ਪੰਜਾਬੀ ਵਿੱਚ ਵਿਗਿਆਨ ਗਲਪ

ਡਾ. ਦੇਵਿੰਦਰ ਪਾਲ ਸਿੰਘ


ਪੰਜਾਬੀ ਵਿੱਚ ਵਿਗਿਆਨ ਗਲਪ ਰਚਨਾਵਾਂ ਦੀ ਮੌਜੂਦਾ ਸਥਿਤੀ


ਡਾ. ਦੇਵਿੰਦਰ ਪਾਲ ਸਿੰਘ 


ਸਾਰ

ਪੰਜਾਬੀ ਭਾਸ਼ਾ ਵਿੱਚ ਵਿਗਿਆਨ ਗਲਪ (Science Fiction) ਲਿਖਣਾ 1970 ਦੇ ਦਹਾਕੇ ਵਿੱਚ ਸ਼ੁਰੂ ਹੋਇਆ ਸੀ। ਪਿਛਲੇ ਚਾਰ ਦਹਾਕਿਆਂ ਵਿਚ ਪੰਜਾਬੀ ਸਾਹਿਤ ਦੇ ਇਸ ਖੇਤਰ ਵਿਚ ਕੁਝ ਹੀ ਮੌਲਿਕ ਪੁਸਤਕਾਂ ਅਤੇ ਅਨੁਵਾਦਕ ਰਚਨਾਵਾਂ ਪ੍ਰਕਾਸ਼ਿਤ ਹੋਈਆਂ ਹਨ। ਪਰ ਪਿਛਲੇ ਕੁੱਝ ਸਾਲਾਂ ਵਿੱਚ, ਇੱਕ ਨਵਾਂ ਜੋਸ਼ ਦੇਖਿਆ ਗਿਆ ਹੈ; ਬਹੁਤ ਸਾਰੇ ਪੰਜਾਬੀ ਲੇਖਕਾਂ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਵੱਖ-ਵੱਖ ਰਸਾਲਿਆਂ ਅਤੇ ਅਖਬਾਰਾਂ ਵਿੱਚ ਬਹੁਤ ਸਾਰੀਆਂ ਵਿਗਿਆਨ ਗਲਪ ਕਹਾਣੀਆਂ ਪ੍ਰਕਾਸ਼ਿਤ ਕੀਤੀਆਂ ਹਨ। ਕੁੱਝ ਲੇਖਕਾਂ ਨੇ ਮੌਲਿਕ ਕਿਤਾਬਾਂ ਲਿਖ ਕੇ ਅਤੇ ਹੋਰ ਭਾਸ਼ਾਵਾਂ ਦੇ ਵੱਖ-ਵੱਖ ਉੱਘੇ ਲੇਖਕਾਂ ਦੀਆਂ ਵਿਗਿਆਨ ਗਲਪ ਰਚਨਾਵਾਂ ਦਾ ਅਨੁਵਾਦ ਕਰਕੇ ਵੀ ਇਸ ਖੇਤਰ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਹੈ।

ਇਹ ਲੇਖ ਪੰਜਾਬੀ ਵਿੱਚ ਵਿਗਿਆਨ ਗਲਪ ਲਿਖਤਾਂ ਦੇ ਵਿਕਾਸ ਵਿੱਚ ਵੱਖ-ਵੱਖ ਵਿਅਕਤੀਆਂ ਅਤੇ ਸੰਸਥਾਵਾਂ ਦੁਆਰਾ ਪਾਏ ਯੋਗਦਾਨ ਬਾਰੇ ਵਿਸਤਾਰ ਨਾਲ ਦੱਸਦਾ ਹੈ। ਇਸ ਖੇਤਰ ਵਿੱਚ ਵੱਖ-ਵੱਖ ਸੰਸਥਾਵਾਂ, ਗ਼ੈਰ ਸਰਕਾਰੀ ਸੰਸਥਾਵਾਂ ਅਤੇ ਸਰਕਾਰੀ ਏਜੰਸੀਆਂ ਦੀ ਭੂਮਿਕਾ ਵੀ ਦੱਸੀ ਗਈ ਹੈ। ਇਸ ਤੋਂ ਇਲਾਵਾ, ਪੰਜਾਬੀ ਵਿੱਚ ਵਿਗਿਆਨ ਗਲਪ ਸਾਹਿਤ ਦੀ ਅਜੋਕਾ ਸਥਿਤੀ ਦੀ ਰਿਪੋਰਟ ਵੀ ਪੇਸ਼ ਕੀਤੀ ਗਈ ਹੈ। ਅੰਤ ਵਿੱਚ, ਪੰਜਾਬੀ ਵਿਗਿਆਨ ਗਲਪ ਲਿਖਤਾਂ ਦੇ ਵਿਕਾਸ ਵਿੱਚ ਪ੍ਰਿੰਟ ਅਤੇ ਮਾਸ ਮੀਡੀਆ ਦੀ ਭੂਮਿਕਾ ਬਾਰੇ ਵੀ ਚਰਚਾ ਕੀਤੀ ਗਈ ਹੈ। ਇਹ ਦਰਸਾਇਆ ਗਿਆ ਹੈ ਕਿ ਪੰਜਾਬੀ ਵਿੱਚ ਵਿਗਿਆਨ ਗਲਪ ਲੇਖਣ ਕਾਰਜ ਅਜੇ ਵੀ ਮੁੱਢਲੇ ਦੌਰ ਵਿੱਚ ਹਨ, ਪਰ ਇਸ ਖੇਤਰ ਵਿੱਚ ਲੇਖਕਾਂ ਲਈ ਵਡਮੁੱਲਾ ਯੋਗਦਾਨ ਪਾਉਣ ਦਾ ਸੁਨਹਿਰਾ ਮੌਕਾ ਹੈ।


ਜਾਣ-ਪਛਾਣ

ਪੰਜਾਬੀ, ਭਾਰਤ ਦੇ ਪੰਜਾਬ ਸੂਬੇ ਦੀ 'ਰਾਜ ਭਾਸ਼ਾ' ਹੈ। ਇਹ 11ਵੀਂ ਸਦੀ ਵਿੱਚ ਇੱਕ ਸੁਤੰਤਰ ਭਾਸ਼ਾ ਵਜੋਂ ਉੱਭਰੀ। ਮਹਾਨ ਸੂਫ਼ੀ ਫ਼ਕੀਰ ਬਾਬਾ ਫ਼ਰੀਦ ਜੀ ਨੇ 13ਵੀਂ ਸਦੀ ਦੇ ਸ਼ੁਰੂ ਵਿੱਚ ਇਸ ਵਿੱਚ ਆਪਣੇ ਸ਼ਬਦਾਂ ਅਤੇ ਸਲੋਕਾਂ ਦੀ ਰਚਨਾ ਕੀਤੀ ਸੀ। ਇਹ ਮੰਨਿਆ ਜਾਂਦਾ ਹੈ ਕਿ ਪੰਜਾਬੀ ਸਾਹਿਤ ਦਾ ਸੁਨਹਿਰੀ ਦੌਰ ਗੁਰੂ ਨਾਨਕ ਦੇਵ ਜੀ ਦੇ ਜਨਮ (ਸੰਨ 1469) ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਦੇ ਜੋਤੀ-ਜੋਤਿ ਸਮਾਉਣ (ਸੰਨ 1708) ਤੱਕ ਫੈਲਿਆ ਹੋਇਆ ਹੈ। ਉਸ ਸਮੇਂ ਦੀਆਂ ਜ਼ਿਆਦਾਤਰ ਰਹੱਸਵਾਦੀ ਅਤੇ ਧਾਰਮਿਕ ਕਵਿਤਾਵਾਂ ਆਦਿ ਗ੍ਰੰਥ ਵਿੱਚ ਸੁਰੱਖਿਅਤ ਹਨ, ਜੋ ਕਿ ਭਗਤੀ ਕਾਵਿ ਦਾ ਇੱਕ ਸ਼ਾਨਦਾਰ ਸੰਗ੍ਰਹਿ ਹੈ। 1600 ਤੋਂ 1800 ਈਸਵੀ ਤੱਕ, ਸਰਵੋਤਮ ਸੰਸਕ੍ਰਿਤ ਸਾਹਿਤ ਰਮਾਇਣ, ਮਹਾਂਭਾਰਤ, ਭਗਵਦ ਗੀਤਾ, ਅਤੇ ਉਪਨਿਸ਼ਦਾਂ ਦਾ ਅਨੁਵਾਦ [1] ਪੰਜਾਬੀ ਵਿੱਚ ਕੀਤਾ ਗਿਆ ਸੀ।


ਮੁਗਲਾਂ ਦੇ ਸ਼ਾਸਨ, ਸਿੱਖ ਰਾਜ ਅਤੇ ਬ੍ਰਿਟਿਸ਼ ਸਾਮਰਾਜ ਦੇ ਸਮੇਂ ਦੌਰਾਨ, ਪੰਜਾਬ ਸੂਬੇ ਦੀ ਸਰਕਾਰੀ ਭਾਸ਼ਾ ਉਰਦੂ ਜਾਂ ਅੰਗਰੇਜ਼ੀ ਸੀ। ਇਸ ਤਰ੍ਹਾਂ ਪੰਜਾਬੀ ਨੂੰ ਸਰਕਾਰੀ ਸਮਰਥਨ ਨਹੀਂ ਮਿਲਿਆ। ਭਾਰਤ ਦੀ ਆਜ਼ਾਦੀ ਤੋਂ ਬਾਅਦ ਵੀ ਇਸ ਨੂੰ ਅਧਿਕਾਰਤ ਤੌਰ 'ਤੇ ਮਾਨਤਾ ਨਹੀਂ ਮਿਲ ਸਕੀ। ਅੰਤ ਵਿੱਚ ਸੰਨ 1966 ਵਿੱਚ ਪੰਜਾਬੀ ਸੂਬਾ ਬਣਨ ਨਾਲ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਗਿਆ। ਪਿਛਲੇ ਪੰਜਾਹ ਸਾਲਾਂ ਦੌਰਾਨ, ਇਸ ਨੇ ਸਾਹਿਤ ਦੀਆਂ ਸਾਰੀਆਂ ਸ਼ਾਖਾਵਾਂ ਵਿੱਚ ਜ਼ੋਰਦਾਰ ਵਿਕਾਸ ਕੀਤਾ ਹੈ [1-2]। 


ਸਾਡੀ ਅਜੋਕੀ ਜੀਵਨ ਸ਼ੈਲੀ ਦਾ ਬਹੁਤਾ ਹਿੱਸਾ ਵਿਗਿਆਨ 'ਤੇ ਅਧਾਰਤ ਹੈ। ਅਸੀਂ ਜਾਣਦੇ ਹਾਂ ਕਿ ਵਿਗਿਆਨ ਗਿਆਨ ਹੈ, ਅਤੇ ਫਰਾਂਸਿਸ ਬੇਕਨ ਦੇ ਸ਼ਬਦਾਂ ਵਿੱਚ, ਗਿਆਨ ਸ਼ਕਤੀ ਹੈ। ਇਸ ਲਈ ਅਜਿਹੇ ਗਿਆਨ ਨੂੰ ਆਮ ਲੋਕਾਂ ਲਈ ਸੌਖੇ ਤਰੀਕੇ ਨਾਲ ਉਹਨਾਂ ਦੀ ਬੋਲੀ ਵਿੱਚ ਪੇਸ਼ ਕਰਨ ਦੀ ਮੁੱਢਲੀ ਲੋੜ ਹੈ। ਅਜਿਹੇ ਗਿਆਨ ਨੂੰ ਆਮ ਲੋਕਾਂ ਦੀ ਭਾਸ਼ਾ ਵਿੱਚ ਸੰਚਾਰਿਤ ਕਰਕੇ ਇਸ ਲੋੜ ਨੂੰ ਪੂਰਾ ਕਰਨਾ ਬਹੁਤ ਸੌਖਾ ਹੈ। ਇਸ ਲਈ ਵਿਗਿਆਨ ਸੰਚਾਰ ਦੀ ਭੂਮਿਕਾ ਦੇ ਮਹੱਤਵ ਨੂੰ ਘੱਟ ਨਹੀਂ ਕਿਹਾ ਜਾ ਸਕਦਾ। ਖੁਸ਼ਕਿਸਮਤੀ ਨਾਲ, ਪੰਜਾਬੀ ਭਾਸ਼ਾ ਇਸ ਲੋੜ ਨੂੰ ਪੂਰਾ ਕਰਨ ਲਈ ਹੁਣ ਜਾਗ੍ਰਿਤ ਹੋ  ਚੁੱਕੀ ਹੈ।


ਪੰਜਾਬੀ ਵਿੱਚ ਵਰਤਮਾਨ ਵਿਗਿਆਨਕ ਲਿਖਤਾਂ ਜ਼ਿਆਦਾਤਰ ਵਾਰਤਕ ਰੂਪ ਵਿੱਚ ਹਨ। ਪ੍ਰਮੁੱਖ ਅਖਬਾਰਾਂ, ਪ੍ਰਸਿੱਧ ਵਿਗਿਆਨ ਰਸਾਲਿਆਂ ਅਤੇ ਕਿਤਾਬਾਂ ਵਿੱਚ ਪ੍ਰਕਾਸ਼ਿਤ ਵਿਗਿਆਨਕ ਲੇਖਾਂ ਵਿੱਚੋਂ ਲਗਭਗ ਨੱਬੇ ਪ੍ਰਤੀਸ਼ਤ ਆਮ ਤੌਰ 'ਤੇ ਇਸ ਵਿਧਾ ਦੇ ਹਨ [1-2]। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਵਾਰਤਕ ਰੂਪ ਪੰਜਾਬ ਦੇ ਵਿਗਿਆਨ ਲੇਖਕਾਂ ਵਿਚ ਸਭ ਤੋਂ ਵੱਧ ਪ੍ਰਚਲਿਤ ਲੇਖਣ ਵਿਧਾ ਹੈ। ਦੂਜੇ ਪੱਖੋਂ, ਅੱਜ ਤੱਕ ਪੰਜਾਬੀ ਵਿੱਚ ਵਿਗਿਆਨ ਗਲਪ ਦੀਆਂ ਕੁਝ ਕੁ ਗਿਣੀਆਂ ਚੁਣੀਆਂ ਹੀ ਲਿਖਤਾਂ ਪ੍ਰਕਾਸ਼ਿਤ ਹੋਈਆਂ ਹਨ।

ਪੰਜਾਬੀ ਵਿੱਚ ਵਿਗਿਆਨ ਗਲਪ ਰਚਨਾਵਾਂ

ਇਹ ਕਹਿਣਾ ਸੌਖਾ ਨਹੀਂ ਕਿ ਪੰਜਾਬੀ ਵਿੱਚ ਵਿਗਿਆਨ ਗਲਪ ਦੀ ਸ਼ੁਰੂਆਤ ਕਦੋਂ ਹੋਈ। ਕੁਝ ਵਿਦਵਾਨ ਇਮਾਮ ਬਖਸ਼ ਦੇ ਕਿੱਸਾ ਸ਼ਾਹ ਬਹਿਰਾਮ, ਜੋ ਕਿ 19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਪ੍ਰਕਾਸ਼ਤ ਹੋਇਆ ਸੀ ਨੂੰ ਸ਼ੁਰੂਆਤ ਮੰਨਦੇ ਹਨ। ਪਰ ਉਹ ਅੰਗਰੇਜ਼ੀ ਦੇ ਉੱਘੇ ਵਿਗਿਆਨ ਗਲਪ ਲੇਖਕ ਆਈਜ਼ੈਕ ਐਸੀਮੋਵ [3-4] ਦੁਆਰਾ ਦਰਸਾਈ ਗਈ ਵਿਗਿਆਨ ਗਲਪ ਦੀ ਪਰਿਭਾਸ਼ਾ ‘ਤੇ ਪੂਰਾ ਨਹੀਂ ਉੱਤਰਦਾ ਹੈ।

ਅੰਗਰੇਜ਼ੀ ਦੇ ਉੱਘੇ ਸਾਇੰਸ ਫਿਕਸ਼ਨ ਲੇਖਕ ਆਈਜ਼ੈਕ ਐਸੀਮੋਵ ਅਨੁਸਾਰ, "ਸਾਇੰਸ ਫਿਕਸ਼ਨ (SF) ਵਿੱਚ ਟੈਕਨਾਲੋਜੀ ਅਤੇ ਵਿਗਿਆਨ ਦੀ ਸ਼ਮੂਲੀਅਤ ਹੋਣਾ ਜ਼ਰੂਰੀ ਹੈ। ਇਸ ਨੂੰ ਮੋਜੂਦਾ ਸਮਾਜ ਨਾਲੋਂ ਨਿਸ਼ਚਿਤ ਤੌਰ 'ਤੇ ਵੱਖਰੇ ਸਮਾਜ ਨੂੰ ਪੇਸ਼ ਕਰਨਾ ਚਾਹੀਦਾ ਹੈ, ਅਤੇ ਉਹਨਾਂ ਦੇ ਅੰਤਰ ਵਿੱਚ ਕੁਝ ਕੁ ਅੰਤਰ ਟੈਕਨਾਲੋਜੀ ਅਤੇ ਵਿਗਿਆਨ ਦੇ ਵੀ ਹੋਣੇ ਚਾਹੀਦੇ ਹਨ। ਜੇਕਰ ਅਜਿਹੀ ਧਾਰਣਾ ਮੰਨ ਲਈਏ ਤਾਂ ਸਾਇੰਸ ਫਿਕਸ਼ਨ ਵਿਕਸਿਤ ਹੋ ਰਹੇ  ਵਿਗਿਆਨ, ਟੈਕਨਾਲੋਜੀ ਤੇ ਸਮਾਜਿਕ ਪਰਿਵਰਤਨ ਦੇ ਆਪਸੀ ਸਬੰਧਾਂ ਦੀ ਆਮ ਮਕਬੂਲੀਅਤ ਤੋਂ ਪਹਿਲਾਂ ਹੋਂਦ ਵਿੱਚ ਨਹੀਂ ਆ ਸਕਦਾ।"


ਅੰਗਰੇਜ਼ੀ ਭਾਸ਼ਾ ਦੀ ਅਮਰੀਕਨ ਹੈਰੀਟੇਜ ਡਿਕਸ਼ਨਰੀ ਵਿੱਚ ਵਰਨਿਤ ਵਿਗਿਆਨਕ ਗਲਪ ਦੀ ਪਰਿਭਾਸ਼ਾ ਦੇ ਅਨੁਸਾਰ: "ਵਿਗਿਆਨ ਗਲਪ ਉਹ ਗਲਪ ਹੈ ਜਿਸ ਵਿੱਚ ਵਿਗਿਆਨਕ ਖੋਜਾਂ ਅਤੇ ਵਿਕਾਸ, ਕਹਾਣੀ ਦਾ ਪਿਛੋਕੜ ਜਾਂ ਕਥਾ ਰਚਦੇ ਹਨ। ਖਾਸ ਕਰ ਕੇ ਅਜਿਹੀ ਗਲਪ ਰਚਨਾ ਦੀ ਬੁਨਿਆਦ ਭਵਿੱਖ ਵਿੱਚ ਸੰਭਾਵੀ ਵਿਗਿਆਨਕ ਦੀਆਂ ਪ੍ਰਾਪਤੀਆਂ ਅਧਾਰਿਤ ਹੁੰਦੀ ਹੈ।" ਉੱਘੇ ਸਾਇੰਸ ਫਿਕਸ਼ਨ ਲੇਖਕ, ਜੌਨ ਡਬਲਯੂ. ਕੈਂਪਬੈੱਲ  ਅਤੇ ਉਸ ਦੇ ਸਾਥੀ ਲੇਖਕਾਂ ਦਾ ਮੰਨਣਾ ਹੈ ਕਿ "ਸਾਇੰਸ ਫਿਕਸ਼ਨ ਦਾ ਵਿਗਿਆਨ ਅਤੇ ਪਦਾਰਥਕ ਬ੍ਰਹਿਮੰਡ ਨਾਲ ਸਬੰਧਿਤ ਹੋਣਾ ਜ਼ਰੂਰੀ ਹੈ। ਇਸ ਕਰਕੇ ਇਨ੍ਹਾਂ ਰਚਨਾਵਾਂ ਵਿੱਚ ਅਰਥ ਸ਼ਾਸ਼ਤਰ, ਸਮਾਜਿਕ ਵਿਗਿਆਨ,  ਡਾਕਟਰੀ, ਅਤੇ ਅਜਿਹੀਆਂ ਵਸਤਾਂ ਜਿਹੜੀਆਂ ਕਿ ਪਦਾਰਥਕ ਹਨ, ਦਾ ਜ਼ਿਕਰ ਸ਼ਾਮਿਲ ਹੋ ਸਕਦਾ ਹੈ ।"


ਉਪਰੋਕਤ ਪਰਿਭਾਸ਼ਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਮਾਮ ਬਖਸ਼ ਦੇ ਕਿੱਸਾ ਸ਼ਾਹ ਬਹਿਰਾਮ ਨੂੰ ਵਿਗਿਆਨ ਗਲਪ ਦੀ ਰਚਨਾ ਨਹੀਂ ਕਿਹਾ ਜਾ ਸਕਦਾ, ਇਸ ਦੀ ਬਜਾਏ, ਇਹ ਇੱਕ ਕਲਪਨਾਤਮਿਕ ਕਥਾ ਹੈ,  ਜੋ ਕਲਪਨਾਤਮਿਕ ਤੇ ਅਲੌਕਿਕ ਵਰਤਾਰਿਆਂ ਨਾਲ ਭਰਪੂਰ ਹੈ। ਇਸ ਕਿੱਸੇ ਦਾ ਮੁੱਖ ਪਾਤਰ ਅਦਿੱਖ ਬਣ ਸਕਦਾ ਹੈ। ਪਰ ਉਸ ਦੀ ਅਦ੍ਰਿਸ਼ਟਤਾ ਦੇ ਵਿਗਿਆਨਕ ਆਧਾਰ ਦਾ ਕੋਈ ਜ਼ਿਕਰ ਨਹੀਂ ਹੈ। ਕਿੱਸੇ ਦਾ ਮੁੱਖ ਵਿਸ਼ਾ ਸੰਨ 1897 ਵਿੱਚ ਪ੍ਰਕਾਸ਼ਿਤ ਐਚ.ਜੀ. ਵੇਲਜ਼ ਦੇ ਨਾਵਲ “ਦਿ ਇਨਵਿਜ਼ੀਬਲ ਮੈਨ” ਨਾਲ ਮੇਲ਼ ਖਾਂਦਾ ਹੈ। ਪਰ ਫਿਰ ਵੀ ਇਹ ਵਿਗਿਆਨਕ ਗਲਪ ਰਚਨਾ [3-4] ਲਈ ਸਥਾਪਿਤ ਨਿਯਮਾਂ ਨੂੰ ਪੂਰਾ ਨਹੀਂ ਕਰਦਾ ਹੈ।


ਇੱਕ ਉੱਘੇ ਅਮਰੀਕੀ ਲੇਖਕ, ਐਲ. ਰੌਨ ਹਬਰਡ ਦਾ ਕਹਿਣਾ ਹੈ ਕਿ, "ਇਹ  ਮੰਨਣਯੋਗ ਹੈ ਕਿ ਵਿਗਿਆਨ ਗਲਪ (SF) ਇੱਕ ਅਜਿਹੇ ਯੁੱਗ ਦੇ ਹਾਲਾਤਾਂ ਦਾ ਵਰਨਣ ਕਰਦਾ ਹੈ ਜਿੱਥੇ ਵਿਗਿਆਨ ਮੌਜੂਦ ਹੁੰਦਾ ਹੈ। ਵਿਗਿਆਨ ਗਲਪ, ਵਿਗਿਆਨਕ ਵਿਕਾਸ ਜਾਂ ਖੋਜ ਦੇ ਵਾਪਰਣ ਤੋਂ ਬਾਅਦ ਨਹੀਂ ਲਿਖਿਆ ਹੋਇਆ ਹੋਣਾ ਚਾਹੀਦਾ, ਸਗੋਂ ਇਹ ਤਾਂ ਉਸਦੇ ਸੰਭਵ ਹੋਣ ਦਾ ਸੂਚਕ ਹੈ। ਇਹ ਇੱਕ ਅਨੁਰੋਧ ਹੈ ਕਿ ਕੋਈ ਭਵਿੱਖ ਵਿੱਚ ਅਜਿਹੇ ਕੰਮ ਕਰੇ।  ਪਰ ਇਹ ਭਵਿੱਖਬਾਣੀ ਨਹੀਂ ਹੈ, ਸਗੋਂ ਇਹ ਉਹ ਸੁਪਨਾ ਹੈ ਜੋ ਤੜਕੇ ਤੜਕੇ ਆਉਂਦਾ ਹੈ, ਅਤੇ ਜਦੋਂ ਅਜਿਹਾ ਸੁਪਨਸ਼ਾਜ ਵਿਗਿਆਨੀ  ਜਾਂ ਖੋਜੀ ਜਾਗਦਾ ਹੈ ਅਤੇ ਆਪਣੀ ਪ੍ਰਯੋਗਸ਼ਾਲਾਂ ਜਾਂ ਲਾਇਬ੍ਰੇਰੀ  ਵਿੱਚ ਜਾਂਦਾ ਹੈ, ਤੇ ਕਹਿੰਦਾ ਹੈ, 'ਮੈਂ ਹੈਰਾਨ ਹਾਂ ਕਿ ਕੀ ਮੈਂ ਉਸ ਸੁਪਨੇ ਨੂੰ ਅਸਲ  ਵਿਗਿਆਨ  ਦੀ ਦੁਨੀਆ  ਵਿੱਚ ਸਾਕਾਰ ਕਰ ਸਕਦਾ ਹਾਂ?'


ਵਿਗਿਆਨ ਗਲਪ ਦੀ ਉਪਰੋਕਤ ਪਰਿਭਾਸ਼ਾ ਨੂੰ ਮੱਦੇਨਜ਼ਰ ਰੱਖਦਿਆਂ, ਪਿਛਲੇ ਚਾਰ ਦਹਾਕਿਆਂ [1-4] ਦੌਰਾਨ ਪੰਜਾਬੀ ਭਾਸ਼ਾ ਵਿੱਚ ਇਸ ਵਿਧਾ ਵਿੱਚ ਕੁਝ ਕੁ ਲੇਖਕਾਂ ਦਾ ਯੋਗਦਾਨ ਜ਼ਿਕਰਯੋਗ ਹੈ। ਪੰਜਾਬੀ ਸਾਹਿਤ ਦੇ ਇਸ ਉੱਭਰਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਕੁਝ ਨਾਮਵਰ ਲੇਖਕ ਹਨ, ਅਮਨਦੀਪ ਸਿੰਘ, ਡੀ.ਪੀ. ਸਿੰਘ, ਅਮਰਜੀਤ ਸਿੰਘ, ਅਜਮੇਰ ਸਿੱਧੂ, ਰੁਪਿੰਦਰਪਾਲ ਢਿੱਲੋਂ, ਅਮਰਜੀਤ ਕੌਰ ਪੰਨੂ, ਜਸਵੀਰ ਸਿੰਘ ਰਾਣਾ, ਜਸਵੀਰ ਸਿੰਘ ਦੀਦਾਰਗੜ੍ਹ ਅਤੇ ਗੁਰਨਾਮ ਗਰੇਵਾਲ।


ਸੰਨ 1989 ਵਿੱਚ, ਅਮਨਦੀਪ ਸਿੰਘ ਦੁਆਰਾ ਪੰਜਾਬੀ ਭਾਸ਼ਾ ਵਿੱਚ ਰਚਿਤ, ਵਿਗਿਆਨ ਗਲਪ ਦੀ ਪਹਿਲੀ ਕਿਤਾਬ, “ਟੁੱਟਦੇ ਤਾਰਿਆਂ ਦੀ ਦਾਸਤਾਨ” ਪ੍ਰਕਾਸ਼ਿਤ ਕੀਤੀ ਗਈ। ਇਸ ਪੁਸਤਕ ਵਿੱਚ ਕੁੱਲ  ਨੌਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆ ਸਨ। ਜੋ ਕਈ ਵਿਗਿਆਨਕ ਵਿਸ਼ਿਆਂ ਉਦਾਹਰਣ ਵਜੋਂ, ਭਾਵਨਾਤਮਕ ਰੋਬੋਟ, ਅਕਾਸ਼ੀ ਪਿੰਡਾਂ ਦੇ ਖ਼ਤਰੇ, ਦੂਜੇ ਗ੍ਰਹਿਆਂ 'ਤੇ ਜੀਵਨ, ਅੰਤਰ-ਤਾਰਾ ਯਾਤਰਾ, ਅਜਨਬੀ ਗ੍ਰਹਿਆਂ ਦੇ ਵਸ਼ਿੰਦਿਆਂ ਨਾਲ਼ ਸੰਪਰਕ (Aliens), ਅੰਤਰ-ਗ੍ਰਹਿ ਰੋਮਾਂਸ, ਅਤੇ ਅੱਤਵਾਦ [5]  ਆਦਿ ਵਿਸ਼ਿਆਂ ਦਾ ਵਰਣਨ ਕਰਦੀਆਂ ਹਨ। ਪਿਛਲੇ ਸਮੇਂ ਦੌਰਾਨ, ਅਮਨਦੀਪ ਨੇ ਦੋ ਹੋਰ ਵਿਗਿਆਨਕ ਗਲਪ ਕਹਾਣੀਆਂ: ਨੀਲੀ ਰੋਸ਼ਨੀ (ਸੰਨ 2013) ਅਤੇ ਜੀਵਨ ਦੀ ਬੁਨਿਆਦ (ਸੰਨ  2015) ਪ੍ਰਕਾਸ਼ਿਤ ਕੀਤੀਆਂ ਹਨ। ‘ਨੀਲੀ ਰੋਸ਼ਨੀ’ ਅਜਨਬੀ ਗ੍ਰਹਿਆਂ ਦੇ  ਵਾਸ਼ਿੰਦਿਆਂ ਨਾਲ਼ ਸੰਪਰਕ ਦੀ ਦੱਸ ਪਾਉਂਦੀ ਹੈ, ਜਦੋਂ ਕਿ ‘ਜੀਵਨ ਦੀ ਬੁਨੀਆਦ’ ਸੈਂਚੀ ਗ੍ਰਹਿ 'ਤੇ ਇੱਕ ਨਿਊਕਲੀਅਰ ਪਰਲੋ ਤੋਂ ਬਾਅਦ ਦੀਆਂ ਘਟਨਾਵਾਂ ਦਾ ਜ਼ਿਕਰ ਕਰਦੀ ਹੈ।  ਇਸ ਤੋਂ ਇਲਾਵਾ, ਸੰਨ 2022 ਵਿੱਚ ਉਸ ਨੇ ਇਕ ਹੋਰ ਵਿਗਿਆਨ ਗਲਪ ਕਹਾਣੀ ਸੰਗ੍ਰਹਿ “ਸਿਤਾਰਿਆਂ ਤੋਂ ਅੱਗੇ“ ਪ੍ਰਕਾਸ਼ਿਤ ਕੀਤਾ ਹੈ। ਜਿਸ ਵਿੱਚ ਦੂਰ ਦੁਰੇਡੀਆਂ ਧਰਤੀਆਂ ਉੱਤੇ ਤਕਨੀਕੀ ਤੌਰ 'ਤੇ ਉੱਨਤ ਸਭਿਅਤਾਵਾਂ, ਮਨੁੱਖੀ ਰੋਬੋਟਾਂ, ਪੁਲਾੜ, ਸਮਾਂ ਅਤੇ ਮੰਗਲ 'ਤੇ ਮਨੁੱਖੀ ਬਸਤੀ ਆਦਿ ਨਾਲ ਸਬੰਧਤ ਛੇ ਕਹਾਣੀਆਂ ਸ਼ਾਮਿਲ ਕੀਤੀਆਂ ਗਈਆ ਹਨ। ਇਹ ਕਹਾਣੀਆਂ ਸਾਨੂੰ ਅਜਨਬੀ ਸੰਸਾਰਾਂ, ਉੱਚਤਮ ਟੈਕਨੋਲੋਜੀ ਵਾਲੇ ਭਵਿੱਖ ਦੀਆਂ ਬਾਤਾਂ ਸੁਣਾਦੀਆਂ ਹਨ। ਲੇਖਕ ਦੀਆ ਇਹ ਸਾਰੀਆਂ ਕਹਾਣੀਆਂ ਮਨੁੱਖੀ ਜਜ਼ਬਾਤਾਂ ਅਤੇ ਪਿਆਰ ਭਰੇ ਅਹਿਸਾਸਾਂ ਨਾਲ ਅੋਤ-ਪ੍ਰੋਤ ਹਨ।

ਡਾ. ਡੀ.ਪੀ. ਸਿੰਘ [6] ਨੇ “ਧਰਤੀਏ ਰੁਕ ਜਾ (ਸੰਨ 1995)“ ਅਤੇ “ਰੋਬੋਟ, ਮਨੁੱਖ ਤੇ ਕੁਦਰਤ (ਸੰਨ 1997)“ ਕਿਤਾਬਾਂ ਦੇ ਰਚਨਾ ਕਾਰਜਾਂ ਰਾਹੀਂ  ਵਿਗਿਆਨ ਗਲਪ ਵਿਧਾ ਵਿੱਚ ਯੋਗਦਾਨ ਪਾਇਆ ਹੈ। ਸੰਨ 1995 ਵਿੱਚ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ-ਬੁੱਕ ਬੋਰਡ ਦੁਆਰਾ ਪ੍ਰਕਾਸ਼ਿਤ “ਧਰਤੀਏ ਰੁਕ ਜਾ” ਦੀਆਂ ਤਿੰਨ ਕਹਾਣੀਆਂ ਦੱਸਦੀਆਂ ਹਨ ਕਿ ਜੇਕਰ ਕਿਸੇ ਵਿਅਕਤੀ ਜਾਂ ਵਸਤੂ ਦਾ ਭਾਰ ਘੱਟ ਜਾਂਦਾ ਹੈ ਜਾਂ ਧਰਤੀ ਦੀ ਗਤੀ ਬੰਦ ਹੋ ਜਾਂਦੀ ਹੈ ਤਾਂ ਕੀ ਹੋਵੇਗਾ? ਦੂਸਰੀ ਕਿਤਾਬ, ਰੋਬੋਟ, ਮਨੁੱਖ ਤੇ ਕੁਦਰਤ ਵਿੱਚ ਬੱਚਿਆਂ ਲਈ ਸੱਤ ਕਹਾਣੀਆਂ ਹਨ ਜੋ  ਟਾਇਮ-ਟ੍ਰੈਵਲ, ਅੰਤਰ-ਗ੍ਰਹਿ ਯਾਤਰਾਵਾਂ ਅਤੇ ਰੋਬੋਟਾਂ ਬਾਰੇ ਵੱਖ-ਵੱਖ ਵਿਗਿਆਨਕ ਤੱਥਾਂ ਅਤੇ ਵਿਚਾਰਾਂ ਨੂੰ ਦਿਲਚਸਪ ਤਰੀਕੇ ਨਾਲ ਬਿਆਨ ਕਰਦੀਆਂ ਹਨ।


ਅਮਰਜੀਤ ਸਿੰਘ [4] ਨੇ ਸੰਨ 1997 ਵਿੱਚ “ਚਿੱਪ ਦੇ ਅੰਦਰ” ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਕੀਤਾ। ਇਸ ਪੁਸਤਕ ਵਿੱਚ ਕੁੱਲ ਬਾਰਾਂ ਕਹਾਣੀਆਂ ਹਨ। ਪਰ ਇਹਨਾਂ ਵਿੱਚੋਂ ਸਿਰਫ਼ ਤਿੰਨ ਕਹਾਣੀਆਂ ਨੂੰ ਹੀ ਵਿਗਿਆਨ ਗਲਪ ਕਹਾਣੀਆਂ ਮੰਨਿਆਂ ਜਾ ਸਕਦਾ ਹੈ। "ਚਿੱਪ ਦੇ ਅੰਦਰ" ਸਿਰਲੇਖ ਵਾਲੀ ਪਹਿਲੀ ਵਿਗਿਆਨ ਗਲਪ ਕਹਾਣੀ ਮਨੁੱਖੀ ਸਮਾਜ ਉੱਤੇ ਵਰਚੁਅਲ ਅਸਲੀਅਤ ਦੇ ਪ੍ਰਭਾਵ ਨੂੰ ਬਿਆਨ ਕਰਦੀ ਹੈ। ਦੂਸਰੀ ਕਹਾਣੀ  "ਇਕ ਦਿਨ ਧਰਤੀ ਦਾ" ਧਰਤੀ ਉੱਤੇ ਵਾਤਾਵਰਣ ਪ੍ਰਦੂਸ਼ਣ ਦੇ ਮਾੜੇ ਅਸਰਾਂ ਬਾਰੇ ਗੱਲ ਕਰਦੀ ਹੈ। ਅੰਤ ਵਿੱਚ, "ਕਾਲਾ ਬੱਦਲ” ਸਿਰਲੇਖ ਵਾਲੀ ਕਹਾਣੀ ਪ੍ਰਮਾਣੂ ਤਬਾਹੀ ਅਤੇ ਮਨੁੱਖੀ ਜੀਵਨ ਉੱਤੇ ਇਸ ਦੇ ਵਿਨਾਸ਼ਕਾਰੀ ਪ੍ਰਭਾਵਾਂ ਦੀ ਵਰਨਣ ਕਰਦੀ ਹੈ ।

ਅਜਮੇਰ ਸਿੱਧੂ [7] ਨੇ ਸੰਨ 1997 ਵਿੱਚ “ਨਰਕ ਕੁੰਡ” ਕਹਾਣੀ ਸੰਗ੍ਰਹਿ ਸੰਪਾਦਿਤ ਤੇ ਪ੍ਰਕਾਸ਼ਿਤ ਕੀਤਾ। ਇਸ ਪੁਸਤਕ ਵਿੱਚ ਡਾ. ਡੀ.ਪੀ. ਸਿੰਘ ਦੀ ਕਹਾਣੀ "ਰੋਬੋਟ, ਮਨੁੱਖ ਤੇ ਕੁਦਰਤ" ਸ਼ਾਮਿਲ ਕੀਤੀ ਗਈ, ਇਹ ਕਹਾਣੀ  ਅੰਤਰ-ਗ੍ਰਹਿ ਯਾਤਰਾ, ਪ੍ਰਮਾਣੂ ਯੁੱਧ, ਧਰਤੀ ਉੱਤੇ ਰੋਬੋਟਾਂ ਦੇ ਕਬਜ਼ੇ, ਅਤੇ ਰੋਬੋਟ, ਮਨੁੱਖ ਤੇ ਕੁਦਰਤ ਦੇ ਆਪਸੀ ਸਹਿ-ਹੋਂਦ ਦੀ ਲੋੜ ਦਾ ਚਰਚਾ ਕਰਦੀ ਹੈ। ਅਜਮੇਰ ਸਿੱਧੂ ਦੀ ਕਿਤਾਬ “ਖੂਹ ਗਿੜਦਾ ਹੈ (ਸੰਨ 2004)” ਵਿੱਚ ਦੋ ਵਿਗਿਆਨ ਗਲਪ ਦੀਆਂ ਕਹਾਣੀਆਂ ਮੌਜੂਦ ਹਨ: "ਦਿੱਲੀ ਦੇ ਕਿੰਗਰੇ" ਅਤੇ “ਡਾਇਨਾਸੌਰ”। "ਦਿੱਲੀ ਦੇ ਕਿੰਗਰੇ" ਵਿੱਚ ਲੇਖਕ ਨੇ ਸਮਕਾਲੀ ਯੁੱਗ ਦੇ ਕ੍ਰਾਂਤੀਕਾਰੀਆਂ ਉੱਤੇ ਅੱਤਿਆਚਾਰ ਕਰਨ ਲਈ ਪੁਲਿਸ ਦੁਆਰਾ ਆਧੁਨਿਕ ਵਿਗਿਆਨਕ ਤਕਨਾਲੋਜੀ ਦੀ ਵਰਤੋਂ ਦਾ ਵਰਣਨ ਕੀਤਾ ਹੈ। "ਡਾਇਨਾਸੌਰ" ਕਹਾਣੀ ਵਿੱਚ, ਉਹ ਮੌਜੂਦਾ ਸਮਾਜ ਵਿਚ ਵਿਚਰ ਰਹੇ ਭ੍ਰਿਸ਼ਟ ਅਤੇ ਸੁਆਰਥੀ ਨੇਤਾਵਾਂ ਬਾਰੇ ਟਿੱਪਣੀ ਕਰਦਾ ਹੋਇਆ ਡਾਇਨਾਸੌਰ ਸ਼ਬਦ ਨੂੰ ਪ੍ਰਤੀਕ ਵਜੋਂ ਵਰਤਦਾ ਹੈ। ਇਨ੍ਹਾਂ ਡਾਇਨਾਸੌਰਾਂ ਦੀ ਅਸੰਤੁਸ਼ਟੀ, ਲਾਲਚ ਅਤੇ ਭੁੱਖ ਦਾ ਵਰਣਨ ਕੀਤਾ ਗਿਆ ਹੈ। ਅਜਮੇਰ ਦੀ ਸੰਨ  2013 ਦੀ ਕਿਤਾਬ “ਖੁਸ਼ਕ ਅੱਖ ਦਾ ਖਾਬ” ਵਿੱਚ ਉਸਦੀ ਵਿਗਿਆਨ ਗਲਪ ਕਹਾਣੀ, "ਕਬਰ ਵਿੱਚ ਦਫ਼ਨ ਹਜ਼ਾਰ ਵਰ੍ਹੇ" ਪੇਸ਼ ਕੀਤੀ ਗਈ ਹੈ। ਇਹ ਕਹਾਣੀ ਮਨੁੱਖ ਦੀ ਅਮਰਤਾ ਪ੍ਰਾਪਤ ਕਰਨ ਦੀ ਇੱਛਾ ਨੂੰ ਦਰਸਾਉਂਦੀ ਹੈ। ਉਸਦੀ ਨਵੀਨਤਮ ਵਿਗਿਆਨ ਗਲਪ ਕਹਾਣੀ, "ਦਾ ਲੈਨਿਨਜ਼ ਫਰੌਮ ਦਾ ਕਲੋਨ ਵੈਲੀ ", ਮਨੁੱਖੀ ਕਲੋਨਿੰਗ ਦੀਆਂ ਪੇਚੀਦਗੀਆਂ ਅਤੇ ਇਸਦੇ ਪ੍ਰਭਾਵਾਂ ਬਾਰੇ ਦਰਸਾਉਂਦੀ ਹੈ।

ਰੁਪਿੰਦਰਪਾਲ ਢਿੱਲੋਂ ਦੀ ਕਿਤਾਬ “ਭਰਿੰਡ (ਸੰਨ 2011)” ਦੋ ਵਿਗਿਆਨ ਗਲਪ ਦੀਆਂ ਕਹਾਣੀਆਂ ਪੇਸ਼ ਕਰਦੀ ਹੈ: 'ਕਲਦਾਰ' ਅਤੇ 'ਵਿਕਾਸ।' 'ਕਲਦਾਰ' ਵਿੱਚ, ਲੇਖਕ [8] ਸਾਨੂੰ ਬੁੱਧੀਮਾਨ, ਸੋਚਣ ਵਾਲੇ ਅਤੇ ਯੋਜਨਾਬੱਧ ਰੋਬੋਟਾਂ ਤੋਂ ਜਾਣੂ ਕਰਵਾਉਂਦਾ ਹੈ। ਭਵਿੱਖਵਾਦੀ ਸਮਾਜ ਵਿੱਚ, ਰੋਬੋਟ ਨੂੰ ਇੱਕ ਸਾਧਨ ਵਜੋਂ ਵਰਤਦੇ ਹੋਏ, ਉਹ ਮਨੁੱਖੀ ਸਮਾਜ ਦੀ ਦਰਜਾਬੰਦੀ ਉੱਤੇ ਟਿੱਪਣੀ ਕਰਦਾ ਹੈ।  ਰੂਪ ਢਿੱਲੋਂ ਦੁਆਰਾ ਵਰਨਿਤ ਭਵਿੱਖਵਾਦੀ ਸਮਾਜ ਵਿੱਚ, ਰੋਬੋਟਾਂ ਨੂੰ ਨੀਵੀਂ ਜਾਤ ਸਮਝਿਆ ਜਾਂਦਾ ਹੈ ਅਤੇ ਰਾਜਨੀਤਿਕ ਤੌਰ 'ਤੇ ਦਬਾਇਆ ਜਾਂਦਾ ਹੈ, ਪਰ ਉਹ  ਉਸ  ਸਮਾਜੀ ਵਿਵਸਥਾ ਤੋਂ ਬਾਗ਼ੀ ਹੋ ਜਾਂਦੇ ਹਨ। 

