ਪੁਸਤਕ ਰਿਵਿਊ 

ਧਰਤੀ ਮਾਂ ਬੀਮਾਰ ਹੈ ਅਤੇ ਹੋਰ ਨਾਟਕ

ਰਿਵਿਊਕਾਰ: ਡਾ ਮਨਮੋਹਨ ਸਿੰਘ ਤੀਰ

ਪੁਸਤਕ ਦਾ ਨਾਂ: ਧਰਤੀ ਮਾਂ ਬੀਮਾਰ ਹੈ ਅਤੇ ਹੋਰ ਨਾਟਕ

ਲੇਖਕ: ਡਾ. ਡੀ. ਪੀ. ਸਿੰਘ

ਪ੍ਰਕਾਸ਼ਨ ਸਾਲ: 2021, ਪੰਨੇ: 94, ਮੁੱਲ: 150 ਰੁਪਏ

ਪਬਲਿਸ਼ਰਜ਼: ਲੋਕਗੀਤ ਪ੍ਰਕਾਸ਼ਨ, ਮੁਹਾਲੀ, ਚੰਡੀਗੜ੍ਹ, ਇੰਡਿਆ।

ਰਿਵਿਊਕਾਰ: ਡਾ. ਮਨਮੋਹਨ ਸਿੰਘ ਤੀਰ 

ਡਾ. ਦੇਵਿੰਦਰ ਪਾਲ ਸਿੰਘ (ਉਰਫ਼ ਡਾ. ਡੀ. ਪੀ. ਸਿੰਘ) ਪਿਛਲੇ ਪੈਂਤੀ ਵਰ੍ਹਿਆਂ ਤੋਂ ਬਹੁਤ ਸਾਰੀਆਂ ਪੁਸਤਕਾਂ ਦੀ ਸਿਰਜਣਾ ਕਰਕੇ ਬਾਲ ਪਾਠਕਾਂ ਨੂੰ ਵਿਗਿਆਨਕ ਸੋਚ ਦੇ ਹਾਣੀ ਬਣਾਉਣ ਵਿਚ ਬੜੀ ਸਰਗਰਮੀ ਨਾਲ ਜੁੱਟੇ ਹੋਏ ਹਨ। ਫਿਜ਼ਿਕਸ ਦੇ ਖੇਤਰ ਵਿਚ ਉਨ੍ਹਾਂ ਦੀ ਦੇਣ ਬੜੀ ਮਹੱਤਵਪੂਰਣ ਹੈ। ਸੰਨ 2001 ਵਿਚ ਉਨ੍ਹਾਂ ਨੂੰ ਭਾਸ਼ਾ ਵਿਭਾਗ ਪਟਿਆਲਾ ਵਲੋਂ ਵਿਗਿਆਨ ਸਾਹਿਤ ਰਚਨਾ ਕਾਰਜਾਂ ਲਈ ਡਾ. ਐੱਮ. ਐੱਸ. ਰੰਧਾਵਾ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਸੰਨ 2003 ਵਿਚ ਉਨ੍ਹਾਂ ਨੂੰ ਰਾਸ਼ਟਰੀ ਪੱਧਰ ਉੱਤੇ ਇਸਵਾ ਸਨਮਾਨ, ਦਿੱਲੀ; ਸੰਨ 2010 ਵਿਚ ਲਾਈਫ਼ ਟਾਈਮ ਅਚੀਵਮੈਂਟ ਅਵਾਰਡ, ਕੈਨੇਡਾ ਅਤੇ ਸੰਨ 2011 ਵਿਚ ਉੱਤਮ ਲੇਖਕ ਅਵਾਰਡ, ਕੈਨੇਡਾ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਉਹ ਅੱਜ ਕਲ ਮਿਸੀਸਾਗਾ, ਕੈਨੇਡਾ ਦੇ ਵਾਸੀ ਹਨ। 

‘ਧਰਤੀ ਮਾਂ ਬੀਮਾਰ ਹੈ’ ਪੁਸਤਕ ਵਿਚ ਉਨ੍ਹਾਂ ਗਿਆਰਾਂ ਇਕਾਂਗੀ ਸ਼ਾਮਿਲ ਕੀਤੇ ਹਨ। ਜਿਨ੍ਹਾਂ ਰਾਹੀਂ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਜਿਸ ਤਰ੍ਹਾਂ ਅਸੀਂ ਆਪਣੀ ਧਰਤੀ ਨੂੰ ਲਗਾਤਾਰ ਪ੍ਰਦੂਸ਼ਿਤ ਕਰਦੇ ਜਾ ਰਹੇ ਹਾਂ ਉਹ ਸਾਡੇ ਲਈ ਖ਼ਤਰੇ ਦੀ ਘੰਟੀ ਹੈ। ਆਉਣ ਵਾਲੇ ਸਮੇਂ ਵਿਚ ਸਾਡੇ ਸਾਹਮਣੇ ਬੜ੍ਹੀਆਂ ਵੱਡੀਆਂ ਚੁਣੋਤੀਆਂ ਆਉਣ ਵਾਲੀਆਂ ਹਨ। ਇਸ ਪੁਸਤਕ ਵਿਚ ਸ਼ਾਮਿਲ ਹਰ ਇਕ ਇਕਾਂਗੀ ਇਕ ਵੱਖਰੇ ਖ਼ਤਰੇ ਵੱਲ ਸੰਕੇਤ ਕਰ ਰਿਹਾ ਹੈ। ‘ਉਦਾਸ ਬੱਤਖਾਂ’ ਇਕਾਂਗੀ ਰਾਹੀਂ ਪ੍ਰਦੂਸ਼ਿਤ ਹੋ ਰਹੇ ਦਰਿਆਵਾਂ ਨੂੰ ਬਚਾਉਣ ਦਾ ਹੋਕਾ ਦਿੱਤਾ ਗਿਆ ਹੈ। ਝੀਲਾਂ ਦੁਆਲੇ ਵੀ ਐਨਾ ਕਚਰਾ ਇਕੱਠਾ ਹੋ ਗਿਆ ਹੈ ਕਿ ਬੱਤਖਾਂ ਪ੍ਰੇਸ਼ਾਨ ਹਨ।

‘ਧਰਤੀ ਮਾਂ ਬੀਮਾਰ ਹੈ’ਇਕਾਂਗੀ ਵਿਚ ਧਰਤੀ ਹੀ ਮੁੱਖ ਪਾਤਰ ਹੈ, ਜੋ ਆਪਣਾ ਦੁੱਖ ਬਿਆਨ ਕਰ ਰਹੀ ਹੈ ਕਿ ਕਿਵੇਂ ਫੈਕਟਰੀਆਂ ਵਿਚੋਂ ਨਿਕਲਦਾ ਧੂੰਆਂ ਵਾਤਾਵਰਣ ਨੂੰ ਪਲੀਤ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਿਹਾ। ਫੈਕਟਰੀਆਂ ਦੇ ਨਜ਼ਦੀਕ ਰਹਿਣ ਵਾਲੇ ਲੋਕ ਸਾਹ ਦੀਆਂ ਬੀਮਾਰੀਆਂ ਦਾ ਸਿ਼ਕਾਰ ਹੋ ਰਹੇ ਹਨ। ਦਰਿਆਵਾਂ ਦੇ ਕੰਢਿਆਂ ਵਿਖੇ ਪਲਾਸਟਿਕ ਤੇ ਕਚਰੇ ਦੇ ਵੱਡੇ ਵੱਡੇ ਢੇਰ  ਬੜੀ ਭਿਆਨਕ ਝਾਕੀ ਪੇਸ਼ ਕਰਦੇ ਹਨ। ਸ਼ਿਵਾਨੀ ਦੇ ਇਹ ਬੋਲ ਸਾਨੂੰ ਜੋ ਸੰਦੇਸ਼ ਦੇ ਰਹੇ ਹਨ ਉਨ੍ਹਾਂ ਉੱਤੇ ਅਮਲ ਕਰਨ ਵਿਚ ਹੀ ਸਾਡੀ ਭਲਾਈ ਹੈ।

‘ਕੁਦਰਤ ਸਾਡੀ ਸੱਭ ਦੀ ਮਾਂ ਹੈ, 

ਜੀਵ ਜੰਤਾਂ ਦੀ ਆਪਣੀ ਥਾਂ ਹੈ।

ਵਾਤਾਵਰਣ ਬਚਾਉਣਾ ਹੈ,

ਸੋਹਣਾ ਭਵਿੱਖ ਸਜਾਉਣਾ ਹੈ।’

ਲੇਖਕ ਪੁਰਾਣੀਆਂ ਪ੍ਰਚਲਿਤ ਕਹਾਣੀਆਂ ਨੂੰ ਆਪਣੇ ਜ਼ਹਿਨ ਵਿਚ ਰੱਖਦੇ ਹੋਏ, ਇਨ੍ਹਾਂ ਨੂੰ ਬਦਲਦੀਆਂ ਪ੍ਰਸਥਿਤੀਆਂ ਦੇ ਅਨੁਰੂਪ ਨਵੇਂ ਪ੍ਰਸੰਗ ਵਿਚ ਪੇਸ਼ ਕਰਦਾ ਬੜੇ ਸਾਰਥਕ ਸੁਨੇਹੇ ਦਿੰਦਾ ਹੈ। ‘ਏਕੇ ਦੀ ਬਰਕਤ’ ਇਕਾਂਗੀ ਦੀ ਕਹਾਣੀ ਭਾਵੇਂ ਪੁਰਾਣੀ ਹੈ ਪਰ ਇਸ ਵਿਚ ਨਵੀਂ ਇਹ ਗੱਲ ਜੋੜ੍ਹੀ ਗਈ ਹੈ ਕਿ ਜੇਕਰ ਅਸੀਂ ਵੰਡੇ ਰਹਾਂਗੇ ਤਾਂ ਜਾਲ ਸਮੇਤ ਉੱਡ ਨਹੀਂ ਸਕਾਂਗੇ। ਸ਼ਿਕਾਰੀ ਨਵੇਂ ਦਾਅ ਪੇਚ ਲਗਾ ਕੇ ਸਾਨੂੰ ਫਸਾ ਲੈਣਗੇ।

ਮਹਾਂਨਗਰਾਂ ਵਿਚ ਵੱਡੀ ਗਿਣਤੀ ਵਿਚ ਸੜ੍ਹਕਾਂ ਉੱਤੇ ਦੌੜਦੇ ਵਾਹਣ ਵਾਤਵਰਣ ਦਾ ਸੱਭ ਤੋਂ ਵੱਧ ਨੁਕਸਾਨ ਕਰਦੇ ਹਨ। ਜੇਕਰ ਇਸ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਰੋਕਿਆ ਜਾਵੇ ਤਾਂ ਪਸ਼ੂ ਪੰਛੀਆਂ ਤੇ ਮਨੁੱਖਾਂ ਨੂੰ ਸੁੱਖ ਦਾ ਸਾਹ ਆ ਸਕਦਾ ਹੈ। ਇਸ ਦਾ ਸੱਭ ਤੋਂ ਵੱਡਾ ਹੱਲ ਇਹ ਹੈ ਕਿ ਇਹੋ ਜਿਹੇ ਵਾਹਣ ਬਣਾਏ ਜਾਣ ਜੋ ਸੂਰਜੀ ਊਰਜਾ ਨਾਲ ਚਲ ਸਕਣ। ਪਟਰੋਲ ਤੇ ਡੀਜ਼ਲ ਦੀ ਅੰਧਾ-ਧੁੰਦ ਵਰਤੋਂ ਨਾਲ ਇਹ ਕੁਦਰਤੀ ਸੋਮੇ ਮੁੱਕਣ ਦੀ ਕੰਗਾਰ ਉੱਤੇ ਪਹੁੰਚ ਜਾਣਗੇ। ਸੂਰਜੀ ਊਰਜਾ ਦੀ ਵਰਤੋਂ ਨਾਲ ਭਾਵੇਂ ਸ਼ੁਰੂ ਸ਼ੁਰੂ ਵਿਚ ਜਿ਼ਆਦਾ ਖ਼ਰਚਾ ਆਵੇਗਾ ਪਰ ਹੌਲੀ ਹੌਲੀ ਨਵੀਂ ਤਕਨੀਕ ਵਿਕਸਤ ਕਰ ਕੇ ਇਹ ਖ਼ਰਚੇ ਘਟਾਏ ਜਾ ਸਕਦੇ ਹਨ।

‘ਬਿਜੜਾ, ਲੱਕੜਹਾਰਾ ਤੇ ਜੰਗਲ’ਇਕਾਂਗੀ ਵਿਚ ਦਰਖ਼ਤਾਂ ਦੀ ਕੀਤੀ ਜਾ ਰਹੀ ਕਟਾਈ ਨਾਲ ਸਾਡੇ ਵਾਤਾਵਰਣ ਉੱਤੇ ਪੈਣ ਵਾਲੇ ਦੁਰ-ਪ੍ਰਭਾਵਾਂ ਬਾਰੇ ਚਿੰਤਾ ਵਿਅਕਤ ਕੀਤੀ ਗਈ ਹੈ। ਜਦੋਂ ਲੱਕੜਹਾਰਾ ਦਰਖ਼ਤ ਕੱਟਣ ਲੱਗਦਾ ਹੈ ਤਾਂ ਬਿਜੜ੍ਹਾ ਉਸ ਨੂੰ ਆਪਣੇ ਆਲ੍ਹਣੇ ਦਾ ਵਾਸਤਾ ਪਾ ਕੇ ਦਰਖ਼ਤਾਂ ਨੂੰ ਨਾ ਕੱਟਣ ਲਈ ਕਹਿੰਦਾ ਹੈ। ਲੱਕੜਹਾਰਾ ਅੱਗੋਂ ਕਹਿੰਦਾ ਹੈ ਕਿ ਜੇ ਮੈਂ ਦਰਖ਼ਤ ਨਾ ਕੱਟਾਂ ਤਾਂ ਮੈਂ ਆਪਣੇ ਪਰਿਵਾਰ ਦਾ ਪੇਟ ਕਿਵੇਂ ਪਾਲਾਂਗਾ। ਬਿਜੜ੍ਹਾ ਉਸ ਨੂੰ ਦਲੀਲ ਦਿੰਦਾ ਹੈ ਕਿ ਦਰਖ਼ਤ ਕੱਟਣ ਨਾਲ ਗਰਮੀ ਵਧਦੀ ਜਾਵੇਗੀ ਤੇ ਸਰਦੀਆਂ ਹੋਰ ਠੰਡੀਆਂ ਹੋ ਜਾਣਗੀਆਂ ਤੇ ਇੰਝ ਵਾਤਾਵਰਣ ਦਾ ਸੰਤੁਲਨ ਵਿਗੜ ਜਾਵੇਗਾ। ਸ਼ਿਵ ਕੁਮਾਰ ਬਟਾਲਵੀ ਨੇ ਵੀ ਰੁੱਖਾਂ ਦਾ ਮਹੱਤਵ ਇੰਨ੍ਹਾਂ ਸਤਰ੍ਹਾਂ ਵਿਚ ਬੜੀ ਖੂਬਸੂਰਤੀ ਨਾਲ ਬਿਆਨ ਕੀਤਾ ਹੈ।

ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ, ਕੁਝ ਰੁੱਖ ਲਗਦੇ ਮਾਵਾਂ।

ਕੁਝ ਰੁੱਖ ਨੂੰਹਾਂ ਧੀਆਂ ਵਰਗੇ, ਕੁਝ ਰੁੱਖ ਵਾਂਗ ਭਰਾਵਾਂ।’

ਇਸ ਤੋਂ ਪਹਿਲਾਂ ਕਿ ਸਥਿਤੀ ਹੋਰ ਵਿਗੜ ਜਾਵੇ, ਆਓ ਆਪਾਂ ਸਾਰੇ ਮਿਲ ਕੇ ਰੁੱਖ ਲਗਾਈਏ ਤੇ ਉਨ੍ਹਾਂ ਨੂੰ ਬੱਚਿਆਂ ਵਾਂਗ ਪਾਲ ਕੇ ਆਪਣੇ ਭਵਿੱਖ ਨੂੰ ਵਿਗੜਣ ਤੋਂ ਬਚਾਈਏ। ਡਾ. ਡੀ. ਪੀ. ਸਿੰਘ ਦਾ ਸੁਨੇਹਾ ਘਰ ਘਰ ਤਕ ਪਹੁੰਚਣਾ ਚਾਹੀਦਾ ਹੈ। ਮੈਂ ਇਸ ਪੁਸਤਕ ਨੂੰ ‘ਜੀ ਆਇਆਂ’ਕਹਿੰਦਾ ਹੋਇਆ ਲੇਖਕ ਨੂੰ ਇਸ ਪੁਸਤਕ ਲਈ ਮੁਬਾਰਕਬਾਦ ਦਿੰਦਾ ਹਾਂ।

ਡਾ. ਮਨਮੋਹਨ ਸਿੰਘ ਤੀਰ, ਸਾਬਕਾ ਪ੍ਰੋਫੈਸਰ ਪੰਜਾਬੀ ਲਿਟਰੈਚਰ, ਸਰਕਾਰੀ   ਕਾਲਜ, ਹੁਸਿ਼ਆਰਪੁਰ, ਪੰਜਾਬ, ਇੰਡਿਆ।

ਸਿੰਧਬਾਦ – ਰੂਪ ਢਿੱਲੋਂ

ਰਿਵਿਊਕਾਰ: ਕੰਵਰ ਬਰਾੜ 

ਪੁਸਤਕ ਦਾ ਨਾਂ: ਸਿੰਧਬਾਦ 

ਲੇਖਕ: ਰੂਪ ਢਿੱਲੋਂ 

ਪ੍ਰਕਾਸ਼ਨ ਸਾਲ: 2021,ਮੁੱਲ: 589 ਰੁਪਏ, 

ਪ੍ਰ੍ਕਾਸ਼ਕ: ਖ਼ੁਸ਼ਜੀਵਨ ਕਿਤਾਬਾਂ, ਲੰਡਨ

ਰੂਪ ਢਿੱਲੋਂ ਦਾ ਲਿਖਿਆ ਨਾਵਲ ਸਿੰਧਬਾਦ ਪੜ੍ਹ ਕੇ ਹੱਟਿਆਂ ਤੇ ਇੰਜ ਲੱਗਦਾ ਜਿਵੇਂ ਕਿਸੇ ਹੋਰ ਦੁਨੀਆ ਦਾ ਸਫਰ ਕਰਕੇ ਵਾਪਸ ਪਰਤ ਰਿਹਾ ਹੋਵਾਂ। ਇਸ ਨਾਵਲ ਦਾ ਰਿਵਿਊ ਸ਼ਾਇਦ ਪਰੰਪਰਾਗਤ ਤਰੀਕੇ ਨਾਲ ਨਹੀਂ ਹੋ ਸਕਦਾ ਕਿਉਂਕਿ ਨਾ ਤਾਂ ਇਸ ਨਾਵਲ ਦਾ ਵਿਸ਼ਾ ਵਸਤੂ ਰਵਾਇਤੀ ਹੈ ਤੇ ਨਾ ਹੀ ਲੇਖਕ ਖ਼ੁਦ।


ਜ਼ਿਆਦਾਤਰ ਪੰਜਾਬੀ ਨਾਵਲਾਂ ਤੇ ਕਹਾਣੀਆਂ ਦੀ ਕਥਾ ਪਿਆਰ, ਪਿੰਡ, ਪੇਟ, ਪ੍ਰਦੇਸ, ਪੈਸੇ ਤੇ ਪ੍ਰਭੂ ਵਰਗੇ ‘ਪ’ ਨਾਲ ਸ਼ੁਰੂ ਹੋਣ ਵਾਲੇ ਸ਼ਬਦਾਂ ਆਲੇ ਦੁਆਲੇ ਘੁੰਮਦੀ ਹੈ, ਪਹਿਲੀ ਵਾਰੀ ਮੈਂ ਕੋਈ ਪੰਜਾਬੀ ਲੇਖਕ ਦੀ ਕਿਰਤ ਪੜ੍ਹੀ ਹੈ ਜੋ ਸੁਧੇ ਸੁਧੀ ਪੁਲਾੜ ਦੀ ਕਥਾ ਹੈ, ਤੇ ਇਹ ਪੁਲਾੜ ਵੀ ਸਾਡੀ ਸ੍ਰਿਸ਼ਟੀ ਤੋਂ ਕਿਤੇ ਪਾਰ, ਜਿਸਦਾ ਸਮੇਂ ਤੇ ਥਾਂ ਪੱਖੋਂ ਸਾਡੀ ਕਾਇਨਾਤ ਨਾਲ ਕੋਈ ਸਿੱਧਾ ਅਸਿੱਧਾ ਵਾਸਤਾ ਨਹੀਂ ਹੈ। ਇੱਕ ਨਵੇਂ ਵਾਦ ਦਾ ਪੰਜਾਬੀ ਸਾਹਿਤ ਦੀ ਦੁਨੀਆ ਵਿੱਚ ਆਗਾਜ਼ ਹੋਇਆ ਤੇ ਲੇਖਕ ਖ਼ੁਦ ਇਹਨੂੰ ਵਿਚਿੱਤਰਵਾਦ ਆਖਦਾ। ਪੰਜਾਬੀ ਭਾਸ਼ਾ ਵਿੱਚ ਉਪਲੱਬਧ ਸੀਮਿਤ ਸ਼ਬਦਾਵਲੀ ਨਾਲ ਅਜਿਹੀ ਤਾਰਿਆਂ ਤੋਂ ਪਾਰ ਦੀ ਨਵੀਂ ਦੁਨੀਆ ਸਿਰਜਣ ਲਈ ਇਕ ਖ਼ਾਸ ਕਿਸਮ ਦੀ ਸਿਰਜਣਾਤਮਕ ਸ਼ਕਤੀ ਦੀ ਲੋੜ ਹੁੰਦੀ ਹੈ ਤਾਂ ਹੀ ਸ਼ਾਇਦ ਕਿਸੇ ਹੋਰ ਲੇਖਕ ਨੇ ਹੁਣ ਤੱਕ ਪੰਜਾਬੀ ਵਿੱਚ ਅਜਿਹੀ ਲਿਖਤ ਲਿਖਣ ਦੀ ਕੋਸ਼ਿਸ਼ ਨਾ ਕੀਤੀ ਹੋਵੇ – ਰੂਪ ਢਿੱਲੋਂ ਨੇ ਭੀੜ ਤੋਂ ਵੱਖਰਿਆਂ ਚੱਲ ਸਾਨੂੰ ਪੰਜਾਬੀ ਦੀ ਭਵਿੱਖਮੁਖੀ ਨਾਵਲ ਪੇਸ਼ ਕਰ ਕੇ ਨਾ ਸਿਰਫ ਸਾਡੇ ਲਈ ਨਵਾਂ ਰਸਤਾ ਖੋਲਿਆ ਸਗੋਂ ਪੰਜਾਬੀ ਸਾਹਿਤ ਦੇ ਉਸਰਨ ਲਈ ਇੱਕ ਨਵੀਂ ਦੁਨੀਆ ਦੀ ਨੀਂਹ ਬੰਨ੍ਹ ਦਿੱਤੀ ਹੈ।


ਕਿਤਾਬ ਨੂੰ ਜਾਣਨ ਤੋ ਪਹਿਲਾਂ ਲੇਖਕ ਨੂੰ ਜਾਣਨ ਦੀ ਲੋੜ ਹੈ। ਰੂਪ ਢਿੱਲੋਂ ਇੰਗਲੈਂਡ ਵਿੱਚ ਜੰਮਿਆ ਦੂਜੀ ਪੀੜ੍ਹੀ ਦਾ ਪੰਜਾਬੀ ਹੈ – ਪੰਜਾਬੀ ਉਸਦੀ ਮਾਂ ਬੋਲੀ ਨਹੀਂ ਸਗੋਂ ਬਾਪ ਦੀ ਬੋਲੀ ਹੈ। ਇੰਗਲੈਂਡ ਵਿੱਚ ਰਹਿੰਦਿਆਂ ਸਕੂਲੀ ਪੜ੍ਹਾਈ ਅੰਗਰੇਜ਼ੀ ਵਿੱਚ ਕੀਤੀ ਤੇ ਸਾਡੇ ਵਾਂਗੂੰ ਪੰਜਾਬੀ ਨੂੰ ਸਕੂਲੀ ਪੱਧਰ ਤੇ ਨਹੀਂ ਪੜ੍ਹਿਆ। ਤੀਹ ਕੁ ਸਾਲ ਦੀ ਉਮਰ ਵਿੱਚ ਜਦੋਂ ਇਹ ਕਬੀਲਦਾਰ ਬੰਦਾ ਖ਼ਾਲਸੇ ਦੇ 300ਵੇਂ ਸਥਾਪਨਾ ਦਿਵਸ ਨਾਲ ਸੰਬੰਧਿਤ ਪ੍ਰਦਰਸ਼ਨੀਆਂ ਦੇਖਣ ਲੰਡਨ ਦੇ ਅਜਾਇਬ ਘਰਾਂ ਵਿੱਚ ਗਿਆ ਤਾਂ ਪੰਜਾਬੀ ਰਾਜ ਵੇਲੇ ਦੇ ਤਾਮਝਾਮ ਦੇਖ ਇਹ ਇਨ੍ਹਾਂ ਪ੍ਰਭਾਵਿਤ ਹੋਇਆ ਕਿ ਖ਼ੁਦ ਆਪਣੇ ਆਪ ਪੰਜਾਬੀ ਸਿੱਖ ਕੇ ਪੰਜਾਬੀ ਸਾਹਿਤ ਨੂੰ ਪੜ੍ਹਨਾ ਤੇ ਲਿਖਣਾ ਸ਼ੁਰੂ ਕੀਤਾ। ਰੂਪ ਢਿੱਲੋਂ ਹੁਣ ਤੱਕ ਪੰਜਾਬੀ ਦੀਆ ਸੱਤ ਕਿਤਾਬਾਂ ਪੰਜਾਬੀਆਂ ਦੀ ਝੋਲੀ ਪਾ ਚੁੱਕਾ। ਰੂਪ ਨੇ ਜੋ ਕੀਤਾ ਇਹ ਕਹਿਣਾ ਸੌਖਾ ਪਰ ਕਰਨਾ ਔਖਾ, ਪੰਜਾਬ ਵਿੱਚ ਥਾਂ ਥਾਂ ਖੁੱਲ੍ਹੇ ਅੰਗਰੇਜ਼ੀ ਸਿਖਾਉਣ ਵਾਲੇ ਸੈਂਟਰਾਂ ਤੋਂ ਅੰਗਰੇਜ਼ੀ ਸਿੱਖ ਹੁਣ ਤੱਕ ਕਿੰਨੇ ਕੁ ਅੰਗਰੇਜ਼ੀ ਲੇਖਕ ਬਣੇ ਨੇ? ਇਸਦੇ ਜਵਾਬ ਬਾਰੇ ਸੋਚਿਓ। ਰੂਪ ਢਿੱਲੋਂ ਨੂੰ ਪੰਜਾਬੀ ਸਾਹਿਤ ਨਾਲ ਜੁੜੇ ਭਾਈਚਾਰੇ ਵੱਲੋਂ ਰਵਾਇਤੀ ਤੋਰ ਤੇ ਸਕਾਰ ਕਰਨਾ ਜਾਂ ਨਾ ਕਰਨਾ ਇਹ ਇਕ ਵੱਖਰੀ ਗੱਲ ਹੈ, ਪਰ ਉਸ ਨੂੰ ਉਪੇਖਿਆ ਨਹੀਂ ਜਾ ਸਕਦਾ। ਉਹ ਪੰਜਾਬੀ ਸਾਹਿਤ ਵਿੱਚ ਹੁਣ ਗੱਡਿਆ ਓਹ ਥੰਮ੍ਹ ਹੈ ਜੋ ਆਉਣ ਵਾਲੇ ਦਹਾਕਿਆਂ ਤੱਕ ਪੰਜਾਬੀ ਸਾਹਿਤ ਦੀ ਔਖੀ ਪੌੜੀ ਚੜ੍ਹਨ ਵਾਲ਼ਿਆਂ ਲਈ ਪਹਿਲੇ ਡੰਡੇ ਦਾ ਕੰਮ ਕਰੇਗਾ। ਉਹ ਅੰਗਰੇਜ਼ੀ ਵਿੱਚ ਲਿਖਣ ਦਾ ਸੌਖਾ ਰਾਹ ਛੱਡ ਪੰਜਾਬੀ ਵਿੱਚ ਲਿਖਣ ਦਾ ਔਖਾ ਰਾਹ ਅਪਣਾ ਵਿਦੇਸ਼ਾਂ ਦੀਆ ਆਉਣ ਵਾਲ਼ੀਆਂ ਪੰਜਾਬੀ ਪੀੜ੍ਹੀਆਂ ਲਈ ਮਾਰਗਦਰਸ਼ਕ ਬਣ ਰਿਹਾ ਹੈ।


ਮੈਂ ਇਸ ਕਿਤਾਬ ਦੇ ਸੰਬੰਧ ਵਿੱਚ, ਰੂਪ ਢਿੱਲੋਂ ਕੋਲ ਸਹੀ ਤਰ੍ਹਾਂ ਦੇ ਪਾਠਕ ਲੱਭਣ ਲਈ ਤਿੰਨ ਤਰ੍ਹਾਂ ਦੀਆਂ ਚੁਨੌਤੀਆਂ ਦੇਖ ਰਿਹਾ ਹਾਂ। ਪਹਿਲੀ ਚੁਨੌਤੀ ਹੈ ਕਿਤਾਬ ਦਾ ਵਿਸ਼ਾ ਵਸਤੂ, ਵਿਗਿਆਨਿਕ ਕਿਸਮ ਦਾ ਹੋਣ ਕਰਕੇ ਜ਼ਿਆਦਾ ਨਵੀਂ ਪੀੜ੍ਹੀ ਦੀ ਸੋਚ ਵਿਚਾਰ ਨਾਲ ਸੁਮੇਲ ਖਾਂਦਾ। ਲੇਖਕ ਨਕਲੀ ਬੁੱਧੀ (Artificial Intelligence), ਰੋਬੋਟ (robots) ਤੇ ਪੁਲਾੜ ਯਾਤਰਾ (space travel) ਬਾਰੇ ਲਿਖਦਾ। ਜੋ ਪਾਠਕ ਵੀਡੀਓ ਖੇਡਾਂ (video games) ਖੇਡਣ ਜਾਂ ਸਟਾਰ ਟਰੈੱਕ (Star Trek) ਵਰਗੇ ਪ੍ਰੋਗਰਾਮ ਦੇਖਣ ਦੇ ਆਦੀ ਹਨ ਉਹ ਹੀ ਇਸ ਨਾਵਲ ਦੀ ਕਹਾਣੀ ਨਾਲ ਸਿੱਧਿਆਂ ਜੁੜ ਸਕਣਗੇ। ਬਾਕੀ ਸਾਰਿਆ ਨੂੰ ਸ਼ਾਇਦ ਇਹ ਵਿਸ਼ਾ ਕੁਝ ਓਪਰਾ ਲੱਗੇ। ਪਰ ਇਹ ਵਰਗ ਪੰਜਾਬੀ ਨਾਲ ਘੱਟ ਜੁੜਿਆ ਤੇ ਅੰਗਰੇਜ਼ੀ ਨੂੰ ਜ਼ਿਆਦਾ ਤਰਜੀਹ ਦਿੰਦਾ। ਦੂਜੀ ਚੁਨੌਤੀ ਹੈ, ਕਿਤਾਬ ਦੇ ਵਿੱਚ ਵਰਤੀ ਸ਼ਬਦਾਵਲੀ, ਇਹ ਸ਼ਾਇਦ ਨਵੀਂ ਪੀੜ੍ਹੀ ਦੇ ਛੇਤੀ ਪੱਲੇ ਪੈਣ ਵਾਲੀ ਨਹੀਂ। ਕਿਤਾਬ ਵਿੱਚ ਵਰਤੇ ‘ਹਯਾਤ’, ‘ਜਨੂਬੀ’, ‘ਕਹਿਕਸ਼ਾ’, ‘ਕਸੀਸ’ ਤੇ ‘ਤਮੰਚਾ’ ਵਰਗੇ ਮਿਆਰੀ ਸ਼ਬਦ ਸਾਡੀ ਸੋਚਣੀ ਵਿੱਚੋਂ ਕੱਦ ਦੇ ਵਿੱਸਰ ਗਏ ਹਨ। ਰੂਪ ਢਿੱਲੋਂ ਵਿੱਚ ਪੰਜਾਬੀ ਲਈ ਐਨਾ ਜਾਨੂੰਨ ਹੈ ਕਿ ਇਸ ਵਿਗਿਆਨਿਕ ਨਾਵਲ ਵਿੱਚ ਉਸਨੇ ਅੰਗਰੇਜ਼ੀ ਦੇ ਸ਼ਬਦ ਵਰਤਣ ਤੋਂ ਗੁਰੇਜ਼ ਕੀਤਾ ਤੇ ਜਿੱਥੇ ਪੰਜਾਬੀ ਵਿੱਚ ਸਿੱਧਾ ਲਫ਼ਜ਼ ਨਹੀਂ ਲੱਭ ਸਕਿਆ ਉੱਥੇ ਉਸਨੇ ਨਵਾਂ ਸ਼ਬਦ ਘੜਿਆ। ਤੀਜੀ ਚੁਨੌਤੀ ਹੈ ਕਿ ਪੂਰੇ ਨਾਵਲ ਦੀ ਲਿਖਤ ਤੇ ਬਣਤਰ ਉਤੇ ਇੰਗਲੈਂਡ ਵਿੱਚ ਦੂਜੀ ਪੀੜ੍ਹੀ ਦੇ ਪੰਜਾਬੀਆਂ ਵੱਲੋਂ ਬੋਲੀ ਜਾਂਦੀ ਵਿਦੇਸ਼ੀ ਪੰਜਾਬੀ (ਇਕ ਕਿਸਮ ਦੀ ਉਪਬੋਲੀ) ਦਾ ਅਸਰ ਹੈ। ਜਿਵੇਂ ਕਿ ਸਫ਼ਾ ੧੪੯ ਤੇ ਇੱਕ ਵਾਕ ਹੈ “ਵੱਲ ਗੋਲ਼ੀਆਂ ਭੇਜੀਆਂ” ਜੋ ਸਾਨੂੰ ਓਪਰਾ ਲੱਗੇ ਕਿਉਂਕਿ ਅਸੀਂ ਬਹੁਤੇ “ਵੱਲ ਗੋਲ਼ੀਆਂ ਦਾਗ਼ੀਆਂ” ਸੁਣਨ ਪੜ੍ਹਨ ਦੇ ਆਦੀ ਹਾਂ ਪਰ ਇੰਗਲੈਂਡ ਦੇ ਜੰਮਿਆਂ ਲਈ ਇਹ ਓਪਰਾ ਨਹੀਂ। ਉਂਜ ਤ੍ਰਾਸਦੀ ਇਹ ਹੈ ਕਿ ਜਿੰਨਾ ਇੰਗਲੈਂਡ ਵਿੱਚ ਜੰਮਿਆਂ ਦੇ ਇਸ ਤਰਾਂ ਦੀ ਕਹਾਣੀ ਪੂਰੀ ਸਮਝ ਪੈ ਸਕਦੀ ਹੈ ਉਹ ਸ਼ਾਇਦ ਸਿਰਫ ਪੰਜਾਬੀ ਬੋਲਣਾ ਭਾਵੇਂ ਜਾਣਦੇ ਹੋਣ ਪਰ ਬਹੁਤੇ ਲਿਖ ਪੜ੍ਹ ਨਹੀਂ ਸਕਦੇ। ਮੇਰਾ ਇਹ ਸਭ ਕੁਝ ਕਹਿਣ ਦਾ ਭਾਵ ਇਹ ਹੈ ਕਿ ਸਾਨੂੰ ਰੂਪ ਢਿੱਲੋਂ ਦੇ ਇਸ ਨਾਵਲ ਨੂੰ ਅੱਖਾਂ ਦੇ ਨਾਲ ਨਾਲ ਦਿਮਾਗ ਖੋਲ੍ਹ ਕੇ ਵੀ ਪੜ੍ਹਨਾ ਪੈਣਾ ਤਾਂ ਜੋ ਇਹ ਕਹਿ ਕੇ ਪਾਸੇ ਨਾ ਰੱਖ ਦੇਈਏ ਕੇ ਇਹ ਤਾਂ ਸਮਝਣਾ ਔਖਾ। ਕਿਸੇ ਪੰਜਾਬ ਦੇ ਜੰਮੇ ਲੇਖਕ ਨੇ ਵੀ ਜੇ ਇਸ ਵਿਸ਼ੇ ਤੇ ਕਿਤਾਬ ਲਿਖੀ ਹੁੰਦੀ ਤਾਂ ਮੈਨੂੰ ਨਹੀਂ ਲੱਗਦਾ ਰੂਪ ਢਿੱਲੋਂ ਤੋਂ ਵਧੀਆ ਕੰਮ ਕੀਤਾ ਜਾ ਸਕਦਾ ਸੀ।


ਸਿੰਧਬਾਦ ਕਿਤਾਬ ਦੇ ਮੁੱਖ ਬੰਦ ਵਿੱਚ ਸਾਡੇ ਸਤਿਕਾਰਯੋਗ ਸ਼ਿਵਚਰਨ ਜੱਗੀ ਕੁੱਸਾ ਨੇ ਲਿਖਿਆ ਕਿ ਰੂਪ ਕਮਾਲ ਦਾ ਬੰਦਾ ਪਰ ਮੈਂ ਇਸਦੇ ਨਾਲ ਇਹ ਜੋੜਾਂਗਾ ਕਿ ਉਸਦੀ ਇਹ ਰਚਨਾ ਵੀ ਕਮਾਲ ਦੀ ਹੈ। ਜਿਵੇਂ ਬੱਚੇ ਆਪਣੇ ਮਾਂ ਪਿਓ ਤੇ ਜਾਂਦੇ ਨੇ ਉਸੇ ਤਰਾਂ ਲੇਖਕ ਦੀਆ ਲਿਖਤਾਂ ਨੂੰ ਵੀ ਉਸਦੀ ਜ਼ਿੰਦਗੀ ਨਾਲ਼ੋਂ ਨਿਖੇੜਿਆ ਨਹੀਂ ਜਾ ਸਕਦਾ। ਰੂਪ ਢਿੱਲੋਂ ਨਾਲ ਜੇ ਕਦੇ ਤੁਹਾਨੂੰ ਕਦੇ ਗੱਲ ਕਰਨ ਦਾ ਮੌਕਾ ਮਿਲੇ ਤਾਂ ਤੁਹਾਨੂੰ ਸਾਫ ਮਹਿਸੂਸ ਹੋਵੇਗਾ ਕਿ ਉਸਦੇ ਉਤਸ਼ਾਹ ਵਿੱਚ ਇਕ ਸਪ੍ਰਿੰਗ (sprung) ਵਰਗੀ ਲਚਕ ਹੈ ਜਿਸ ਨੂੰ ਅਲੋਚਕ ਜਿੰਨਾ ਵੀ ਦਬਾਉਣ ਦੀ ਕੋਸ਼ਿਸ਼ ਕਰਨ ਉਸ ਵਿੱਚ ਓਨੀ ਹੀ ਊਰਜਾ ਭਰਦੀ ਜਾਂਦੀ ਹੈ ਤੇ ਉਸ ਵਿੱਚ ਮੁੜ੍ਹ ਸਿੱਧਾ ਮੱਥੇ ਤੇ ਵੱਜਣ ਲਈ ਮਿਹਨਤ ਕਰਨ ਦੀ ਸ਼ਕਤੀ ਹੈ। ਜਾਂ ਸਿੱਧੇ ਰੂਪ ਵਿੱਚ ਕਹੀਏ ਕਿ “ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਪਰ ਦੱਬਦਾ ਕਿੱਥੇ ਆ”। ਕੁੱਸਾ ਜੀ ਦੇ ਕਹਿਣ ਵਾਂਗੂੰ ਰੂਪ ਦੀਆਂ ਰਚਨਾਵਾਂ ਪੜ੍ਹਨ ਲੱਗਿਆ ਪਾਠਕ ਨੂੰ ਇੱਕ ਵੱਖਰੀ ਤਰਾਂ ਦੀ ਮਾਨਸਿਕਤਾ ਅਪਣਾਉਣੀ ਪੈਣੀ ਹੈ, ਜੇ ਪਾਠਕ ਦੇ ਤੌਰ ਤੇ ਤੁਸੀਂ ਪੰਜਾਬੀ ਵਿਆਕਰਨ ਦੀ ਬਣਤਰ ਅਤੇ ਸ਼ਬਦਾਂ ਦੇ ਜੋੜਾਂ ਤੋਂ ਅਗਾਂਹ ਨਹੀਂ ਦੇਖ ਸਕਦੇ ਤਾਂ ਸ਼ਾਇਦ ਤੁਸੀਂ ਰੂਪ ਦੀਆ ਰਚਨਾਵਾਂ ਵਿੱਚੋਂ ਕੁਝ ਵੱਖਰਾ ਤੇ ਖ਼ਾਸ ਜਾਣਨ ਦੀ ਅਣਜਾਣ ਭੁੱਲ ਕਰ ਰਹੇ ਹੋਵੋਗੇ।


ਮੈੰ ਤੁਹਾਨੂੰ ਇਸ ਨਾਵਲ ਦੀ ਸਾਰੀ ਕਹਾਣੀ ਦੱਸ ਕੇ ਤੁਹਾਡੇ ਇਸ ਕਿਤਾਬ ਨੂੰ ਪੜ੍ਹਨ ਦੇ ਸਵਾਦ ਨੂੰ ਕਿਰਕਰਾ ਨਹੀਂ ਕਰਨਾ ਚਾਹੁੰਦਾ ਪਰ ਨਾਵਲ ਦਾ ਪੂਰਾ ਢਾਂਚਾ ਬਹੁਤ ਮਿਆਰੀ ਹੈ। ਸਿੰਧਬਾਦ ਨਾਵਲ ਦਾ ਕਥਾਨਕ ਇੱਕ ਕਲਪਨਾਤਮਿਕ ਬ੍ਰਹਿਮੰਡ ਵਿੱਚੋਂ ਵਿਚਰਦੇ ਪੁਲਾੜ ਜਹਾਜ਼ ਨਾਲ ਜੁੜਿਆ। ਕਹਾਣੀ ਇਸ ਬ੍ਰਹਿਮੰਡ ਵਿੱਚ ਵੱਖ ਵੱਖ ਗ੍ਰਹਿਆਂ ਤੇ ਉਪਗ੍ਰਹਿਆਂ ਤੇ ਵਸਦੀਆਂ ਤਿੰਨ ਜਾਤੀਆਂ ਇਨਸਾਨ, ਨਿਰਾਕਾਰੀ ਤੇ ਸਾਨ੍ਹਾਨਸਲ ਦੀ ਸਾਂਝ ਤੇ ਵਖਰੇਵਿਆਂ ਦੁਆਲੇ ਘੁੰਮਦੀ ਹੈ। ਲੇਖਕ ਨੇ ਤਿੰਨਾਂ ਜਾਤੀਆਂ ਦੇ ਰਹਿਣ ਸਹਿਣ ਤੇ ਉਹਨਾਂ ਦੇ ਮੁੱਢਲੇ ਗ੍ਰਹਿਆਂ ਦੀ ਬਣਤਰ ਨੂੰ ਸਾਰੇ ਨਾਵਲ ਦੌਰਾਨ ਬੜ੍ਹੀ ਹੀ ਬਾਰੀਕੀ ਨਾਲ ਪੇਸ਼ ਕੀਤਾ। ਲੇਖਕ ਨੇ ਬ੍ਰਹਿਮੰਡ ਦੇ ਪ੍ਰਸ਼ਾਸਨ ਪ੍ਰਬੰਧਾਂ ਤੇ ਉੱਚ ਸ਼ਕਤੀ ਲਈ ਹੋ ਰਹੇ ਯੁੱਧ ਨੂੰ ਕਹਾਣੀ ਦਾ ਹਿੱਸਾ ਬਣਾ ਇਸ ਨੂੰ ਹੋਰ ਵੀ ਰੋਚਕ ਬਣਾ ਦਿੱਤਾ। ਜਿੱਥੇ ਮੌਕਾ ਮਿਲਿਆ ਲੇਖਕ ਨੇ ਸਾਡੇ ਇਸ ਸੰਸਾਰ ਦੀਆਂ ਚੰਗਿਆਈਆਂ ਬੁਰਾਈਆਂ ਨੂੰ ਬੜੇ ਵਿਲੱਖਣ ਤਰੀਕੇ ਨਾਲ ਇਸ ਨਵੀਂ ਦੁਨੀਆ ਦਾ ਹਿੱਸਾ ਬਣਾ ਕੇ ਟੁੰਭਿਆ – ਉਹ ਚਾਹੇ ਗਣਤੰਤਰ ਜਾਂ ਤਾਨਾਸ਼ਾਹੀ ਗੱਲ ਹੋਵੇ, ਅੰਨੇਵਾਹ ਧੰਨ ਇੱਕਠਾ ਕਰਨ ਦੀ ਲਾਲਸਾ, ਬਹਾਦਰੀ ਤੇ ਕਾਇਰਤਾ, ਨਸ਼ਿਆ ਦਾ ਸਮਾਜ ਤੇ ਪ੍ਰਭਾਵ, ਅਮੀਰਾਂ ਵੱਲੋਂ ਗਰੀਬ ਵਰਗਾਂ ਦੀ ਹੋ ਰਹੀ ਲੁੱਟ, ਵਿਕਾਸ ਦੇ ਨਾਂ ਹੇਠ ਹੋ ਰਿਹਾ ਕੁਦਰਤੀ ਸੋਮਿਆਂ ਤੇ ਨਸਲਾਂ ਦਾ ਸ਼ੋਸ਼ਣ ਆਦਿ। ਇੱਕ ਬਹਾਦਰ ਨਾਇਕ ਦਾ ਇੱਕ ਛੁਪੀ ਰਾਜਕੁਮਾਰੀ ਨਾਲ ਅਨਿਸ਼ਚਿਤ ਰਿਸ਼ਤਾ ਨਾਵਲ ਨੂੰ ਚਾਰ ਚੰਦ ਲਾਉਂਦਾ ਹੈ। ਲੇਖਕ ਦੇ ਇਸ ਕਾਲਪਨਿਕ ਬ੍ਰਹਿਮੰਡ ਵਿੱਚ ਤਕਨਾਲੋਜੀ ਇਤਨੀ ਵਿਕਸਿਤ ਹੋ ਚੁੱਕੀ ਹੈ ਜਿਸਦਾ ਅਸੀਂ ਸਾਡੀ ਦੁਨੀਆ ਵਿੱਚ ਆਉਣ ਵਾਲੇ ਹਜ਼ਾਰਾਂ ਵਰ੍ਰਿਆਂ ਤੱਕ ਵੀ ਅੰਦਾਜ਼ਾ ਨਹੀਂ ਲਾ ਸਕਦੇ, ਕਹਾਣੀ ਦਾ ਸਭ ਤੋਂ ਰੋਚਿਕ ਵਲ-ਛਲ ਹੈ ਉੱਥੇ ਵਸਦੀਆਂ ਜਾਤੀਆਂ ਦਾ ਅਕਲ ਸੂਝ ਤੇ ਰੋਬੋਟਾਂ ਵਰਗੀ ਤਕਨਾਲੋਜੀ ਨਾਲ ਸੰਬੰਧ। ਅਸੀਂ ਮਨੁੱਖਤਾ ਦੇ ਤੌਰ ਤੇ ਅੱਜ ਵੀ ਇਹੋ ਜਿਹੇ ਦਵੰਦ ਵਿੱਚ ਘਿਰੇ ਹੋਏ ਹਾਂ ਕਿ ਕਿੱਥੋਂ ਤੱਕ ਤਕਨਾਲੋਜੀ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਕੰਟਰੋਲ ਸੋਂਪਿਆ ਜਾਵੇ। ਉਦਾਹਰਨ ਦੇ ਤੌਰ ਤੇ ਇੱਕ ਪਾਸੇ ਸਾਨੂੰ ਅੱਜ ਆਪੇ ਚੱਲਦੀਆਂ ਕਾਰਾਂ (autonomous cars) ਦਾ ਜਨੂੰਨ ਹੈ ਪਰ ਦੂਜੇ ਪਾਸੇ ਇਖ਼ਲਾਕੀ ਸਵਾਲ ਸਾਨੂੰ ਟਕੋਰਦਾ ਕਿ ਜੇ ਕਿਸੇ ਦਾ ਕਾਰ ਵੱਜ ਕੇ ਜੇ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਕਿਸ ਨੂੰ ਕਸੂਰਵਾਰ ਮੰਨਿਆ ਜਾਵੇ? ਕਾਰ ਬਣਾਉਣ ਵਾਲੇ ਨੂੰ? ਕਾਰ ਦੇ ਮਾਲਿਕ ਨੂੰ? ਕਾਰ ਦੇ ਵਿੱਚਲੀ ਸਵਾਰੀ ਨੂੰ? ਜਾਂ ਪ੍ਰਸ਼ਾਸਨ ਨੂੰ? ਕੀ ਹੋਵੇਗਾ ਜੇ ਆਪਣੇ ਤੋਂ ਆਪ ਸਿੱਖਦੀ ਤਕਨਾਲੋਜੀ ਸਭ ਤੋਂ ਸਿਆਣੀ ਹੋ ਗਈ? ਫਿਰ ਇਹ ਕਿਸੇ ਦੀ ਗੁਲਾਮ ਕਿਓਂ ਰਹੇਗੀ ਜਿਵੇਂ ਅਸੀਂ ਕਿਸੇ ਦੇ ਗੁਲਾਮ ਨਹੀਂ ਰਹਿਣਾ ਚਾਹੁੰਦੇ? ਲੇਖਕ ਨੇ ਨਾਵਲ ਅੰਤ ਵੀ ਬੜਾ ਵੱਖਰਾ ਕੀਤਾ ਜਿਸਦਾ ਮੈਂ ਪੜ੍ਹਦੇ ਸਮੇਂ ਬਹੁਤਾ ਅੰਦਾਜ਼ਾ ਨਹੀਂ ਸੀ ਲਾ ਸਕਿਆ।


ਕੁੱਲ ਮਿਲਾ ਕੇ ਮੈਨੂੰ ਲੱਗਦਾ ਕਿ ਰੂਪ ਢਿੱਲੋਂ ਇਸ ਮਿਆਰੀ ਨਾਵਲ ਨੂੰ ਲਿਖਣ ਲਈ ਵਾਕਿਆ ਹੀ ਸ਼ਾਬਾਸ਼ ਦਾ ਹੱਕਦਾਰ ਹੈ। ਮੈਂ ਗੁਜ਼ਾਰਸ਼ ਕਰਾਂਗਾ ਕਿ ਪਾਠਕ ਖੁੱਲ੍ਹੇ ਦਿਲ ਨਾਲ ਵਾਕਾਂ ਤੇ ਮਾਈਕ੍ਰੋਸਕੋਪ ਲਾਏ ਬਿਨ੍ਹਾ ਇਸ ਨਾਵਲ ਨੂੰ ਜਰੂਰ ਪੜ੍ਹਨ ਤਾਂ ਜੋ ਸੋਚ ਦੇ ਦਾਇਰੇ ਨੂੰ ਹੋਰ ਵੀ ਵਿਸ਼ਾਲ ਕੀਤਾ ਜਾ ਸਕੇ। ਇਹ ਨਾਵਲ ਦੋ ਵਰਗਾਂ ਲਈ ਕਾਫ਼ੀ ਲਾਹੇਵੰਦ ਹੋ ਸਕਦਾ ਹੈ – ਪਹਿਲਾ ਵਰਗ ਉਹ ਨੌਜਵਾਨ ਜੋ ਅਕਸਰ ਕਹਿੰਦੇ ਹਨ ਕੇ ਪੰਜਾਬੀ ਨਾਵਲਾਂ ਦੀਆਂ ਕਹਾਣੀਆਂ ਉਹਨਾਂ ਨੂੰ ਸਮਝ ਨਹੀਂ ਆਉਂਦੀਆਂ ਕਿਉਂਕਿ ਜ਼ਮਾਨਾ ਬਦਲ ਗਿਆ, ਇਸ ਨਾਵਲ ਦੀ ਕਹਾਣੀ ਸਮੇਂ ਦੇ ਹਾਣ ਦੀ ਹੀ ਨਹੀਂ ਸਗੋਂ ਪਾਰ ਦੀ ਹੈ। ਦੂਜਾ ਵਰਗ ਸਥਾਪਿਤ ਲੇਖਕ ਤਾਂ ਜੋ ਉਹ ਇਸ ਕਿਤਾਬ ਨੂੰ ਪੜ੍ਹ ਕੇ ਦੇਖ ਸਕਣ ਕਿ ਪੰਜਾਬੀ ਸਾਹਿਤ ਵਿੱਚ ਸਾਡੀਆਂ ਆਪ ਥੋਪੀਆਂ ਪਾਬੰਦੀਆਂ ਤੋਂ ਪਾਰ ਵੀ ਵੱਖਰਾ ਲਿਖਿਆ ਜਾ ਸਕਦਾ ਹੈ ਜਿਸਦੀ ਨਾ ਕੋਈ ਸੀਮਾ ਹੈ ਤੇ ਨਾ ਹੀ ਸਮੇਂ ਦਾ ਘੇਰਾ।

ਜਿਸ ਨੇ ਨਾਵਲ ਪੜ੍ਹਨ ਲਈ ਖਰੀਦਣਾ ਹੋਵੇ ਓਹ ਹੇਠਲੇ ਪਤੇ ਤੇ ਰੂਪ ਢਿਲੋਂ ਨਾਲ ਸੰਪਰਕ ਕਰ ਸਕਦੇ ਹਨ : khushjeevankitabaan@gmail.com

ਰੀਵਿਊਕਰਤਾ ਵਾਰੇ: ਮਾਖਿਓਂ ਮਿੱਠੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਾ ਕੰਵਰ ਬਰਾੜ ਅੱਖਰ ਬਲੌਗ ਚਲਾਉਂਦਾ ਹੈ, ਜਿੱਥੇ ਤੁਸੀਂ ਰੋਚਕ ਜਾਣਕਾਰੀ, ਕਵਿਤਾਵਾਂ, ਕਹਾਣੀਆਂ, ਪੁਸਤਕ ਸਮੀਖਿਆ ਆਦਿ ਪੜ੍ਹ ਸਕਦੇ ਹੋ। ਉਸਦੀਆਂ ਲਿਖਤਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਦੀ ਰੀਝ੍ਹ ਹੈ, ਬਦਲਦੇ ਵਾਤਾਵਰਣ (Climate Change) ਪ੍ਰਤੀ ਦਰਦ ਹੈ। ਉਹ ਇੰਗਲੈਂਡ ਵਿੱਚ ਰਹਿੰਦਾ ਹੈ।

ਸਿਤਾਰਿਆਂ ਤੋਂ ਅੱਗੇ

ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ

ਪੁਸਤਕ ਦਾ ਨਾਮ: ਸਿਤਾਰਿਆਂ ਤੋਂ ਅੱਗੇ (ਵਿਗਿਆਨ ਗਲਪ ਕਹਾਣੀਆਂ)

ਲੇਖਕ: ਅਮਨਦੀਪ ਸਿੰਘ

ਪ੍ਰਕਾਸ਼ਕ : ਅਮਨ ਪ੍ਰਕਾਸ਼ਨ, ਨੌਰਾ, ਪੰਜਾਬ, ਭਾਰਤ/ ਬੋਸਟਨ, ਅਮਰੀਕਾ

ਪ੍ਰਕਾਸ਼ ਸਾਲ:  2022, ਕੀਮਤ: ਅੰਕਿਤ ਨਹੀਂ ; ਪੰਨੇ: 128

‘ਸਿਤਾਰਿਆਂ ਤੋਂ ਅੱਗੇ’(ਵਿਗਿਆਨ ਗਲਪ ਕਹਾਣੀ ਸੰਗ੍ਰਹਿ) ਕਿਤਾਬ ਦਾ ਲੇਖਕ ਸ. ਅਮਨਦੀਪ ਸਿੰਘ, ਕਿੱਤੇ ਵਜੋਂ ਕੰਪਿਊਟਰ ਇੰਜੀਨੀਅਰ ਹੈ, ਪਰ ਉਸ ਨੂੰ ਸਾਹਿਤਕ ਚੇਟਕ ਬਚਪਨ ਤੋਂ ਹੀ ਹੈ। ਵਿਗਿਆਨਕ ਰੁਚੀ ਤੇ ਬਚਪਨ ਦੌਰਾਨ ਘਰ ਵਿਚੋਂ ਹੀ ਮਿਲੇ ਸਾਹਿਤਕ ਮਾਹੌਲ ਨੇ, ਅਮਨਦੀਪ ਨੂੰ ਵਿਗਿਆਨ ਗਲਪ ਸਾਹਿਤ ਦੇ ਗਹਿਨ ਅਧਿਐਨ ਵੱਲ ਪ੍ਰੇਰਿਤ ਕੀਤਾ। ਸਮੇਂ ਨਾਲ ਇਹੋ ਬਿਰਤੀ ਅਮਨਦੀਪ ਦੇ ਸਾਹਿਤਕ ਲੇਖਣ ਕਾਰਜਾਂ ਦਾ ਅਧਾਰ ਬਣੀ। ਜੁਆਨੀ ਦੀ ਦਹਿਲੀਜ਼ ਉੱਤੇ, ਸੰਨ 1989 ਦੌਰਾਨ, ਉਹ ਪੰਜਾਬੀ ਸਾਹਿਤ ਵਿਚ, ਆਪਣੀ ਪਹਿਲੀ ਪੁਸਤਕ ‘ਟੁੱਟਦੇ ਤਾਰਿਆਂ ਦੀ ਦਾਸਤਾਨ’ (ਵਿਗਿਆਨ ਗਲਪ ਕਹਾਣੀ ਸੰਗ੍ਰਹਿ) ਦੀ ਰਚਨਾ ਨਾਲ ਹਾਜ਼ਿਰ ਹੋਇਆ ਸੀ। ਫਿਰ ਕਿੱਤੇ ਦੀ ਭਾਲ ਵਿਚ ਅਮਰੀਕਾ ਦਾ ਵਾਸੀ ਹੋ ਗਿਆ। ਜ਼ਿੰਦਗੀ ਦੀ ਜੱਦੋ ਜਹਿਦ ਤੇ ਰੋਟੀ ਰੋਜ਼ੀ ਪ੍ਰਾਪਤੀ ਦੇ ਸੰਘਰਸ਼ ਵਿਚ ਅਜਿਹਾ  ਰੁੱਝਿਆ ਕਿ ਸਾਹਿਤਕ ਸਿਰਜਨਾ ਕਾਰਜ ਨਿੱਠ ਕੇ ਕਰ ਸਕਣ ਤੋਂ ਅਸਮਰਥ ਹੀ ਰਿਹਾ। ਇਸ ਸੰਘਰਸ਼ ਵਿਚ ਕਈ ਸਾਲ ਹੀ ਨਹੀਂ ਸਗੋਂ ਕਈ ਦਹਾਕੇ ਹੀ ਗੁਜ਼ਰ ਗਏ। ਪਰ ਇਸ ਅਰਸੇ ਦੌਰਾਨ ਉਸ ਦੀ ਅੰਦਰੂਨੀ ਸਾਹਿਤਕ ਚੇਸ਼ਟਾ ਸਮੇਂ ਸਮੇਂ ਵਿਗਿਆਨ ਕਹਾਣੀਆਂ ਤੇ ਕਵਿਤਾਵਾਂ ਦੇ ਰੂਪ ਵਿਚ ਉਸ ਦੇ ਦਰ ਦਸਤਕ ਦਿੰਦੀ ਰਹੀ। ਇਕ ਸੰਵੇਦਨਸ਼ੀਲ ਕਵੀ ਅਤੇ ਵਿਗਿਆਨ ਦੇ  ਵਿਦਿਆਰਥੀ ਵਜੋਂ ਸਮਾਜਿਕ ਵਰਤਾਰਿਆਂ ਤੇ ਵਿਗਿਆਨਕ ਸਕੰਲਪਾਂ ਦੀ ਪੜਚੋਲ ਉਸ ਦੇ ਜੀਵਨ ਦਾ ਅਹਿਮ ਅੰਗ ਰਹੀ ਹੈ। ਇਨ੍ਹਾਂ ਪ੍ਰਭਾਵਾਂ ਸੰਬੰਧਤ, ਉਸ ਦੀਆਂ ਅਨੇਕ ਰਚਨਾਵਾਂ, ਸਮੇਂ ਸਮੇਂ ਸਮਕਾਲੀਨ ਅਖਬਾਰਾਂ ਤੇ ਮੈਗਜੀਨਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ।


‘ਸਿਤਾਰਿਆਂ ਤੋਂ ਅੱਗੇ’ ਸ. ਅਮਨਦੀਪ ਸਿੰਘ ਦੀ ਵਿਗਿਆਨ ਗਲਪ ਕਹਾਣੀ ਵਿਧਾ ਵਿਚ ਦੂਸਰੀ ਪੁਸਤਕ ਹੈ। ਇਸ ਪੁਸਤਕ ਵਿਚ ਕੁੱਲ ਛੇ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਕਿਤਾਬ ਦੇ ਮਕਸਦ ਦੀ ਗੱਲ ਉਹ ਇਕ ਸਵਾਲ ਦੇ ਜ਼ਿ਼ਕਰ ਨਾਲ ਕਰਦਾ ਹੈ, ਕਿ ਕੀ ਪ੍ਰਿਥਵੀ ਤੋਂ ਇਲਾਵਾ ਕਿਤੇ ਹੋਰ ਵੀ ਜੀਵਨ ਹੈ? ਉਸ ਦਾ ਮੰਨਣਾ ਹੈ ਕਿ ਇਸ ਕਿਤਾਬ ਵਿਚ ਸ਼ਾਮਿਲ ਕਹਾਣੀਆਂ ਇਸੇ ਸਵਾਲ ਦਾ ਜਵਾਬ ਦਰਸਾਉਂਦੀਆਂ ਹਨ। 

ਇਸ ਕਿਤਾਬ ਦੇ ਨਾਮਕਰਣ ਦੀ ਗੱਲ ਕਰਦਾ ਹੋਇਆ ਉਹ ਮਸ਼ਹੂਰ ਸ਼ਾਇਰ ਮੁਹੰਮਦ ਇਕਬਾਲ ਦੇ ਸ਼ੇਅਰ ‘ਸਿਤਾਰੋਂ ਕੇ ਆਗੇ ਜਹਾਂ ਔਰ ਭੀ ਹੈਂ।’ਦਾ ਜ਼ਿਕਰ ਕਰਦਾ ਹੈ। ਉਹ, ਇਸ ਨੂੰ ਮਨੁੱਖ ਦੀ ਨਵਾਂ ਕੁਝ ਜਾਨਣ ਦੀ ਨਿਰੰਤਰ ਜਗਿਆਸਾ ਦੇ ਚਿੱਤਰਣ ਵਜੋਂ ਮੰਨਦਾ ਹੈ। ਸਾਡੇ ਵਿਸ਼ਾਲ ਬ੍ਰਹਿਮੰਡ ਵਿਚ ਮੌਜੂਦ ਅਰਬਾਂ-ਖ਼ਰਬਾਂ ਤਾਰਿਆਂ ਤੇ ਲੱਖਾਂ-ਕਰੋੜਾਂ ਗ੍ਰਹਿਆਂ ਦੀ ਹੌਂਦ ਵਿਚ ਜੀਵਨ ਦੀ ਤਲਾਸ਼ ਦੀਆ ਬਾਤ ਪਾਉਂਦੀਆਂ ਅਮਨਦੀਪ ਦੀਆਂ ਇਹ ਕਹਾਣੀਆਂ ਪੰਜਾਬੀ ਪਾਠਕਾਂ ਨੂੰ ਬਹੁਤ ਕੁਝ ਨਵਾਂ ਜਾਨਣ ਤੇ ਸਮਝਣ ਵਿਚ ਸਹਾਈ ਹੋਣ ਦੇ ਸਮਰਥ ਹਨ। ਇਨ੍ਹਾਂ ਕਹਾਣੀਆਂ ਦਾ ਬਿਰਤਾਂਤ ਸਿਤਾਰਿਆਂ ਵੱਲ ਦੀਆਂ ਉਡਾਣਾਂ, ਉੱਡਣ-ਤਸ਼ਤਰੀਆਂ, ਦੂਸਰੇ ਗ੍ਰਹਿ ਦੇ ਵਾਸੀਆਂ, ਵਾਤਾਵਰਣੀ ਪ੍ਰਦੂਸ਼ਣ, ਪ੍ਰਮਾਣੂ ਸ਼ਕਤੀ ਦੇ ਮਾਰੂ ਪ੍ਰਭਾਵਾਂ, ਰੋਬੋਟਾਂ ਦੇ ਕਾਰਨਾਮਿਆਂ ਅਤੇ ਟਾਇਮ ਟ੍ਰੈਵਲ ਵਿਸ਼ਿਆਂ ਨਾਲ ਔਤ-ਪ੍ਰੋਤ ਹੈ। ਅਮਨਦੀਪ ਦੀਆਂ ਇਨ੍ਹਾਂ ਰਚਨਾਵਾਂ ਵਿਚ ਮਨੁੱਖੀ ਸੰਵੇਦਨਾਵਾਂ ਤੇ ਪਿਆਰ ਭਾਵਨਾਵਾਂ ਨਾਲ ਸਰਸ਼ਾਰ ਪਾਤਰ ਕਹਾਣੀਆਂ ਦੀ ਰੌਚਕਤਾ ਨੂੰ ਬਣਾਈ ਰੱਖਣ ਵਿਚ ਸਫ਼ਲ ਰਹੇ ਹਨ।


ਇਸ ਕਿਤਾਬ ਦੀ ਪਹਿਲੀ ਕਹਾਣੀ ਹੈ ‘ਨੀਲੀ ਰੋਸ਼ਨੀ’। ਜੋ ਦੂਸਰੇ ਗ੍ਰਹਿ ਵਾਸੀਆਂ ਦੀ ‘ਪੁਲਾੜੀ ਖ਼ਾਨਾਬਦੋਸ਼’ਹਾਲਾਤ ਦਾ ਜ਼ਿਕਰ ਕਰਦੀ ਹੋਈ ਮਸ਼ੀਨ ਤੇ ਮਨੁੱਖ ਦੇ ਪ੍ਰਸਪਰ ਸੰਬੰਧਾਂ ਦੇ ਨਵੇਂ ਪਸਾਰਾਂ ਦਾ ਦਿਲਚਸਪ ਵਰਨਣ ਕਰਦੀ ਹੈ। ਮਨੁੱਖੀ ਸਰੀਰ ਦੀਆਂ ਭੌਤਿਕ ਬੰਦਸ਼ਾਂ ਦੇ ਪਾਰ ਚੇਤੰਨਤਾ ਦੀ ਹੌਂਦ ਦੀ ਦੱਸ ਪਾਉਂਦੀ ਹੈ। ਕਿਤਾਬ ਦੀ ਦੂਜੀ ਕਹਾਣੀ ‘ਜੀਵਤ-ਮਸ਼ੀਨ’ਸਾਡਾ ਤੁਆਰਫ਼ ਮਨੁੱਖੀ ਸ਼ਕਲ ਵਾਲੇ ਰੋਬੋਟਿਕ ਕਾਓ-ਬੋਆਏ ਨਾਲ ਕਰਾਉਂਦੀ ਹੈ ਜੋ ਮੁਸੀਬਤ ਵਿਚ ਫ਼ਸੀ ਖੋਜੀ ਪੱਤਰਕਾਰ ਨੂੰ ਵਹਿਸ਼ੀ ਦਰਿੰਦਿਆਂ ਦੇ ਚੁੰਗਲ ‘ਚੋਂ ਛੁਟਕਾਰਾ ਦਿਵਾਉਂਦਾ ਹੈ। ਮਨੁੱਖੀ ਸੰਵੇਦਨਾਵਾਂ ਨਾਲ ਲਬਰੇਜ਼ ਇਹ ਕਹਾਣੀ ਆਪਣੇ ਕੇਂਦਰੀ ਪਾਤਰ ਮਰਿਚਿਕਾ ਦੇ ਮਨੁੱਖੀ ਭਾਵਨਾਵਾਂ ਤੋਂ ਸੱਖਣੇ ਮਸ਼ੀਨੀ ਮਨੁੱਖ (ਰੋਬੋਟ) ਲਈ ਭਾਵਨਾਤਮਕ ਉਲਾਰ ਦਾ ਬਿਰਤਾਂਤ ਪ੍ਰਗਟ ਕਰਦੀ ਹੈ। ਪਰ ਅੰਤ ਵਿਚ ਮਰਿਚਿਕਾ ਉਸ ਮਸ਼ੀਨੀ ਮਨੁੱਖ ਵਿਚ ਸਿਰਫ਼ ਸੀਮਿਤ ਮਾਨਵੀ ਭਾਵਨਾਵਾਂ ਦਾ ਅਨੁਭਵ ਹੀ ਕਰ ਪਾਂਦੀ ਹੈ। 


‘ਜੀਵਨ ਦੀ ਬੁਨਿਆਦ’ਕਹਾਣੀ ਵਿਚ ਅਮਨਦੀਪ, ਸੈਂਚੀ ਗ੍ਰਹਿ ਉੱਤੇ ਮੌਜੂਦ ਦੋ ਤਾਕਤਵਰ ਦੇਸ਼ਾਂ ਵਿਚਕਾਰ ਪ੍ਰਭੁਸਤਾ ਦੀ ਜੰਗ ਦੌਰਾਨ ਵਾਪਰੇ ਵਿਨਾਸ਼ ਦਾ ਵਰਨਣ ਕਰਦਾ ਹੈ। ਜਿਸ ਦੌਰਾਨ ਸੈਂਚੀ ਗ੍ਰਹਿ ਉੱਤੇ ਸੰਪੂਰਨ ਜੀਵਨ ਹੌਂਦ ਹੀ ਖ਼ਤਮ ਹੋ ਜਾਂਦੀ ਹੈ। ਇਸ ਕਹਾਣੀ ਦਾ ਨਾਇਕ ‘ਮਰਨੀਤ’ ਜੋ ਇਕ ਪੁਲਾੜ ਵਿਗਿਆਨੀ ਸੀ ਤੇ ਪੁਲਾੜੀ ਪ੍ਰਯੋਗਸ਼ਾਲਾ ਵਿਚ ਹੋਣ ਕਾਰਣ, ਸੈਂਚੀ ਗ੍ਰਹਿ ਉੱਤੇ ਵਾਪਰੇ ਜੰਗ ਦੌਰਾਨ ਪ੍ਰਮਾਣੂ ਬੰਬਾਂ ਦੀ ਮਾਰ ਤੋਂ ਬਚ ਗਿਆ ਸੀ। ਉਸ ਦੀ ਸਕੀਨਾ-ਗ੍ਰਹਿ ਦੀ ਵਾਸੀ ‘ਸ਼ਿਵਨਿਕਾ’ਨਾਲ ਰੌਚਕਮਈ ਮੁਲਾਕਾਤ ਦਾ ਵਰਨਣ ਕਰਦੀ ਹੈ ਇਹ ਕਹਾਣੀ। ਅਤੇ ਉਹ ਦੋਨੋਂ ਮਿਲ ਕੇ ਪ੍ਰਮਾਣੂ ਤੇ ਹਾਈਡ੍ਰੋਜਨ ਬੰਬਾਂ ਦੇ ਵਿਸਫੋਟ ਕਾਰਣ ਖ਼ਤਰਨਾਕ ਵਿਕਿਰਨ ਦਾ ਸ਼ਿਕਾਰ ਗ੍ਰਹਿ ਸੈਂਚੀ ਨੂੰ ਦੁਬਾਰਾ ਜੀਵਨ ਯੋਗ ਬਣਾਉਣ ਲਈ ਸਾਰਥਕ ਯਤਨ ਕਰਦੇ ਹੋਏ ਦਿਖਾਏ ਗਏ ਹਨ। 


ਅਗਲੀ ਕਹਾਣੀ ‘ਪਰਲੋਂ ਦੇ ਦਿਨ’ਗਲੋਬਲ ਵਾਰਮਿੰਗ ਕਾਰਣ ਸਾਡੀ ਧਰਤੀ ਉਪਰ ਵਾਪਰ ਰਹੀਆਂ ਤੀਬਰ ਜਲ-ਵਾਯੂ ਤਬਦੀਲੀਆਂ ਦਾ ਵਿਸਤਾਰਿਤ ਵਰਨਣ ਕਰਦੀ ਹੈ। ਇਨ੍ਹਾਂ ਤਬਦੀਲੀਆਂ ਕਾਰਣ ਵਿਸ਼ਵ ਭਰ ਵਿਚ ਵਾਪਰ ਰਹੇ ਤੇ ਸੰਭਾਵੀ ਸਮਾਜਿਕ ਤੇ ਆਰਥਿਕ ਹਾਲਤਾਂ ਦਾ ਬਿਰਤਾਂਤ ਬਹੁਤ ਹੀ ਭਾਵਪੂਰਨ ਤਰੀਕੇ ਨਾਲ ਕੀਤਾ ਗਿਆ ਹੈ। ਇਸ ਕਿਤਾਬ ਦੀ ਪੰਜਵੀਂ ਕਹਾਣੀ ‘ਕਾਲ ਚੱਕਰ’ਬ੍ਰਹਿਸਪਤ ਗ੍ਰਹਿ ਵੱਲ ਦੀ ਪੁਲਾੜੀ ਯਾਤਰਾ, ਉਸ ਦਾ ਮਿਸ਼ਨ ਅਤੇ ਉਸ ਗ੍ਰਹਿ ਉੱਤੇ ਮੌਜੂਦ ਅਜਬ ਵਰਤਾਰਿਆਂ, ਜੀਵਨ ਹੌਂਦ ਤੇ ਵੰਨਗੀਆਂ ਦੀ ਦੱਸ ਪਾਉਂਦੀ ਹੈ।  ਇਹੋ ਕਹਾਣੀ ਪਾਠਕਾਂ ਨੂੰ ਕਾਲਾ ਖੂਹ (ਬਲੈਕ ਹੋਲ), ਘਟਨਾ ਸੀਮਾ (ਇਵੈਂਟ ਹੋਰਾਇਜ਼ਨ) ਅਤੇ ਕੀਟ ਦੁਆਰ (ਵਰਮਹੋਲ) ਵਰਗੀਆਂ ਅਹਿਮ ਵਿਗਿਆਨਕ ਧਾਰਨਾਵਾਂ ਨਾਲ ਵੀ ਸਾਂਝ ਪੁਆਂਦੀ ਹੈ।


ਇਸ ਕਿਤਾਬ ਦੀ ਆਖ਼ਰੀ ਕਹਾਣੀ ਹੈ ‘ਸਿਤਾਰਿਆਂ ਤੋਂ ਅੱਗੇ’ ਜਿਸ ਉੱਤੇ ਇਸ ਕਿਤਾਬ ਦਾ ਨਾਮ ਵੀ ਰੱਖਿਆ ਗਿਆ ਹੈ। ਇਹ ਕਹਾਣੀ ਧਰਤੀ ਦੇ ਸੱਭ ਤੋਂ ਨੇੜਲੇ ਤਾਰੇ ਪ੍ਰਥਮ ਕਿੰਨਰ (ਅਲਫਾ ਸੈਂਟੂਰੀ) ਦੇ ਗ੍ਰਹਿ ਗੰਧਰਵ ਵੱਲ ਦੀ ਪੁਲਾੜੀ ਯਾਤਰਾ ਅਤੇ ਰਸਤੇ ਦੇ ਖ਼ਤਰਿਆਂ ਦਾ ਵਰਨਣ ਕਰਦੀ ਹੈ। ਅਮਨਦੀਪ ਇਸ ਕਹਾਣੀ ਦੇ ਬਿਰਤਾਂਤ ਰਾਹੀਂ ਸੈਂਟੂਰੀ ਤਾਰਾ-ਮੰਡਲ ਤੇ ਇਸ ਦੇ ਗ੍ਰਹਿਆਂ ਦੀ ਜਾਣਕਾਰੀ, ਰੋਬੋਟ ਜਾਂਚ ਸ਼ਟਲ (ਪਰੋਬ) ਦਾ ਮਿਸ਼ਨ ਤੇ ਵਰਤੋਂ ਢੰਗ, ਅਤੇ ਸਮਾ-ਸਥਿਲਤਾ (ਹਾਈਬਰਨੇਸ਼ਨ), ਨਕਲੀ ਵਾਸਤਵਿਕਤਾ (ਵਰਚੂੲੈੱਲ ਰਿਐਲਟੀ), ਸਿਮੂਲੇਸ਼ਨ, ਛੱਤਾ ਵਾਤਾਵਰਣ (ਹਾਈਵ ਮਾਂਇਡ) ਤੇ ਸੰਗਠਿਤ ਚੇਤਨਤਾ ਵਰਗੀਆਂ ਵਿਗਿਆਨਕ ਧਾਰਨਾਵਾਂ ਨਾਲ ਸਾਡੀ ਜਾਣ ਪਛਾਣ ਕਰਾਉਂਦਾ ਹੈ। ਗੰਧਰਵ ਗ੍ਰਹਿ ਦੇ ਵਾਤਾਵਰਣੀ ਹਾਲਾਤਾਂ, ਖ਼ਤਰਨਾਕ ਵਿਕਿਰਨਾਂ, ਅਜਬ ਸਥਾਨਕ ਬਨਸਪਤੀ ਤੇ ਜੀਵ, ਅਤੇ ਲਾਗ ਪੈਦਾ ਕਰਨ ਵਾਲੀ ਕਾਈ ਦਾ ਜ਼ਿਕਰ ਬਹੁਤ ਹੀ ਮਨ-ਲੁਭਾਵਣੇ ਤਰੀਕੇ ਨਾਲ ਕੀਤਾ ਗਿਆ ਹੈ। 


ਅਮਨਦੀਪ ਦੇ ਇਸ ਸੰਗ੍ਰਹਿ ਵਿਚ ਸਾਡੀ ਧਰਤੀ ਉੱਤੇ ਸੁਖਾਵੇਂ ਵਾਤਵਰਣੀ ਹਾਲਤਾਂ ਦੀ ਸਕਾਰਤਾ ਲਈ ਚਾਹਤ ਭਰੀ ਅਰਜ਼ੋਈ ਹੈ। ਜ਼ਿੰਦਗੀ ਦੀ ਜਦੋਜਹਿਦ ਦੀ ਲਗਾਤਾਰਤਾ ਵਿਚ ਆਸ਼ਾਵਾਦੀ ਨਜ਼ਰੀਏ ਦਾ ਪੱਲਾ ਨਾ ਛੱਡਣ ਦਾ ਸੁਨੇਹਾ ਬਿਆਨਦੀਆਂ ਇਹ ਕਹਾਣੀਆਂ, ਸ਼ਬਦਾਂ ਵਿਚ ਰਵਾਨਗੀ ਤੇ ਜ਼ਜਬਾਤਾਂ ਵਿਚ ਤਰਲਤਾ ਨਾਲ ਸਰਸ਼ਾਰ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰ ਆਪਣੇ ਜੀਵਨ ਸਫ਼ਰ ਦੀਆਂ ਔਕੜਾਂ ਤੋਂ ਨਿਰਾਸ਼ ਨਾ ਹੋ ਲਗਾਤਾਰ ਅਗਾਂਹ ਵੱਧਦੇ ਜਾਣ ਦਾ ਆਸ਼ਾਵਾਦੀ ਸੁਨੇਹਾ ਪੇਸ਼ ਕਰਦੇ ਹਨ। ਜੋ ਇਸ ਪੁਸਤਕ ਨੂੰ ਕਦਰਾਂ-ਕੀਮਤਾਂ ਪੱਖੋਂ ਸਥਾਈਪਣ ਬਖ਼ਸ਼ਦਾ ਹੈ।


ਸ. ਅਮਨਦੀਪ ਸਿੰਘ, ਇਕ ਤਕਨੀਕੀ ਮਾਹਿਰ, ਵਿਗਿਆਨ ਦੇ ਵਿਲੱਖਣ ਸੰਚਾਰਕ ਅਤੇ ਸੰਵੇਦਨਸ਼ੀਲ ਕਹਾਣੀਕਾਰ ਵਜੋਂ ਬਹੁਪੱਖੀ ਸਖ਼ਸ਼ੀਅਤ ਦੇ ਮਾਲਿਕ ਹਨ। ਉਨ੍ਹਾਂ ਦੀ ਇਹ ਰਚਨਾ ਜੀਵਨ ਅਤੇ ਵਿਗਿਆਨ ਦੀਆਂ ਜਟਿਲ ਧਾਰਨਾਵਾਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਸ. ਅਮਨਦੀਪ ਸਿੰਘ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੈ ਨਾਲ ਜੋੜੀ ਰੱਖਣ ਵਿਚ ਸਫਲ ਰਹੇ ਹਨ। ਲੇਖਕ ਵਲੋਂ ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ ਜੋ ਅਜੋਕੇ ਅਤੇ ਭਵਿੱਖਮਈ ਵਿਗਿਆਨਕ ਵਰਤਾਰਿਆਂ ਸੰਬੰਧਤ ਉਚਿਤ ਸਾਹਿਤ ਦੀ ਉਪਲਬਧੀ ਲਈ ਸਹੀ ਯੋਗਦਾਨ ਪਾਉਂਦੀ ਨਜ਼ਰ ਆਉਂਦੀ ਹੈ। ‘ਸਿਤਾਰਿਆਂ ਤੋਂ ਅੱਗੇ’ (ਵਿਗਿਆਨ ਗਲਪ ਕਹਾਣੀ ਸੰਗ੍ਰਹਿ) ਇਕ ਅਜਿਹੀ ਕਿਤਾਬ ਹੈ ਜੋ ਹਰੇਕ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦੀ ਹੱਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਸਮਕਾਲੀ ਵਿਗਿਆਨਕ ਜਾਣਕਾਰੀ ਤੇ ਭਵਿੱਖਮਈ ਸੰਭਾਵਨਾਵਾਂ ਦਾ ਸਹੀ ਰੂਪ ਸਮਝ ਸਕੇ ਤੇ ਅਮਨ-ਭਰਪੂਰ ਮਾਨਵੀ ਸਮਾਜ ਸਿਰਜਣ ਲਈ ਸਹੀ ਸੇਧ ਪ੍ਰਾਪਤ ਕਰ ਸਕੇ।

 ਰੀਵਿਊਕਰਤਾ: ਡਾ: ਦੇਵਿੰਦਰ ਪਾਲ ਸਿੰਘ (ਉਰਫ਼ ਡਾ. ਡੀ. ਪੀ. ਸਿੰਘ) ਪੰਜਾਬੀ ਵਿਗਿਆਨ ਲੇਖਕ ਹੈੈ, ਜੋ ਪੇਸ਼ੇ ਤੋਂ ਅਧਿਆਪਕ ਹੈ। ਇੱਕ ਭੌਤਿਕ ਵਿਗਿਆਨੀ ਹੋਣ ਕਰਕੇ, ਉਹ ਆਪਣੇ ਪਾਠਕਾਂ ਦੀ ਉਤਸੁਕਤਾ ਨੂੰ ਵਧਾਉਣ ਲਈ ਵਿਗਿਆਨ ਅਤੇ ਵਾਤਾਵਰਣ ਬਾਰੇ ਕਹਾਣੀਆਂ ਲਿਖਣਾ ਪਸੰਦ ਕਰਦਾ ਹੈ। ਉਹ ਆਮ ਪਾਠਕਾਂ ਲਈ ਵਿਗਿਆਨ ਗਲਪ ਕਹਾਣੀਆਂ ਦੇ ਦੋ ਸੰਗ੍ਰਹਿ ਅਤੇ ਬੱਚਿਆਂ ਲਈ ਚਾਰ ਵਿਗਿਆਨ ਗਲਪ ਪੁਸਤਕਾਂ ਦਾ ਲੇਖਕ ਹੈ। ਉਹ ਮਿਸੀਸਾਗਾ, ਓਨਟੈਰੀਓ, ਕੈਨੇਡਾ ਵਿੱਚ ਰਹਿੰਦਾ ਹੈ।

ਵੈਬਸਾਈਟ : drdpsinghauthor.wordpress.com