ਜੀਵਤ-ਮਸ਼ੀਨ

ਅਮਨਦੀਪ ਸਿੰਘ



ਸ਼ਾਮ ਦੀ ਸੁੰਦਰੀ ਆਪਣਾ ਕਾਲਾ ਜੋਬਨ ਫ਼ਿਜ਼ਾ ਨੂੰ ਉਧਾਰਾ ਦੇ ਰਹੀ ਸੀ। ਹੋਟਲ ‘ਬਲਿਊ ਰੇਵਨ’ ਵਿੱਚ ਹੌਲ਼ੀ-ਹੌਲ਼ੀ ਜੀਵਨ ਰੌਅ ਪ੍ਰਵਾਹਿਤ ਹੋ ਰਹੀ ਸੀ। ਹੋਟਲ ਦੇ ਹਾਲ ਵਿੱਚ ਚਹਿਲ ਪਹਿਲ ਵਧ ਰਹੀ ਸੀ। ਹੌਲ਼ੀ-ਹੌਲ਼ੀ, ਇੱਕ ਇੱਕ ਕਰਕੇ ਜਗ ਰਹੀਆਂ ਰੌਸ਼ਨੀਆਂ ਹਨੇਰੇ ਨੂੰ ਚਮਕਦਾਰ, ਦਿਨ-ਨੁਮਾ ਭੜਕੀਲਾ ਲਿਬਾਸ ਪਹਿਨਾ ਰਹੀਆਂ ਸਨ। 

ਹਾਲ ਦੀ ਸਟੇਜ ‘ਤੇ ਨੀਲਾ ਪ੍ਰਕਾਸ਼ ਮੁਸਕ੍ਰਾਹਟ ਬਿਖੇਰ ਰਿਹਾ ਸੀ ਤੇ ਉਸ ਨੀਲੀ-ਮੁਸਕਾਨ ਵਿੱਚ, ਇੱਕ ਅਰਧ-ਨਗਨ ਯੁਵਤੀ ਸੰਗੀਤ ਦੀਆਂ ਮਧੁਰ ਧੁਨਾਂ ‘ਤੇ  ਆਪਣਾ ਲਚਕੀਲਾ ਬਦਨ ਸੰਗੀਤਮਈ ਲੈ ਵਿੱਚ ਹਿਲਾ ਰਹੀ ਸੀ। ਉਸਦੇ ਗੋਰੇ ਬਦਨ ‘ਤੇ ਪੈ ਰਹੀ ਹਲਕੀ ਨੀਲੀ ਰੌਸ਼ਨੀ ਉਸਨੂੰ ਕਿਸੇ ਸਮੁੰਦਰੀ-ਕਬੂਤਰੀ ਜਿਹਾ ਖੂਬਸੂਰਤ ਬਣਾ ਰਹੀ ਸੀ। 

ਇੱਕ ਇੱਕ ਕਰਕੇ ਲੋਕ ਆ ਰਹੇ ਸਨ ਤੇ ਹੌਲ਼ੀ-ਹੌਲ਼ੀ ਹਾਲ ਦੀਆਂ ਕੁਰਸੀਆਂ ਭਰਦੀਆਂ ਜਾ ਰਹੀਆਂ ਸਨ।  ਬੈਰ੍ਹੇ ਇੱਧਰ ਉੱਧਰ ਦੌੜ ਰਹੇ ਸਨ  - ਇਸ ਆਸ ਵਿੱਚ ਸ਼ਾਇਦ ਅੱਜ ਉਹਨਾਂ ਨੂੰ ਚੌਖੀ ਕਮਾਈ ਹੋ ਜਾਵੇ। ਉਹਨਾਂ ਦੇ ਚਿਹਰਿਆਂ ਤੋਂ ਬਨਾਵਟੀ ਮੁਸਕਾਨ ਝਲਕ ਰਹੀ ਸੀ। 

ਆ ਚੁੱਕੇ ਤੇ ਆ ਰਹੇ ਸਾਰੇ ਜੀਵਤ ਪ੍ਰਾਣੀਆਂ ਦੇ ਚਿਹਰਿਆਂ ‘ਤੇ ਮੁਸਕ੍ਰਾਹਟਾਂ ਸਨ - ਬਨਾਵਟੀ ਜਾਂ ਅਸਲੀ! ਕਾਊਂਟਰ-ਕਲਰਕ ਵੀ ਆਪਣੇ ਚਿਹਰੇ ‘ਤੇ ਪ੍ਰੋਫੈਸ਼ਨਲ ਮੁਸਕ੍ਰਾਹਟ ਬਿਖੇਰ ਹਰੇਕ ਆਉਣ ਵਾਲ਼ੇ ਨੂੰ ਜੀ ਆਈਆਂ ਆਖ ਰਹੀ ਸੀ। 

ਪਰ ਉਸ ਮਹਿਫ਼ਲ ਵਿੱਚ ਇੱਕ ਸ਼ਖ਼ਸ ਅਜਿਹਾ ਵੀ ਸੀ - ਜਿਸਦੇ ਚਿਹਰੇ ਤੋਂ ਕਠੋਰਤਾ ਝਲਕ ਰਹੀ ਸੀ। ਉਹ ਇੱਕ ਕੁਰਸੀ ‘ਤੇ ਅੱਡ ਜਿਹਾ ਬੈਠਾ ਅਨਾਨਾਸ ਦੇ ਰਸ ਦੇ ਘੁੱਟ ਭਰ ਰਿਹਾ ਸੀ। ਉਸਦੇ ਚਿਹਰੇ ‘ਤੇ ਪਸਰੀ ਕਠੋਰਤਾ ਤੋਂ ਉਸਦੇ ਅੰਦਰ ਚੱਲ ਰਹੇ ਮਨੋ-ਯੁੱਧ ਜਾਂ ਸੋਚਾਂ ਦੇ ਦਰਿਆ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਸੀ। 

ਉਸਦਾ ਗਲਾਸ ਖਾਲੀ ਹੋ ਚੁੱਕਿਆ ਸੀ। ਗਲਾਸ ਮੇਜ਼ ‘ਤੇ ਰੱਖ ਕੇ ਉਸਨੇ ਹਾਲ ਦੇ ਆਸ-ਪਾਸ ਨਜ਼ਰ ਫੇਰੀ। 

ਥੋੜੀ  ਦੇਰ ਉਹ ਹਾਲ ਵਿਚ ਕੋਈ ਚੀਜ਼ “ਸਕੈਨ” ਕਰਦਾ ਰਿਹਾ ਪਰ ਛੇਤੀ ਹੀ ਉਸਨੇ ਆਸ-ਪਾਸ ਨਜ਼ਰ ਫੇਰਨੀ  ਬੰਦ ਕਰ ਦਿਤੀ l (ਉਸਦੀਆਂ ਅੱਖਾਂ ਵਿਚ ਥੋੜੀ ਦੇਰ ਜਿਵੇਂ ਚਿੰਤਾ ਦੇ ਭਾਵ ਉੱਤਰੇ l ) ਸ਼ਾਇਦ ਉਹ ਚੀਜ਼ ਉਸਨੁੰ ਮਿਲੀ ਨਹੀ ਸੀ -  ਜਿਸਦੀ ਉਸਨੂੰ ਤਲਾਸ਼ ਸੀ l ਇੱਕ ਪਲ ਉਸਨੇ ਕੁੱਝ ਸੋਚਿਆ ਅਤੇ ਫੇਰ ਇੱਕ ਦਮ ਉਠਕੇ ਉਹ ਕਾਊਂਟਰ-ਗਰਲ ਕੋਲ ਆ ਗਿਆ l ਉਸਦੀ ਚਾਲ ਵਿੱਚ ਹਿਰਨ ਵਰਗੀ ਤੇਜ਼ੀ ਸੀ l


‘ਯੈਸ ਪਲੀਜ਼…’ ਕਾਊਂਟਰ - ਗਰਲ  ਨੇ ਇਕ ਮਰਮਰੀ ਜਿਹੀ ਨਜ਼ਰ ਉਸ ਵਲ੍ਹ ਸੁੱਟਦਿਆਂ, ਬੇਪਰਵਾਹੀ ਨਾਲ਼ ਆਖਿਆ l 


‘ਮੈ ਮੈਨਜਰ ਨੂੰ ਮਿਲਣੈ... l ‘ ਉਸਦੇ ਲਫਜ਼ ਦੋਂ ਅਦੇਸ਼ ਝਲਕ ਰਿਹਾ ਸੀ l 


‘ਉਹ ਇਥੇ ਨਹੀਂ ਹਨ।’ ਕਾਊਂਟਰ-ਗਰਲ ਨੇ ਬਿਨਾ ਉਸ ਵੱਲ੍ਹ ਵੇਖਦਿਆਂ ਉੱਤਰ ਦਿੱਤਾ। ਉਹ ਰਜਿਸਟਰ ਵਿੱਚ ਕੁੱਝ ਦੇਖ ਰਹੀ ਸੀ। 

'ਮੈਨੂੰ ਝੂਠ ਪਸੰਦ ਨਹੀਂ।'

'ਕਹਿ 'ਤਾ ਨਹੀਂ ਪਤਾ...'

'ਦੇਖ ਬੇਬੀ ਸਿੱਧੀ ਤਰ੍ਹਾਂ ਦੱਸ ਦੇ, ਨਹੀਂ ਤਾਂ...। '

' ਨਹੀਂ ਤਾਂ ...। '  ਕਾਊਂਟਰ-ਗਰਲ ਨੇ ਉਸਦੇ ਆਖਰੀ ਸ਼ਬਦ ਦੁਹਰਾਉਂਦਿਆਂ ਪਹਿਲੀ ਵਾਰ ਉਸਨੂੰ ਧਿਆਨ ਨਾਲ਼ ਵੇਖਿਆ। ਉਹ ਕੋਈ ਪੱਚੀ ਕੁ ਸਾਲ ਦਾ, ਕਸਰਤੀ  ਬਦਨ ਦਾ ਮਾਲਕ ਨੌਜਵਾਨ ਸੀ। ਉਸਦੇ ਸਰੀਰ 'ਤੇ ਬਿਨਾ ਬਾਹਾਂ ਵਾਲ਼ੀ ਟੀ-ਸ਼ਰਟ ਤੇ ਜੀਨ ਦੀ ਪੈਂਟ ਸੀ। ਉਸਦੇ ਡੌਲਿਆਂ ਦੀਆਂ ਮੱਛੀਆਂ ਜਿਵੇਂ ਪਾਣੀ ਤੋਂ ਉੱਪਰ ਉੱਠ-ਉੱਠ ਫੁਦਕ ਰਹੀਆਂ ਸਨ। ਕਾਊਂਟਰ-ਗਰਲ ਨੇ ਇੱਕ ਪਲ ਉਸਨੂੰ ਵੇਖਿਆ ਤੇ ਬਿਨਾ ਪ੍ਰਭਾਵਿਤ ਹੁੰਦਿਆਂ ਬੋਲੀ -

'ਨਹੀਂ ਤਾਂ , ਕਰ ਲੈ ਜੋ ਤੂੰ ਕਰਨਾ...!'

ਇਹ ਸ਼ਬਦ ਸੁਣਦਿਆਂ ਹੀ ਉਸਨੇ ਆਪਣੀ ਮਜ਼ਬੂਤ ਬਾਂਹ ਅੱਗੇ ਵਧਾ ਕੇ,  ਕਾਊਂਟਰ-ਗਰਲ ਨੂੰ ਉਸਨੂੰ ਗਲ਼ੇ ਤੋਂ ਫੜ ਕੇ ਉੱਪਰ ਚੁੱਕ ਲਿਆ। ਇੱਕ ਛਿਣ ਲਈ ਤਾਂ  ਕਾਊਂਟਰ-ਗਰਲ ਦੇ ਹੋਸ਼ ਗੰਮ ਹੋ ਗਏ। ਉਹ ਉਸਦੀ ਪਕੜ ਵਿੱਚ ਬੇਵੱਸ ਮੱਛੀ ਵਾਂਗ ਫੜਫੜਾਈ। ਉਸਨੇ ਨੌਜਵਾਨ ਦੇ ਚਿਹਰੇ ਤੇ ਅਜੀਬ ਜਿਹੀ ਖੁੰਖਾਰ ਕਠੋਰਤਾ ਦੇਖੀ ਤੇ ਉਸਦੀਆਂ ਅੱਖਾਂ ਵਿੱਚ ਸਹਿਮ ਦਾ ਤੂਫ਼ਾਨ ਉੱਤਰ ਆਇਆ। 

ਆਲੇ-ਦੁਆਲ਼ੇ ਖੜੇ ਬੈਰ੍ਹੇ ਭੱਜੇ ਆਏ ਪਰ ਕਿਸੇ ਦੀ ਹਿੰਮਤ ਨਾ ਪਈ ਕਿ ਅਗਾਂਹ ਵਧਕੇ ਕਾਊਂਟਰ-ਗਰਲ ਨੂੰ ਛੁਡਾ ਲਵੇ। ਤਦੇ ਇੱਕ ਵਿਅਕਤੀ ਭੱਜਦਾ ਹੋਇਆ ਅੱਗੇ ਆਇਆ। 

'ਜਨਾਬ, ਮੈਂ ਮੈਨੇਜਰ ਹਾਂ, ਮੈਨੂੰ ਆਪਣੀ ਸਮੱਸਿਆ ਦੱਸੋ।'

ਉਸਨੇ ਕਾਊਂਟਰ-ਗਰਲ ਨੂੰ ਛੱਡ ਦਿੱਤਾ। ਉਹ ਚੀਖਦੀ ਹੋਈ, ਕਾਊਂਟਰ ਦੇ ਪਿੱਛੇ ਖਾਲੀ ਥਾਂ 'ਚ ਡਿਗ ਪਈ। ਇੱਕ ਪਲ ਲਈ ਤਾਂ ਹਾਲ 'ਚ ਬੈਠੇ ਸਾਰੇ ਵਿਅਕਤੀਆਂ ਦੇ ਮੂੰਹ ਕਾਊਂਟਰ ਵੱਲ੍ਹ ਨੂੰ ਘੁੰਮ ਗਏ। ਪਰ ਕਿਉਂਕਿ ਹੋਟਲ 'ਚ ਆਉਣ ਵਾਲਿਆਂ ਲਈ ਇਹ ਆਮ ਜਿਹੀ ਗੱਲ ਸੀ। ਇਸ ਲਈ ਛਿਣ ਬਾਅਦ ਉਹ ਫੇਰ ਆਪਣੇ ਆਪ 'ਚ ਜਾਂ ਸਮੁੰਦਰੀ ਕਬੂਤਰੀ ਦੀ ਕਲੋਲ 'ਚ ਮਸਰੂਫ਼ ਹੋ ਗਏ। 

'ਮੈਂ ਇਸਤੋਂ ਤੇਰੇ ਵਾਰੇ ਹੀ ਪੁੱਛ ਰਿਹਾ ਸਾਂ। '

'ਦੱਸੋ, ਸ਼੍ਰੀਮਾਨ ਜੀ। '

'ਮੈਂ ਤੇਰੇ ਨਾਲ਼ ਦੋ-ਚਾਰ ਗੱਲਾਂ ਕਰਨੀਆਂ ਚਾਹੁੰਦਾ ਹਾਂ ,ਬਿਹਤਰ ਇਹ ਹੈ ਕਿ ਤੇਰੇ ਆਫ਼ਿਸ ਵਿੱਚ ਚੱਲਦੇ ਹਾਂ। '

'ਓ.ਕੇ. ਸਰ !'

ਥੋੜੀ ਦੇਰ ਬਾਅਦ, ਉਹ ਦੋਵੇਂ ਮੈਨੇਜਰ ਦੇ ਆਫ਼ਿਸ ਵਿੱਚ ਸਨ। 

'ਦੱਸੋ, ਸ਼੍ਰੀਮਾਨ, ਮੈਂ ਕੀ ਸੇਵਾ ਕਰ ਸਕਦਾ ਹਾਂ। '

'ਮੈਂ ਮਰਿਚਿਕਾ ਨੂੰ ਲੈਣ ਆਇਆ ਹਾਂ। ' ਉਸਨੇ ਦੋ-ਟੁੱਕ ਗੱਲ ਕਹੀ। 

ਇੱਕ ਪਲ ਲਈ ਤਾਂ ਮੈਨੇਜਰ ਦੇ ਚਿਹਰੇ ਦਾ ਰੰਗ ਬਦਲ ਗਿਆ ਪਰ ਦੂਜੇ ਹੀ ਪਲ ਉਹ ਸੰਭਲ ਕੇ ਬੋਲਿਆ -

'ਕੌਣ ਮਰਿਚਿਕਾ, ਸ਼੍ਰੀਮਾਨ!'

'ਮਿਸਟਰ ਤੂੰ ਜਾਣਦਾ ਏਂ। ਬਹੁਤਾ ਟਾਲ-ਮਟੋਲ ਮੈਂ ਪਸੰਦ ਨਹੀਂ ਕਰਦਾ। '

'ਨਹੀਂ ਸ਼੍ਰੀਮਾਨ, ਮੈਂ ਸੱਚਮੁੱਚ ਕਿਸੇ ਮਰਿਚਿਕਾ ਨੂੰ ਨਹੀਂ ਜਾਣਦਾ। ...'

ਮੈਨੇਜਰ ਦੇ ਸ਼ਬਦ ਮੂੰਹ 'ਚ ਹੀ ਰਹਿ ਗਏ। ਉਸਨੂੰ ਪਤਾ ਨਹੀਂ ਲੱਗਿਆ ਕਿ ਕੀ ਵਾਪਰ ਗਿਆ। ਛਿਣ ਭਰ ਲਈ ਤਾਂ ਉਸਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਉਸਦਾ ਸਾਰਾ ਮੁੱਖ ਦਰਦ ਨਾਲ਼ ਬਿਲਬਿਲਾ ਉੱਠਿਆ। ਅਗਾਂਹ ਹੋਣ ਵਾਲ਼ੀ ਹਾਲਤ ਵਾਰੇ ਸੋਚ ਕੇ ਉਹ ਹੋਰ ਵੀ ਘਬਰਾ ਗਿਆ। 

ਮੈਨੇਜਰ ਨੇ ਆਪਣੇ ਸਾਹਮਣੇ ਖੜੇ ਨੌਜਵਾਨ ਦੇ ਚਿਹਰੇ ਵੱਲ੍ਹ ਵੇਖਿਆ। ਉਸਦਾ ਚਿਹਰਾ ਇੱਕ ਮਕੈਨੀਕਲ ਢੰਗ ਦੀ ਕਠੋਰਤਾ ਸਮੇਟੇ ਹੋਏ ਸੀ। ਮੈਨੇਜਰ ਦੇ ਸਰੀਰ ਵਿੱਚ ਇੱਕ ਸੀਤ-ਲਹਿਰ ਦੌੜ੍ਹ ਗਈ। ਉਸਨੂੰ ਆਪਣੇ ਸਾਹਮਣੇ ਖੜਾ ਨੌਜਵਾਨ ਜਿਵੇਂ ਮੌਤ ਦਾ ਫ਼ਰਿਸ਼ਤਾ ਨਜ਼ਰ ਆਇਆ। 

ਝੱਟ ਹੀ ਉਸਨੇ ਮਰਿਚਿਕਾ ਵਾਰੇ ਸਭ ਕੁੱਝ ਉਗਲ ਦਿੱਤਾ। 

ਨੌਜਵਾਨ ਦੇ ਚਿਹਰੇ ਦੀ ਕਠੋਰਤਾ ਉੰਝ ਦੀ ਉੰਝ ਰਹੀ। ਉਸਨੇ ਮੈਨੇਜਰ ਦੇ ਕਮਰੇ 'ਚ ਪਏ ਟੈਲੀਫ਼ੋਨ ਨੂੰ ਆਪਣੇ ਹੱਥ ਦੇ ਇੱਕ ਹੀ ਵਾਰ ਨਾਲ਼ 'ਸਮੈਸ਼' ਕਰ ਦਿੱਤਾ। ਤੇ ਬਾਹਰ ਆ ਕੇ ਮੈਨੇਜਰ ਦੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ। 

ਛੇਤੀਂ ਨਾਲ਼ ਰਾਹਦਾਰੀ 'ਚੋਂ ਗ਼ੁਜ਼ਰ ਕੇ ਉਹ ਹੋਟਲ ਦੇ ਪਿਛਵਾੜੇ, ਗੋਦਾਮ ਕੋਲ਼ ਆ ਗਿਆ। ਉਸਨੇ ਆਸਪਾਸ ਨਜ਼ਰ ਦੌੜਾਈ, ਕਿੱਧਰੇ ਕੋਈ ਵੀ ਜੀਵਤ ਪ੍ਰਾਣੀ ਨਹੀਂ ਸੀ। ਤਦੇ ਉਸਦੇ ਸੰਵੇਦਨਸ਼ੀਲ ਕੰਨਾਂ ਨਾਲ਼ ਇੱਕ ਮੱਧਮ ਚੀਖ਼ ਦੀ ਤਰੰਗ ਆ ਟਕਰਾਈ। ਉਸਨੇ ਮਹਿਸੂਸ ਕੀਤਾ ਕਿ ਚੀਖ਼ ਗੋਦਾਮ 'ਚੋਂ ਹੀ ਆ ਰਹੀ ਹੈ। ਉਸਨੂੰ ਮੈਨੇਜਰ ਦੁਆਰਾ ਦੱਸਿਆ ਪਤਾ ਸੱਚਾ ਪ੍ਰਤੀਤ ਹੋਇਆ। 

ਉਹ ਗੋਦਾਮ ਕੋਲ ਪੁੱਜਿਆ। ਉਸਨੇ ਥੋੜ੍ਹਾ ਜਿਹਾ ਗੋਦਾਮ ਦਾ ਸ਼ਟਰ ਉਤਾਂਹ ਚੁੱਕਿਆ ਤੇ ਅੰਦਰ ਘੁਸ ਗਿਆ। ਵਿਸਕੀ ਤੇ ਹੈਰੋਇਨ ਦੀ ਰਲੀ-ਮਿਲੀ ਗੰਧ ਉਸਦੇ ਨੱਕ ਨਾਲ਼ ਟਕਰਾਈ। 

ਗੋਦਾਮ ਦੇ ਅੰਦਰ ਹਨੇਰਾ ਜਿਹਾ ਸੀ। ਪਰ ਧਿਆਨ ਨਾਲ਼ ਵੇਖਣ ਤੇ ਉਸਨੂੰ ਇੱਕ ਭੀੜੀ ਜਿਹੀ ਗਲ਼ੀ ਵਿਖਾਈ ਦਿੱਤੀ। ਗੰਧ ਵੀ ਉੱਧਰੋਂ ਹੀ ਆ ਰਹੀ ਸੀ। ਉਹ ਉਸ ਭੀੜੀ ਗਲ਼ੀ 'ਚ ਘੁਸਦਾ ਚਲਿਆ ਗਿਆ। ਦੋ-ਚਾਰ ਕਦਮ ਚੱਲ ਕੇ ਉਸਨੂੰ ਇੱਕ ਹਾਲ-ਨੁਮਾ ਕਮਰਾ ਦਿਖਿਆ। ਜਿਸਦੇ ਅੰਦਰ ਚਾਰ-ਪੰਜ ਗੁੰਡੇ ਸਨ। 

ਉਹ ਸਾਰੇ ਹੀ ਇੱਕ ਤੇਈ ਕੁ ਸਾਲ ਦੀ ਕੁੜੀ ਦੇ ਦੁਆਲ਼ੇ ਇਕੱਠੇ ਹੋਇਓ ਸਨ। ਕੁੜੀ ਉਹਨਾਂ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ। ਸੰਘਰਸ਼ ਨਾਲ਼ ਉਸਦੇ ਕਪੜੇ ਫਟ ਕੇ ਤਾਰ-ਤਾਰ ਹੋ ਚੁੱਕੇ ਸਨ। ਜਿਹਨਾਂ 'ਚੋਂ ਉਸਦਾ ਗੋਰਾ ਬਦਨ ਝਲਕਾਂ ਮਾਰ ਰਿਹਾ ਸੀ। ਕੁੜੀ ਸ਼ਾਇਦ ਵਿਰੋਧ ਕਰਦੀ ਥੱਕਦੀ ਜਾ ਰਹੀ ਸੀ। ਉਹਨਾਂ ਵਹਿਸ਼ੀਆਂ ਅੱਗੇ ਉਸਦੀ ਪੇਸ਼ ਨਹੀਂ ਚੱਲ ਰਹੀ ਸੀ। 

ਨੌਜਵਾਨ ਦੇ ਚਿਹਰੇ ਤੇ ਪਸਰੀ ਮਕੈਨੀਕਲ ਕਠੋਰਤਾ ਹੋਰ ਵੀ ਕਠੋਰ ਹੋ ਗਈ। ਉਹ ਸਾਰੇ ਕੁੜੀ ਨੂੰ ਕਾਬੂ ਕਰਨ ਵਿੱਚ ਇੰਨੇ ਮਸਰੂਫ਼ ਸਨ ਕਿ ਉਹਨਾਂ ਨੂੰ ਉਸਦੇ ਆਉਣ ਦੀ ਖ਼ਬਰ ਨਹੀਂ ਲੱਗੀ। 'ਉਸਦੀਆਂ' ਅੱਖਾਂ ਵਿੱਚ ਰੋਹ ਭਰ ਆਇਆ। ਇੱਕ ਦਮ ਉਸਦੇ ਮਸਤਕ ਵਿੱਚ ਇੱਕ ਸ਼ਬਦ ਕੌਂਧਿਆ - 'ਅਨਿਆ!'

ਉਸਨੇ ਉਹਨਾਂ ਦੀ ਹੀ ਸਟੇਨ-ਗੰਨ ਚੁੱਕੀ ਤੇ ਉਹਨਾਂ ਨਾਲ਼ ਭਿੜ ਪਿਆ ਤੇ ਸਟੇਨ-ਗੰਨ ਨਾਲ ਤਾਬੜ-ਤੋੜ ਕੁੱਟਣ ਲੱਗਿਆ। ਇਸ ਅਚਾਨਕ ਹਮਲੇ ਤੋਂ ਉਹ ਇੱਕਦਮ ਘਬਰਾ ਗਏ। ਇੱਕ ਪਲ ਲਈ ਤਾਂ ਉਹ ਸਾਰੇ ਜੜ੍ਹ ਹੋ ਗਏ। ਉਸਨੇ ਕੁੜੀ ਨੂੰ ਇੱਕ ਪਾਸੇ ਸੁਰਖਿਅਤ ਕੀਤਾ ਤੇ ਸਟੇਨ-ਗੰਨ ਦਾ ਟ੍ਰਿਗਰ ਦਬਾਉਣ ਲੱਗਿਆ। 

ਉਹਨਾਂ ਸਾਰਿਆਂ ਨੇ ਆਪਣੇ ਹੱਥ ਉੱਪਰ ਚੁੱਕ ਲਏ  ਤੇ ਮਾਫ਼ੀ ਮੰਗਣ ਲੱਗੇ। 

ਉਸਨੇ ਇੱਕ ਵੱਡੀ ਸਾਰੀ ਰੱਸੀ ਲੱਭ ਕੇ ਉਹਨਾਂ ਨੂੰ ਬੰਨ੍ਹ ਦਿੱਤਾ। 

ਕਮਰੇ 'ਚ ਇੱਕਦਮ ਚੁੱਪ ਪਸਰ ਗਈ। ਕੁੜੀ ਦੀਆਂ ਸਿਸਕੀਆਂ ਦੀ ਮੱਧਮ ਜਿਹੀ ਅਵਾਜ਼ ਕਮਰੇ 'ਚ ਤੈਰ ਰਹੀ ਸੀ। 

ਤਦੇ ਉਸਨੂੰ ਆਪਣੇ ਅਰਧ-ਨਗਨ ਸਰੀਰ ਦਾ ਖ਼ਿਆਲ ਆਇਆ। ਉਸਨੇ ਆਪਣੇ ਕੋਲ਼ ਪਈ ਜੈਕਟ ਆਪਣੇ ਸਰੀਰ ਤੇ ਲਪੇਟ ਲਈ। 

'ਕੀ ਤੂੰ ਹੀ ਮਰਿਚਿਕਾ ਏਂ?'

'ਹਾਂ।' ਕੁੜੀ ਨੇ ਸਰ ਹਿਲਾਇਆ। 

'ਤਾਂ ਉੱਠ ਫੇਰ!' ਉਸਨੇ ਉਸਨੂੰ ਸਹਾਰਾ ਦਿੰਦਿਆਂ ਆਖਿਆ। ਹੁਣ ਤੱਕ ਉਹ ਕਾਫ਼ੀ ਸੰਭਲ ਚੁੱਕੀ ਸੀ। 

'ਮੈਂ ਅਜੇ ਹਾਂ।' ਮੈਨੂੰ ਪ੍ਰੌ: ਬਲਬੀਰ ਨੇ ਭੇਜਿਆ ਹੈ।'

'ਓਹ! ... ਤੁਹਾਨੂੰ ਮਿਲ਼ ਕੇ ਬੜੀ ਖ਼ੁਸ਼ੀ ਹੋਈ। ' ਕੁੜੀ ਨੇ ਆਪਣਾ ਹੱਥ ਅੱਗੇ ਵਧਾਉਂਦਿਆ ਆਖਿਆ। 

'ਮੈਨੂੰ ਵੀ। ਚੱਲ ਹੁਣ ਇੱਥੋਂ ਚੱਲੀਏ।' ਉਸਨੇ ਉਸ ਨਾਲ਼ ਹੱਥ ਮਿਲਾਉਣ ਦੀ ਕੋਈ ਖੇਚਲ ਨਾ ਕੀਤੀ। ਉਹ ਉਸਨੂੰ ਉੱਥੋਂ ਬਾਹਰ ਲੈ ਆਇਆ। ਮਰਿਚਿਕਾ ਬੜੀ ਹੈਰਾਨ ਹੋਈ। ਉਸਨੂੰ 'ਉਹ' ਅਜੀਬ ਕਿਸਮ ਦਾ ਇਨਸਾਨ ਲੱਗਿਆ, ਜਿਵੇਂ ਭਾਵਨਾਵਾਂ ਤੋਂ ਰਹਿਤ ਹੋਵੇ।!

ਹੋਟਲ ਦੇ ਹਾਲ ਵਿੱਚੋਂ ਦੀ ਉਹ ਬੜੀ ਤੇਜ਼ੀ ਨਾਲ਼ ਲੰਘੇ। 

ਸਮੁੰਦਰੀ-ਕਬੂਤਰੀ ਹਾਲੇ ਵੀ ਸਟੇਜ ਤੇ ਫੁੜਕ ਰਹੀ ਸੀ। ਲੋਕ ਸਾਹ ਰੋਕੀ ਉਸਨੂੰ ਵੇਖ ਰਹੇ ਸਨ। ਉਸਦਾ ਨਾਚ ਹੋਰ ਤਿਖੇਰਾ ਹੋਈ ਜਾ ਰਿਹਾ ਸੀ। 

***

ਉਸ ਕਮਰੇ ਵਿੱਚ ਕਤਾਰ ਦੀ ਧਾਰ ਵਰਗੀ ਪੈਨੀ ਗੰਧ ਪਸਰੀ ਹੋਈ ਸੀ। ਉਹ ਕਮਰਾ ਇੱਕ ਪ੍ਰਯੋਗਸ਼ਾਲਾ ਸੀ - ਜਿੱਥੇ ਅਨੇਕ ਉਪਕਰਣ, ਰਸਾਇਣ ਤੇ ਹੋਰ ਵਿਗਿਆਨਕ ਸਾਜੋ-ਸਮਾਨ ਪਿਆ ਸੀ। ਮਰਿਚਿਕਾ ਜਦੋਂ ਵੀ ਇਸ ਕਮਰੇ ਵਿੱਚ ਆਉਂਦੀ ਸੀ, ਹਮੇਸ਼ਾਂ ਤਿੱਖੀ ਗੰਧ ਉਸਦਾ ਸਵਾਗਤ ਕਰਦੀ ਸੀ, ਤੇ ਉਸਨੂੰ ਹਰ ਵਾਰ ਪ੍ਰੌ: ਬਲਬੀਰ ਤੇ ਗੁੱਸਾ ਆਉਂਦਾ ਸੀ। 

' ਪ੍ਰੌ:, ਕੀ ਤੂੰ ਇਸ ਗੰਧ ਨੂੰ ਖ਼ੁਸ਼ਬੂ ਵਿੱਚ ਨਹੀਂ ਬਦਲ ਸਕਦਾ, ਜਿਵੇਂ ਕਿ ਗੁਲਾਬ ਦੀ ਖ਼ੁਸ਼ਬੂ 'ਚ।'

ਮਰਿਚਿਕਾ ਪ੍ਰਯੋਗਸ਼ਾਲਾ ਵਿੱਚ ਆਉਂਦਿਆਂ ਬੋਲੀ। 'ਅਜੇ' ਉਸਦੇ ਨਾਲ਼ ਹੀ ਸੀ। 

'ਓਹ ... ਮਰਿਚਿਕਾ! ਕੀ ਤੂੰ ਠੀਕ ਏਂ?' ਪ੍ਰੌ : ਬਲਬੀਰ ਉਸਦਾ ਹੱਥ ਫੜਦਿਆਂ ਬੋਲਿਆ। 

'ਤੇਰੇ ਇਸ ਹੀਮੈਨ ਦੀ ਬਦੌਲਤ ਹੀ ਮੈਂ ਤੇਰੇ ਸਾਹਮਣੇ ਹਾਂ।' ਮਰਿਚਿਕਾ 'ਅਜੇ' ਵੱਲ੍ਹ ਇਸ਼ਾਰਾ ਕਰਦਿਆਂ ਬੋਲੀ। 

ਅਜੇ ਦਾ ਚਿਹਰਾ ਭਾਵਰਹਿਤ ਸੀ ਬਿਲਕੁਲ ਕਿਸੇ ਪੱਧਰੀ ਚਟਾਨ ਦੇ ਵਾਂਗ।

'ਓਹ  ... ਸ਼ੁਕਰੀਆ ਅਜੇ!' ਪ੍ਰੌ : ਨੇ ਅਜੇ ਵੱਲ੍ਹ ਵੇਖਦਿਆਂ ਆਖਿਆ। 

'ਕੀ ਮੈਂ ਹੁਣ ਜਾ ਸਕਦਾ ਹਾਂ?' ਅਜੇ ਨੇ ਪੁੱਛਿਆ। 

'ਹਾਂ  ...ਹਾਂ  ...' ਪ੍ਰੌ : ਨੇ ਇਜਾਜ਼ਤ ਦਿੰਦਿਆਂ ਕਿਹਾ। 

ਅਜੇ ਬਿਨਾਂ ਕੋਈ ਰਸਮੀ ਲਫ਼ਜ਼ ਬੋਲੀਆਂ ਤੇਜ਼ੀ ਨਾਲ਼ ਉੱਥੋਂ ਟੁਰਦਾ ਬਣਿਆ। ਮਰਿਚਿਕਾ ਹੈਰਾਨ ਜਿਹੀ ਉਸਨੂੰ ਜਾਂਦਿਆ ਵੇਖਦੀ ਰਹੀ। 

'ਓਹ ... ਮਰਿਚਿਕਾ ਤੂੰ ਕਿਸ ਮੁਸੀਬਤ ਵਿੱਚ ਫਸ ਗਈ ਏਂ?' ਪ੍ਰੌ : ਚਿੰਤਿਤ ਲਹਿਜੇ ਵਿੱਚ ਬੋਲਿਆ। 

'ਕੋਈ ਗੱਲ ਨਹੀਂ ਯਾਰ  ... ਇੱਕ ਖੋਜੀ ਪੱਤਰਕਾਰ ਨੂੰ ਇਹੋ ਜਿਹੇ ਖ਼ਤਰੇ ਤਾਂ ਆਉਂਦੇ ਹੀ ਰਹਿੰਦੇ ਹਨ। ਵੈਸੇ ਮੈਂ ਤੇਰੀ ਬਹੁਤ ਧੰਨਵਾਦੀ ਹਾਂ। ਤੇਰਾ 'ਹੀਮੈਨ' ਐਨ ਵਕਤ ਤੇ ਪੁੱਜ ਗਿਆ। ਕੰਬਖ਼ਤ ਪਾਗਲ ਕੁੱਤਿਆਂ ਵਾਂਗ ਮੇਰੇ ਤੇ ਝਪਟ ਪਏ ਸੀ। 

'ਇਸ ਵਿੱਚ ਧੰਨਵਾਦ ਦੀ ਕੋਈ ਗੱਲ ਨਹੀਂ। '

'ਹਾਂ, ਸੱਚ ਤੇਰਾ ਇਹ 'ਹੀਮੈਨ' ਕੀ ਭਾਵਨਾਵਾਂ ਤੋਂ ਕੋਰਾ ਹੈ? ਕੋਲਡ-ਫਿਸ਼ ... ਮੈਂ ਇਸਦੇ ਚਿਹਰੇ ਤੇ ਕਠੋਰਤਾ ਤੋਂ ਬਿਨਾ ਕੋਈ ਹੋਰ ਭਾਵ ਨਹੀਂ ਵੇਖਿਆ।'

'ਮਰਿਚਿਕਾ, 'ਅਜੇ' ਇਨਸਾਨ ਨਹੀਂ ਏ। ਉਹ ਇੱਕ ਰੋਬਟ ਤੇ ਕੰਪਿਊਟਰ ਕਾਓ ਬੋਆਏ (Computer Cowboy) ਹੈ। ਇਸ ਕਰਕੇ ਉਹ ਭਾਵਨਾਵਾਂ ਤੋਂ ਕੋਰਾ ਹੈ। '

'ਪਰ ਉਹ ਬਿਲਕੁਲ ਇੱਕ ਸੰਪੂਰਨ ਇਨਸਾਨ ਵਾਂਗ ਦਿਖਦਾ ਏ। ਕੀ ਤੁਸੀਂ ਉਸਨੂੰ ਭਾਵਨਾਵਾਂ ਨੂੰ 'ਹੈਂਡਲ' ਕਰਨਾ ਨਹੀਂ ਸਿਖਾਇਆ ?'

'ਦਰਅਸਲ ਉਸਨੂੰ ਕਿਸੇ ਹੋਰ ਮੰਤਵ ਲਈ ਇਸ ਰੂਪ ਵਿੱਚ ਤਿਆਰ ਕੀਤਾ ਗਿਆ ਹੈ। ਭਾਵੇਂ ਕਿ ਉਸਨੂੰ ਬਣਾਉਂਦਿਆਂ ਵਕਤ ਅਸੀਂ 'ਸੰਵੇਦਨਾਵਾਂ' ਨੂੰ ਸਮਝਣ ਵਾਲ਼ਾ ਤੱਤ ਜੋੜਿਆ ਸੀ, ਪਰ ਉਸ ਵੇਲੇ ਅਸੀਂ ਉਸਨੂੰ ਪੂਰੀ ਤਰ੍ਹਾਂ ਜਾਗ੍ਰਿਤ ਨਹੀਂ ਸੀ ਕੀਤਾ। ਜਿਸ ਤਰ੍ਹਾਂ ਸਮਾਂ ਬੀਤਦਾ ਜਾਏਗਾ  ... ਅਜੇ ਵਿੱਚ ਆਪਣੇ ਆਪ ਸੰਵੇਦਨਾਵਾਂ ਦਾ ਵਿਕਾਸ ਹੁੰਦਾ ਜਾਏਗਾ। ਜਿਵੇਂ ਜਿਵੇਂ ਉਹ ਸਿੱਖਦਾ ਵੀ ਜਾਏਗਾ। ਪਰ ਹਾਲੇ ਉਹ ਭਾਵਨਾਵਾਂ ਨੂੰ ਸਮਝ ਨਹੀਂ ਸਕਦਾ ਤੇ ਨਾਂ ਹੀ ਵਿਅਕਤ ਕਰ ਸਕਦਾ ਹੈ।'

'ਪਰ ਉਸਨੂੰ ਇਨਸਾਨਾਂ ਵਰਗਾ ਕਿਓਂ ਬਣਾਇਆ ਗਿਆ ਹੈ?'

'ਇਸ ਕਰਕੇ ਤਾਂ ਜੋ ਉਹ ਅਸਾਨੀ ਨਾਲ਼ ਦੁਨੀਆਂ ਵਿੱਚ ਵਿਚਰ ਸਕੇ। ਉੰਝ ਉਸਦਾ ਕੰਮ ਆਪਣੇ ਕੰਟਰੋਲਰ ਦੇ ਨਿਰਦੇਸ਼ਾਂ ਦਾ ਪਾਲਣ ਕਰਨਾ ਹੈ। ਉਸਦਾ ਕੰਟਰੋਲਰ ਵੀ ਉਸਨੂੰ ਬਹੁਤ ਘੱਟ ਨਿਰਦੇਸ਼ ਦਿੰਦਾ ਹੈ - ਜਦੋਂ ਬਹੁਤ ਹੀ ਜ਼ਿਆਦਾ ਲੋੜ ਮਹਿਸੂਸ ਹੋਵੇ। ਵੈਸੇ ਬਹੁਤੇ ਫੈਸਲੇ ਉਹ ਆਪਣੇ ਆਪ ਹੀ ਕਰ ਸਕਦਾ ਹੈ। ਜਿਸ ਤਰ੍ਹਾਂ ਸਾਡੇ ਦਿਮਾਗ਼ ਹੈ, ਉਸਦੇ ਮਸਤਕ ਵਿੱਚ 'ਬਾਇਓ ਚਿੱਪ' ਲੱਗੀ ਹੋਈ ਹੈ। ਉਸ ਵਿੱਚ ਹੀ ਉਸਦੇ ਲਈ ਸਾਰੇ ਨਿਰਦੇਸ਼ ਦਿੱਤੇ ਗਏ ਹਨ। ਉੱਥੇ ਹੀ ਉਸਦੀ 'ਯਾਦ-ਸ਼ਕਤੀ' ਹੈ ਤਾਂ ਜੋ ਉਹ ਚੀਜ਼ਾਂ ਨੂੰ 'ਸਕੈਨ' ਕਰਕੇ ਆਪਣੀ 'ਯਾਦ-ਸ਼ਕਤੀ' ਵਿੱਚ ਰਿਕਾਰਡ ਕਰ ਸਕੇ। ਉਹ ਐਨਾ ਵਿਲੱਖਣ, ਵਾਸਤਵਿਕ ਤੇ ਹਰ ਕੰਮ ਵਿੱਚ ਨਿਪੁੰਨ ਹੈ ਕਿ ਉਹ ਹਰ ਦੁਨਿਆਵੀ ਕੰਮ ਕਰ ਸਕਦਾ ਹੈ।  ਉਹ ਸਾਇਕਲ ਤੋਂ ਲੈ ਕੇ ਸਪੇਸ-ਸ਼ਿੱਪ ਤੱਕ ਹਰੇਕ ਵਾਹਨ ਚਲਾ ਸਕਦਾ ਹੈ। ਹਰੇਕ ਹਥਿਆਰ 'ਹੈਂਡਲ' ਕਰ ਸਕਦਾ ਹੈ। ਹਰ ਸਮੱਸਿਆ ਨੂੰ ਹੱਲ ਕਰ ਸਕਦਾ ਏ। ਪਰ ਹਾਲੇ ਉਹ ਭਾਵਨਾਵਾਂ ਨੂੰ ਸਮਝ ਤੇ ਮਹਿਸੂਸ ਕਰਨ ਦੇ ਕਾਬਿਲ ਨਹੀਂ ਹੋ ਸਕਿਆ। '

'ਵਾਹ! ਅਦਭੁੱਤ ਏ, ਤੇਰੇ ਵਿਗਿਆਨ ਦੀ ਖੇਡ! ਮੇਰਾ ਸਲੂਟ! ਅੱਛਾ, ਹੁਣ ਮੈਂ ਚੱਲਦੀ ਹਾਂ। ਵਿਦਾ!'

'ਵਿਦਾ!'

***

ਮਰਿਚਿਕਾ ਇੱਕ ਪੱਤਰਕਾਰ ਸੀ ਤੇ ਪ੍ਰੋ: ਬਲਬੀਰ ਉਸਦਾ ਬਚਪਨ ਦਾ ਦੋਸਤ ਸੀ।  ਬਚਪਨ ਵਿੱਚ ਉਹ ਇਕੱਠੇ ਪੜ੍ਹੇ ਸਨ। ਪਰ ਸਮੇਂ ਦੇ ਗ਼ੁਜ਼ਰਨ ਨਾਲ਼ ਉਹਨਾਂ ਦੀਆਂ ਜੀਵਨ-ਰੇਖਾਵਾਂ ਇੱਕ-ਦੂਸਰੇ ਤੋਂ ਅੱਡ ਹੋ ਗਈਆਂ ਸਨ। ਪਰ ਉਹਨਾਂ ਵਿੱਚ ਜਿਹੜਾ ਦੋਸਤੀ ਦਾ ਪਵਿੱਤਰ-ਸੰਬੰਧ ਪੈਦਾ ਹੋ ਚੁੱਕਿਆ ਸੀ, ਉਹ ਅੱਜ ਵੀ ਉੰਝ ਦਾ ਉੰਝ ਸੀ। 


ਮਰਿਚਿਕਾ   ਨੇ ਆਪਣੇ ਆਪ ਨੂੰ ਇੱਕ ਖੋਜੀ ਪੱਤਰਕਾਰ ਦੇ ਤੌਰ ਤੇ ਸਥਾਪਿਤ ਕੀਤਾ ਹੋਇਆ ਸੀ। ਇਹਨਾਂ ਦਿਨਾਂ ਵਿੱਚ ਉਹ ਸ਼ਹਿਰ 'ਚ ਸਰਗਰਮ ਇੱਕ ਨਾਮੀ-ਗ੍ਰਾਮੀ ਗੈਂਗ 'ਬਲੈਕ -ਆਈਜ਼' ਦੇ ਵਾਰੇ ਵਿੱਚ ਖੋਜ ਕਰ ਰਹੀ ਸੀ। ਤੇ ਇਸ ਗੱਲ ਦੀ ਭਿਣਕ ਗਿਰੋਹ ਦੇ ਕਾਰਕੁੰਨਾਂ ਨੂੰ ਲੱਗ ਗਈ ਸੀ। ਇਸੇ ਕਰਕੇ ਉਹਨਾਂ ਨੇ ਉਸਦਾ ਅਪਹਰਣ ਕਰ ਲਿਆ ਸੀ। 


ਪਰ ਇਸ ਵੇਲੇ ਮਰਿਚਿਕਾ ਉਪਰੋਕਤ ਸਭ ਕੁੱਝ ਭੁੱਲੀ ਹੋਈ ਸੀ। ਉਸਦੇ ਦਿਮਾਗ਼ ਵਿੱਚ ਸਿਰਫ਼ 'ਅਜੇ' ਦੀ ਹੀ ਸੋਚ ਸੀ।  ਅਜੇ ਦੀ ਹਰ ਹਰਕਤ ਉਸਦੇ ਦਿਲ ਵਿੱਚ ਉੱਤਰ ਗਈ ਸੀ। ਉਸਦਾ ਭਾਵ ਹੀਣ ਗੋਰਾ ਮੁੱਖ ਉਸਦੇ ਦਿਲੋ-ਦਿਮਾਗ਼ ਵਿੱਚ ਵੱਸ ਚੁੱਕਾ ਸੀ। ਅੱਜ ਤੱਕ ਉਸਨੂੰ ਜੀਵਨ ਦੇ ਵਿੱਚ ਅਨੇਕਾਂ ਮਰਦ ਮਿਲ਼ੇ ਸਨ। ਪਰ 'ਅਜੇ' ਜਿੰਨਾ ਉਸਨੂੰ ਕਿਸੇ ਨੇ ਵੀ ਪ੍ਰਭਾਵਿਤ ਨਹੀਂ ਕੀਤਾ ਸੀ। ਤੇ ਨਾਂ ਹੀ ਕਿਸੇ ਦੇ ਖਿਆਲਾਂ ਨੇ ਇੰਝ ਉਸਦੇ ਦਿਲ-ਦਿਮਾਗ਼ ਤੇ ਕਬਜ਼ਾ ਕੀਤਾ ਸੀ। ਰਹਿ ਰਹਿ ਕੇ ਉਸਨੂੰ ਅਜੇ ਦਾ ਹੀ ਖ਼ਿਆਲ ਆ ਰਿਹਾ ਸੀ। ਅਜੇ ਜਿਹੜਾ ਉਸਨੂੰ ਸੰਪੂਰਨ ਮਨੁੱਖ ਲੱਗਿਆ ਸੀ। ਹਾਲਾਂਕਿ ਉਹ ਮਨੁੱਖ ਨਹੀਂ ਸੀ ਮਨੁੱਖ ਵਰਗਾ ਸੀ। ਉਸਨੇ ਘੜੀ ਦੇਖੀ, ਰਾਤ ਦੇ ਦੋ ਵੱਜ ਚੁੱਕੇ ਸਨ, ਪਰ ਉਸਦੀਆਂ ਅੱਖਾਂ ਵਿੱਚ ਨੀਂਦ ਨਾਮਕ ਦੁਧੀਆ ਝਿੱਲੀ ਦਾ ਨਾਂ-ਨਿਸ਼ਾਨ ਵੀ ਨਹੀਂ ਸੀ। ਉਹ ਸੌਂ ਜਾਣਾ ਚਾਹੁੰਦੀ ਸੀ ਤਾਂ ਜੋ ਉਹ 'ਅਜੇ' ਦੇ ਸੁਪਨੇ ਵੇਖ ਸਕੇ ... ਪਰ ਇਹੋ ਜਿਹੇ ਹਾਲਤਾਂ ਵਿੱਚ ਨੀਂਦ ਕਿੱਥੇ ਆਉਂਦੀ ਹੈ? ਜਦੋਂ ਨੈਣ ਕਿਸੇ ਹੋਰ ਦੇ ਹੋ ਚੁੱਕੇ ਹੋਣ ..


ਉਸਨੇ ਮਹਿਸੂਸ ਕੀਤਾ ਕਿ ਉਸਨੂੰ ਅਜੇ ਨਾਲ਼ ਪਿਆਰ ਹੋ ਗਿਆ ਹੈ। ਪਰ ... ਪਰ ਅਜੇ ਤਾਂ ਇੱਕ ਮਸ਼ੀਨੀ-ਮਾਨਵ ਹੈ ... ਇੱਕ ਕੰਪਿਊਟਰ ਕਾਓ ਬੋਆਏ ਹੈ - ਜਿਸਦੇ ਅੰਦਰ ਅਜੇ ਸੰਵੇਦਨਾਵਾਂ ਦੇ ਵਹਿਣ ਨਹੀਂ ਵਹਿਣੇ ਸ਼ੁਰੂ ਹੋਏ। ਪਿਆਰ ਨਾਮਕ ਮਿੱਠੇ-ਅੰਮ੍ਰਿਤ ਵਾਰੇ ਉਸਨੂੰ ਕੁੱਝ ਨਹੀਂ ਪਤਾ। ਉਸਨੂੰ ਭਾਵਨਾਵਾਂ ਦੇ ਪਾਗਲ ਵਹਿਣਾ ਦਾ ਨਹੀਂ ਪਤਾ। ਉਸਨੂੰ ਨਹੀਂ ਪਤਾ ਕਿ ਕਦੇ ਕਦਾਂਈ ਜਿਸਮ ਵਿੱਚ ਵਿਸਮਾਦ ਦੀਆਂ ਸੂਖ਼ਮ ਤਰੰਗਾਂ ਵੀ ਉੱਠਦਿਆਂ ਹਨ। ਪ੍ਰੌ : ਕਹਿੰਦਾ ਹੈ ਕਿ ਉਹ ਇਨਸਾਨ ਨਹੀਂ ਹੈ ...ਉਸ ਵਿੱਚ ਭਾਵਨਾਵਾਂ ਨਹੀਂ ... ਕੀ ਸੱਚਮੁੱਚ ਨਹੀਂ? ਨਹੀਂ, ਇਹੋ ਜਿਹੇ ਖੂਬਸੂਰਤ, ਪਿਆਰੇ ਨੌਜਵਾਨ ਵਿੱਚ ਹੋ ਹੀ ਨਹੀਂ ਸਕਦਾ ਕਿ ਭਾਵਨਾਵਾਂ ਨਾਂ ਹੋਣ। ਉਹ ਉਸ ਦੇ ਅੰਦਰ ਭਾਵਨਾਵਾਂ ਦੀਆਂ ਕੋਮਲ ਤਰੰਗਾਂ ਉਜਾਗਰ ਕਰ ਦੇਵੇਗੀ। ਪਰ ਸ਼ਾਇਦ ਇਹ ਮੁਸ਼ਕਿਲ ਕੰਮ ਹੋਵੇ? ਫੇਰ ਵੀ ਉਸਦਾ ਮਨ ਗਵਾਹੀ ਦੇ ਰਿਹਾ ਸੀ। ਉਸਦਾ ਮਨ ਨਹੀਂ ਮੰਨ ਰਿਹਾ ਸੀ। ਬਰਫ਼ ਦੀ ਗੁੱਡੀ ਵਰਗੇ ਮਨ ਨੂੰ ਉਹ ਕਿਵੇਂ ਸਮਝਾਵੇ? ਉਸਦਾ ਦਿਲ ਕਰ ਰਿਹਾ ਸੀ ਕਿ ਉਹ 'ਅਜੇ' ਨਾਲ਼ ਹੁਣੇ ਹੀ ਇੱਕਮਿੱਕ ਹੋ ਜਾਵੇ। 

 

ਰਾਤ ਆਪਣੇ ਪੂਰੇ ਜੋਬਨ ਤੇ ਸੀ। ਮਰਿਚਿਕਾ ਨੇ ਅਨੁਭਵ ਕੀਤਾ ਕਿ ਸਾਰੀ ਕਾਇਨਾਤ ਸੌਂ ਰਹੀ ਏ ਸਿਰਫ਼ ਉਹ ਹੀ ਜਾਗ ਰਹੀ ਹੈ। ਉਹ ਅਧੂਰੀ ਨਜ਼ਮ ਜਿਹੜੀ ਪੂਰੀ ਹੋਣਾ ਲੋਚ ਰਹੀ ਸੀ ...  

***

ਸਵੇਰੇ ਮਰਿਚਿਕਾ ਥੋੜੀ ਦੇਣ ਨਾਲ਼ ਨੀਂਦ ਦੇ ਤਿਲਸਮੀ ਪ੍ਰਭਾਵ ਤੋਂ ਜਾਗੀ। ਸਾਰੀ ਰਾਤ ਉਸਨੂੰ ਅਜੇ ਦੇ ਹੀ ਸੁਪਨੇ ਆਉਂਦੇ ਰਹੇ। ਅੱਜ ਤੱਕ ਕੋਈ ਵੀ ਸ਼ਖ਼ਸ਼ ਐਨਾ ਉਸਦੀਆਂ ਸੋਚਾਂ ਤੇ ਸੁਪਨਿਆਂ ਵਿੱਚ ਨਹੀਂ ਸੀ ਆਇਆ। ਜਾਂ ਸ਼ਾਇਦ ਉਸਨੇ ਐਨਾ ਕਦੇ ਕਿਸੇ ਵਾਰੇ ਸੋਚਿਆ ਹੀ ਨਹੀਂ ਸੀ। 

ਉਹ ਅੱਖਾਂ ਮਲਦੀ ਹੋਈ ਇੱਕ ਝਟਕੇ ਨਾਲ਼ ਉੱਠੀ। ਸਾਹਮਣੇ ਸ਼ੀਸ਼ੇ ਵਿੱਚ ਉਸਨੇ ਨੀਂਦ-ਖੁਮਾਰੀ ਨਾਲ਼ ਭਰੀਆਂ ਆਪਣੀਆਂ ਅੱਖਾਂ ਤੇ ਖੂਬਸੂਰਤ ਮੁੱਖ ਤੱਕਿਆ, ਉਸਦੇ ਅਸਤ-ਵਿਅਸਤ ਵਾਲ਼ਾਂ ਦੀਆਂ ਲਟਾਂ ਉਸਦੇ ਮੱਥੇ ਤੇ ਫੈਲ ਕੇ ਉਸਨੂੰ ਹੋਰ ਵੀ ਖੂਬਸੂਰਤ ਬਣਾ ਰਹੀਆਂ ਸਨ। 

ਤੇਜ਼ੀ ਨਾਲ਼ ਉਹ ਤਿਆਰ ਹੋ ਗਈ। 

ਉਸਨੇ ਆਪਣੀ ਡਾਇਰੀ ਦੇਖੀ - ਅੱਜ ਉਸਨੂੰ ਕੋਈ ਖ਼ਾਸ ਕੰਮ ਨਹੀਂ ਸੀ। ਉਸਦਾ ਪ੍ਰੌ : ਕੋਲ਼ ਜਾਣ ਨੂੰ ਤੇ ਅਜੇ ਨੂੰ ਮਿਲਣ ਨੂੰ ਮਨ ਕੀਤਾ - ਪਰ ਫੇਰ ਉਸਦਾ ਮਨ ਬਦਲ ਗਿਆ। ਉਸ ਵਿੱਚ ਹੁਣ ਰਾਤ ਵਾਲ਼ੀ ਵਿਆਕੁਲਤਾ ਨਹੀਂ ਸੀ। ਪਰ ਫੇਰ ਵੀ ਉਹ ਆਪਣੀ ਆਤਮਾ ਦੀ ਗਹਿਰਾਈ ਵਿੱਚ ਇੱਕ ਹਲਕੇ ਕੰਪਨ ਦਾ ਅਸਰ ਮਹਿਸੂਸ ਕਰ ਰਹੀ ਸੀ। ਉਸਨੇ ਕਦੇ ਆਪਣੀ ਜਵਾਨੀ ਦੇ ਮੁੱਢਲੇ ਦਿਨਾਂ ਵਿੱਚ ਇੱਕ ਆਦਰਸ਼ਕ-ਇਨਸਾਨ ਦੀ ਕਲਪਨਾ ਕੀਤੀ ਸੀ, ਪਰ ਅੱਜ ਤੱਕ ਉਸਨੂੰ ਇਹੋ ਜਿਹਾ ਇਨਸਾਨ ਨਹੀਂ ਸੀ ਮਿਲਿਆ। ਉਸਨੂੰ ਜ਼ਿੰਦਗੀ 'ਚ ਬੜੇ ਆਦਮੀ ਮਿਲੇ - ਚੰਗੇ, ਬੁਰੇ, ਪਰ ਉਹਨਾਂ ਵਿਚ ਕੋਈ ਵੀ ਉਸਦਾ ਆਦਰਸ਼ਕ ਮਨੁੱਖ ਨਹੀਂ ਸੀ। ਫੇਰ ਉਹ ਜ਼ਿੰਦਗੀ ਦੇ ਰੁਝੇਵਿਆਂ ਵਿੱਚ, ਆਪਣੀ ਪੱਤਰਕਾਰੀ ਵਿੱਚ, ਕੁੱਝ ਇਸ ਤਰ੍ਹਾਂ ਗੁੰਮ ਹੋ ਗਈ ਸੀ ਕਿ ਹੁਣ ਕਦੇ ਉਸਨੇ ਉਸ ਆਦਰਸ਼ਕ ਮਨੁੱਖ ਵਾਰੇ ਕਦੇ ਡੂੰਘਾਈ ਵਿੱਚ ਬਹੁਤਾ ਨਹੀਂ ਸੋਚਿਆ ਸੀ। ਹਾਂ - ਕਦੇ ਕਦਾਈਂ ਉਸਨੂੰ ਸੋਚਾਂ ਦੀਆਂ ਗਲਿਹਰਿਆਂ ਸਤਾਉਂਦੀਆਂ ਸਨ, ਪਰ ਉਹ ਫੇਰ ਰੁਝੇਵਿਆਂ 'ਚ ਰੁੱਝ ਜਾਂਦੀ ਸੀ ... ਅਜਿਹਾ ਹੀ ਕੱਲ੍ਹ ਰਾਤੀਂ ਹੋਇਆ ਸੀ - ਜਦ ਉਹ ਅਜੇ ਨੂੰ ਮਿਲ਼ੀ ਸੀ। ਅਜੇ ਵਿੱਚ ਉਸਨੇ ਆਪਣੇ ਕਾਲਪਨਿਕ ਮਨੁੱਖ ਦੀ ਝਲਕ ਮਹਿਸੂਸ ਕੀਤੀ ਸੀ। ਅਜੇ ਖੂਬਸੂਰਤ ਸੀ, ਜਵਾਨ ਸੀ ਤੇ ਬਹਾਦਰ ਸੀ। ਉਹ ਅਜੋਕੇ ਯੁੱਗ ਦੇ ਆਦਮੀਆਂ ਵਰਗਾ ਪੈਂਤੜੇਬਾਜ਼, ਸਵਾਰਥੀ, ਕਪਟੀ ਤੇ ਧੋਖੇਬਾਜ਼ ਨਹੀਂ ਸੀ। ਉਸਦਾ ਮਨ ਜਲ ਵਾਂਗ ਨਿਰਮਲ ਸੀ। ਪਰ ਉਹ ਪਿਆਰ ਨੂੰ ਨਹੀਂ ਸਮਝ ਸਕਦਾ ਸੀ। ਉਹ ਉਸਦੇ 'ਸਰਕਿਟ' ਵਿੱਚ ਪਿਆਰ ਦਾ ਸੰਚਾਰ ਕਿਵੇਂ ਕਰੇਗੀ? ਨਹੀਂ  ...  ਇੱਕਦਮ ਉਸਦੇ ਅੰਦਰ ਜੋਸ਼ ਜਿਹਾ ਉੱਠਿਆ  ...  ਪਿਆਰ ਤਾਂ ਆਪਣੇ ਆਪ ਪੈਦਾ ਹੁੰਦਾ ਹੈ! ਪਿਆਰ ਤਾਂ ਇੱਕ ਰੂਹਾਨੀ ਇਲਮ ਏ। ਪਰ ਉਹ ਇੱਕ ਕੋਸ਼ਿਸ਼ ਜ਼ਰੂਰ ਕਰੇਗੀ। 


ਫੇਰ ਉਹ ਆਪਣੀ ਕਾਰ 'ਚ ਬੈਠ ਕੇ ਅਖਬਾਰ ਦੇ ਦਫ਼ਤਰ ਪੁੱਜੀ।  ਉਸਨੇ ਚੀਫ਼ ਨੂੰ ਆਪਣੀ ਰਿਪੋਰਟ ਦਿੱਤੀ।  ਚੀਫ਼ ਨੇ ਅੱਜ ਉਸਨੂੰ ਛੁੱਟੀ ਦੇ ਦਿੱਤੀ ਸੀ ਤਾਂ ਜੋ ਉਹ ਅਰਾਮ ਕਰ ਸਕੇ। ਉਹ ਆਪਣੀ ਕਾਰ ਵਿੱਚ ਬੈਠ ਕੇ ਉੰਝ ਹੀ ਕਾਫ਼ੀ ਦੇਰ ਸ਼ਹਿਰ ਦੀਆਂ ਸੜਕਾਂ ਤੇ ਘੁੰਮਦੀ ਰਹੀ। ਫੇਰ ਉਹ ਥੋੜੀ ਦੇਰ ਵਾਸਤੇ ਤਜ਼ਾਦਮ ਹੋਣ ਲਈ, ਆਪਣੇ ਮਨਪਸੰਦ ਹੋਟਲ 'ਗ਼ਜ਼ਲ' ਵਿੱਚ ਆ ਗਈ। ਜਦ ਉਸਨੇ ਹਾਲ ਵਿੱਚ ਬੈਠੇ ਵਿਅਕਤੀਆਂ ਤੇ ਨਜ਼ਰ ਸੁੱਟੀ ਤਾਂ ਅਜੇ ਨੂੰ ਦੇਖ ਕੇ ਉਸਦਾ ਦਿਲ ਖ਼ੁਸ਼ੀ 'ਚ ਜ਼ੋਰ ਨਾਲ਼ ਧੜਕਣ ਲੱਗਿਆ। ਅਜੇ ਇੱਕਲਾ ਹੀ ਇੱਕ ਕੋਨੇ 'ਚ ਬੈਠਾ ਜੂਸ ਪੀ ਰਿਹਾ ਸੀ। 

ਉਹ ਉਸਦੇ ਕੋਲ਼ ਜਾ ਕੇ ਬੋਲੀ - 'ਹੈਲੋ, ਅਜੇ  ...!'

ਅਜੇ ਨੇ ਉਸ ਵੱਲ੍ਹ ਨੂੰ ਵੇਖਿਆ ਤੇ ਇੱਕ ਦਮ ਉਸਨੂੰ ਪਹਿਚਾਣਦਿਆਂ ਬੋਲਿਆ - 'ਹੈਲੋ, ਮਰਿਚਿਕਾ!'

'ਕੀ ਮੈਂ ਬੈਠ ਸਕਦੀ ਹਾਂ?'

'ਕਿਓਂ ਨਹੀਂ  ... ।'

ਉਹ ਅਜੇ ਦੇ ਸਾਹਮਣੇ ਪਈ ਕੁਰਸੀ 'ਤੇ ਬੈਠ ਗਈ। 

'ਕੀ ਇੱਥੇ ਕੋਈ ਕੰਮ ਆਇਆ ਏਂ?'

'ਨਹੀਂ, ਮੈਨੂੰ ਘੁੰਮਣ ਫਿਰਨ ਦੀ ਖੁੱਲ੍ਹ ਹੈ। ਤਾਂ ਜੋ ਮੈਂ ਸ਼ਹਿਰ ਵਿੱਚ ਘੁੰਮ ਸਕਾਂ ਤੇ ਕਿਸੇ ਖ਼ਾਸ ਚੀਜ਼ ਤੇ ਘਟਨਾ ਨੂੰ ਆਪਣੇ ਮਸਤਕ ਵਿੱਚ ਰਿਕਾਰਡ ਕਰਾਂ। '

'ਉਹ! ਇਹ ਚੰਗੀ ਗੱਲ ਹੈ, ਤੇਰੀ 'ਯਾਦ-ਸ਼ਕਤੀ' ਤਾਂ ਬਹੁਤ ਤੇਜ਼ ਹੋਣੀ ਏ।'

'ਹਾਂ, ਕੁਦਰਤੀ ਹੀ। '

ਮਰਿਚਿਕਾ ਨੇ ਉਸਨੂੰ ਧਿਆਨ ਨਾਲ਼ ਦੇਖਿਆ। ਉਸਦੇ ਚਿਹਰੇ ਤੇ ਕੋਈ ਖ਼ਾਸ ਰੰਗ ਨਹੀਂ ਸੀ। ਭਾਵਨਾਵਾਂ ਤੋਂ ਰਹਿਤ ਇਨਸਾਨ, ਅਜੀਬ, ਅਜੀਬ! ਕੀ ਸੱਚਮੁੱਚ ਉਹ ਭਾਵਨਾਵਾਂ ਤੋਂ ਰਹਿਤ ਹੋਵੇਗਾ?

'ਵੈਸੇ ਤਾਂ ਮੈਨੂੰ ਸ਼ਹਿਰ ਵਾਰੇ ਹੀ ਨਹੀਂ, ਸਗੋਂ ਪੂਰੀ ਦੁਨੀਆਂ ਵਾਰੇ ਸਭ ਕੁੱਝ ਪਤਾ ਏ। ਇਸ ਸ਼ਹਿਰ ਦਾ ਤਾਂ ਸਾਰਾ ਨਕਸ਼ਾ ਹੀ ਇੰਨ-ਬਿੰਨ ਮੇਰੇ ਮਸਤਕ 'ਚ ਵਸਿਆ ਹੋਇਆ ਏ।' ਅਜੇ ਕਹਿ ਰਿਹਾ ਸੀ। 

'ਤੈਨੂੰ ਇਹ ਸ਼ਹਿਰ ਕਿਹੋ ਜਿਹਾ ਮਹਿਸੂਸ ਹੁੰਦਾ ਏ?'

'ਮਹਿਸੂਸ!?' ਉਹ ਕੁੱਝ ਦੇਰ ਖ਼ਾਮੋਸ਼ ਰਿਹਾ। ਉਸਨੇ ਆਪਣੇ ਮਸਤਕ ਨਾਲ਼ ਸੰਬੰਧ ਕੀਤਾ ਤੇ ਫੇਰ ਬੋਲਿਆ -

'ਇਹ ਸ਼ਹਿਰ ਦੇਖਣ ਵਿੱਚ ਸੁੰਦਰ ਹੈ। ਆਧੁਨਿਕ ਸਭਿਅਤਾ ਦਾ ਕੇਂਦਰ। ਇੱਥੋਂ ਦੇ ਲੋਕ ਚੰਗੇ ਵੀ ਹਨ ਤੇ ਬੁਰੇ ਵੀ ਹਨ। '

'ਚੰਗੇ-ਬੁਰੇ! ਕਿਸ ਤਰ੍ਹਾਂ ਦੇ?'

'ਜਿੱਥੋਂ ਤੱਕ ਮੈਨੂੰ ਪਤਾ ਹੈ - ਜਿਹੜੇ ਵਿਅਕਤੀ ਕੁਦਰਤ ਦੇ ਬਣਾਏ ਅਸੂਲਾਂ ਤੇ ਚੱਲਦੇ ਹਨ, ਉਹ ਚੰਗੇ ਹਨ। ਉਹ ਕਿਸੇ ਦੀ ਹੱਤਿਆ ਨਹੀਂ ਕਰਦੇ, ਕਿਸੇ ਦਾ ਘਰ ਨਹੀਂ ਖੋਂਹਦੇ। ਕਿਸੇ ਨਿਰਦੋਸ਼ ਨੂੰ ਤੰਗ ਨਹੀਂ ਕਰਦੇ। ਉਹ ਚੰਗੇ ਹਨ ਤੇ ਉਸਦੇ ਉਲਟ ਬੁਰੇ ਆਦਮੀ ਹਨ। ਗਰੀਬਾਂ ਤੇ ਮਜ਼ਲੂਮਾਂ ਨੂੰ ਤੰਗ ਕਰਨ ਵਾਲ਼ੇ !'

ਮਰਿਚਿਕਾ ਕਾਫ਼ੀ ਹੈਰਾਨ ਹੋਈ.ਉਸਨੇ ਅਜੇ ਦੇ ਚਿਹਰੇ ਨੂੰ ਗੌਰ ਨਾਲ਼ ਵੇਖਿਆ। ਉਹ ਕਾਫ਼ੀ ਖੂਬਸੂਰਤ ਬਣਾਇਆ ਗਿਆ ਸੀ - ਕਿਸੇ ਮੂਰਤੀ ਵਰਗਾ! ਮੂਰਤੀ! ਹਾਂ ਅਜੇ ਇੱਕ ਮੂਰਤੀ ਹੀ ਤਾਂ ਸੀ-ਚੱਲਦੀ ਫਿਰਦੀ ਮੂਰਤੀ। ਤੇ ਅਕਸਰ ਸਭ ਮੂਰਤੀਆਂ ਹੀ ਸੁੰਦਰ ਹੁੰਦੀਆਂ ਹਨ। ਉਸਨੂੰ ਅਜੇ ਹੋਰ ਵੀ ਜ਼ਿਆਦਾ ਖੂਬਸੂਰਤ ਲੱਗਿਆ। ਉਸਨੇ ਅੱਜ ਅਜੇ ਦੇ ਵਿਹਾਰ ਵਿੱਚ ਕੱਲ੍ਹ ਵਰਗੀ ਕਠੋਰਤਾ ਮਹਿਸੂਸ ਨਹੀਂ ਸੀ ਕੀਤੀ। ਅੱਜ ਉਸਨੂੰ ਅਜੇ ਵਿੱਚ ਤਬਦੀਲੀ ਨਜ਼ਰ ਆਈ। 

'ਤੂੰ ਕੱਲ੍ਹ ਤਾਂ ਮੇਰੇ ਨਾਲ਼ ਠੀਕ ਤਰ੍ਹਾਂ ਨਹੀਂ ਬੋਲਿਆ ਸੀ। ਪਰ ਅੱਜ ਬਹੁਤ ਚੰਗਾ ਬੋਲ ਰਿਹਾ ਏਂ। ਇਸਦਾ ਕਾਰਣ?' ਉਸਨੇ ਸਿੱਧਾ ਸਵਾਲ ਪੁੱਛਿਆ। 

ਉਹ ਗੰਭੀਰ ਹੁੰਦਿਆਂ ਬੋਲਿਆ - 'ਕੱਲ੍ਹ, ਮੈਨੂੰ ਆਪਣੇ ਕੰਟਰੋਲਰ ਤੋਂ ਕੁੱਝ ਅਜਿਹੇ ਹੀ ਨਿਰਦੇਸ਼ ਸਨ। ਵੈਸੇ ਵੀ ਕੱਲ੍ਹ ਮੈਂ ਇੱਕ ਖ਼ਾਸ ਫ਼ਰਜ਼ ਨਿਭਾ ਰਿਹਾ ਸੀ। ਕੰਮ ਵੇਲੇ ਮੈਂ ਆਪਣੇ ਕੰਮ ਤੱਕ ਹੀ ਸੀਮਿਤ ਰਹਿੰਦਾ ਹਾਂ। ਹੁਣ ਮੈਂ ਵਿਹਲਾ ਹਾਂ ਤੇ ਵਿਹਲੇ ਸਮੇਂ ਮੈਂ ਅਕਸਰ 'ਖ਼ੁਸ਼' ਹੀ ਰਹਿੰਦਾ ਹਾਂ। ਦਰਅਸਲ ਹਰੇਕ ਗੱਲ ਮੇਰੇ ਇਖ਼ਤਿਆਰ ਵਿੱਚ ਨਹੀਂ ਏ। ਮੈਂ ਵੀ ਇਨਸਾਨ ਵਾਂਗ ਸੀਮਿਤ ਹਾਂ। ਪਰ ਮੇਰੇ ਵਿੱਚ ਇੱਕ ਇਨਸਾਨ ਤੋਂ ਵੱਧ ਯੋਗਤਾਵਾਂ ਹਨ।'

'ਵੈਸੇ ਕੀ ਮੈਂ ਤੇਰਾ ਮਿਸ਼ਨ ਪੁੱਛ ਸਕਦੀ ਹਾਂ?'

'ਕਿਓਂ ਨਹੀਂ  ... ਮੇਰਾ ਨਿਰਮਾਣ ਇਨਸਾਨ ਦੀ ਮਦਦ ਵਾਸੇ ਤੇ ਇਨਸਾਨੀਅਤ ਦੇ ਭਲੇ ਵਾਸਤੇ ਕੀਤਾ ਗਿਆ ਹੈ। ਕਿਸੇ ਬੇਸਹਾਰਾ ਇਨਸਾਨ ਦੀ ਸਹਾਇਤਾ ਕਰਨਾ ਮੇਰਾ ਪ੍ਰਮੁੱਖ ਕੰਮ ਹੈ। ਮੇਰਾ ਮਿਸ਼ਨ ਇੱਥੇ ਫੈਲੇ ਗ਼ਲਤ ਤੱਤਾਂ ਦਾ ਵਿਨਾਸ਼ ਕਰਕੇ, ਇੱਕ ਆਦਰਸ਼ਕ ਦੁਨੀਆਂ ਸਿਰਜਣ ਵਿੱਚ ਸਹਾਇਤਾ ਕਰਨਾ ਹੈ।'

ਉਸਦਾ ਚਿਹਰਾ ਸਪਾਟ ਸੀ - ਭਾਵਰਹਿਤ। ਕੀ ਉਹ ਸੱਚਮੁੱਚ ਭਾਵਰਹਿਤ ਸੀ? ਇਨਸਾਨੀਅਤ ਦਾ ਭਲਾ  ... ਕੀ ਕਿਸੇ ਭਾਵਰਹਿਤ ਇਨਸਾਨ ਦੇ ਵੱਸ ਦੀ ਗੱਲ ਸੀ? ਨਹੀਂ ਉਹ ਭਾਵਰਹਿਤ ਨਹੀਂ ਹੋ ਸਕਦਾ। 

'ਕਿਓਂ ਨਾ ਅਸੀਂ ਹੋਟਲ ਤੋਂ ਬਾਹਰ ਚੱਲੀਏ ਖੁੱਲ੍ਹੀ ਫ਼ਿਜ਼ਾ ਵਿੱਚ।' ਮਰਿਚਿਕਾ ਨੇ ਕਿਹਾ। 

'ਹਾਂ, ਮੇਰੇ ਕੋਲ਼ ਇੱਕ ਘੰਟੇ ਦਾ ਸਮਾਂ ਹੈ। ਇੱਕ ਘੰਟੇ ਬਾਅਦ ਮੈਂ ਆਪਣੇ ਠਿਕਾਣੇ ਜਾਣਾ ਹੈ। ਉਦੋਂ ਤੱਕ ਮੈਂ ਵਿਹਲਾ ਹਾਂ।'

ਮਰਿਚਿਕਾ ਤੇ ਉਹ ਹੋਟਲ ਤੋਂ ਬਾਹਰ ਆ ਗਏ। ਮਰਿਚਿਕਾ ਨੇ ਉਸਨੂੰ ਆਪਣੀ ਕਾਰ ਵਿੱਚ ਬਿਠਾ ਲਿਆ। 

'ਕੀ ਅਸੀਂ ਸ਼ਹਿਰ ਤੋਂ ਬਾਹਰ ਚੱਲੀਏ?'

'ਠੀਕ ਹੈ, ਪਰ ਇੱਕ ਘੰਟੇ ਬਾਅਦ...'

'ਓਹ ਹੋ! ਅੱਛਾ ਬਾਬਾ ਠੀਕ ਹੈ।'

ਉਹ ਤੇਜ਼ੀ ਨਾਲ਼ ਕਾਰ ਚਲਾਉਂਦੀ ਹੋਈ, ਸ਼ਹਿਰ ਤੋਂ ਬਾਹਰ ਉੱਥੇ ਆ ਗਈ, ਜਿੱਥੇ ਉਹ ਆਪਣੇ ਵਿਹਲੇ ਵਕਤ ਆਉਂਦੀ ਸੀ। ਇਹ ਜਗ੍ਹਾ ਮੁੱਖ -ਸੜਕ ਤੋਂ ਹਟ ਕੇ ਸੀ - ਇੱਥੋਂ ਪਿੰਡਾਂ ਵੱਲ੍ਹ ਦੇ ਹਰੇ-ਭਰੇ ਖੇਤ ਸ਼ੁਰੂ ਹੋ ਜਾਂਦੇ ਸੀ। ਉਹਨਾਂ ਖੇਤਾਂ ਨੂੰ ਸਿੰਜਣ ਵਾਲ਼ੀ ਨਦੀ ਵਗਦੀ ਸੀ - ਜਿਸਦਾ ਜਲ, ਮੁਗਧ ਸ਼ੋਰ ਪਾਉਂਦਾ ਸੀ। 

ਉਹ ਕਾਰ 'ਚੋਂ ਉੱਤਰ ਗਏ। ਉਸਨੇ ਅਜੇ ਨੂੰ ਨਦੀ ਦੇ ਕੰਢੇ ਬਿਠਾ ਲਿਆ। 

'ਦੇਖ, ਅਜੇ ਇਹ ਪਾਣੀ ਕਿੰਨਾ ਠੰਡਾ ਤੇ ਮਿੱਠਾ ਹੈ! ਉਹ ਖੇਤ ਕਿੰਨੇ ਹਰੇ-ਭਰੇ ਹਨ। ਇਹ ਹਰਿਆਲੀ ਇਸ ਮਿੱਠੇ ਪਾਣੀ ਕਰਕੇ ਹੀ ਹੈ। ਇਹ ਮਿੱਠਾ ਪਾਣੀ, ਉਹਨਾਂ ਪੌਦਿਆਂ ਵਿੱਚ ਜੀਵਨ ਦੀ ਅਨੋਖੀ ਲਹਿਰ ਦਾ ਸੰਚਾਰ ਕਰਦਾ ਹੈ।ਹਰੇ-ਭਰੇ ਖੇਤ ਅੱਖਾਂ ਨੂੰ ਸੁਕੂਨ ਦਿੰਦੇ ਹਨ।'

'ਇਹ ਸਭ ਠੀਕ ਹੈ। ਖੇਤਾਂ ਵਿੱਚ ਉੱਗਣ ਵਾਲ਼ੀ ਫ਼ਸਲ ਤਾਂ ਹੀ ਉੱਗੀ ਹੈ, ਜੇ ਇਸਨੂੰ ਪਾਣੀ ਮਿਲਿਆ ਹੈ। ਮੈਂ ਇਹ ਸਭ ਕੁੱਝ ਜਾਣਦਾ ਹਾਂ। ਇਸ ਭੌਤਿਕ ਸੰਸਾਰ ਦਾ ਇਹ ਇੱਕ ਨਿਯਮ ਹੈ - ਪਹਿਲਾਂ ਬੀਜ ਹੁੰਦਾ ਹੈ - ਉਸਨੂੰ ਜਦ ਉਪਯੁਕਤ ਵਾਤਾਵਰਣ ਤੇ ਸੰਭਾਲ ਮਿਲ਼ਦੀ ਹੈ, ਫੇਰ ਉਹ ਬੀਜ ਛੋਟਾ ਪੌਦਾ ਤੇ ਉਸਤੋਂ ਬਾਅਦ ਫਲ਼ ਦੇਣ ਵਾਲ਼ਾ ਦਰਖ਼ਤ ਬਣਦਾ ਹੈ। ਇਸ ਨੂੰ ਅਸੀਂ ਜੀਵ-ਵਿਗਿਆਨ ਵਿੱਚ ਪੜ੍ਹਦੇ ਹਾਂ।'

'ਓਹ ਨਹੀਂ, ਬਾਬਾ ! ਕੀ ਤੂੰ ਇਹ ਮਹਿਸੂਸ ਨਹੀਂ ਕਰਦਾ ਕਿ ਇਹ ਸਭ ਕੁੱਝ ਦਿਲ ਨੂੰ ਕਿੰਨੀ ਠੰਡਕ ਤੇ ਅਰਾਮ ਪਹੁੰਚਾਉਂਦਾ ਹੈ। ਮਨ ਨੂੰ ਕਿੰਨਾ ਖੇੜਾ ਮਿਲ਼ਦਾ ਹੈ! ਇੱਥੇ ਆ ਕੇ ਮੈਂ ਸਭ ਕੁੱਝ ਭੁੱਲ ਜਾਂਦੀ ਹਾਂ। ਕੁਦਰਤ ਦੀ ਅਜੀਬ ਸੁੰਦਰਤਾ  ... ਤਾਜ਼ੀ, ਠੰਡੀ ਹਵਾ - ਸ਼ਹਿਰ ਦੀ ਮਕੈਨੀਕਲ ਦੁਰਗੰਧ ਤੋਂ ਦੂਰ!'

'ਇਹ ਠੀਕ ਹੈ ਕਿ ਇਹ ਜਗ੍ਹਾ ਸੁੰਦਰ ਹੈ। ਪਰ ਜੋ ਕੁੱਝ ਤੂੰ ਆਖ ਰਹੀ ਏਂ, ਇਹ ਸਭ ਕੁੱਝ ਮੇਰੀ ਸਮਝ ਤੋਂ ਬਾਹਰ ਹੈ। ਮੇਰੇ ਸਰਕਿਟ ਵਿੱਚ ਅਜਿਹੀਆਂ ਗੱਲਾਂ ਵਾਰੇ ਕੋਈ ਟਿੱਪਣੀ ਨਹੀਂ ਹੈ ... ।'

'ਕੀ ਤੈਨੂੰ ਪਿਆਰ ਵਾਰੇ ਕੁੱਝ ਨਹੀਂ ਪਤਾ?' ਮਰਿਚਿਕਾ ਰਤਾ ਝਿਜਕਦਿਆਂ ਬੋਲੀ। 

'ਪਿਆਰ  ... ਇਹ ਸ਼ਬਦ ਮੈਨੂੰ ਦੱਸਿਆ ਗਿਆ ਹੈ। ਭੌਤਿਕ ਸੰਸਾਰ ਵਿੱਚ ਵਸਣ ਵਾਲ਼ੇ ਲੋਕ ਜਾਂ ਜੀਵ ਇੱਕ-ਦੂਸਰੇ ਨੂੰ ਪਿਆਰ ਕਰਦੇ ਹਨ। ਪਰ ਮੈਨੂੰ ਕਿਸੇ ਵੀ ਵਸਤੂ ਦਾ ਉਪਭੋਗ ਕਰਨ ਲਈ ਨਹੀਂ ਕਿਹਾ ਗਿਆ। ਇਹੋ ਜਿਹੀਆਂ ਗੱਲਾਂ ਮੇਰੇ ਲਈ ਨਹੀਂ ਹਨ - ਅਜਿਹਾ ਆਖਿਆ ਗਿਆ ਹੈ। ਮੇਰਾ ਨਿਰਮਾਣ ਕਿਸੇ ਹੋਰ ਮਿਸ਼ਨ ਵਾਸਤੇ ਹੋਇਆ ਹੈ, ਉਹ ਮਿਸ਼ਨ ਮੈਂ ਤੈਨੂੰ ਦੱਸ ਚੁੱਕਾ ਹਾਂ। '

'ਹਾਂ  ...ਕੀ ਉਹ ਮਿਸ਼ਨ ਵੀ ਪਿਆਰ ਦਾ ਇੱਕ ਰੂਪ ਨਹੀਂ? ਜੇ ਤੂੰ ਮਾਨਵਤਾ ਦਾ ਭਲਾ ਕਰਨ ਵਾਸਤੇ ਵਿਚਰ ਰਿਹਾ ਏਂ ਤਾਂ ਕੀ ਉਹ ਪਿਆਰ ਨਹੀਂ ਹੈ?'

'ਹੋ ਸਕਦਾ ਹੈ, ਪਰ ਮੇਰੇ ਸਰਕਿਟ ਵਿੱਚ ਇਸ ਤਰ੍ਹਾਂ ਨਹੀਂ ਹੈ।'

'ਕੀ ਤੈਨੂੰ ਕੋਈ ਖ਼ਾਸ ਚੀਜ਼ ਜ਼ਿਆਦਾ ਚੰਗੀ ਤੇ ਸੁੰਦਰ ਨਹੀਂ ਲਗਦੀ - ਹੋਰ ਚੀਜ਼ਾਂ ਦੇ ਮੁਕਾਬਲੇ? ਜਿਵੇਂ ਕੋਈ ਤੇਰੇ ਵਰਗੀ ਔਰਤ ਰੋਬਟ ਜਾਂ ਮਨੁੱਖੀ ਔਰਤ ... ।'

'ਨਹੀਂ, ਮੇਰੇ ਸਰਕਿਟ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਮੈਂ ਉਸੇ ਚੀਜ਼ ਨੂੰ ਚੰਗਾ ਸਮਝਾਂ ਜੋ ਉਸਾਰੂ ਕੰਮ ਕਰਦੀ ਹੈ। ਭੌਤਿਕ-ਸੁੰਦਰਤਾ ਜਾਂ ਸਰੀਰ ਦੀ ਬਾਹਰੀ ਸੁੰਦਰਤਾ ਤਾਂ ਇਨਸਾਨਾਂ ਵਾਸਤੇ ਹੈ। ਮੈਨੂੰ ਇਸਦੇ ਉਪਭੋਗ ਦਾ ਹੱਕ ਨਹੀਂ ਹੈ।'

'ਤੂੰ ਵੀ ਤਾਂ ਇੱਕ ਇਨਸਾਨ  ... ਮੇਰਾ ਮਤਲਬ ਇਨਸਾਨਾਂ ਵਰਗਾ ਏਂ? ਤੈਨੂੰ ਫਿਰ ਇਨਸਾਨਾਂ ਵਰਗੀ ਜ਼ਿੰਦਗੀ ਜਿਉਣ ਦਾ ਹੱਕ ਕਿਓਂ ਨਹੀਂ। ਆਖਿਰ ਤੂੰ ਵੀ ਸੁਤੰਤਰ-ਸੋਚ ਸਕਦਾ ਏਂ।'

'ਉਹ ਤਾਂ ਠੀਕ ਹੈ, ਪਰ ਫੇਰ ਵੀ ਮੈਂ ਇਨਸਾਨਾਂ ਤੋਂ ਵੱਧ ਹਾਂ। ਮੈਂ ਕਈ ਵਾਰ ਵਹਿਸ਼ੀ ਹੋ ਜਾਂਦਾ ਹਾਂ। ਮੇਰੀ ਯੋਗਤਾ, ਜ਼ਰੂਰਤ ਤੇ ਸਮਰੱਥਾ ਆਮ ਇਨਸਾਨਾਂ ਨਾਲ਼ੋਂ ਵੱਖਰੀ ਤੇ ਜ਼ਿਆਦਾ ਹੈ। ਮੈਂ ਉਹਨਾਂ ਤੋਂ ਭਿੰਨ ਹਾਂ। '

'ਕੀ ਤੂੰ ਮੈਨੂੰ ਪਸੰਦ ਕਰਦਾ ਏਂ?' ਮਰਿਚਿਕਾ ਨੇ ਪੁੱਛਿਆ। ਉਸਨੇ ਆਪਣੇ ਇਸ ਪ੍ਰਸ਼ਨ ਦਾ ਉੱਤਰ ਤੇ ਪ੍ਰਤੀਕਰਮ ਦੇਖਣ ਲਈ ਉਸਦੀਆਂ ਅੱਖਾਂ ਵਿੱਚ ਝਾਂਕਿਆ। 

ਅਜੇ ਦੀਆਂ ਅੱਖਾਂ ਵਿੱਚ ਜਲਣ ਵਾਲ਼ੀ ਰੌਸ਼ਨੀ ਥੋੜੀ ਫਿੱਕੀ ਜਿਹੀ ਪਈ ਤੇ ਫੇਰ ਇੱਕਦਮ ਤੇਜ਼ ਹੋ ਗਈ। 

'ਤੂੰ ਪ੍ਰੋਫ਼ੈਸਰ ਬਲਬੀਰ ਦੀ ਦੋਸਤ ਏਂ। ਤੇਰੀ ਜ਼ਿੰਦਗੀ ਦੇ ਕੰਮ ਬੜੇ ਉਸਾਰੂ ਹਨ,  ਤੂੰ ਆਪਣੀਆਂ ਲਿਖਤਾਂ ਵਿੱਚ ਸਚਾਈ ਲਿਖਦੀਂ ਏਂ। ਇਸ ਕਰਕੇ ਤੂੰ ਚੰਗੀ ਏਂ ਤੇ ਮੈਨੂੰ ਵੀ ਚੰਗੀ ਲਗਦੀ ਏਂ!'

ਮਰਿਚਿਕਾ ਨੇ ਸਾਹ ਜਿਹਾ ਛੱਡਿਆ। ਸੱਚਮੁੱਚ, ਅਹਿਸਾਸਾਂ ਦੇ ਸਮੁੰਦਰ ਤੋਂ ਉਹ ਅਜੇ ਅਣਜਾਣ ਹੀ ਸੀ। 

ਅਜੇ ਦੇ ਮਸਤਕ ਨੇ ਸਮੇਂ ਦੇ ਵਾਰੇ ਸੰਦੇਸ਼ ਭੇਜਿਆ। 

'ਹੁਣ ਸਮਾਂ ਹੋ ਗਿਆ ਹੈ। ਸਾਨੂੰ ਵਾਪਿਸ ਚੱਲਣਾ ਚਾਹੀਦਾ ਹੈ। '

'ਠੀਕ ਹੈ। ਅਜੇ, ਜੇ ਤੈਨੂੰ ਬੁਰਾ ਨਾ ਲੱਗੇ ਤਾਂ ਮੈਂ ਕੱਲ੍ਹ ਨੂੰ ਵੀ ਤੈਨੂੰ ਮਿਲ਼ ਸਕਦੀ ਹਾਂ? ਤੇਰੇ ਵਿਹਲੇ ਸਮੇਂ ਦੌਰਾਨ।'

'ਹਾਂ  ਹਾਂ, ਕਿਓਂ ਨਹੀਂ।' ਉਹ ਮੁਸਕਰਾਉਂਦਿਆਂ ਹੋਈਆਂ ਬੋਲਿਆ - 'ਪਰ ਹੁਣ ਸਾਨੂੰ ਚੱਲਣਾ ਚਾਹੀਦਾ ਹੈ। '

ਉਸਨੇ ਅਜੇ ਨੂੰ ਸ਼ਹਿਰ 'ਚ ਇੱਕ ਜਗ੍ਹਾ ਉਤਾਰ ਦਿੱਤਾ। ਅਜੇ ਚਾਹੁੰਦਾ ਸੀ ਕਿ ਉਸਨੂੰ ਸ਼ਹਿਰ ਦੇ ਵਿੱਚ ਹੀ ਉਤਾਰ ਦਿੱਤਾ ਜਾਵੇ। ਆਪਣੇ ਹੈਡ-ਕੁਆਰਟਰ ਉਹ ਇੱਕਲਾ ਹੀ ਜਾਣਾ ਚਾਹੁੰਦਾ ਸੀ। 

ਜਦੋਂ ਉਹ ਜਾਣ ਲੱਗਿਆ ਤਾਂ ਉਹ ਬੋਲੀ - 'ਅਜੇ, ਤੂੰ ਮੈਨੂੰ ਬਹੁਤ ਪਿਆਰਾ ਲਗਦਾ ਏਂ! ਮੈਂ ਤੈਨੂੰ ਪਸੰਦ ਕਰਦੀ ਹਾਂ।'

ਅਜੇ ਨੇ ਸਿਰਫ਼ ਅੱਖਾਂ ਝਮੱਕੀਆਂ। ਅੱਖਾਂ ਝਮੱਕਦਾ ਹੋਇਆ ਉਹ ਭੌਂਦੂ ਜਿਹਾ ਲਗਦਾ ਸੀ। ਪਰ ਮਰਿਚਿਕਾ ਨੂੰ ਉਹ ਬੜਾ ਪਿਆਰਾ ਲੱਗਿਆ। 

ਫੇਰ ਅਜੇ ਉੱਥੋਂ ਟੁਰ ਆਇਆ। ਉਸਦੇ ਅੰਦਰੂਨੀ ਸਰਕਿਟ ਵਿੱਚ ਅਨੇਕਾਂ ਨਵੇਂ ਪ੍ਰਸ਼ਨ ਉੱਠ ਖੜੇ ਹੋਏ ਸੀ - ਜਿਨ੍ਹਾਂ ਦਾ ਉਸਦੇ ਮਸਤਕ ਵਿੱਚ ਕੋਈ ਜਵਾਬ ਨਹੀਂ ਸੀ। ਉਸਨੇ ਇਹ ਸਭ ਕੁੱਝ ਆਪਣੇ ਕੰਟਰੋਲਰ ਤੋਂ ਪੁੱਛਣ ਦਾ ਫ਼ੈਸਲਾ ਕੀਤਾ। 

****

ਇਸ ਤਰ੍ਹਾਂ ਅਜੇ ਤੇ ਮਰਿਚਿਕਾ ਲੱਗਭੱਗ ਹਰ ਰੋਜ਼ ਮਿਲਣ ਲੱਗੇ। ਹੁਣ ਉਹ 'ਗ਼ਜ਼ਲ' ਹੋਟਲ ਵਿੱਚ ਇੱਕਲੇ ਇੱਕਲੇ ਨਹੀਂ ਆਉਂਦੇ ਸਨ। ਹੋਟਲ ਵਿੱਚ ਕੁੱਝ ਸਮਾਂ ਬਿਤਾ ਕੇ ਉਹ ਅਕਸਰ ਹੀ ਸ਼ਹਿਰ ਤੋਂ ਬਾਹਰ ਚਲੇ ਜਾਂਦੇ ਸੀ। ਕਦੇ ਹਰੇ-ਭਰੇ ਖੇਤਾਂ ਤੇ ਨਦੀ ਵਾਲ਼ੀ ਜਗ੍ਹਾ, ਤੇ ਕਦੇ ਕਿਤੇ ਹੋਰ ਜਗ੍ਹਾ। ਮਰਿਚਿਕਾ ਉਸ ਨਾਲ਼ ਅਨੇਕਾਂ ਗੱਲਾਂ ਕਰਦੀ ਸੀ। ਉਹ ਵੀ ਬਹੁਤ ਗੱਲਾਂ ਕਰਦਾ ਸੀ। ਹੁਣ ਉਹ ਮਰਿਚਿਕਾ ਨਾਲ਼ ਕਦੇ ਵੀ ਕਠੋਰਤਾ ਭਰਿਆ ਵਿਵਹਾਰ ਨਹੀਂ ਕਰਦਾ ਸੀ, ਹਰ ਵਕਤ ਸਲੀਕੇ ਨਾਲ਼ ਪੇਸ਼ ਆਉਂਦਾ ਸੀ। ਉਸਦੀ ਸੋਚ ਇੰਨੀ ਕੁ ਸੁਤੰਤਰ ਤਾਂ ਸੀ ਹੀ! ਉਸਦਾ ਵਿਹਲਾ ਸਮਾਂ ਹੁਣ ਮਰਿਚਿਕਾ ਨਾਲ਼ ਹੀ ਬੀਤਦਾ ਸੀ। ਉਸਦੇ ਮਸਤਕ ਵਿੱਚ ਬੇਅੰਤ ਜਾਣਕਾਰੀਆਂ ਸਨ - ਉਹ ਲੱਗਭੱਗ ਹਰੇਕ ਵਿਸ਼ੇ ਤੇ ਗੱਲਬਾਤ ਕਰ ਸਕਦਾ ਸੀ। ਮਰਿਚਿਕਾ ਵੀ ਇੱਕ ਪੱਤਰਕਾਰ ਹੋਣ ਕਰਕੇ ਕਾਫ਼ੀ ਕੁੱਝ ਜਾਣਦੀ ਸੀ। ਉਹ ਦੋਵੇਂ ਖੂਬ ਗੱਲਾਂ ਕਰਦੇ ਸਨ - ਦੁਨੀਆਂ ਵਾਰੇ, ਵਿਗਿਆਨ ਵਾਰੇ ਤੇ ਹੋਰ ਅਨੇਕਾਂ ਵਿਸ਼ਿਆਂ ਤੇ। ਪਰ ਉਹ ਧਰਮ ਤੇ ਰਾਜਨੀਤੀ ਵਾਰੇ ਬੜੀ ਘੱਟ ਗੱਲ ਕਰਦਾ ਸੀ। ਉਹ ਇਹ ਤਾਂ ਦੱਸ ਸਕਦਾ ਸੀ ਕਿ ਕਿਹੜੇ ਦੇਸ਼ ਵਿੱਚ ਕਿਹੜਾ ਧਰਮ ਕਿੰਨਾ ਕੁ ਮੰਨਿਆ ਜਾਂਦਾ ਹੈ ਤੇ ਉੱਥੋਂ ਦੀ ਸ਼ਾਸ਼ਨ ਪ੍ਰਣਾਲੀ ਕਿਹੋ ਜਿਹੀ ਹੈ - ਪਰ ਇਸ ਵਿਸ਼ੇ ਤੇ ਉਹ ਇੱਕ ਆਮ ਸੰਵੇਦਨਸ਼ੀਲ ਮਨੁੱਖ ਵਾਂਗ ਬਹਿਸ ਨਹੀਂ ਕਰ ਸਕਦਾ ਸੀ। ਉਹ ਵਿਚਾਰਾ ਤਾਂ ਇੱਕ ਸਿੱਧਾ ਜਿਹਾ, ਸਪਸ਼ਟ ਜਿਹਾ ਮਸ਼ੀਨੀ ਮਾਨਵ ਸੀ। ਉਹ ਧਰਮ ਤੇ ਰਾਜਨੀਤੀ ਦੇ ਕੋਝੇ ਹੱਥਕੰਡਿਆਂ ਵਾਰੇ ਕਿਵੇਂ ਜਾਣ ਸਕਦਾ ਸੀ?

ਹੁਣ ਉਹਨਾਂ ਨੂੰ ਮਿਲਦਿਆਂ ਕਈ ਮਹੀਨੇ ਹੋ ਗਏ ਸਨ। ਉਹ ਇੰਨਾ ਆਪਣੇ ਕੰਟਰੋਲਰ ਦੇ ਨੇੜੇ ਵੀ ਨਹੀਂ ਹੋਣਾ, ਜਿੰਨਾ ਉਹ ਮਰਿਚਿਕਾ ਦੇ ਨੇੜੇ ਹੋ ਗਿਆ ਸੀ!

ਇੱਕ ਦਿਨ ਮਰਿਚਿਕਾ ਨੇ ਉਸਤੋਂ ਪੁੱਛਿਆ - 'ਕੀ ਤੂੰ "ਪਿਆਰ" ਵਾਰੇ ਸੱਚਮੁੱਚ ਹੀ ਕੁੱਝ ਵੀ ਅਨੁਭਵ ਨਹੀਂ ਕਰਦਾ? ਮੈਂ ਤੈਨੂੰ ਪਿਆਰ ਕਰਦੀ ਹਾਂ, ਇਸਦਾ ਮਤਲਬ ਇਹ ਨਹੀਂ ਹੈ ਕਿ ਤੂੰ ਮੈਨੂੰ ਬਾਕੀ ਦੁਨੀਆਂ ਵਾਂਗ ਹੀ ਚੰਗਾ ਲਗਦਾ ਏਂ। ਇਸਦਾ ਮਤਲਬ ਇਹ ਹੈ ਕਿ ਮੈਂ ਤੇਰੀਆਂ ਸੋਚਾਂ ਤੇ ਸੰਵੇਦਨਾਵਾਂ ਦੇ ਜ਼ਿਆਦਾ ਨਜ਼ਦੀਕ ਹਾਂ। ਮੈਨੂੰ ਤੇਰੇ ਨਾਲ਼ ਮੋਹ ਹੈ - ਜੇ ਤੈਨੂੰ ਕੁੱਝ ਹੋ ਗਿਆ ਤਾਂ ਮੈਨੂੰ ਦੁੱਖ ਹੋਏਗਾ, ਤੇਰੇ ਕਿਸੇ ਆਮ ਜਾਣਕਾਰ ਵਾਂਗ ਨਹੀਂ, ਸਗੋਂ ਦੁੱਖ ਮੇਰੇ ਕਾਲ਼ਜੇ ਧੂਹ ਪਾ ਦੇਵੇਗਾ, ਮੇਰਾ ਦਿਲ ਝੁਲਸਿਆ ਜਾਵੇਗਾ।'

'ਇਹੋ ਜਿਹੀਆਂ ਗੱਲਾਂ ਮੇਰੇ ਵੱਸ ਵਿੱਚ ਨਹੀਂ ਹਨ, ਮੈਂ ਇਹਨਾਂ ਨੂੰ ਸਮਝ ਨਹੀਂ ਸਕਦਾ।  ਮੈਨੂੰ ਤਾਂ ਬਣਾਇਆ ਗਿਆ ਹੈ, ਮੈਂ ਆਮ ਇਨਸਾਨਾਂ ਵਾਂਗ ਮਾਂ ਦੇ ਗਰਭ ਵਿੱਚੋਂ ਜਾਂ ਅੰਡੇ ਵਿੱਚੋ ਨਹੀਂ ਪੈਦਾ ਹੋਇਆ। ਮੈਨੂੰ ਇਸੇ ਰੂਪ ਵਿੱਚ ਬਣਾਇਆ ਗਿਆ ਸੀ - ਮੈਂ ਕਦੇ ਛੋਟਾ ਨਹੀਂ ਸੀ ਤੇ ਨਾਂ ਹੀ ਕਦੇ ਬੁੱਢਾ ਹੋਵਾਂਗਾ। ਬੱਸ ਇੱਕ ਦਿਨ ਮੇਰਾ ਕੰਟਰੋਲਰ ਮੇਰਾ ਫ਼ਿਊਜ਼ ਉੜਾ ਦੇਵੇਗਾ ਤੇ ਮੈਂ ਡੈੱਡ ਹੋ ਜਾਵਾਂਗਾ! ਆਮ ਇਨਸਾਨਾਂ ਵਾਂਗ ਮੈਨੂੰ ਮਰਨ ਦਾ ਕੋਈ ਡਰ ਨਹੀਂ। ਫੇਰ ਮੈਨੂੰ ਪਿਆਰ ਦਾ ਅਹਿਸਾਸ ਕਿਵੇਂ ਹੋਏਗਾ? ਖ਼ੈਰ, ਫੇਰ ਵੀ ਤੂੰ ਚੰਗੀ ਏਂ - ਸਭ ਤੋਂ ਚੰਗੀ - ਜਿੰਨੇ ਲੋਕਾਂ ਨੂੰ ਮੈਂ ਹੁਣ ਤੱਕ ਮਿਲਿਆ ਹਾਂ। ਮੈਂ ਇੰਨਾ ਕੁ ਵਿਸ਼ਲੇਸ਼ਣ ਕਰ ਸਕਦਾ ਹਾਂ।'

'ਕੀ ਤੇਰੇ ਮਨ ਵਿੱਚ ਇਹੋ ਜਿਹੇ ਪ੍ਰਸ਼ਨ ਕਦੇ ਨਹੀਂ ਉਠਦੇ?'

'ਉੱਠਦੇ ਹਨ, ਪਰ ਮੇਰੇ ਮਸਤਿਕ ਵਿੱਚ ਇਹਨਾਂ ਦਾ ਜਵਾਬ ਨਹੀਂ ਭਰਿਆ ਗਿਆ। ਸ਼ਾਇਦ ਮੈਨੂੰ ਬਣਾਉਣ ਲੱਗਿਆਂ ਮੇਰੇ ਨਿਰਮਾਤਾਵਾਂ ਨੇ ਐਨਾ ਸੋਚਿਆ ਹੀ ਨਹੀਂ ਹੋਵੇਗਾ। ਆਪਣੇ ਵਲ੍ਹੋਂ ਤਾਂ ਉਹਨਾਂ ਨੇ ਮੈਨੂੰ ਇੱਕ ਸੰਪੂਰਨ-ਮਨੁੱਖ, ਬਲਕਿ ਮਨੁੱਖ ਤੋਂ ਵੀ ਜ਼ਿਆਦਾ ਤੇਜ਼ ਬਣਾ ਦਿੱਤਾ। ਪਰ ਫੇਰ ਵੀ ਅੱਜ-ਕੱਲ੍ਹ ਜਿਹੜੇ ਪ੍ਰਸ਼ਨ ਮੇਰੇ ਸਰਕਿਟ ਵਿੱਚ ਉੱਠਦੇ ਹਨ, ਉਹਨਾਂ ਦੇ ਉੱਤਰ ਉਹ ਭਰਨਾ ਭੁੱਲ ਗਏ। ਮੇਰੀ ਅੰਦਰੂਨੀ ਬਣਤਰ ਇਸ ਤਰ੍ਹਾਂ ਹੈ ਕਿ ਜੇ ਮੈਨੂੰ ਬਾਹਰੋਂ ਕੋਈ ਪ੍ਰਸ਼ਨ ਪੁੱਛਿਆ ਜਾਵੇ ਤਾਂ ਮੈਂ ਆਪਣੇ ਮਸਤਿਕ ਨੂੰ ਸੰਦੇਸ਼ ਭੇਜ ਕੇ ਝੱਟ ਉਸਦਾ ਜਵਾਬ ਦੱਸ ਦਿੰਦਾ ਹਾਂ ! ਪਰ ਅੱਜ-ਕੱਲ੍ਹ ਮੈਨੂੰ ਅਜਿਹੇ ਪ੍ਰਸ਼ਨ ਪੁੱਛੇ ਜਾ ਰਹੇ ਨੇ, ਜਿਨ੍ਹਾਂ ਦਾ ਮੇਰੇ ਮਸਤਿਕ ਵਿੱਚ ਕੋਈ ਜਵਾਬ ਨਹੀਂ ਹੈ!'

ਮਰਿਚਿਕਾ ਮੁਸਕੁਰਾਈ! ਉਹ ਕਾਫ਼ੀ ਹੈਰਾਨ ਜਿਹਾ ਵੀ ਹੋਈ। ਇਹ ਨਿਰਜੀਵ ਜਿਹੀ ਮਸ਼ੀਨ ਕਿੰਨੀ ਜੀਵਤ ਸੀ! ਉਹ ਆਮ ਇਨਸਾਨਾਂ ਤੋਂ ਬਹੁਤ ਉੱਚਾ ਤੇ ਮਹਾਨ ਸੀ - ਉਸਦਾ ਆਦਰਸ਼ਕ ਮਨੁੱਖ ਸੀ। ਉਸਨੂੰ ਉਹ ਆਪਣੇ ਖ਼ਿਆਲੀ ਸੁਪਰਮੈਨ ਦੇ ਮੇਚ ਦਾ ਲੱਗਿਆ। ਉਸਦੇ ਦਿਲ ਵਿੱਚ ਅਜੇ ਲਈ ਬਹੁਤ ਸਾਰਾ ਪਿਆਰ ਜਾਗਿਆ। ਉਸਦਾ ਜੀਅ ਕੀਤਾ ਉਹ ਉਸਨੂੰ ਜੱਫੀ ਪਾ ਲਵੇ। ਪਰ ਫੇਰ ਉਸਨੂੰ ਹਕੀਕਤ ਦਾ ਅਹਿਸਾਸ ਹੋਇਆ - ਉਹ ਇਹੋ ਜਿਹੇ ਪ੍ਰੇਮ-ਸਪਰਸ਼ ਨੂੰ ਕਿਵੇਂ ਸਮਝ ਸਕੇਗਾ?

'ਕੀ ਤੂੰ ਸਪਰਸ਼ ਨੂੰ ਮਹਿਸੂਸ ਕਰ ਸਕਦਾ ਏਂ - ਪ੍ਰੇਮ ਮਈ ਸਪਰਸ਼ ਨੂੰ?'

'ਇੱਕ ਹੋਰ ਗੁੰਝਲਦਾਰ ਪ੍ਰਸ਼ਨ?! ਜਿਸਦਾ ਉੱਤਰ ਮੇਰੇ ਮਸਤਿਕ ਵਿੱਚ ਨਹੀਂ ਏ। ਜੇ ਤੂੰ ਇੰਝ ਹੀ ਪ੍ਰਸ਼ਨ ਪੁੱਛਦੀ ਰਹੀ ਤਾਂ ਮੇਰਾ ਸਰਕਿਟ ਖਰਾਬ ਹੋ ਜਾਵੇਗਾ।' ਉਹ ਮੁਸਕਰਾਉਂਦਿਆਂ ਬੋਲਿਆ - 'ਖ਼ੈਰ, ਮੈਂ ਜੇ ਕਿਸੇ ਚੀਜ਼ ਨੂੰ ਸਪਰਸ਼ ਕਰਾਂ ਜਾਂ ਕੋਈ ਚੀਜ਼ ਮੈਨੂੰ ਸਪਰਸ਼ ਕਰੇ ਤਾਂ ਮੈਨੂੰ ਸਿਰਫ਼ ਉਸ ਚੀਜ਼ ਦੇ ਹੋਣ ਦਾ ਗਿਆਨ ਹੁੰਦਾ ਹੈ। ਕੋਈ ਮਹਿਸੂਸ ਕਰਨ ਵਾਲ਼ੀ ਭਾਵਨਾ ਨਹੀਂ ਉੱਠਦੀ। ਸਿਰਫ਼ ਇਹ ਗਿਆਨ ਹੁੰਦਾ ਹੈ ਕਿ ਉਹ ਚੀਜ਼ ਭੌਤਿਕ ਹੈ ਤੇ ਪਦਾਰਥਕ ਤੌਰ ਤੇ ਇਸ ਦੁਨੀਆਂ ਵਿੱਚ ਵਿਚਰ ਰਹੀ ਹੈ। ਤੇ ਹਰੇਕ ਪਦਾਰਥਕ ਚੀਜ਼ ਨੇ ਇੱਕ ਦਿਨ ਨਸ਼ਟ ਹੋ ਜਾਣਾ ਹੈ। ਹਰੇਕ ਵਸਤੂ ਜੀਵਤ ਜਾਂ ਨਿਰਜੀਵ ਨੇ ਇੱਕ ਦਿਨ ਨਸ਼ਟ ਹੋਣਾ ਹੈ। ਇਸੇ ਤਰ੍ਹਾਂ ਪ੍ਰਿਥਵੀ, ਚੰਦਰਮਾ ਨੇ, ਸੂਰਜ ਤੇ ਹੋਰ ਗ੍ਰਹਿਆਂ ਨੇ ਵੀ ਇੱਕ ਦਿਨ ਨਸ਼ਟ ਹੋ ਜਾਣਾ ਹੈ। ਇੱਕ ਦਿਨ ਲੱਗਭੱਗ 5 ਅਰਬ ਸਾਲ ਬਾਅਦ ਇੱਕ ਵੱਡਾ ਧਮਾਕਾ ਹੋਏਗਾ ਤੇ ਸੂਰਜ ਫਟ ਜਾਏਗਾ, ਫੇਰ ਧਰਤੀ ਰੌਸ਼ਨੀ ਤੇ ਗਰਮੀ ਤੋਂ ਬਾਂਝੀ ਹੋ ਜਾਏਗੀ। ਇਥੋਂ ਜੀਵਨ ਵੀ ਖਤਮ ਹੋ ਜਾਏਗਾ। ਸਾਰੇ ਗ੍ਰਹਿ ਸਿਤਾਰੇ ਜੰਮਦੇ ਤੇ ਮਰਦੇ ਹਨ, ਸਾਰਾ ਬ੍ਰਹਿਮੰਡ ਇੱਕ ਦਿਨ ਤਬਾਹ ਹੋ ਜਾਏਗਾ - ਹਰੇਕ ਚੀਜ਼ ਇੱਕ ਦਿਨ ਨਸ਼ਟ ਹੰਦੀ ਹੈ ਤੇ ਦੂਸਰੀ ਚੀਜ਼ ਹੋਂਦ 'ਚ ਆਉਂਦੀ ਹੈ। ਇਹ ਕੁਦਰਤ ਦਾ ਅੱਟਲ ਨਿਯਮ ਹੈ। ਇਸੇ ਤਰ੍ਹਾਂ ਪ੍ਰਸਥਿਤੀਆਂ ਵੀ ਬਦਲਦੀਆਂ ਰਹਿੰਦੀਆਂ ਹਨ!'

ਮਰਿਚਿਕਾ ਨੂੰ ਗੱਲਾਂ ਕਰਦਾ ਉਹ ਇੱਕ ਜੀਵਤ ਇਨਸਾਨ ਨਜ਼ਰ ਆਇਆ। ਕਿੰਨਾ ਖੂਬਸੂਰਤ! ਉਹ ਕਿੰਨਾ ਨਿਰਮਲ ਤੇ ਕਪਟ-ਰਹਿਤ ਹੈ! ਮਨੁੱਖਾਂ ਦੇ ਕੋਝੇ ਹੱਥਕੰਡਿਆਂ ਤੋਂ ਰਹਿਤ, ਉਹਨਾਂ ਦੀ ਸੜੇ ਆਂਡੇ ਵਰਗੀ ਗੰਦੀ ਰਾਜਨੀਤੀ ਤੋਂ ਅਣਜਾਣ! ਇੱਕ ਆਦਰਸ਼ਕ ਮਨੁੱਖ! ਉਸਦਾ ਸੂਪਰਮੈਨ!

****

ਅਜੇ ਆਪਣੇ ਹੈੱਡਕੁਆਰਟਰ ਕੰਟਰੋਲਰ ਕੋਲ਼ ਗਿਆ। ਉਸਦਾ ਕੰਟਰੋਲਰ ਇੱਕ ਕੰਪਿਊਟਰ ਸੀ। ਜਿਸ ਕੋਲੋਂ ਉਹ ਹਰੇਕ ਤਰ੍ਹਾਂ ਦੇ ਪ੍ਰਸ਼ਨਾਂ ਦੇ ਜਵਾਬ ਪੁੱਛ ਸਕਦਾ ਸੀ। ਜਿਹੜਾ ਫ਼ੈਸਲਾ ਉਹ ਆਪ ਨਹੀਂ ਕਰ ਸਕਦਾ ਸੀ, ਉਸਨੂੰ ਉਹ ਆਪਣੇ ਕੰਟਰੋਲਰ 'ਤੇ ਛੱਡ ਦਿੰਦਾ ਸੀ। ਉਸਦਾ ਕੰਟਰੋਲਰ ਉਸ ਨਾਲ਼ ਮਾਨਸਿਕ ਰੂਪ ਵਿੱਚ ਜੁੜਿਆ ਹੋਇਆ ਸੀ। 

'ਮੈਂ ਅੱਜ ਆਪਣੇ ਨਿਰਮਾਤਾਵਾਂ ਨੂੰ ਮਿਲਣਾ ਚਾਹੁੰਦਾ ਹਾਂ।'

'ਦੱਸ,ਮੈਂ ਹੀ ਤੇਰਾ ਨਿਰਮਾਤਾ ਹਾਂ।'

'ਨਹੀਂ, ਤੂੰ ਵੀ ਮੇਰੇ ਵਾਂਗ ਇੱਕ ਮਸ਼ੀਨ ਏਂ। ਮੈਂ ਆਪਣੇ ਇਨਸਾਨ ਰੂਪੀ ਨਿਰਮਾਤਾ ਨੂੰ ਮਿਲਣਾ ਹੈ।'

'ਠੀਕ ਹੈ।' ਕੰਪਿਊਟਰ ਨੇ ਜ਼ਿਆਦਾ ਬਹਿਸ ਨਾ ਕਰਦਿਆਂ ਕਿਹਾ - 'ਮੈਂ ਉਹਨਾਂ ਨਾਲ਼ ਸੰਪਰਕ ਕਰਦਾ ਹਾਂ।'

ਥੋੜੀ ਦੇਰ ਬਾਅਦ - ਟੀ.ਵੀ. ਸਕਰੀਨ ਤੇ ਚਾਰ ਵਿਗਿਆਨਕਾਂ ਦੇ ਅਕਸ ਉੱਭਰੇ - ਜੋ ਪ੍ਰੌ : ਮਲਕੌਮ, ਜ਼ਹੀਰ, ਸੁਹੇਲ ਤੇ ਬਲਬੀਰ ਸਨ!

'ਹਾਂ ਅਜੇ, ਦੱਸੋ ਕੀ ਗੱਲ ਹੈ?'

'ਤੁਸੀਂ ਮੈਨੂੰ ਪਿਆਰ, ਨਫ਼ਰਤ, ਸਪਰਸ਼ ਵਰਗੇ ਸ਼ਬਦਾਂ ਵਾਰੇ ਕਿਉਂ ਨਹੀਂ ਦੱਸਿਆ? ਮੈਂ ਇਹਨਾਂ ਤੋਂ ਬਿਨਾ ਇੱਕ ਮਨੁੱਖ ਦਾ ਰੋਲ ਅਦਾ ਨਹੀਂ ਕਰ ਸਕਦਾ!'

ਉਹ ਚਾਰੇ ਜਣੇ ਮੁਸਕਰਾਏ! ਤੇ ਥੋੜੀ ਦੇਰ ਬਾਦ ਬੋਲੇ - 'ਸਾਨੂੰ ਪਹਿਲਾਂ ਹੀ ਪਤਾ ਸੀ ਕਿ ਅਜਿਹਾ ਕੁੱਝ ਨਾ ਕੁੱਝ ਵਾਪਰੇਗਾ! ਖੈਰ, ਤੈਨੂੰ ਇਹਨਾਂ ਸ਼ਬਦਾਂ ਵਾਰੇ ਪਤਾ ਹੋਣਾ ਹੀ ਇਹ ਸਿੱਧ ਕਰਦਾ ਹੈ ਕਿ ਤੂੰ ਸੰਵੇਦਨਸ਼ੀਲ ਬਣ ਚੁੱਕਾ ਏਂ। ਅਸੀਂ ਤੇਰੇ ਵਿੱਚ ਸੰਵੇਦਨਾ ਲਈ ਇੱਕ ਚਿੱਪ ਲਗਾਈ ਸੀ - ਤੇ ਉਹ ਹੁਣ ਹੌਲ਼ੀ ਹੌਲ਼ੀ ਜਾਗ੍ਰਿਤ ਹੋ ਰਹੀ ਏ। ਤੇਰੇ ਵਿੱਚ ਸੰਵੇਦਨਾ ਵੀ ਉਤਪੰਨ ਹੋ ਰਹੀ ਏ। ਹੋਰ ਕੋਈ ਗੱਲ ਨਹੀਂ।'

'ਪਰ ਮੈਂ ਅਧੂਰਾ ਹਾਂ।'

'ਨਹੀਂ,  ਤੂੰ ਬਿਲਕੁਲ ਸੰਪੂਰਨ ਏਂ। ਤੇ ਜਿੰਨਾ ਕੁ ਤੂੰ ਅਧੂਰਾ ਏਂ ਉਸਨੂੰ ਪੂਰਾ ਕਰਨ ਦੇ ਤੂੰ ਆਪ ਯੋਗ ਏਂ - ਸੁਤੰਤਰ ਏਂ।'

'ਉਹ ਮੇਰਿਆ ਰੱਬਾ... ਇਹ ਕੁੜੀ ਮਰਿਚਿਕਾ ਵੀ ਪੂਰੀ ਸ਼ੁਦੈਣ ਏ!' ਪ੍ਰੋ: ਬਲਬੀਰ ਹੱਸਦਾ ਹੋਇਆ ਬੋਲਿਆ। 

ਅਜੇ ਨੂੰ ਲੱਗਿਆ ਕਿ ਉਹ ਸਭ ਕੁੱਝ ਜਾਣਦੇ ਹਨ। ਉਹ ਉਹਨਾਂ ਨੂੰ ਵਿਦਾ ਕਹਿ ਕੇ ਉੱਥੋਂ ਬਾਹਰ ਆ ਗਿਆ।  

****

ਬੜੀ ਸੁਹਾਵਣੀ ਤੇ ਮਨ ਲੁਭਾਵਣੀ  ਸ਼ਾਮ ਸੀ।  ਸਤਰੰਗੀ ਰੌਸ਼ਨੀ ਦੀ ਕਹਿਕਸ਼ਾਂ ਅਕਾਸ਼ ਵਿੱਚ ਭਾਹ ਬਿਖੇਰ ਰਹੀ ਸੀ! ਪਾਣੀ ਠੰਡਾ-ਠੰਡਾ ਲੱਗ ਰਿਹਾ ਸੀ। ਨਦੀ ਸ਼ਾਂਤੀ ਨਾਲ਼ ਵਹਿ ਰਹੀ ਸੀ - ਖ਼ਾਮੋਸ਼ ਤੇ ਬੇਪਰਵਾਹ! ਦੂਰ ਕਿਤਿਓਂ ਹਰੇ-ਹਰੇ ਖੇਤਾਂ ਵਿੱਚੋਂ ਪੰਛੀਆਂ ਦੇ ਚਹਿਚਹਾਉਣ  ਦੀਆਂ ਅਵਾਜ਼ਾਂ ਆ ਰਹੀਆਂ ਸਨ। ਦੁਨੀਆਂ ਕਿੰਨੀ ਖੂਬਸੂਰਤ ਹੈ, ਇਹ ਓਹੀ ਸਮਝ ਸਕਦਾ, ਜਿਸਦੇ ਮਨ ਵਿੱਚ ਜਜ਼ਬਿਆਂ ਦਾ ਬੇਪ੍ਰਵਾਹ ਵੇਗ ਹੋਵੇ! ਜਿਸਦੇ ਮਨ ਵਿੱਚ ਪਿਆਰ ਹੋਵੇ। ਜਿਸਦੀਆਂ ਅੱਖਾਂ ਅਬੋਲ ਹੁੰਦਿਆਂ ਵੀ ਬਹੁਤ ਕੁੱਝ ਕਹਿ ਜਾਣ।  ਮਰਿਚਿਕਾ ਤੇ ਅਜੇ ਨਦੀ ਕਿਨਾਰੇ ਬੈਠੇ ਸਨ। ਅਜੇ ਉਸਨੂੰ ਦੱਸ ਰਿਹਾ ਸੀ - 'ਮੈਂ ਆਪਣੇ ਨਿਰਮਾਤਾਵਾਂ ਨਾਲ਼ ਗੱਲ ਕੀਤੀ ਸੀ। ਉਹ ਆਖ ਰਹੇ ਸੀ ਕਿ ਮੇਰੇ ਅੰਦਰ ਸੰਵੇਦਨਾ ਮੌਜੂਦ ਹੈ। ਤੇ ਹੁਣ ਮੈਂ ਮਹਿਸੂਸ ਤੇ ਅਨੁਭਵ ਕਰ ਸਕਦਾ ਹਾਂ।'

'ਓਹ ਅਜੇ, ਇਹ ਤਾਂ ਬਹੁਤ ਵਧੀਆ ਗੱਲ ਹੈ।' ਮਰਿਚਿਕਾ ਨੇ ਆਪਣਾ ਕੋਮਲ ਹੱਥ ਉਸਦੇ ਸਡੌਲ ਹੱਥ ਤੇ ਰੱਖ ਦਿੱਤਾ। 

ਅਜੇ ਨੇ ਮਹਿਸੂਸ ਕੀਤਾ ਕਿ 'ਉਹ ਮਰਿਚਿਕਾ' ਸੱਚਮੁੱਚ ਇਸ ਭੌਤਿਕ ਸੰਸਾਰ ਵਿੱਚ ਵਿਚਰ ਰਹੀ ਏ। ਉਹ ਸਰੀਫ਼ ਇੱਕ ਬੋਲਣ ਵਾਲ਼ੀ ਅਕ੍ਰਿਤੀ ਨਹੀਂ ਏ।  ਉਸਦੀ ਇੱਕ ਬਕਾਇਦਾ ਹੋਂਦ ਏ, ਇੱਕ ਕੋਮਲ ਸਰੀਰ ਹੈ ਜੋ ਪੰਜ ਤੱਤਾਂ ਤੋਂ ਮਿਲ਼ ਕੇ ਬਣਿਆ ਹੈ। ਫੇਰ ਉਸਨੇ ਮਹਿਸੂਸ ਕੀਤਾ ਕਿ ਉਹ ਸਰੀਰ ਵੀ ਇੱਕ ਦਿਨ ਨਸ਼ਟ ਹੋ ਜਾਏਗਾ। ਇਹ ਮਿੱਠੀ ਅਵਾਜ਼ ਇੱਕ ਦਿਨ ਸਦਾ ਲਈ ਨਹੀਂ ਸੁਣਾਈ ਦੇਵੇਗੀ। ਉਸਦੇ ਅੰਦਰ ਕਿਤੇ ਇੱਕ ਹੌਲ ਜਿਹਾ ਉੱਠਿਆ ਤੇ ਉਸਨੂੰ ਜਿਵੇਂ ਮਰਿਚਿਕਾ ਦੇ ਨਸ਼ਟ ਹੋ ਜਾਣ ਦਾ ਡਰ ਲੱਗਿਆ। ਪਰ ਫੇਰ ਤੁਰੰਤ ਹੀ ਉਸਦੇ ਮਸਤਿਕ ਨੇ ਸੰਦੇਸ਼ ਭੇਜਿਆ ਕਿ "ਡਰ" ਜਿਹੀ ਕੋਈ ਚੀਜ਼ ਉਸਦੇ ਅੰਦਰ ਨਹੀਂ ਹੈ। 

ਮਰਿਚਿਕਾ ਤੇ ਉਹ ਥੋੜੀ ਦੇਰ ਖ਼ਾਮੋਸ਼ ਬੈਠੇ ਰਹੇ।   

ਅਚਾਨਕ ਉਸਦੇ ਮਸਤਿਕ ਵਿੱਚ ਕੰਟਰੋਲਰ ਦਾ ਸੰਦੇਸ਼ ਆਇਆ ਕਿ ਉਸਨੂੰ ਕਿਸੇ ਜ਼ਰੂਰੀ ਮਿਸ਼ਨ ਵਾਸਤੇ ਜਾਣਾ ਪੈਣਾ ਏ। 

ਉਹ ਮਰਿਚਿਕਾ ਤੋਂ ਵਿਦਾ ਲੈ ਕੇ ਆਪਣੇ ਹੈਡਕੁਆਰਟਰ ਵੱਲ੍ਹ ਨੂੰ ਚਲਿਆ ਗਿਆ। 

****

ਮਰਿਚਿਕਾ ਦੇ ਸਰੀਰ ਵਿੱਚ ਇੱਕ ਅਜੀਬ ਜਿਹਾ ਵਿਸਮਾਦ ਛਾਇਆ ਹੋਇਆ ਸੀ। ਜਿਵੇਂ ਕੋਈ ਝਰਨਾ ਪਹਾੜੀਆਂ ਦੇ ਵਿਚਕਾਰੋਂ ਨਿਕੱਲਕੇ ਹੇਠਾਂ ਡਿਗ ਰਿਹਾ ਹੋਵੇ ਤੇ ਪੱਥਰਾਂ ਤੇ ਨਿਸ਼ਾਨ ਪਾ ਰਿਹਾ ਹੋਵੇ! ਜਿਵੇਂ ਕੂੰਜਾਂ ਦੀਆਂ ਡਾਰਾਂ ਅਕਾਸ਼ ਦੇ ਗੋਲ-ਗੁੰਬਦ 'ਤੇ ਸ਼ੋਰ ਦੀਆਂ ਰੇਖਾਵਾਂ ਛੱਡਦੀਆਂ ਹੋਈਆਂ ਲੰਘ ਜਾਣ!

ਉਹ ਰਾਤ ਦਾ ਖਾਣਾ ਖਾ ਕੇ ਬਿਸਤਰ ਤੇ ਲੇਟ ਗਈ। ਉਸਦਾ ਮਨ ਇੱਕ ਅਜੀਬ ਜਿਹੀ ਬੇਖ਼ੁਦੀ 'ਚ ਡਿੱਕ-ਡੌਲ਼ੇ ਖਾ ਰਿਹਾ ਸੀ। ਉਸਨੂੰ ਅਜੇ ਦਾ ਚੇਤਾ ਆ ਰਿਹਾ ਸੀ। ਉਹ ਕਿੰਨਾ ਸੁੰਦਰ ਸੀ! ਬੇਪਰਵਾਹ ਜਿਹਾ ... ਪਰ ਇੱਕ ਸੰਪੁਰਨ ਮਨੁੱਖ! ਪਰ ਉਹ ਉਸਨੂੰ ਸਰੀਰਕ ਤੌਰ ਤੇ ਨਹੀਂ ਪਾ ਸਕਦੀ ਸੀ। ਉਫ਼ ... ਉਹ ਕਿੰਨੀ ਲਾਚਾਰ ਤੇ ਬੇਵੱਸ ਸੀ। ਅਜੇ ਇੱਕ ਮਸ਼ੀਨ ਸੀ - ਪਰ ਕਿੰਨੀ ਜੀਵਤ ਮਸ਼ੀਨ ਸੀ! ਬਿਲਕੁਲ ਇੱਕ ਮਨੁੱਖ ਵਾਂਗ ਜੀਵਤ!

ਅਜੇ ਵਾਰੇ ਸੋਚਦਿਆਂ ਪਤਾ ਨਹੀਂ ਉਸਨੂੰ ਕਦ ਨੀਂਦ ਆ ਗਈ। ਸਵੇਰੇ, ਉਹ ਦੇਰ ਤੱਕ ਸੌਂਦੀ ਰਹੀ। ਫੇਰ ਜਦ ਉਸਦੀ ਜਾਗ ਖੁੱਲ੍ਹੀ ਤਾਂ ਰਾਤ ਵਾਲ਼ੇ ਵਿਸਮਾਦ ਨੂੰ ਫੇਰ ਉਹ ਆਪਣੇ ਸਰੀਰ 'ਚ ਮਹਿਸੂਸ ਕਰਨ ਲੱਗ। ਬਾਹਰ ਸ਼ਾਇਦ ਮੀਂਹ ਪੈ ਕੇ ਹਟਿਆ ਸੀ। ਮੌਸਮ ਵਿੱਚ ਤਾਜ਼ਗੀ ਤੇ ਠੰਡਕ ਘੁਲ਼ੀ ਹੋਈ ਸੀ। ਉਸਦੇ ਸਰੀਰ ਨੂੰ ਠੰਡਕ ਮਹਿਸੂਸ ਹੋਈ ਤਾਂ ਉਸਨੇ ਆਪਣੇ ਗਿਰਦ ਚਾਦਰ ਨੂੰ ਕੱਸ ਕੇ ਲਪੇਟ ਲਿਆ। ਜਦੋਂ ਉਹ ਥੋੜਾ ਨਿੱਘ ਮਹਿਸੂਸ ਕਰਨ ਲੱਗੀ ਤਾਂ ਉਹ ਫੇਰ ਉਹ ਉੱਠ ਖੜੀ ਹੋਈ। 

ਤਜ਼ਾਦਮ ਹੋ ਕੇ ਤੇ ਚਾਹ ਪੀ ਕੇ ਉਹ ਫੇਰ ਬਿਸਤਰ ਤੇ ਲੇਟ ਗਈ। ਕਾਫ਼ੀ ਦੇਰ ਤੱਕ ਉਹ ਉੰਝ ਹੀ ਪਈ ਰਹੀ। ਸਵੇਰ ਦੇ ਦਸ ਵੱਜ ਚੁੱਕੇ ਸਨ। ਉਹ ਉੱਠਣ ਲੱਗੀ ਤਾਂ ਉਸਨੇ ਕਮਰੇ ਦੇ ਇੱਕ ਕੋਨੇ ਵਿੱਚ ਇੱਕ ਪ੍ਰ੍ਕਾਸ਼ਮੀ ਅਕ੍ਰਿਤੀ ਉਜਾਗਰ ਹੁੰਦੀ ਵੇਖੀ, ਜਿਹੜੀ ਹੌਲ਼ੀ ਹੌਲ਼ੀ ਸਪਸ਼ਟ ਹੋਣ ਲੱਗੀ। ਉਹ ਅਜੇ ਸੀ! ਉਹ ਬੁਰੀ ਤਰ੍ਹਾਂ "ਜ਼ਖਮੀ" ਸੀ! ਉਸਦੇ ਕੱਪੜੇ ਤਾਰ-ਤਾਰ ਹੋ ਚੁੱਕੇ ਸਨ ਤੇ ਕਈ ਜਗ੍ਹਾ ਤੋਂ ਉਸਦੇ ਸਰੀਰ ਦੀਆਂ ਪਰਤਾਂ ਫਟ ਗਈਆਂ ਸਨ। ਉਹ ਬੇਹਾਲ ਜਿਹਾ ਨਜ਼ਰ ਆ ਰਿਹਾ ਸੀ। 

ਉਹ ਇੱਕਦਮ ਉੱਠ ਕੇ ਉਸ ਕੋਲ਼ ਪੁੱਜੀ। ਉਸਨੇ ਉਸਨੂੰ ਸਾਂਭਦਿਆਂ ਪੁੱਛਆ - 'ਅਜੇ, ਕੀ ਹੋਇਆ?'

 'ਮਰਿਚਿਕਾ, ਮੈਂ ਅੱਜ ਦੇ ਸਮੇਂ ਤੋਂ ਹਜ਼ਾਰ ਸਾਲ ਬਾਅਦ ਦੀ ਦੁਨੀਆਂ ਵਿੱਚ ਗਿਆ ਸੀ - ਇੱਕ ਮਾਈਕਰੋ ਫ਼ਿਲਮ ਲੈਣ! ਪਰ ਉਥੇ ਮੇਰੀ ਲੜਾਈ ਹੋ ਗਈ। ਉੱਥੋਂ ਦੇ ਲੜਾਕੂ ਪਰਾ-ਆਧੁਨਿਕ ਹਥਿਆਰਾਂ ਨਾਲ਼ ਲੈਸ ਸਨ, ਜਿਨ੍ਹਾਂ ਦਾ ਮੁਕਾਬਲਾ ਮੈਂ ਨਹੀਂ ਸੀ ਕਰ ਸਕਦਾ। ਮਸਾਂ ਬਚ ਕੇ ਆਇਆ ਹਾਂ। ਉਹ ਅਜੇ ਵੀ ਮੈਨੂੰ ਕਾਲ ਦੇ ਵਿੱਚ ਇੱਧਰ -ਉੱਧਰ ਲੱਭਦੇ ਹੋਣਗੇ।'

'ਕੋਈ ਗੱਲ ਨਹੀਂ, ਕੁੱਝ ਨਹੀਂ ਹੋਵੇਗਾ।' ਉਹ ਉਸਦੀ ਪਿੱਠ 'ਤੇ ਹੱਥ ਫੇਰਦਿਆਂ ਬੋਲੀ। 

ਅਜੇ ਦਾ ਸਰੀਰ ਕਿਸੇ ਜੀਵਤ ਮਨੁੱਖ ਵਰਗਾ ਹੀ ਸੀ - ਨਿੱਘਾ ਤੇ ਗਰਮ। ਮਰਿਚਿਕਾ ਦੇ ਸਰੀਰ ਵਿੱਚ ਜਿਵੇਂ ਇੱਕ ਅੱਗ ਜਿਹੀ ਭੜਕੀ। ਉਸਨੇ ਅਜੇ ਨੂੰ ਬਿਸਤਰ ਤੇ ਲਿਟਾ ਦਿੱਤਾ। 

'ਆਪਣੇ ਫਟੇ ਕੱਪੜੇ ਬਦਲ ਲੈ, ਤੇ ਮੈਂ ਜਲਦੀ ਨਾਲ਼ ਤੈਨੂੰ ਪ੍ਰੌ : ਬਲਬੀਰ ਕੋਲ਼ ਲੈ ਚੱਲਦੀ ਹਾਂ।'

ਉਹ ਅਜੇ ਇੰਨਾ ਹੀ ਕਹਿ ਕੇ ਹਟੀ ਸੀ ਤਦੇ ਅਚਾਨਕ ਕਮਰੇ 'ਚ ਪੰਜ-ਛੇ ਅਜੀਬ ਜਿਹੀਆਂ ਆਕ੍ਰਿਤੀਆਂ ਸਪਸ਼ਟ ਹੋਈਆਂ। ਉਹਨਾਂ ਨੇ ਆਪਣੇ ਹੱਥ ਵਿੱਚ ਅਜੀਬ ਕਿਸਮ ਦੇ ਹਥਿਆਰ ਫੜੇ ਹੋਏ ਸਨ। 

ਮਰਿਚਿਕਾ ਸਮਝ ਗਈ ਕਿ ਸ਼ਾਇਦ ਉਹ ਓਹੀ ਹਜ਼ਾਰ ਸਾਲ ਬਾਅਦ ਦੇ ਜੀਵ ਜਾਂ ਮਸ਼ੀਨਾਂ ਸਨ। 

ਉਸਨੇ ਵੇਖਿਆ ਕਿ ਅਜੇ ਵੀ ਉਹਨਾਂ ਦਾ ਮੁਕਾਬਲਾ ਕਰਨ ਲਈ ਖੜਾ ਹੋ ਗਿਆ ਏ। ਉਸਦੀਆਂ ਅੱਖਾਂ ਤੇਜ਼ ਰੌਸ਼ਨੀ ਨਾਲ਼ ਚਮਕ ਰਹੀਆਂ ਸਨ। 

ਪਰ ਇਸ ਤੋਂ ਪਹਿਲਾਂ ਕਿ ਉਹ ਕੁੱਝ ਸੋਚਦੀ ਤੇ ਅਜੇ ਕੁੱਝ ਕਰ ਸਕਦਾ, ਉਹਨਾਂ ਵਿੱਚੋਂ ਇੱਕ ਜਣੇ ਨੇ ਆਪਣੀ ਗੰਨ ਵਿਚੋਂ ਇੱਕ ਅਜੀਬ ਜਿਹੀਆਂ ਕਿਰਨਾਂ ਛੱਡੀਆਂ ਜੋ ਅਜੇ ਦੇ ਮਸਤਿਕ ਨਾਲ਼ ਜਾ ਟਕਰਾਈਆਂ। ਅਜੇ ਜ਼ਮੀਨ ਤੇ ਡਿਗ ਪਿਆ। 

ਉਹ ਆਕ੍ਰਿਤੀਆਂ ਫੇਰ ਅਲੋਪ ਹੋ ਗਈਆਂ। ਇਹ ਸਭ ਕੁੱਝ ਜਿਵੇਂ ਪਲਕ ਝਪਕਦੇ ਹੀ ਵਾਪਰ ਗਿਆ। 

ਮਰਿਚਿਕਾ ਚੀਖਦੀ ਹੋਈ ਅਜੇ ਵੱਲ੍ਹ ਨੂੰ ਦੌੜ੍ਹੀ। 'ਓਹ ਅਜੇ! ਇਹ ਕਿ ਹੋ ਗਿਆ। ਤੂੰ ਠੀਕ ਤਾਂ ਏਂ?'

'ਮਰਿਚਿਕਾ ਉਹਨਾਂ ਨੇ ਮੇਰੇ ਫ਼ਿਊਜ਼ ਤੇ ਵਾਰ ਕੀਤਾ ਹੈ। ਹੁਣ ਮੈਂ ਦੁਬਾਰਾ ਰਿਕਵਰ ਨਹੀਂ ਹੋ ਸਕਦਾ। ਮੇਰੀ ਜ਼ਿੰਦਗੀ ਦੇ ਲਮਹੇ ਬੱਸ ਐਨੇ ਕੁ ਸਹੀ ਸਨ। ਅੱਛਾ ... ਅਲਵਿਦਾ!'

ਮਰਿਚਿਕਾ ਨੂੰ ਲੱਗਿਆ ਕਿ ਉਸਦੇ ਦਿਲ ਵਿੱਚ ਵਹਿ ਰਿਹਾ ਲਹੂ ਜਿਵੇਂ ਜੰਮ ਗਿਆ ਹੋਵੇ। ਉਸਦੀ ਅਵਾਜ਼ ਜਿਵੇਂ ਬੰਦ ਹੋ ਗਈ ਹੋ ਹੋਵੇ। ਉਸਦੀਆਂ ਅੱਖਾਂ ਥੋੜੀ ਦੇਰ ਸਥਿਰ, ਅਜੇ ਨੂੰ ਨਿਹਾਰਦੀਆਂ ਰਹੀਆਂ। 

ਪਰ ਫੇਰ ਉਹ ਫੁੱਟ-ਫੁੱਟ ਕੇ ਰੌਣ ਲੱਗੀ ਤੇ ਦੇਰ ਤੱਕ ਰੌਂਦੀ ਰਹੀ ...

ਪੇਸ਼ੇ ਤੋਂ ਇੰਜਨੀਅਰ ਅਤੇ ਦਿਲ ਤੋਂ ਕਵੀ – ਅਮਨਦੀਪ ਸਿੰਘ ਵਿਗਿਆਨ ਗਲਪ ਦੀਆਂ ਕਹਾਣੀਆਂ, ਬਾਲ ਸਾਹਿਤ ਅਤੇ ਲੇਖ ਵੀ ਲਿਖਦਾ ਹੈ। ਉਸਦੀ ਕਹਾਣੀਆਂ ਦੀ ਕਿਤਾਬ 'ਟੁੱਟਦੇ ਤਾਰਿਆਂ ਦੀ ਦਾਸਤਾਨ (ਲੋਕ ਸਾਹਿਤ ਪ੍ਰਕਾਸ਼ਨ, 1989)' ਪੰਜਾਬੀ ਵਿੱਚ ਵਿਗਿਆਨ ਗਲਪ (Science Fiction) ਦੀ ਪਹਿਲੀ ਕਿਤਾਬ ਹੈ। ਉਸਦੀਆਂ ਹੋਰ ਕਿਤਾਬਾਂ ਕੰਕਰ ਪੱਥਰ (2016), ਸੁਰਾਹੀ(2022) - ਕਵਿਤਾਵਾਂ, ਟਿਮ ਟਿਮ ਚਮਕੇ ਨਿੱਕਾ ਤਾਰਾ (ਯੂਨੀਸਟਾਰ, 2021) - ਬੱਚਿਆਂ ਲਈ ਕਵਿਤਾਵਾਂ ਦੀ (ਪੰਜਾਬੀ ਤੇ ਹਿੰਦੀ ਵਿੱਚ) ਤੇ ਸਿਤਾਰਿਆਂ ਤੋਂ ਅੱਗੇ (2022) - ਵਿਗਿਆਨ ਗਲਪ ਕਹਾਣੀਆਂ ਹਨ। ਉਹ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਨੌਰਾ ਤੋਂ ਹੈ ਅਤੇ ਅੱਜ-ਕੱਲ੍ਹ ਅਮਰੀਕਾ ਵਿੱਚ ਰਹਿ ਰਿਹਾ ਹੈ।