'ਵਿਕਾਸ' ਕਹਾਣੀ [8-9] ਵਿੱਚ, ਰੂਪ ਢਿੱਲੋਂ ਸੰਸਾਰ ਦੇ ਅੰਤ ਵਿੱਚ ਦੀ ਬਾਤ ਪਾਉਂਦਾ ਹੈ, ਜਦੋਂ  ਕਿਸੇ ਹੋਰ ਵੱਸਣਯੋਗ ਧਰਤੀ ਦੀ ਭਾਲ ਲਈ ਪੁਲਾੜੀ ਵਾਹਣ  ਭੇਜੇ ਜਾਂਦੇ ਹਨ। ਕਲਪਨਾ ਦੀ ਇੱਕ ਵਿਸ਼ਾਲ ਉਡਾਣ ਨਾਲ, ਉਹ ਸੰਸਾਰ ਦੇ ਸਮਾਜਿਕ ਤੇ ਵਾਤਾਵਰਣੀ ਮੁੱਦਿਆਂ ਦਾ ਦਾ ਵਰਨਣ  ਪੇਸ਼ ਕਰਦਾ ਹੈ। ਮੁੱਖ ਤੌਰ ਉੱਤੇ, ਉਹ ਅਜੋਕੇ ਪੰਜਾਬੀ ਸਮਾਜ ਵਿੱਚ ਪ੍ਰਚਲਿਤ ਸਮਾਜਿਕ ਬੁਰਾਈਆਂ ਦਾ ਚਰਚਾ ਪੇਸ਼ ਕਰਦਾ ਹੈ। ਸੰਨ 2007-2010 ਦੌਰਾਨ ਪ੍ਰਕਾਸ਼ਿਤ ਹੋਈਆਂ ਉਸ ਦੀਆਂ ਹੋਰ ਵਿਗਿਆਨ ਗਲਪ ਕਹਾਣੀਆਂ, ਜਿਵੇਂ ਕਿ, "ਡੂੰਘਾ ਪਾਣੀ," "ਚੋਰੀ ਦਾ ਨਤੀਜਾ," ਅਤੇ "ਭਰਿੰਡ", ਰੂਪਾਂਤਰਣ (Metamorphism) ਅਤੇ ਹੋਰ ਗ੍ਰਹਿਆ ਉੱਤੇ ਜੀਵਨ ਦੇ ਵਰਤਾਰੇ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ।

ਡੀ.ਪੀ. ਸਿੰਘ [4] ਦੇ ਵਿਗਿਆਨ ਗਲਪ ਸੰਗ੍ਰਹਿ “ਸਮੇਂ ਦੇ ਵਹਿਣ” ਵਿੱਚ ਵੀਹ ਕਹਾਣੀਆਂ ਹਨ। ਇਹ ਕਹਾਣੀਆਂ ਵਿਸ਼ਿਆਂ ਦੀ ਵੱਡੀ ਵਿਭਿੰਨਤਾ ਪੇਸ਼  ਕਰਦੀਆਂ ਹਨ, ਜਿਵੇਂ ਕਿ ਅੰਤਰ-ਗ੍ਰਹਿ ਯਾਤਰਾਵਾਂ, ਹੋਰ ਗ੍ਰਹਿਆਂ ਉੱਤੇ ਜੀਵਨ ਹੌਂਦ, ਟਾਇਮ ਟ੍ਰੈਵਲ, ਸਾਪੇਖਤਾ, ਭਾਵਨਾਤਮਕ ਅਤੇ ਕਲਾਤਮਕ ਰੋਬੋਟ, ਮਲਟੀਵਰਸ, ਜੈਨੇਟਿਕ ਪਰਿਵਰਤਨ, ਕ੍ਰਾਇਓਜੇਨਿਕਸ, ਅਤੇ ਜੀਵਨ  ਦੀ ਪੁਨਰ-ਪੈਦਾਇਸ਼। ਇਸ ਤੋਂ ਇਲਾਵਾ, ਮਨੁੱਖੀ ਸਮਾਜ ਉੱਤੇ ਤਕਨਾਲੋਜੀ ਦੀ ਤਰੱਕੀ ਦੇ ਸਮਾਜਿਕ ਅਤੇ ਆਰਥਿਕ ਪ੍ਰਭਾਵਾਂ ਨੂੰ  ਵੀ ਦਰਸਾਇਆ ਗਿਆ ਹੈ। ਇਨ੍ਹਾਂ ਕਹਾਣੀਆਂ ਵਿਚ ਬਹੁਤ ਸਾਰੇ ਪਾਤਰ ਸੂਰਜੀ ਸਿਸਟਮ ਤੋਂ ਪਰੇ ਪਹੁੰਚਣ ਲਈ ਪੁਲਾੜ ਅਤੇ ਸਮੇਂ ਦੀਆਂ ਸੀਮਾਵਾਂ ਨੂੰ ਪਾਰ ਕਰਦੇ ਹਨ। ਇਹ ਕਹਾਣੀਆਂ ਸੰਨ  2010-12 ਦੌਰਾਨ ਪਰਵਾਸੀ ਵੀਕਲੀ, ਕੈਨੇਡਾ, ਅਤੇ ਪੰਜਾਬੀ ਡੇਲੀ, ਕੈਨੇਡਾ ਸਮੇਤ ਅੰਤਰਰਾਸ਼ਟਰੀ ਪੱਧਰ ਦੇ ਵੱਖ-ਵੱਖ ਪੰਜਾਬੀ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਈਆਂ ਸਨ। 


ਪੰਜਾਬੀ ਬਾਲ ਅਦਬੀ ਬੋਰਡ, ਲਾਹੌਰ, ਪਾਕਿਸਤਾਨ ਦੇ ਅਸ਼ਰਫ਼ ਸੁਹੇਲ ਦੁਆਰਾ ਸੰਪਾਦਿਤ ਅਤੇ ਪ੍ਰਕਾਸ਼ਿਤ ਬੱਚਿਆਂ ਦੇ ਮੈਗਜ਼ੀਨ ਪੰਖੇਰੂ ਨੇ ਸੰਨ 2016-22 ਦੌਰਾਨ ਕਈ ਵਿਗਿਆਨ ਗਲਪ ਕਹਾਣੀਆਂ ਸ਼ਾਹਮੁਖੀ (ਪੰਜਾਬੀ) ਵਿੱਚ ਪ੍ਰਕਾਸ਼ਿਤ ਕੀਤੀਆਂ ਹਨ। ਇਨ੍ਹਾਂ ਕਹਾਣੀਆਂ ਵਿੱਚ ਡੀ.ਪੀ. ਸਿੰਘ ਦੀਆਂ ਕਹਾਣੀਆਂ: ‘ਤੋਹਫ਼ਾ,' 'ਇੱਕ ਨਵੀਂ ਧਰਤੀ,' 'ਚਾਹਤ,' 'ਪਾਣੀ ਦੇ ਪੁਤਲੇ,' 'ਬਹਿਰੂਪੀਆ,' 'ਏਕ ਅਜਬ ਮੁਲਕਤ,' 'ਏਕ ਨਵਾਂ ਸੂਰਜ,' 'ਵਾਪਸੀ', 'ਰੋਬੋਟ, ਮਨੁੱਖ ਤੇ ਕੁਦਰਤ’  ਅਤੇ ‘ਰੋਬੋਟ, ਬੱਚੇ ਤੇ ਉਡਣ-ਤੱਸ਼ਤਰੀ’ ਆਦਿ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਬੱਚਿਆਂ ਲਈ ਲਗਭਗ ਦਸ ਵਿਗਿਆਨ ਗਲਪ ਕਹਾਣੀਆਂ ਵਾਲੀ ਕਿਤਾਬ 'ਨਵੀਂਆਂ ਧਰਤੀਆਂ, ਨਵੇਂ ਆਕਾਸ਼' ਇਸ ਸਾਲ ਪ੍ਰਕਾਸ਼ਿਤ ਹੋਣ ਦੀ ਸੰਭਾਵਨਾ ਹੈ। ਕਿਤਾਬ ਵਿੱਚ ਹੋਰ ਗ੍ਰਹਿਆਂ ਉੱਤੇ ਜੀਵਨ, ਅੰਤਰ-ਗ੍ਰਹਿ ਯਾਤਰਾਵਾਂ, ਏਲੀਅਨਜ਼ (Aliens) ਅਤੇ ਟਾਇਮ ਟ੍ਰੈਵਲ ਬਾਰੇ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ।


ਡੀ.ਪੀ. ਸਿੰਘ [4]  ਦੀਆਂ ਨਵੀਨਤਮ ਵਿਗਿਆਨ ਕਹਾਣੀਆਂ, 'ਭਟਕਣ', 'ਕੈਪਲਰ ਗ੍ਰਹਿ ਦੇ ਅਜਬ ਵਸ਼ਿੰਦੇ,' ਅਤੇ 'ਆਓ! ਸਤਿਗੁਰ ਕੇ ਪਿਆਰਿਓ'  ਪਰਵਾਸੀ ਵੀਕਲੀ ਅਖਬਾਰ, ਕੈਨੇਡਾ ਅਤੇ ਅਕਸ ਮੈਗਜ਼ੀਨ, ਦਿੱਲੀ, ਭਾਰਤ ਵਿੱਚ ਸੰਨ  2018 ਵਿੱਚ ਪ੍ਰਕਾਸ਼ਿਤ ਹੋਈਆਂ ਸਨ। ਇਹ ਕਹਾਣੀਆਂ ਅੰਤਰ-ਗ੍ਰਹਿ ਯਾਤਰਾਵਾਂ ਅਤੇ ਸੂਝਵਾਨ ਪਰਾ-ਗ੍ਰਹਿ ਵਾਸੀਆਂ ਦੀ ਹੌਂਦ (Extraterrestrial intelligence) ਦੀਆਂ ਸੰਭਾਵਨਾਵਾਂ ਦਾ ਵਰਣਨ ਕਰਦੀਆਂ ਹਨ। 


ਜਸਵੀਰ ਸਿੰਘ ਦੀਦਾਰਗੜ੍ਹ [4] ਨੇ ਸੰਨ 2019 ਵਿੱਚ ਵਾਤਾਵਰਣ ਦੀਆਂ ਕਹਾਣੀਆਂ ਦਾ ਸੰਗ੍ਰਹਿ “ਪਵਣੁ ਗੁਰੂ ਪਾਣੀ ਪਿਤਾ” ਪ੍ਰਕਾਸ਼ਿਤ ਕੀਤਾ। ਇਸ ਵਿੱਚ ਤੇਰਾਂ ਕਹਾਣੀਆਂ ਹਨ। ਇਹ ਕਹਾਣੀਆਂ ਮੌਜੂਦਾ ਵਾਤਾਵਰਣ ਸੰਕਟ ਨੂੰ ਸਫਲਤਾਪੂਰਵਕ ਪੇਸ਼ ਕਰਦੀਆਂ ਹਨ ਅਤੇ ਨੇੜਲੇ ਭਵਿੱਖ ਵਿੱਚਲੇ ਚਿੰਤਾਜਨਕ ਦ੍ਰਿਸ਼ ਨੂੰ ਦਰਸਾਉਂਦੀਆਂ ਹਨ। ਇੱਕ ਹੋਰ ਵਿਗਿਆਨ ਗਲਪ ਲੇਖਕ, ਟੀਪੂ ਸਲਮਾਨ ਮਖਦੂਮ, ਲਾਹੌਰ, ਪਾਕਿਸਤਾਨ, ਨੇ ਸੰਨ  2019 ਵਿੱਚ ਭਾਵਨਾਤਮਕ ਰੋਬੋਟਾਂ ਬਾਰੇ  ਬਹੁਤ ਹੀ ਦਿਲਚਸਪ ਕਹਾਣੀ, "ਮਸ਼ੀਨੀ ਅੱਥਰੂ" ਲਿਖੀ।


ਬੱਚਿਆਂ ਲਈ ਡਾ. ਹਰਜੀਤ ਸਿੰਘ ਦਾ ਨਾਵਲੈਟ: "ਸੱਚੀ ਮੁੱਚੀ, ਐਵੇਂ ਮੁੱਚੀ" ਪੰਜਾਬੀ ਟ੍ਰਿਬਿਊਨ ਵਿੱਚ ਸੰਨ 2020 ਦੌਰਾਨ  ਲੜੀਵਾਰ ਪ੍ਰਕਾਸ਼ਿਤ ਕੀਤਾ ਗਿਆ। ਇਹ ਹੋਰ ਗ੍ਰਹਿਆਂ ਦੀਆਂ ਯਾਤਰਾਵਾਂ, ਉਡਣ-ਤੱਸ਼ਤਰੀਆਂ (UFOs), ਪਰਮਾਣੂ ਹਥਿਆਰਾਂ ਅਤੇ ਏਲੀਅਨਜ਼ ਬਾਰੇ ਚਰਚਾ ਕਰਦਾ ਹੈ।


 ਸੰਨ 2022 ਵਿੱਚ ਪ੍ਰਕਾਸ਼ਿਤ ਹੋਈ ਅਮਰਜੀਤ ਕੌਰ ਪੰਨੂ ਦੀ ਕਿਤਾਬ ‘ਸੁੱਚਾ ਗੁਲਾਬ’, ‘ਤੇਰ੍ਹਵੀਂ ਸੰਤਾਨ’ ਨਾਮੀ ਵਿਗਿਆਨ ਗਲਪ ਕਹਾਣੀ ਪੇਸ਼ ਕਰਦੀ ਹੈ, ਜਿਸ ਵਿੱਚ ਸਕਿਨ ਕਲੋਨਿੰਗ, ਸਵੈਚਲਿਤ ਘਰ, ਮਨੁੱਖੀ ਕਲੋਨ, ਅੰਗਾਂ ਦੀ ਖੇਤੀ ਅਤੇ ਡਿਜ਼ਾਈਨਰ ਬੱਚਿਆਂ ਦਾ ਦਿਲਚਸਪ ਢੰਗ ਨਾਲ ਵਰਣਨ ਕੀਤਾ ਗਿਆ ਹੈ।


ਗੁਰਨਾਮ ਗਰੇਵਾਲ, ਯੂ.ਕੇ. ਦੁਆਰਾ ਪੰਜਾਬੀ ਵਿੱਚ ਪਹਿਲੇ ਵਿਗਿਆਨ ਗਲਪ ਨਾਵਲ, “ਧਰਤਸਤਾਨ (ਸੰਨ 2008)” ਦੇ ਆਗਮਨ ਨੇ ਪੰਜਾਬੀ ਵਿਗਿਆਨ ਗਲਪ ਲਿਖਤਾਂ ਵਿੱਚ ਇੱਕ ਨਵਾਂ ਦੌਰ ਸ਼ੁਰੂ ਕੀਤਾ। ਇਸ ਵਿੱਚ ਗੁਰਨਾਮ ਨੇ ਸੂਰਜ  ਦੀ ਅਣਹੌਂਦ ਵਿਚ ਧਰਤੀ ਉੱਤੇ ਹੋਣ ਵਾਲੇ ਨੁਕਸਾਨਾਂ ਅਤੇ ਜੀਵਨ ਉੱਤੇ ਪੈਣ ਵਾਲੇ ਪ੍ਰਭਾਵਾਂ ਦਾ ਵਰਣਨ ਕੀਤਾ ਹੈ। ਇੱਕ ਹੋਰ ਵਿਗਿਆਨ ਗਲਪ ਨਾਵਲ “ਇੱਥੋਂ ਰੇਗਿਸਤਾਨ ਦਿਸਦਾ ਹੈ”, ਜਸਵੀਰ ਸਿੰਘ ਰਾਣਾ ਦੁਆਰਾ ਸੰਨ 2017 ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਇਹ ਨਾਵਲ ਵਾਤਾਵਰਣ ਸੰਕਟ ਦੇ ਸਮਕਾਲੀ ਅਤੇ ਭਵਿੱਖ ਵਿੱਚ  ਸੰਭਾਵੀ  ਮਾੜੇ ਪ੍ਰਭਾਵਾਂ ਦਾ ਵਰਣਨ ਕਰਦਾ ਹੈ।


ਸੰਨ 2018 ਵਿੱਚ, ਰੁਪਿੰਦਰਪਾਲ ਢਿੱਲੋਂ [9] ਨੇ ਇੱਕ ਡਿਸਟੋਪੀਅਨ ਨਾਵਲ ਸਮੁਰਾਈ ਪ੍ਰਕਾਸ਼ਿਤ ਕੀਤਾ, ਜਿਸ ਵਿੱਚ ਆਧੁਨਿਕ ਤਕਨਾਲੋਜੀ ਨਾਲ ਲੈਸ ਤਾਨਾਸ਼ਾਹੀ ਸਾਮਰਾਜ ਅਧੀਨ ਸਮਾਜਿਕ ਹਾਲਾਤਾਂ, ਅਤੇ ਟਾਇਮ ਟ੍ਰੈਵਲ ਦਾ ਵਰਨਣ ਸ਼ਾਮਿਲ ਹੈ। ਉਸ ਦੁਆਰਾ ਸੰਨ 2021 ਵਿੱਚ ਪ੍ਰਕਾਸ਼ਿਤ ਕੀਤਾ ਗਿਆ ‘ਸਿੰਧਬਾਦ’ ਨਾਵਲ ਬਣਾਉਟੀ ਸੂਝ, ਰੋਬੋਟ ਅਤੇ ਪੁਲਾੜ ਯਾਤਰਾ ਬਾਰੇ ਗੱਲ ਕਰਦਾ ਹੈ। ਉਸ ਦਾ ਇੱਕ ਹੋਰ ਨਾਵਲ, “ਚਿੱਟਾ ਤੇ ਕਾਲਾ”, ਜੋ ਸੰਨ  2022 ਵਿੱਚ ਪ੍ਰਕਾਸ਼ਿਤ ਹੋਇਆ ਹੈ, ਵਿੱਚ ਉੱਨਤ ਤਕਨਾਲੋਜੀ ਦੀ ਵਰਤੋਂ ਨਾਲ਼ ਕੀਤੇ ਜਾਂਦੇ ਸਰੀਰਕ ਅਪਰੇਸ਼ਨਾਂ ਰਾਹੀਂ ਗੋਰੇ ਲੋਕਾਂ ਨੂੰ ਭੂਰੇ ਅਤੇ ਭੂਰਿਆਂ ਨੂੰ ਗੋਰੇ ਬਣਾਉਣ ਦਾ ਵਰਨਣ ਹੈ।


ਅਜੋਕੇ ਸਮੇਂ ਵਿੱਚ ਕੁਝ ਪੰਜਾਬੀ ਲੇਖਕਾਂ ਨੇ ਵਿਗਿਆਨਕ ਵਿਸ਼ਿਆਂ ਉੱਤੇ ਨਾਟਕ ਲਿਖਣੇ ਵੀ  ਸ਼ੁਰੂ ਕੀਤੇ ਹਨ। ਉਦਾਹਰਨ ਲਈ, ਤਰਕਸ਼ੀਲ ਸੋਸਾਇਟੀ ਪੰਜਾਬ ਦੇ ਵਲੰਟੀਅਰਾਂ ਨੇ ਪੂਰੇ ਪੰਜਾਬ ਵਿੱਚ ਕਈ ਵਾਰ 'ਤੇ ਦੇਵ ਪੁਰਸ਼ ਹਾਰ ਗਏ' ਨਾਟਕ ਪੇਸ਼ ਕੀਤਾ ਹੈ। ਇਹ ਨਾਟਕ ਅਜੋਕੇ ਸਮਾਜ ਵਿੱਚ ਵਹਿਮਾਂ-ਭਰਮਾਂ ਅਤੇ ਪਖੰਡਾਂ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦਾ ਹੈ।

ਸੰਨ 2007 ਵਿੱਚ, ਡੀ.ਪੀ. ਸਿੰਘ [10] ਨੇ ਵਾਤਾਵਰਣ ਜਾਗਰੂਕਤਾ ਬਾਰੇ ਇੱਕ ਨਾਟਕ “ਰੁੱਖ, ਮਨੁੱਖ ਤੇ ਵਾਤਾਵਰਣ” ਲਿਖਿਆ। ਇਹ ਨੈਸ਼ਨਲ ਪਬਲਿਕ ਸਕੂਲ, ਪੱਸੀਵਾਲ (ਜ਼ਿਲਾ ਰੋਪੜ) ਦੇ ਵਿਦਿਆਰਥੀਆਂ ਦੁਆਰਾ ਆਪਣੇ ਸਾਲਾਨਾ ਸਮਾਗਮ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਦਰਸ਼ਕਾਂ ਦੁਆਰਾ ਇਸ ਦਾ ਭਰਪੂਰ ਸਵਾਗਤ ਕੀਤਾ ਗਿਆ। ਸੰਨ 2013 ਵਿੱਚ, ਮਨਦੀਪ ਸਿੰਘ ਔਜਲਾ [11] ਨੇ ‘ਆਬ’ ਨਾਟਕ ਲਿਖਿਆ ਅਤੇ ਨਿਰਦੇਸ਼ਿਤ ਕੀਤਾ। ਇਹ ਮਨੁੱਖਾਂ ਦੇ ਜੀਵਨ ਵਿੱਚ ਪਾਣੀ ਦੀ ਮਹੱਤਤਾ ਪ੍ਰਤੀ ਜਾਗਰੂਕ ਹੋਣ ਬਾਰੇ ਵਰਣਨ ਕਰਦਾ ਹੈ।


ਸੰਨ 2019 ਵਿੱਚ, ਡੀ.ਪੀ. ਸਿੰਘ ਦੀ ਸ਼ਾਹਮੁਖੀ (ਪੰਜਾਬੀ) ਵਿੱਚ ਪੁਸਤਕ “ਸਤਰੰਗੀ ਪੀਂਘ ਤੇ ਹੋਰ ਨਾਟਕ” ਪੰਜਾਬੀ ਬਾਲ ਅਦਬੀ ਬੋਰਡ, ਲਾਹੌਰ, ਪਾਕਿਸਤਾਨ [6] ਦੁਆਰਾ ਪ੍ਰਕਾਸ਼ਿਤ ਕੀਤੀ ਗਈ। ਇਸਨੂੰ ਸ਼ਾਹਮੁਖੀ ਵਿੱਚ ਅਸ਼ਰਫ਼ ਸੁਹੇਲ ਦੁਆਰਾ ਲਿਪੀਅੰਤਰ ਕੀਤਾ ਗਿਆ। ਪੁਸਤਕ ਵਿੱਚ ਵਾਤਾਵਰਣ ਸੰਬੰਧੀ ਗਿਆਰਾਂ ਨਾਟਕ ਹਨ। ਡੀ.ਪੀ. ਸਿੰਘ ਦੀ ਇੱਕ ਹੋਰ ਕਿਤਾਬ 'ਧਰਤੀ ਮਾਂ ਬਿਮਾਰ ਹੈ ਤੇ ਹੋਰ ਨਾਟਕ' ਸੰਨ  2021 ਵਿੱਚ ਪ੍ਰਕਾਸ਼ਿਤ ਹੋਈ। ਇਹ ਨਾਟਕ ਵਾਤਾਵਰਣ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੀ ਰੋਕਥਾਮ ਦੇ ਵੱਖ-ਵੱਖ ਪਹਿਲੂਆਂ ਉੱਤੇ ਵਿਸਤ੍ਰਿਤ ਜਾਣਕਾਰੀ ਦਿੰਦੀ ਹੈ। ਪਰ ਪੰਜਾਬੀ ਵਿੱਚ ਵਿਗਿਆਨ-ਅਧਾਰਤ ਨਾਟਕ ਥੋੜ੍ਹੇ ਹੀ ਪ੍ਰਕਾਸ਼ਿਤ ਹੋਏ ਹਨ। ਰੇਡੀਓ ਡਰਾਮਾ, ਟੈਲੀਵਿਜ਼ਨ ਸੀਰੀਅਲ ਅਤੇ ਨੁੱਕੜ ਨਾਟਕ ਵੀ ਅਜੇ ਘੱਟ ਹੀ ਪੇਸ਼ ਕੀਤੇ ਗਏ ਹਨ।

ਬਦਕਿਸਮਤੀ ਨਾਲ, ਪੰਜਾਬੀ ਫਿਲਮਾਂ ਮੁੱਖ ਤੌਰ ਉੱਤੇ ਅਜੇ ਵੀ ਵਿਗਿਆਨ ਗਲਪ ਦੀ ਬਜਾਏ ਕਲਪਨਾ ਉੱਤੇ ਅਧਾਰਿਤ ਹੁੰਦੀਆਂ ਹਨ।ਜੋ ਵਿਸ਼ਵਾਸਯੋਗ ਜੋ ਤੱਥਾਂ ਨਾਲੋਂ ਅਵਿਸ਼ਵਾਸ਼ਯੋਗ ਘਟਨਾਵਾਂ ਨੂੰ ਤਰਜੀਹ ਦਿੰਦੀਆਂ ਹਨ। ਨਤੀਜੇ ਵਜੋਂ, ਪੰਜਾਬੀ ਦੀਆਂ ਮਿਥਿਹਾਸਕ ਫਿਲਮਾਂ ਵਿੱਚ ਕੁੱਝ ਵੀ ਸੰਭਵ ਹੈ। ਖੁੱਸ਼ੀ ਦੀ ਗੱਲ ਹੈ ਕਿ ਮਈ 2018 ਵਿੱਚ, ਨਵ ਬਾਜਵਾ ਦੁਆਰਾ ਨਿਰਦੇਸ਼ਤ ਅਤੇ ਪਹਿਲੀ ਪੰਜਾਬੀ ਵਿਗਿਆਨ ਗਲਪ ਫਿਲਮ  “ਰੇਡੁਆ” ਰਿਲੀਜ਼ ਕੀਤੀ ਗਈ [12]। ਇਸ ਫਿਲਮ ਦੀ ਕਹਾਣੀ, ਇੱਕ ਵਿਗਿਆਨਕ ਪ੍ਰਯੋਗ ਕਰਦੇ ਹੋਏ ਫਿ਼ਲਮ ਦੇ ਮੁੱਖ ਪਾਤਰ ਦਾ ਸੰਨ  2017 ਤੋਂ ਸੰਨ  1955 ਦੇ ਕਾਲ ਵਿੱਚ ਅਚਨਚੇਤ ਪੁੱਜ ਜਾਣ (Time travel) ਉੱਤੇ ਅਧਾਰਿਤ ਹੈ।


ਇਹ ਚੰਗੀ ਗੱਲ ਹੈ ਕਿ ਬਹੁਤ ਸਾਰੇ ਪੰਜਾਬੀ ਰਸਾਲੇ ਜਿਵੇਂ ਕਿ, ਅਕਸ, ਸਮਕਾਲੀ ਸਾਹਿਤ, ਨਿਰੰਤਰ ਸੋਚ (ਭਾਰਤ), ਅਤੇ ਪੰਖੇਰੂ, (ਪਾਕਿਸਤਾਨ) ਅਤੇ ਅਖਬਾਰਾਂ ਜਿਵੇਂ ਕਿ ਰੋਜ਼ਾਨਾ ਅਜੀਤ, ਪੰਜਾਬੀ ਟ੍ਰਿਬਿਊਨ, ਦੇਸ਼ ਸੇਵਕ (ਭਾਰਤ), ਅਤੇ ਪੰਜਾਬੀ ਡੇਲੀ ਅਤੇ ਪਰਵਾਸੀ ਵੀਕਲੀ (ਕੈਨੇਡਾ), ਪੰਜਾਬ ਟਾਈਮਜ਼  (ਅਮਰੀਕਾ) ਆਦਿ, ਸਮੇਂ-ਸਮੇਂ ਮੂਲ ਤੇ ਅਨੁਵਾਦਿਤ ਵਿਗਿਆਨ ਗਲਪ ਕਹਾਣੀਆਂ ਪ੍ਰਕਾਸ਼ਿਤ ਕਰਦੇ ਰਹਿੰਦੇ ਹਨ। ਆਮ ਤੌਰ ਉੱਤੇ, ਪੰਜਾਬੀ ਵਿਗਿਆਨ ਕਹਾਣੀਆਂ ਦੇ ਵਿਸ਼ੇ ਵਿਗਿਆਨ ਗਲਪ ਦੇ ਅਸਲ ਤੱਤਾਂ  ਤੋਂ ਇਲਾਵਾ ਸ਼ੁੱਧ ਕਲਪਨਾ ਵਾਲੇ ਵੀ ਹੁੰਦੇ ਹਨ। ਖੁੱਸ਼ੀ ਦੀ ਗੱਲ ਹੈ ਕਿ ਪੰਜਾਬੀ ਸਾਹਿਤ ਦੀ ਇਸ ਵਿਧਾ ਵਿੱਚ ਪੰਜਾਬੀ ਪਾਠਕਾਂ ਦੀ ਰੁਚੀ ਹੌਲੀ-ਹੌਲੀ ਵਧ ਰਹੀ ਹੈ।

ਅਨੁਵਾਦ ਕਾਰਜ 

ਕੁਝ ਪੰਜਾਬੀ ਲੇਖਕਾਂ ਨੇ ਵਿਗਿਆਨ ਗਲਪ ਰਚਨਾਵਾਂ ਦਾ ਦੂਜੀਆਂ ਭਾਸ਼ਾਵਾਂ ਤੋਂ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ ਹੈ। ਪਿਛਲੇ   ਸਾਲਾਂ ਦੌਰਾਨ, ਪੰਜਾਬ ਰਾਜ ਯੂਨੀਵਰਸਿਟੀ ਪਾਠ-ਪੁਸਤਕ ਬੋਰਡ, ਚੰਡੀਗੜ੍ਹ, ਸਾਹਿਤ ਅਕਾਦਮੀ, ਨਵੀਂ ਦਿੱਲੀ, ਅਤੇ ਨੈਸ਼ਨਲ ਬੁੱਕ ਟਰੱਸਟ, ਨਵੀਂ ਦਿੱਲੀ ਨੇ ਅਜਿਹੀਆਂ ਰਚਨਾਵਾਂ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਸੰਨ  1973 ਵਿੱਚ, ਜਾਰਜ ਗਾਮੋ ਦੀ ਕਿਤਾਬ  “ਮਿਸਟਰ ਟੌਮਪਕਿਨਜ਼ ਐਕਸਪਲੋਰਜ਼ ਦਾ ਐਟਮ” ਦਾ ਅਨੁਵਾਦ ਬੀ.ਐਸ. ਬੱਤਰਾ ਨੇ ਪੰਜਾਬੀ ਵਿੱਚ ਕੀਤਾ ਸੀ [4]। ਇਹ ਅਨੁਵਾਦ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ-ਬੁੱਕ ਬੋਰਡ, ਚੰਡੀਗੜ੍ਹ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ। ਇਹ ਕਿਤਾਬ ਪਰਮਾਣੂਆਂ ਦੇ ਵੱਖ-ਵੱਖ ਪਹਿਲੂਆਂ ਨੂੰ ਮਨੋਰੰਜਕ ਢੰਗ ਨਾਲ ਪੇਸ਼ ਕਰਦੀ ਹੈ।


ਸੰਨ 1993 ਵਿੱਚ, ਗੁਲਵੰਤ  ਫ਼ਾਰਿਗ [4] ਨੇ ਤਾਜੀਮਾ ਸ਼ਿੰਜੀ ਦੁਆਰਾ ਰਚਿਤ, “ਦਾ ਲੀਜੈਂਡ ਆਫ਼ ਪਲੈਨੇਟ ਸਰਪ੍ਰਾਈਜ਼” ਦਾ ਅਨੁਵਾਦ ਕੀਤਾ, ਜਿਸ ਨੂੰ  ਸਾਹਿਤ ਅਕਾਦਮੀ, ਨਵੀਂ ਦਿੱਲੀ ਨੇ ਪ੍ਰਕਾਸ਼ਿਤ ਕੀਤਾ। ਇੱਕ ਉੱਘੇ ਭਾਰਤੀ ਵਿਗਿਆਨ ਗਲਪ ਲੇਖਕ ਬਾਲ ਫੋਂਡਕੇ ਦੀ ਕਿਤਾਬ, “ਇਟ ਹੈਪਨਡ ਟੂਮੋਰੋ (It Happened Tomorrow)”, ਦਾ ਅਨੁਵਾਦ ਕਰਨਜੀਤ ਸਿੰਘ ਦੁਆਰਾ ਸੰਨ  1992 ਵਿੱਚ ਕੀਤਾ ਗਿਆ ਸੀ। ਨੈਸ਼ਨਲ ਬੁੱਕ ਟਰੱਸਟ, ਨਵੀਂ ਦਿੱਲੀ ਨੇ ਸੰਨ 1995 ਵਿੱਚ ਇਸ ਕਿਤਾਬ ਦਾ ਪੰਜਾਬੀ ਸੰਸਕਰਣ ਪ੍ਰਕਾਸ਼ਿਤ ਕੀਤਾ। ਪੁਸਤਕ ਵਿੱਚ ਕੁੱਲ 19 ਪ੍ਰੇਰਨਾਦਾਇਕ ਕਹਾਣੀਆਂ ਹਨ ਜਿਨ੍ਹਾਂ ਵਿੱਚ ਬੱਚੇ, ਵੱਡੇ, ਔਰਤ ਅਤੇ ਮਰਦ ਪਾਤਰ ਹਨ। ਉਹ, ਪ੍ਰਚਲਿਤ ਤਕਨਾਲੋਜੀ ਵਿੱਚ ਤਬਦੀਲੀਆਂ ਤੋਂ ਲੋਕ ਕਿਵੇਂ ਪ੍ਰਭਾਵਿਤ ਹੁੰਦੇ ਹਨ,  ਬਾਰੇ ਜਾਂਚ ਕਰਦੇ ਹਨ ਅਤੇ ਬਦਲੇ ਹੋਏ ਵਰਤਮਾਨ ਜਾਂ ਭਵਿੱਖ ਦੇ ਰਾਜਨੀਤਿਕ, ਸਮਾਜਿਕ ਅਤੇ ਅਧਿਆਤਮਿਕ ਪ੍ਰਭਾਵਾਂ ਬਾਰੇ ਵਿਚਾਰ ਵਟਾਂਦਰਾ ਕਰਦੇ ਹਨ।


ਸੰਨ  2003 ਵਿੱਚ ਡੀ.ਪੀ. ਸਿੰਘ [13] ਨੇ ਭਾਰਤ ਦੇ ਉੱਘੇ ਵਿਗਿਆਨ ਗਲਪ ਲੇਖਕਾਂ ਦੀਆਂ ਕਹਾਣੀਆਂ ਦਾ ਅਨੁਵਾਦ  ਅਤੇ ਸੰਪਾਦਨ ਕਰ ਕੇ  “ਭਵਿੱਖ ਦੀ ਪੈੜ” ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਕੀਤਾ।ਇਸ ਕਿਤਾਬ ਵਿੱਚ ਬਾਰਾਂ ਭਾਰਤੀ ਵਿਗਿਆਨ ਗਲਪ ਲੇਖਕਾਂ ਦੁਆਰਾ ਲਿਖੀਆਂ ਪੰਦਰਾਂ ਕਹਾਣੀਆਂ ਇਸ ਸ਼ਾਮਿਲ ਕੀਤੀਆਂ ਗਈਆਂ ਹਨ,  ਜਿਵੇਂ ਕਿ, ਜਯੰਤ ਵੀ. ਨਰਲੀਕਰ ('ਮਹਾਂਨਗਰ ਦੀ ਮੌਤ'), ਦਿਲੀਪ ਐਮ. ਸਾਲਵੀ ('ਚੇਤਾਵਨੀ - ਸਮੇਂ ਦੀ ਸਲਵਟ ਦੀ'), ਅਮਰਜੀਤ ਸਿੰਘ ('ਕਾਲੀ ਬੱਦਲੀ'), ਨੀਰੂ ਸ਼ਰਮਾ (‘ਧੁੰਦ ਗੁਬਾਰ'), ਆਈਜ਼ਕ ਐਸੀਮੋਵ ('ਸੱਚਾ ਪਿਆਰ'), ਜੀ.ਪੀ. ਫੋਡਕੇ ('ਪਾਊਂਡ ਆਫ਼ ਫਲੈਸ਼') , ਸੋਨੀਆ ਭਟਾਚਾਰੀਆ ('ਕਾਲ-ਚੱਕਰ'), ਪਰਵੀਨ ਕੁਮਾਰ ('ਚੰਨ ਉੱਤੇ ਮਨੁੱਖ ਦੀ ਤਲਾਸ਼'), ਅਮਨਦੀਪ ਸਿੰਘ ('ਮਸ਼ੀਨ ਅਤੇ ਮਨੁੱਖ’), ਡੀ.ਪੀ. ਸਿੰਘ ('ਧਰਤੀ ਆਪੋ ਆਪਣੀ,' 'ਖ਼ਬਤ,' 'ਪਰੰਪਰਾ,' ਅਤੇ 'ਪਰਖ')। ਯੋਗੇਸ਼ ਐਸ. ਸੋਮਨ ('ਪਹਿਲੀ ਜਨਵਰੀ, 3001'), ਅਤੇ ਅਜਮੇਰ ਸਿੱਧੂ ('ਡਾਇਨਾਸੋਰ')। ਇਹਨਾਂ ਵਿੱਚੋਂ ਬਹੁਤੀਆਂ ਕਹਾਣੀਆਂ ਦੀਆਂ ਸੈਟਿੰਗ ਮੁੱਖ ਤੌਰ 'ਤੇ ਭਾਰਤੀ ਹੈ। ਜਿੱਥੇ, ਇੱਕ ਮੁੰਬਈਵਾਲਾ ਸ਼ਹਿਰ ਦੀ ਵਧਦੀ ਹਫੜਾ-ਦਫੜੀ ਅਤੇ ਵਾਤਾਵਰਣ ਪ੍ਰਦੂਸ਼ਣ ਬਾਰੇ ਚਿੰਤਾ ਕਰ ਰਿਹਾ ਹੈ (‘ਮਹਾਂਨਗਰ ਦੀ ਮੌਤ’)। 'ਚੇਤਾਵਨੀ - ਸਮੇਂ ਦੀ ਸਲਵਟ ਦੀ' ਵਿੱਚ, ਦਿੱਲੀ ਵਿੱਚ ਅਚਾਨਕ ਬਰਫ਼ ਦਾ ਯੁੱਗ ਆਉਂਦਾ ਹੈ। ਇਹਨਾਂ ਕਹਾਣੀਆਂ ਵਿੱਚ, ਜ਼ਿਆਦਾਤਰ ਪਾਤਰ ਭਾਰਤੀ ਹਨ, ਜੋ ਉਨ੍ਹਾਂ  ਦੇ ਬੇਗਾਨਗੀ ਜਾਂ ਅਜਨਬੀ ਗੁਣਾਂ ਕਰਕੇ ਨਹੀਂ ਬਲਕਿ ਕਹਾਣੀਆਂ ਦੇ ਮਾਹੌਲ ਵਿੱਚ ਕੁਦਰਤੀ ਤੌਰ 'ਤੇ ਉੱਭਰ ਰਹੀ ਤਕਨਾਲੋਜੀ ਦੇ ਕਾਰਨ ਹਨ।


ਪੰਜਾਬੀ ਵਿੱਚ ਵਿਗਿਆਨ ਗਲਪ ਦਾ ਅਨੁਵਾਦ ਕਾਰਜ ਅਤੇ ਉਸਦਾ ਪ੍ਰਕਾਸ਼ਨ ਵੀ ਅਜੇ ਸ਼ੁਰੂਆਤੀ ਪੜਾਅ ਉੱਤੇ ਹੀ  ਹੈ। ਜਿਵੇਂ ਕਿ, ਸੰਨ  2019 ਵਿੱਚ, ਮੋਲੁਸਕਾ ਪ੍ਰੈਸ, ਯੂ.ਕੇ. [14] ਨੇ ਤਿੰਨ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਿਗਿਆਨ ਗਲਪ ਲੇਖਕਾਂ ਦੇ ਚਾਰ ਨਾਵਲਾਂ ਦੇ ਪੰਜਾਬੀ ਅਨੁਵਾਦ ਪ੍ਰਕਾਸ਼ਿਤ ਕੀਤੇ । ਇਹ ਨਾਵਲ ਸਨ:  ਐਡਵਿਨ ਏ. ਐਬੋਟ ਦਾ ਨਾਵਲ “ਫਲੈਟਲੈਂਡ”, ਐਡਗਰ ਰਾਈਸ ਬਰੋਜ਼ ਦਾ ਨਾਵਲ “ਏ ਪ੍ਰਿੰਸੇਸ ਆਫ਼ ਮਾਰਸ”, ਅਤੇ ਐਚ.ਜੀ. ਵੇਲਜ਼ ਦੇ ਦੋ ਨਾਵਲ “ਟਾਈਮ ਮਸ਼ੀਨ” ਅਤੇ “ਡਾ. ਮੋਰੋਓ ਦਾ ਟਾਪੂ”।

ਸਿੱਟਾ

ਪੰਜਾਬੀ ਭਾਸ਼ਾ ਵਿੱਚ ਵਿਗਿਆਨ ਗਲਪ ਲਿਖਣਾ ਅਜੇ ਮੁੱਢਲੇ ਦੌਰ ਵਿੱਚ ਹੀ ਹੈ। ਇਸ ਲਈ ਉੱਭਰਦੇ ਅਤੇ ਸਥਾਪਿਤ ਲੇਖਕਾਂ ਅਤੇ ਪ੍ਰਕਾਸ਼ਕਾਂ ਦੋਵਾਂ ਨੂੰ ਪੰਜਾਬੀ ਭਾਸ਼ਾ ਨੂੰ ਅਮੀਰ ਬਣਾਉਣ ਲਈ ਆਪਣਾ ਧਿਆਨ ਇਸ ਖੇਤਰ ਵੱਲ ਕੇਂਦਰਿਤ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਗ਼ੈਰ ਸਰਕਾਰੀ ਅਦਾਰਿਆਂ (NGOs), ਸਰਕਾਰੀ ਏਜੰਸੀਆਂ, ਅਤੇ ਨਿੱਜੀ ਪ੍ਰਕਾਸ਼ਕਾਂ ਨੂੰ ਪੰਜਾਬੀ ਦੇ ਵਿਗਿਆਨਕ ਲੇਖਕਾਂ ਨੂੰ, ਉਹਨਾਂ ਦੀਆਂ ਵਿਗਿਆਨ ਗਲਪ ਰਚਨਾਵਾਂ ਪ੍ਰਕਾਸ਼ਿਤ ਅਤੇ ਪ੍ਰਚਾਰ ਕਰਕੇ, ਉਤਸ਼ਾਹਿਤ ਕਰਨਾ ਚਾਹੀਦਾ ਹੈ ਤੇ ਉਹਨਾਂ ਦੀ ਮਦਦ ਕਰਨ ਲਈ ਢੁਕਵੇਂ ਕਦਮ ਚੁੱਕਣੇ ਜਾਰੀ ਰੱਖਣੇ ਚਾਹੀਦੇ ਹਨ।


ਹਵਾਲੇ

ਲੇਖਕ ਬਾਰੇ ਜਾਣਕਾਰੀ 

ਡਾ: ਦੇਵਿੰਦਰ ਪਾਲ ਸਿੰਘ (ਉਰਫ਼ ਡਾ. ਡੀ. ਪੀ. ਸਿੰਘ) ਪੰਜਾਬੀ ਵਿਗਿਆਨ ਲੇਖਕ ਹੈ, ਜੋ ਪੇਸ਼ੇ ਤੋਂ ਅਧਿਆਪਕ ਹੈ। ਇੱਕ ਭੌਤਿਕ ਵਿਗਿਆਨੀ ਹੋਣ ਕਰਕੇ, ਉਹ ਆਪਣੇ ਪਾਠਕਾਂ ਦੀ ਉਤਸੁਕਤਾ ਨੂੰ ਵਧਾਉਣ ਲਈ ਵਿਗਿਆਨ ਅਤੇ ਵਾਤਾਵਰਣ ਬਾਰੇ ਕਹਾਣੀਆਂ ਲਿਖਣਾ ਪਸੰਦ ਕਰਦਾ ਹੈ। ਪੰਜਾਬੀ ਵਿੱਚ ਉਸਦੀਆਂ ਵਿਗਿਆਨਕ ਲਿਖਤਾਂ ਤੋਂ ਇਲਾਵਾ, ਉਸਦੀਆਂ ਵਿਗਿਆਨ ਗਲਪ ਕਹਾਣੀਆਂ ਸਾਇੰਸ ਰਿਪੋਰਟਰ, ਸਾਇੰਸ ਇੰਡੀਆ, ਅਲਾਈਵ, ਵੂਮੈਨਜ਼ ਏਰਾ, ਆਈਡੈਂਟਿਟੀ, ਅਤੇ ਪੀਸੀਐਮ ਚਿਲਡਰਨ ਮੈਗਜ਼ੀਨ ਵਿੱਚ ਛਪੀਆਂ ਹਨ। ਉਹ ਆਮ ਪਾਠਕਾਂ ਲਈ ਵਿਗਿਆਨ ਗਲਪ ਕਹਾਣੀਆਂ ਦੇ ਦੋ ਸੰਗ੍ਰਹਿ ਅਤੇ ਬੱਚਿਆਂ ਲਈ ਚਾਰ ਵਿਗਿਆਨ ਗਲਪ ਪੁਸਤਕਾਂ ਦਾ ਲੇਖਕ ਹੈ। ਉਹ ਮਿਸੀਸਾਗਾ, ਓਨਟੈਰੀਓ, ਕੈਨੇਡਾ ਵਿੱਚ ਰਹਿੰਦਾ ਹੈ।

ਵੈੱਬਸਾਈਟ: https://drdpsinghauthor.wordpress.com