ ਅੰਦਰ ਤੁਰਨ ਵਾਲ਼ਾ ਵਾਹਨ ਨਹੀਂ, ਸਗੋਂ ਯਥਾਰਥ ਨੂੰ ਸਾਡੇ ਸਾਹਮਣੇ ਸਪਸ਼ਟ ਕਰਦਾ ਹੈ। ਅੱਜ ਦੇ ਤੇਜ਼ ਤੇ ਭੀੜ ਭਰੇ ਯੁੱਗ ਵਿੱਚ ਆਦਮੀ ਦੇ ਮਸ਼ੀਨ ਨਾਲ਼ ਸੰਬੰਧਾਂ ਤੇ ਉਪਯੋਗ ਤੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ, ਆਸ਼ਾ ਤੇ ਨਿਰਾਸ਼ਾ,  ਅਤੇ ਸੰਤਾਪ ਨੂੰ ਪੇਸ਼ ਕਰਦਾ ਹੈ। ਜਿਵੇਂ ਕਿ ਰੋਬਟਾਂ ਦੇ ਫ਼ਾਇਦੇ, ਨੁਕਸਾਨ, ਕੰਪਿਊਟਰ,  ਨਕਲੀ ਬੁੱਧੀ (Artificial Intelligence), ਸੰਸਾਰਿਕ ਤਾਪ (Global Warming) ਕਰਕੇ ਹੋਣ ਵਾਲ਼ੇ ਖ਼ਤਰੇ, ਬ੍ਰਹਿਮੰਡ ਤੇ ਉਸ ਵਿੱਚ ਕਿਤੇ ਹੋਰ ਵੀ ਜੀਵਨ ਹੈ ਕਿ ਨਹੀਂ, ਆਦਿ ਦੇ ਵਿਸ਼ਿਆਂ ਤੇ ਕਹਾਣੀ ਦੇ ਮਾਧਿਅਮ ਰਾਹੀਂ ਪ੍ਰਕਾਸ਼ ਪਾਉਂਦਾ ਹੈ।  


ਸੂਝਵਾਨ ਪੰਜਾਬੀ ਪਾਠਕਾਂ ਲਈ ਮਿਆਰੀ ਵਿਗਿਆਨ-ਗਲਪ ਰਚਿਆ ਜਾਣਾ ਚਾਹੀਦਾ ਹੈ, ਜਿਸ ਨਾਲ਼ ਉਹਨਾਂ ਅੰਦਰ ਵਿਗਿਆਨ ਦੇ ਅਮੀਰ, ਵਿਭਿੰਨ ਤੇ ਵਿਸ਼ਾਲ ਸੰਸਾਰ ਪ੍ਰਤੀ ਉਤਸੁਕਤਾ ਉਤਪੰਨ ਹੋਵੇ, ਤਾਂ ਜੋ ਵਿਗਿਆਨ ਦੀ ਤਰੱਕੀ, ਫ਼ਾਇਦੇ, ਨੁਕਸਾਨ, ਬ੍ਰਹਿਮੰਡਕ ਭਾਈਚਾਰੇ  ਦਾ ਸੰਦੇਸ਼, ਤੇ ਸਭ ਤੋਂ ਉੱਤੇ ਤਰਕਸ਼ੀਲ ਸੋਚ ਹਰ ਹਿਰਦੇ ਅੰਦਰ ਵਸ ਸਕੇ। ਇੱਹ ਮੈਗ਼ਜ਼ੀਨ ਇਸ ਸੰਬੰਧ ਵਿੱਚ ਇੱਕ ਉਪਰਾਲਾ ਹੈ, ਉਮੀਦ ਹੈ ਆਪ ਜੀ ਪਸੰਦ ਕਰੋਗੇ ਤੇ ਆਪਣਾ ਸਹਿਯੋਗ ਤੇ ਵਡਮੁੱਲੇ ਸੁਝਾਅ ਜ਼ਰੂਰ ਦਿਓਗੇ। ਜਿਸ ਨਾਲ਼ ਲੇਖਕਾਂ ਨੂੰ ਵੀ ਉਤਸ਼ਾਹ ਮਿਲ਼ੇਗਾ ਤੇ ਉਹ ਆਪ ਜੀ ਵਾਸਤੇ ਹੋਰ ਵਧੀਆ ਤੇ ਰੋਚਕ ਸਾਹਿਤ ਰਚਣ ਦੀ ਕੋਸ਼ਿਸ਼ ਕਰਨਗੇ!


ਇਸ ਪਲੇਠੇ ਅੰਕ ਦੀਆਂ ਬਹੁਤੀਆਂ ਕਹਾਣੀਆਂ ਮਨੁੱਖ ਦੀ ਸਦੀਆਂ ਪੁਰਾਣੀ ਅਮਰ ਹੋਣ ਦੀ ਖ਼ਾਹਿਸ਼ ਤੇ ਰੋਬੋਟਾਂ ਨਾਲ਼ ਸੰਬਧਿਤ ਹਨ। ਅਗਲੇ ਅੰਕਾਂ ਵਿੱਚ ਆਪਜੀ ਨੂੰ ਪੁਲਾੜ ਯਾਤਰਾ ਤੇ ਹੋਰ ਰੋਚਕ ਵਿਸ਼ਿਆਂ ਨਾਲ਼ ਸੰਬਧਿਤ ਵਿਗਿਆਨ ਗਲਪ ਸਾਹਿਤ ਪੜ੍ਹਨ ਨੂੰ ਮਿਲ਼ੇਗਾ!


ਧੰਨਵਾਦ,

ਅਮਨਦੀਪ ਸਿੰਘ (ਨੌਰਾ) 

ਬੌਸਟਨ,ਅਮਰੀਕਾ 

ਪੱਤਝੜ 2022

punjabiscifi@gmail.com

ਨੋਟ: