ਯਖ਼-ਸਿਲੰਡਰ ਵਿਚ ਦਫ਼ਨ 200 ਸਾਲ

ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

[ ਇਹ ਸੱਚ ਹੈ ਕਿ ਅਜੇ ਕੈਂਸਰ ਤੇ ਏਡਜ਼ ਵਰਗੀਆਂ ਅਨੇਕ ਨਾਮੁਰਾਦ ਬੀਮਾਰੀਆਂ ਦਾ ਇਲਾਜ ਸੰਭਵ ਨਹੀਂ ਹੈ। ਨਾ ਹੀ ਗੰਭੀਰ ਹਾਦਸੇ ਵਿਚ ਮਾਰੇ ਗਏ ਲੋਕਾਂ ਨੂੰ ਦੁਬਾਰਾ ਸਹੀ ਸਲਾਮਤ ਕਰ ਸਕਣਾ ਸੰਭਵ ਹੈ। ਅਨੇਕ ਲੋਕਾਂ ਤੇ ਕਈ ਮਾਹਿਰਾਂ ਦਾ ਵਿਚਾਰ ਹੈ ਕਿ ਭੱਵਿਖ ਵਿਚ ਡਾਕਟਰੀ ਇਲਾਜ ਦੇ ਖੇਤਰ ਵਿਚ ਹੋਣ ਵਾਲੀ ਸੰਭਾਵੀ ਉੱਨਤੀ ਨਾਲ ਅਜਿਹਾ ਕਰਨਾ ਸੰਭਵ ਹੋ ਸਕੇਗਾ। ਇਸੇ ਧਾਰਣਾ ਕਾਰਣ ਕਈ ਲੋਕ ਆਪਣੀ ਮੌਤ ਪਿੱਛੋਂ ਆਪਣੇ ਸਰੀਰ ਨੂੰ ਬਹੁਤ ਹੀ ਘੱਟ ਤਾਪਮਾਨ ਉੱਤੇ ਵਿਸ਼ੇਸ਼ ਸਿਲੰਡਰਾਂ ਵਿਚ ਸੰਭਾਲਣਾ ਪਸੰਦ ਕਰਦੇ ਹਨ ਤਾਂ ਜੋ ਜਦੋਂ ਉਨ੍ਹਾਂ ਦੀ ਬੀਮਾਰੀ / ਸਮੱਸਿਆ ਦਾ ਹੱਲ ਲੱਭ ਲਿਆ ਜਾਏਗਾ ਤਾਂ ਉਨ੍ਹਾਂ ਦਾ ਸਹੀ ਇਲਾਜ ਹੋਣ ਨਾਲ ਉਹ ਦੁਬਾਰਾ ਤੰਦਰੁਸਤ ਜੀਵਨ ਜੀਅ ਸਕਣਗੇ।


ਅਜੋਕੇ ਸਮੇਂ ਦੌਰਾਨ ਅਮਰੀਕਾ ਦੇ ਸ਼ਹਿਰ ਸਕੋਟਸਡੇਲ (ਐਰੀਜ਼ੋਨਾ) ਵਿਖੇ ਸਥਿਤ ਐਲਕੋਰ ਲਾਇਫ ਐਕਸਟੈੱਨਸ਼ਨ ਫਾਊਡੇਸ਼ਨ ਵਿਚ ਹੁਣ ਤਕ  ਲਗਭਗ  200 ਅਜਿਹੇ ਮੁਰਦਾ ਸਰੀਰ ਯਖ਼-ਸਿਲੰਡਰਾਂ ਵਿਚ ਰੱਖੇ ਗਏ ਹਨ। ਇੰਝ ਹੀ ਕਲਿੰਟਨ ਟਾਊਨਸਿ਼ਪ, ਮਿਸ਼ੀਗਨ ਦੇ ਕ੍ਰਾਈਓਨਿਕ ਇੰਸਟੀਚਿਊਟ ਵਿਖੇ  ਲਗਭਗ  225 ਮੁਰਦਾ ਸਰੀਰਾਂ ਨੂੰ ਯਖ਼ਬਸਤ ਹਾਲਤ ਵਿਚ ਸੰਭਾਲਿਆ ਗਿਆ ਹੈ।ਇਹ ਵੀ ਸੱਚ ਹੈ ਕਿ ਅਨੇਕ  ਵਿਗਿਆਨੀ ਤੇ ਡਾਕਟਰ ਇਨ੍ਹਾਂ ਸੰਸਥਾਵਾਂ ਦੁਆਰਾ ਮੁਰਦਾ ਸਰੀਰਾਂ ਨੂੰ ਸੰਭਾਲਣ ਦੇ ਢੰਗਾਂ ਨਾਲ ਸਹਿਮਤ ਨਹੀਂ ਹਨ। ਪਰ ਕੁਝ ਕੁ ਮਾਹਿਰਾਂ ਦਾ ਖਿਆਲ ਹੈ ਕਿ ਮਾਲੀਕੂਲਰ ਪੱਧਰ ਦੀ ਨਾਨੋਟੈਕਨਾਲੋਜੀ ਤੇ ਨਾਨੋਮੈਡੀਸਨ ਦੀ ਬਦੌਲਤ ਇਨ੍ਹਾਂ ਮੁਰਦਾ ਸਰੀਰਾਂ ਦੀਆਂ ਬੀਮਾਰੀਆਂ / ਸਮੱਸਿਆਵਾਂ  ਨੂੰ ਦੂਰ ਕਰ ਕੇ ਉਨ੍ਹਾਂ ਨੂੰ ਦੁਬਾਰਾ ਜ਼ਿੰਦਗੀ ਬਖ਼ਸ਼ੀ ਜਾ ਸਕਦੀ ਹੈ। ਅਜਿਹੇ ਯਖ਼ਬਸਤ ਮਨੁੱਖਾਂ ਨਾਲ ਭਵਿੱਖ ਵਿਚ ਕਿਹੋ ਜਿਹਾ ਵਿਵਹਾਰ ਹੋਣ ਦੀ ਸੰਭਾਵਨਾ ਹੈ – ਅਜਿਹੀਆਂ ਹਾਲਤਾਂ ਦਾ ਵਰਨਣ ਕਰ ਰਹੀ ਹੈ ਵਿਗਆਨ ਗਲਪ ਕਹਾਣੀ- ‘ਯਖ਼- ਸਿਲੰਡਰ ਵਿਚ ਦਫ਼ਨ 200 ਸਾਲ’।]

*****


‘ਹੈਲੋ! ਹੈਲੋ! ਉੱਠੋ ਵੀ!’


ਪਿਆਰ ਭਰੀ ਮਧੁਰ ਆਵਾਜ਼ ਨੇ ਉਸ ਨੂੰ ਗਹਿਰੀ ਨੀਂਦ ਤੋਂ ਜਗਾ ਦਿੱਤਾ ਸੀ। ਪਲਕਾਂ ‘ਤੇ ਪੈ ਰਹੀ ਤੇਜ਼ ਰੋਸ਼ਨੀ ਨੇ ਉਸ ਨੂੰ ਸੁਚੇਤ ਕਰ ਦਿੱਤਾ ਸੀ ਕਿ ਜੇ ਉਸ ਨੇ ਤੁਰੰਤ ਅੱਖਾਂ ਖੋਲ੍ਹੀਆਂ ਤਾਂ ਬਹੁਤ ਦਰਦ ਹੋ ਸਕਦਾ ਹੈ। ‘ਅੱਖਾਂ ਨੂੰ ਹੱਥ ਨਾਲ ਢੱਕ, ਪਲਕਾਂ ਦੀ ਬਾਰੀਕ ਝੀਥ ਰਾਹੀਂ ਹੀ ਰੌਸ਼ਨੀ ਨੂੰ ਅੱਖਾਂ ਤੱਕ ਪੁੱਜਣ ਦੇਣਾ ਸਹੀ ਰਹੇਗਾ।’ ਉਸ ਦੇ ਮਨ ਦਾ ਫੁਰਨਾ ਸੀ।


‘ਪਲੀਜ਼! ਕੁਝ ਤਾਂ ਬੋਲੋ!’ ਕਿਸੇ ਔਰਤ ਦੀ ਨਜ਼ਾਕਤ ਭਰੀ ਆਵਾਜ਼ ਸੀ।

ਤਦ ਹੀ ਉਸ ਦੇ ਮਨ ਵਿਚ ਖਿਆਲਾਂ ਦੀ ਰੌਅ ਵਹਿ ਤੁਰੀ। ਡੈਡ ਕਿਥੇ ਏ? ਯਾਦਾਂ ਦੇ ਭੰਡਾਰ ਦੀ ਕਿਸੇ ਨੁੱਕਰੇ ਵੀ ਇਸ ਦਾ ਜਵਾਬ ਨਜ਼ਰ ਨਹੀਂ ਸੀ ਆ ਰਿਹਾ। ਉਹ ਜਾਣਦਾ ਸੀ ਕਿ ਜੇ ਡੈਡ ਦਾ ਖਿਆਲ ਇਕ ਵਾਰ ਮਨ ਵਿਚ ਘਰ ਕਰ ਗਿਆ ਤਾਂ ਉਸ ਨੂੰ ਮਨ ਵਿਚੋਂ ਕੱਢਣਾ ਅਸੰਭਵ ਸੀ।……

ਤੇ ਉਹ ਹੈ ਕਿਥੇ?


ਓਹ! ਮੈਂ ਜਾਣਦੀ ਹਾਂ ਤੁਸੀਂ ਜਾਗ ਪਏ ਏ। ਕੁਝ ਬੋਲੋ ਵੀ। ਜਾਨੂੰ!’ ਮੱਧਮ ਸੁਰ ਵਿਚ ਕਹੇ ਇਹ ਸ਼ਬਦ ਕਿਸੇ ਮਹਿਬੂਬਾ ਦੇ ਬੋਲਾਂ ਵਰਗੇ ਸਨ।  

 

‘ਉਸ ਨੂੰ ਮਧਹੋਸ਼ੀ ਦੇ ਆਲਮ ‘ਚੋਂ ਬਾਹਰ ਆਉਣਾ ਹੀ ਹੋਵੇਗਾ,’ ਰਾਜ ਦਾ ਖਿਆਲ ਸੀ। ਉਸ ਨੇ ਉੱਠਣਾ ਚਾਹਿਆ। ਪਰ ਇਹ ਕੀ? ਉਹ ਹਿਲ ਹੀ ਨਹੀਂ ਸੀ ਸਕਦਾ। ਉਸ ਨੇ ਘਬਰਾ ਕੇ ਅੱਖਾਂ ਖੋਲ ਦਿੱਤੀਆਂ। ਇਕ ਬੁੱਢੀ ਔਰਤ ਉਸ ਉੱਤੇ ਝੁਕੀ ਹੋਈ ਸੀ। ਪਰ ਰਾਜ ਨੇ ਉਸ ਨੂੰ ਨਹੀਂ ਸੀ ਦੇਖਿਆ। ਮਾਰੇ ਡਰ ਦੇ ਉਸ ਚੀਖਣ ਲਈ ਜਿਵੇਂ ਹੀ ਮੂੰਹ ਖੋਲਿਆ ਉਸ ਦੇ ਗਲੇ ਵਿਚੋਂ ਅਜੀਬ ਜਿਹੀ ਆਵਾਜ ਨਿਕਲੀ। ਉਸ ਨੇ ਹੱਥ ਨਾਲ ਚਿਹਰੇ ਨੂੰ ਛੂੰਹਣਾ ਚਾਹਿਆ। ਪਰ ਉਸ ਦੇ ਚਿਹਰੇ ਤੋਂ ਇਲਾਵਾ ਕਿਧਰੇ ਕੋਈ ਹਰਕਤ ਹੀ ਨਹੀਂ ਸੀ।


‘ਹੈਲੋ! ਕੀ ਹਾਲ ਏ?’ ਬੁੱਢੀ ਔਰਤ ਨੇ ਮੁਸਕਰਾਂਦੇ ਹੋਏ ਪੁੱਛਿਆ।


ਤਦ ਹੀ ਉਸ ਦੇਖਿਆ ਕਿ ਉਹ ਔਰਤ ਇੰਨੀ ਵੀ ਬੁੱਢੀ ਨਹੀਂ ਸੀ। ਸ਼ਾਇਦ ਪੰਜਾਹ ਕੁ ਸਾਲ ਦੀ ਹੋਵੇ। ਔਰਤ ਦਾ ਚਿਹਰਾ ਉਸ ਦੇ ਕਾਫੀ ਨੇੜੇ ਸੀ, ਇਸੇ ਲਈ ਉਸ ਦੀਆਂ ਅੱਖਾਂ ਨੇੜਲੀਆਂ ਝੁਰੜੀਆਂ ਕੁਝ ਵਧੇਰੇ ਹੀ ਡੂੰਘੀਆਂ ਨਜ਼ਰ ਆ ਰਹੀਆਂ ਸਨ।     


‘ਕੋਈ ਸਮੱਸਿਆ ਏ?’ ਔਰਤ ਨੇ ਉਸ ਦੇ ਵਾਲਾਂ ਵਿਚ ਹੱਥ ਫੇਰਦੇ ਹੋਏ ਕਿਹਾ। ‘ਮੂੰਹ ਬੰਦ ਕਰ ਕੇ ਨੱਕ ਰਾਹੀਂ ਸਾਹ ਲੈਣ ਦੀ ਕੋਸਿ਼ਸ਼ ਕਰ। ਉਨ੍ਹਾਂ ਦੱਸਿਆ ਨਹੀਂ ਤੈਨੂੰ ਇਸ ਬਾਰੇ?’


ਤਦ ਹੀ ਉਸ ਮਹਿਸੂਸ ਕੀਤਾ, ਹਵਾ ਦੀ ਹਲਕੀ ਜਿਹੀ ਲਹਿਰ ਉਸ ਦੇ ਨੱਕ ਵਿਚੋਂ ਲੰਘ, ਗਲੇ ਤਕ ਜਾ ਪੁੱਜੀ ਤੇ ਫਿਰ ਛਾਤੀ ਅੰਦਰ ਚੱਕਰ ਲਾ ਮੂੰਹ ਰਾਹੀਂ ਬਾਹਰ ਨਿਕਲ ਗਈ। ਇਸ ਵਰਤਾਰੇ ਦੌਰਾਨ ਕੀ ਉਸ ਦੀ ਛਾਤੀ ਉੱਪਰ-ਹੇਠਾਂ ਹੋਈ? ਉਹ ਨਹੀਂ ਸੀ ਜਾਣਦਾ ਕਿਉਂ ਜੋ ਉਹ ਸਿਰ ਉਠਾ ਕੇ ਅਜਿਹਾ ਦੇਖ ਨਹੀਂ ਸੀ ਸਕਦਾ। 


‘ਮੈਂ ਕਿਥੇ ਹਾਂ?’ ਮਾਰੇ ਡਰ ਦੇ ਉਹ ਚੀਖ਼ ਉਠਿਆ। ਉਸ ਦੀ ਆਵਾਜ਼ ਬੇਸੁਰੀ, ਭਾਰੀ ਤੇ ਡਰਾਉਣੀ ਸੀ ਜਿਵੇਂ ਕਿਸੇ ਕਬਰ ਵਿਚੋਂ ਆ ਰਹੀ ਹੋਵੇ।


‘ਘਬਰਾ ਨਾ। ਜਲਦੀ ਸੱਭ ਠੀਕ ਹੋ ਜਾਵੇਗਾ। ਸ਼ਾਇਦ ਤੈਨੂੰ ਮਿਲਣ ਆਈ ਮੈਂ ਪਹਿਲੀ ਔਰਤ ਹਾਂ। ਜਾਪਦਾ ਹੈ ਉਨ੍ਹਾਂ ਮੇਰੀ ਆਮਦ ਬਾਰੇ ਦੱਸਣ ਲਈ ਵੀ ਤੈਨੂੰ ਨਹੀਂ ਜਗਾਇਆ।’ ਅਜਿਹਾ ਕਹਿੰਦੀ ਹੋਈ ਉਹ ਕਾਫੀ ਖੁ਼ਸ਼ ਲੱਗ ਰਹੀ ਸੀ।

 

‘ਮੈਂ ਪਹਿਲੀ ਔਰਤ ਹਾਂ’ ਦਾ ਕੀ ਮਤਲਬ ਹੈ ਉਹ ਨਹੀਂ ਸੀ ਜਾਣਦਾ, ਪਰ ਉਹ ਉਸ ਨੂੰ ਪਛਾਨਣ ਦੀ ਕੋਸਿ਼ਸ਼ ਕਰ ਰਿਹਾ ਸੀ। 


ਉਹ ਔਰਤ ਉਸ ਨੂੰ ਧਿਆਨ ਨਾਲ ਦੇਖ ਰਹੀ ਸੀ ਸ਼ਾਇਦ ਇਸ ਆਸ ਵਿਚ ਕਿ ਰਾਜ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਵੇਗਾ।  


ਉਹ ਬਹੁਤੀ ਸੁਹਣੀ ਨਹੀਂ ਸੀ। ਉਸ ਦਾ ਨੱਕ ਮੋਟਾ ਤੇ ਚਪਟਾ ਸੀ, ਚਿਹਰਾ ਅਫਰੀਕੀ ਦਿੱਖ ਵਾਲਾ। ਪਰ ਉਸ ਦੇ ਬੁੱਲ ਕਾਫੀ ਮੋਟੇ ਤੇ ਰਸੀਲੇ ਲੱਗ ਰਹੇ ਸਨ। ਉਹ ਉਸ ਨੂੰ ਪਛਾਣ  ਨਾ ਸਕਿਆ।  

     

‘ਮੈਂ ਹਿਲ ਨਹੀਂ ਸਕਦਾ। ਅਜਿਹਾ ਕਿਉਂ ? ਰਾਜ ਨੇ ਆਲੇ ਦੁਆਲੇ ਨਜ਼ਰ ਘੁੰਮਾਂਦੇ ਹੋਏ ਪੁੱਛਿਆ।


‘ਸੱਭ ਠੀਕ ਹੈ। ਚਿੰਤਾ ਦੀ ਗੱਲ ਨਹੀਂ। ਅਜੇ ਸਿਰਫ ਤੇਰਾ ਚਿਹਰਾ ਹੀ ਹਰਕਤ ਵਿਚ ਹੈ?’


‘ਆਖਰ ਹੋਇਆ ਕੀ ਏ?’ ਉਸ ਪੁੱਛਿਆ।


‘ਐਕਸੀਡੈਂਟ।’ ਉਸ ਦੇ ਹਮਦਰਦੀ ਭਰੇ ਬੋਲ ਸਨ। ‘ਕਾਫੀ ਗੰਭੀਰ ਹਾਦਸਾ ਸੀ। ਵੱਡੀ ਨਸ ਫੱਟ ਗਈ। ਖੱਬੀ ਬਾਂਹ ਕੁਚਲੀ ਗਈ।’ ਉਸ ਨੇ ਹੱਥਲੇ ਪਾਮਟੋਪ ਤੋਂ ਪੜ੍ਹਦੇ ਹੋਏ ਕਿਹਾ।


‘ਖੱਬੀ ਬਾਂਹ ਕੁਚਲੀ ਗਈ? ਉਸ ਦੀ ਖੱਬੀ ਬਾਂਹ।’ ਉੱਪਰ ਝੁਕੀ ਔਰਤ ਤੇ ਦੂਰ ਪਰੇ ਚਿੱਟੀ ਛੱਤ ਤੋਂ ਇਲਾਵਾ ਉਸ ਨੂੰ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ।


‘ਕੀ ਇਹ ਹਸਪਤਾਲ ਏ?’ ਉਸ ਪੁੱਛਿਆ। 


‘ਨਹੀਂ! ਨਹੀਂ! ਇਹ ਤਾਂ ਡੇਟਿੰਗ-ਸੈਂਟਰ ਹੈ।’


‘ਕੀ?’ ਤਦ ਹੀ ਉਸ ਨੂੰ ਅਹਿਸਾਸ ਹੋਇਆ ਕਿ ਕਮਰੇ ਵਿਚ ਹੋਰ ਵੀ ਆਵਾਜ਼ਾਂ ਮੌਜੂਦ ਸਨ……ਮੱਧਮ ਸੁਰ ਵਾਲੇ ਮਿੱਠੇ ਬੋਲ। ਉਸ ਨੂੰ ਸੁਣਾਈ ਦਿੱਤਾ……‘ਮੈਨੂੰ ਤਾਂ ਗੁਲਾਬੀ ਰੰਗ ਪਸੰਦ ਹੈਂ। ਕੋਈ ਭਲਾ ਜਾਮਨੀ ਰੰਗ ਕਿਵੇਂ ਪਸੰਦ ਕਰ ਸਕਦਾ ਹੈ?’ ……‘ਮੈਂ ਪਿਛਲੀ ਵਾਰ ਜਦੋਂ ਮਾਇਕਲ ਜੈਕਸਨ ਦੀ ਕੰਨਸਰਟ ਵਿਚ ਗਈ ਸਾਂ ਤਾਂ ਅਜੇ 18 ਸਾਲਾਂ ਦੀ ਸਾਂ……’


‘ਮੈਨੂੰ ਅਜਿਹਾ ਕਰਨਾ ਠੀਕ ਨਹੀਂ ਲੱਗ ਰਿਹਾ’ ਉਸ ਔਰਤ ਨੇ ਆਪਣੇ ਮੋਢੇ ਵੱਲ ਝਾਂਕਦੇ ਹੋਏ ਕਿਹਾ। ‘ਆਮ ਕਰ ਕੇ ਅਜਿਹੀ ਮਿਲਣੀ ਬਾਰੇ ਪਹਿਲਾਂ ਦੱਸਿਆ ਜਾਂਦਾ ਹੈ।’ ਉਹ ਉੱਚੇ ਸੁਰ ਵਿਚ ਕਹਿ ਰਹੀ ਸੀ। 


‘ਹੈਲੋ!’ ਉਹ ਔਰਤ ਰਾਜ ਵੱਲ ਮੁੜਦੇ ਹੋਏ ਬੋਲੀ। ‘ਲੱਗਦਾ ਹੈ ਕਿ ਸਾਨੂੰ ਖੁਦ ਹੀ ਇਕ ਦੂਜੇ ਬਾਰੇ ਜਾਨਣਾ ਹੋਵੇਗਾ। ਉਹ ਉਸ ਦੇ ਹੋਰ ਨੇੜੇ ਹੋ ਬੋਲੀ, ‘ਸੱਚ ਤਾਂ ਇਹ ਹੈ ਕਿ ਉਸ ਹਾਦਸੇ ਵਿਚ ਤੇਰੀ ਮੌਤ ਹੋ ਗਈ ਸੀ……'


ਇਸ ਤੋਂ ਬਾਅਦ ਉਸ ਔਰਤ ਨੇ ਕੀ ਕਿਹਾ, ਰਾਜ ਨੂੰ ਸੁਣਾਈ ਹੀ ਨਾ ਦਿੱਤਾ। ਉਸ ਨੂੰ ਤਾਂ ਇੰਝ ਜਾਪ ਰਿਹਾ ਸੀ ਜਿਵੇਂ ਉਹ ਹਵਾ ਵਿਚ ਤਰ ਰਿਹਾ ਹੋਵੇ। ਬੜੀ ਅਜੀਬ ਗੱਲ ਸੀ, ਉਹ ਮਰ ਚੁੱਕਾ ਸੀ ਤੇ ਕੋਈ ਉਸ ਨੂੰ ਮਰੇ ਹੋਣ ਦੀ ਦੱਸ ਪਾ ਰਿਹਾ ਸੀ ਤੇ ਉਹ ਇਹ ਸੱਭ ਕੁਝ ਸੁਣ ਸਕਦਾ ਸੀ। ਪਰ ਪਤਾ ਨਹੀਂ ਕਿਉਂ ਇਹ ਸੱਭ ਕੁਝ ਸੱਚ ਜਾਪ ਰਿਹਾ ਸੀ। ਉਸ ਨੂੰ ਮਰਣ ਦੀ ਘਟਨਾ ਯਾਦ ਨਹੀਂ ਸੀ ਪਰ ਉਹ ਮਹਿਸੂਸ ਕਰ ਰਿਹਾ ਸੀ ਕਿ ਹੁਣ ਤੇ ਪਹਿਲਾਂ ਦੇ ਸਮੇਂ ਵਿਚ ਕੋਈ ਅੰਤਰ ਜ਼ਰੂਰ ਹੈ। ਇਸ ਫੁਰਨੇ ਦੇ ਅਹਿਸਾਸ ਨੇ ਉਸ ਦੇ ਮਨ ਵਿਚ ਤੀਬਰ ਇੱਛਾ ਪੈਦਾ ਕਰ ਦਿੱਤੀ ਜਿਸ ਦੇ ਫਲਸਰੂਪ ਉਹ ਆਪਣੇ ਸਰੀਰ ਤੋਂ ਦੂਰ ਭੱਜ ਜਾਣਾ ਚਾਹੁੰਦਾ ਸੀ।……ਉਸ ਸਰੀਰ ਜੋ ਇਕ ਲਾਸ਼ ਸੀ ਤੇ ਉਸ ਦੇ ਬੋਲ ਇਕ ਮੁਰਦੇ ਦੇ ਬੋਲ ਸਨ।   

  

‘……ਤੇਰੇ ਬੀਮੇ ਦੀ ਰਕਮ, ਯਖ਼-ਸਿਲੰਡਰ ਵਿਚ ਤੇਰੇ ਸਰੀਰ ਦੀ ਸੰਭਾਲ ਦੇ ਖਰਚੇ ਲਈ ਕਾਫ਼ੀ ਸੀ। ਪਰ ਸਹੀ ਸਲਾਮਤ ਦੁਬਾਰਾ ਜਿੰਦਾ ਕਰਨ ਦਾ ਖਰਚਾ……ਖਾਸ ਕਰ ਕੇ ਜਦੋਂ ਗੰਭੀਰ ਹਾਦਸੇ ਵਾਲੀ ਹਾਲਤ ਹੋਵੇ ਤਾਂ ਬਹੁਤ ਹੀ ਜਿ਼ਆਦਾ ਹੁੰਦਾ ਹੈ। ਅਜਿਹੀ ਹਾਲਤ ਵਿਚ ਡੇਟਿੰਗ (ਪ੍ਰੇਮ-ਮਿਲਣੀ) ਸੁਵਿਧਾ ਮਦਦਗਾਰ ਸਾਬਤ ਹੁੰਦੀ ਹੈ।’


‘ਮੇਰਾ ਡੈਡ ਕਿਥੇ ਏ?’ ਰਾਜ ਨੇ ਗੱਲ ਨੂੰ ਵਿਚੋਂ ਟੋਕਦੇ ਹੋਏ ਕਿਹਾ।


ਉਸ ਔਰਤ ਨੇ ਆਪਣੇ ਪਾਮਟੋਪ ਉੱਤੇ ਝਾਂਕਿਆ ਤੇ ਬੋਲੀ, ‘ਹਾਂ ਤੇਰਾ ਇਕ ਯਾਦਬਿੰਬ ਹੈ-ਤੇਰਾ ਡੈਡ।’


‘ਯਾਦਬਿੰਬ! ਇਹ ਕੀ ਚੀਜ਼ ਹੋਈ?’ ਉਸ ਸੋਚਿਆ। ‘ਕੀ ਉਹ ਸਦਾ ਲਈ ਤੁਰ ਗਿਆ?’ ਦਰਅਸਲ ਉਹ ਕਹਿਣਾ ਤਾਂ ਚਾਹੁੰਦਾ ਸੀ ਕਿ ਕੀ ਉਹ ਮਰ ਗਿਆ? ਪਰ ਇਹ ਧਾਰਣਾ ਵੀ ਤਾਂ ਹੁਣ ਸ਼ਪਸ਼ਟ ਨਹੀਂ ਸੀ ਰਹੀ।   


‘ਹਾਂ! ਕਿਸੇ ਯਾਦਬਿੰਬ ਨੂੰ ਕਾਇਮ ਰੱਖਣ ਲਈ ਦਿਮਾਗੀ ਕ੍ਰਿਆ ਦੀ ਲਗਾਤਾਰ ਲੋੜ ਹੁੰਦੀ ਹੈ। ਜਦੋਂ ਕੋਈ ਮਰ ਜਾਂਦਾ ਹੈ ਤਾਂ ਉਸ ਦਾ ਯਾਦਬਿੰਬ ਵੀ ਖ਼ਤਮ ਹੋ ਜਾਂਦਾ ਹੈ।’ 


‘ਹੂੰ!…… ਜਿਵੇਂ ਤੁਸੀਂ ਕੋਈ ਘਟਨਾ ਯਾਦ ਕਰਨ ਦੀ ਕੋਸਿ਼ਸ਼ ਕਰ ਰਹੇ ਹੋਵੋ। ਤੁਹਾਨੂੰ ਆਪਣੇ ਖਿਆਲਾਂ ਨੂੰ ਇਸ ਘਟਨਾ ਉੱਤੇ ਫੋਕਸ ਕਰਨਾ ਹੁੰਦਾ ਹੈ ਜੇ ਅਜਿਹਾ ਨਹੀਂ ਵਾਪਰਦਾ ਤਾਂ ਤੁਸੀਂ ਉਸ ਘਟਨਾ ਨੂੰ ਯਾਦ ਹੀ ਨਹੀਂ ਕਰ ਸਕਦੇ।’ ਰਾਜ ਦੀ ਸੋਚ ਸੀ।

ਉਸ ਨੇ ਸੁੱਖ ਦਾ ਸਾਹ ਲਿਆ। ਜਦੋਂ ਤੋਂ ਉਹ ਜਾਗਿਆ ਸੀ ਉਸ ਨੂੰ ਆਪਣੇ ਡੈਡ ਦੇ ਰੁੱਖੇ ਤੇ ਕੌੜ੍ਹੇ ਬੋਲ ਸੁਣਾਈ ਦੇਣ ਦਾ ਹੀ ਡਰ ਸੀ। ਹੁਣ ਉਹ ਜਾਣਦਾ ਸੀ ਕਿ ਅਜਿਹਾ ਨਹੀਂ ਹੋ ਸਕਦਾ ਤੇ ਉਹ ਖੁਸ਼ ਹੋ ਗਿਆ। ਉਸ ਦਾ ਡੈਡ ਮਰ ਚੁੱਕਾ ਸੀ ਤੇ ਉਹ ਖੁਸ਼ ਸੀ, ਇਸ ਭਾਵਨਾ ਕਾਰਣ ਉਸ ਨੂੰ ਗਿਲਾਨੀ ਵੀ ਮਹਿਸੂਸ ਹੋਈ। ਪਰ ਇਸ ਲਈ ਉਸ ਨੂੰ ਕੌਣ ਦੋਸ਼ ਦੇ ਸਕਦਾ ਸੀ? ਇਹ ਤਾਂ ਪੱਕੀ ਗੱਲ ਸੀ ਕਿ ਡੈਡ ਦੇ ਜਾਣੂ ਵੀ ਉਸ ਨੂੰ ਦੋਸ਼ ਨਹੀਂ ਸਨ ਦੇ ਸਕਦੇ। ਨੀਰਜ਼ ਵੀ ਨਹੀਂ।


‘ਮੇਰਾ ਇਕ ਭਰਾ ਹੈ ਨੀਰਜ਼!’ ਉਸ ਨੇ ਕਿਹਾ। ਉਸ ਦਾ ਮੂੰਹ ਕਾਫੀ ਔਖ ਨਾਲ ਹਿਲ ਰਿਹਾ ਸੀ।


‘ਹੂੰ! ਜੌੜਾ ਭਰਾ। ਇਹ ਤਾਂ ਬੜੀ ਰੌਚਕ ਗੱਲ ਹੈ।’ ਉਹ ਔਰਤ ਮੁਸਕਰਾਈ।


‘ਕੀ ਉਹ ਜਿ਼ੰਦਾ ਹੈ?’


‘ਨਹੀਂ!’ ਉਸ ਔਰਤ ਦੇ ਬੋਲਾਂ ਤੋਂ ਲਗ ਰਿਹਾ ਸੀ ਜਿਵੇਂ ਕਿ ਉਹ ਬੁੱਧੂ ਹੋਵੇ। ਓਹ ਮੇਰੇ ਪਿਆਰੇ ਜਾਨੂੰ! ਪਿਛਲੇ ਸੱਤਰ ਸਾਲਾਂ ਤੋਂ ਤੂੰ ਲੰਮੀ ਨੀਂਦ ਵਿਚ ਸੈਂ।’ ਉਸ ਨੇ ਆਪਣਾ ਸੱਜਾ ਹੱਥ ਇੰਝ ਹਿਲਾਇਆ ਜਿਵੇਂ ਇਹ ਮਾਮੂਲੀ ਜਿਹੀ ਹੀ ਗੱਲ ਹੋਵੇ। ‘ਚੱਲ ਛੱਡ ਪੁਰਾਣੀਆ ਗੱਲਾਂ ਨੂੰ। ਆ ਹੁਣ ਦੀ ਗੱਲ ਕਰੀਏ। ਡੇਟਿੰਗ ਸੁਵਿਧਾ ਇੰਝ ਕੰਮ ਕਰਦੀ ਏ; ਅਸੀਂ ਪਹਿਲਾਂ ਇਕ ਦੂਜੇ ਦੇ ਜਾਣੂ ਹੁੰਦੇ ਹਾਂ। ਫਿਰ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਤੇ ਅਜਿਹੇ ਮਿਲਣ ਪਿਛੋਂ, ਜੇ ਲੱਗੇ ਕਿ ਸਾਡੀ ਚੰਗੀ ਨਿਭ ਸਕਦੀ ਹੈ ਤਾਂ ਹੋ ਸਕਦਾ ਹੈ ਕਿ ਮੈਂ ਤੈਨੂੰ ਪੂਰੀ ਤਰ੍ਹਾਂ ਜਿ਼ੰਦਾਂ ਕਰਨ ਲਈ ਖਰਚਾ ਕਰਨਾ ਮੰਨ ਹੀ ਜਾਵਾਂ, ਤਾਂ ਜੋ ਅਸੀਂ ਸਦਾ ਇਕੱਠੇ ਰਹਿ ਸਕੀਏ।’ ਉਸ ਔਰਤ ਨੇ ਸ਼ਰਾਰਤ ਭਰੀ ਤੱਕਣੀ ਨਾਲ ਮਨਮੋਹਣੀ ਮੁਸਕਰਾਹਟ ਖਿਲਾਰਦੇ ਹੋਏ ਕਿਹਾ।


‘ਡੇਟਿੰਗ – ਮੁਲਾਕਾਤਾਂ – ਪੁਨਰ ਜੀਵਨ’ ਸ਼ਬਦ ਰਾਜ ਦੇ ਜਿ਼ਹਨ ਵਿਚ ਖੁੱਭ ਗਏ।

‘ਹਾਂ ਸੱਚ! ਮੇਰਾ ਨਾਮ ਨੀਲਮ ਹੈ। ਤੇਰੇ ਬਾਰੇ ਮਿਲੀ ਜਾਣਕਾਰੀ ਤੋਂ ਮੈਂ ਜਾਣਦੀ ਹਾਂ……ਤੇਰਾ ਨਾਂ ਰਾਜ ਹੈ। ਤੈਨੂੰ ਮਿਲ ਕੇ ਚੰਗਾ ਲੱਗਿਆ!’


‘ਮੈਨੂੰ ਵੀ!’ ਰਾਜ ਬੁੜਬੁੜਾਇਆ। ਨੀਲਮ ਨੇ ਦੱਸਿਆ ਸੀ ਕਿ ਉਸ ਦੀ ਮੌਤ ਟਰੱਕ ਐਕਸੀਡੈਂਟ ਵਿਚ ਹੋਈ ਸੀ।

 

ਰਾਜ ਨੇ ਯਾਦ ਕਰਨ ਦੀ ਕੋਸਿ਼ਸ਼ ਕੀਤੀ ਪਰ ਕੁਝ ਵੀ ਯਾਦ ਨਹੀਂ ਸੀ ਆ ਰਿਹਾ। ਹਾਦਸੇ ਬਾਰੇ ਕੁਝ ਵੀ ਨਹੀਂ। ਯਾਦਾਂ ਜੋ ਆ ਰਹੀਆਂ ਸਨ, ਉਹ ਸਨ, ਡੈਡ ਨਾਲ ਬਹਿਸ ਦੀਆ ਯਾਦਾਂ। ਡੈਡ ਨੂੰ ਉਸ ਦਾ ਟਰੱਕ ਡਰਾਇਵਰ ਬਨਣਾ ਬਿਲਕੁਲ ਪਸੰਦ ਨਹੀਂ ਸੀ। ਘਰ ਤੋਂ ਉਸ ਦੀ ਲੰਬੀ ਗੈਰਹਾਜ਼ਰੀ ਤੋਂ ਡੈਡ ਨੂੰ ਡਾਢੀ ਚਿੜ੍ਹ ਸੀ। ਉਸ ਦੀ ਪਾਰਟੀਬਾਜ਼ੀ ਦੀ ਆਦਤ ਤੋਂ ਵੀ ਡੈਡ ਹਮੇਸ਼ਾਂ ਨਰਾਜ਼ ਰਹਿੰਦਾ ਸੀ। ਤੇ ਉਸ ਨੂੰ ਡੈਡ ਦੀ ਸ਼ਰਾਬ ਤੇ ਸਿਗਰਟ ਪੀਣ ਤੋਂ ਤੇ ਹਰ ਰੋਜ਼ ਬੁੜ ਬੁੜ ਕਰਨ ਦੀ ਆਦਤ ਤੋਂ ਡਾਢੀ ਪ੍ਰੇਸ਼ਾਨੀ ਸੀ। ਦਰਅਸਲ ਡੈਡ ਤੇ ਉਸ ਦੇ ਵਿਚਾਰਾਂ ਵਿਚਲਾ ਪਾੜਾ ਬਹੁਤ ਵੱਡਾ ਸੀ। ਰਾਜ ਦੇ ਮਨ ਵਿਚ ਖਿਆਲਾਂ ਦੀ ਉਥਲ-ਪੁਥਲ ਜਾਰੀ ਸੀ।


‘ਰਾਜ! ਤੂੰ ਸੋਚਾਂ ਵਿਚ ਹੀ ਡੁੱਬਿਆਂ ਰਹੇਗਾ ਜਾਂ ਕੋਈ ਗੱਲ ਵੀ ਕਰੇਂਗਾ?’ ਨੀਲਮ ਨੇ, ਉਸ ਦੀਆਂ ਅੱਖਾਂ ਅੱਗੇ ਚੁਟਕੀ ਵਜਾ ਉਸ ਦਾ ਧਿਆਨ ਆਪਣੇ ਵੱਲ ਖਿੱਚਦੇ ਹੋਏ ਕਿਹਾ।


‘ਮੈਨੂੰ ਨਹੀਂ ਪਤਾ।’ ਆਪਣੇ ਭਰਵੱਟਿਆ ਨੂੰ ਉਪਰ ਚੁੱਕਦੇ ਹੋਏ ਉਹ ਬੋਲਿਆ।


‘ਚੰਗਾ! ਮੈਂ ਇਕ ਸਵਾਲ ਪੁੱਛਦੀ ਹਾਂ’ ਨੀਲਮ, ਰਾਜ ਉੱਤੇ ਝੁਕਦੀ ਹੋਈ ਬੋਲੀ, ‘ਜੇ ਮੈਂ ਤੈਨੂੰ ਜਿੰਦਾ ਕਰ ਲਵਾਂ ਤਾਂ ਤੂੰ ਮੈਨੂੰ ਕਿਵੇਂ ਖੁਸ਼ ਰੱਖੇਗਾ?’


ਰਾਜ ਨੂੰ ਯਕੀਨ ਸੀ ਕਿ ਉਸ ਔਰਤ ਦਾ ਨਾਮ ਨੀਲਮ ਨਹੀਂ ਸੀ ਤੇ ਉਸ ਨੂੰ ਇਹ ਵੀ ਸ਼ੱਕ ਸੀ ਕਿ ਉਹ ਇਥੇ ਕਿਸੇ ਨੂੰ ਜਿੰਦਾ ਕਰਨ ਨਹੀਂ ਸੀ ਆਈ।

‘ਬੜਾ ਨਿੱਜੀ ਸਵਾਲ ਹੈ। ਮੈਂ ਨਹੀਂ ਜਾਣਦਾ ਮੈਂ ਅਜਿਹਾ ਕਿਵੇਂ ਕਰ ਸਕਾਂਗਾ? ਚੰਗਾ ਰਹੇ ਜੇ ਆਪਾਂ ਪਹਿਲਾਂ ਇਕ ਦੂਜੇ ਬਾਰੇ ਥੋੜ੍ਹਾ ਹੋਰ ਜਾਣ ਲਈਏ।’ ਰਾਜ ਸੋਚ-ਵਿਚਾਰ ਲਈ ਸਮੇਂ ਦੀ ਥੋੜ੍ਹ ਮਹਿਸੂਸ ਕਰ ਰਿਹਾ ਸੀ। ਹਾਲਾਤਾਂ ਨੂੰ ਸਮਝਣ ਲਈ ਸ਼ਾਂਤੀ ਭਰੇ ਪਲਾਂ ਦੀ ਲੋੜ ਸੀ ਉਸ ਨੂੰ ।


‘ਓਹ! ਕਿਉਂ ਨਾ ਜ਼ਰਾ ਥੋੜ੍ਹੀ ਚੁਹਲਬਾਜ਼ੀ ਹੋ ਜਾਏ।’ ਨੀਲਮ ਨੇ ਸ਼਼ਰਾਰਤ ਭਰੀ ਤੱਕਣੀ ਨਾਲ ਕਿਹਾ।


ਕੀ ਉਸ ਨੂੰ ਨੀਲਮ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਉਹ ਸਮ-ਲਿੰਗੀ (Gay) ਹੈ। ਨਹੀਂ___ ਬਿਲਕੁਲ ਨਹੀਂ। ਉਹ ਉਸ ਵਿਚ ਦਿਲਚਸਪੀ ਗੁਆ ਦੇਵੇਗੀ ਤੇ ਹੋ ਸਕਦਾ ਹੈ ਕਿ ਉਹ, ਸੁਵਿਧਾ-ਕੇਂਦਰ ਦੇ ਮਾਲਕ ਨੂੰ ਵੀ ਇਸ ਬਾਰੇ ਦੱਸ ਦੇਵੇ। ਪਰ ਕੇਂਦਰ ਦੇ ਮਾਲਕ ਨੂੰ ਇਸ ਬਾਰੇ ਕਿਉਂ ਨਹੀਂ ਪਤਾ? ਹੋ ਸਕਦਾ ਹੈ ਜਾਣ-ਪਛਾਣ ਸੈ਼ਸ਼ਨ ਦੀ ਘਾਟ ਕਾਰਣ ਇਹ ਜਾਣਕਾਰੀ ਨੀਲਮ ਨੂੰ ਮਿਲੀ ਨਾ ਹੋਵੇ। 


ਕਾਰਣ ਕੋਈ ਵੀ ਹੋਵੇ ਰਾਜ ਨਹੀਂ ਸੀ ਚਾਹੁੰਦਾ ਕਿ ਉਸ ਨੂੰ ਮੌਜੂਦਾ ਸੁਵਿਧਾ ਕੇਂਦਰ ਵਿਚੋਂ ਕੱਢ ਦਫਨਾ ਦਿੱਤਾ ਜਾਵੇ। 


ਕੀ ਅਜਿਹਾ ਹੋਣਾ ਬਹੁਤ ਮਾੜਾ ਹੋਵੇਗਾ? ਇਸ ਸੋਚ ਨੇ, ਉਸ ਦੀ ਬਹੁਤ ਪੁਰਾਣੀ ਯਾਦ ਨੂੰ ਤਾਜ਼ਾ ਕਰ ਦਿੱਤਾ। ਇਹ ਯਾਦ ਗਹਿਰੀ ਪੀੜ ਦੀ ਸੀ। ਅਜਿਹੀ ਪੀੜ ਜਿਸ ਦੇ ਪਾਰ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ।  


‘ਮੇਰਾ ਮੂਡ ਠੀਕ ਨਹੀਂ!’ ਉਸ ਨੇ ਕਹਿਣਾ ਚਾਹਿਆ। ਅਜੀਬ ਹਾਲਤ ਸੀ ਇਹ। ਉਹ ਤਾਂ ਇਕ ਲਾਸ਼ ਸੀ ਸਿਵਾਏ ਹਰਕਤਨੁਮਾ ਚਿਹਰੇ ਦੇ। ਕੀ ਲਾਸ਼ ਦਾ ਵੀ ਮੂਡ ਹੁੰਦਾ ਹੈ? ……ਸੋਚਾਂ ਦਾ ਸੈਲਾਬ ਲਗਾਤਾਰ ਜਾਰੀ ਸੀ। 


‘ਸ਼ਾਇਦ ਅਜੇ ਮੈਂ ਅਜਿਹੇ ਮੂਡ ਵਿਚ ਨਹੀਂ ਹਾਂ।’

‘ਠੀਕ ਏ!’ ਨੀਲਮ ਨੇ ਗੋਡਿਆਂ ਉੱਤੇ ਹੱਥ ਰੱਖ ਉੱਠਦਿਆਂ ਕਿਹਾ, ‘ਅਜਿਹੀ ਗਲਬਾਤ ਲਈ ਕਾਫੀ ਖ਼ਰਚਾ ਕਰਨਾ ਪੈਂਦਾ ਹੈ ਤੇ ਉਹ ਹਰ ਮਿੰਟ ਦੇ ਹਿਸਾਬ ਨਾਲ ਚਾਰਜ ਕਰਦੇ ਨੇ। ਇਸ ਲਈ ਮੈਂ ਹੁਣ ਜਾ ਰਹੀ ਹਾਂ ਤੇ ਤੂੰ ਵਾਪਸ ਮੌਤ ਦੀ ਨੀਂਦ ਸੌਂ ਸਕਦਾ ਹੈ।’


ਵਾਪਸ ਮੌਤ ਦੀ ਨੀਂਦ? 


‘ਠਹਿਰੋ!’ ਰਾਜ ਨੇ ਕਿਹਾ। ਕੀ ਉਹ, ਉਸ ਨੂੰ ਜਿ਼ੰਦਾ ਕਰ ਕੇ ਫਿਰ ਮਰਣ ਲਈ ਛੱਡ ਦੇਣਗੇ? ਕੀ ਉਸ ਦਾ ਸਰੀਰ ਕਿਧਰੇ ਸਾਲਾਂ ਬੱਧੀ ਜਾਂ ਫਿਰ ਹਮੇਸ਼ਾਂ ਲਈ ਸੀਲਬੰਦ ਕਰ ਦਿੱਤਾ ਜਾਵੇਗਾ? ਉਸ ਦਾ ਮਨ ਸਵਾਲਾਂ ਦੀ ਘੁੰਮਣਘੇਰ ਵਿਚ ਖੁੱਭਦਾ ਜਾ ਰਿਹਾ ਸੀ। ਇਨ੍ਹਾਂ ਸੋਚਾਂ ਦੇ ਘੁੰਮਣਘੇਰ ਨੇ ਉਸ ਨੂੰ ਡਰਾ ਦਿੱਤਾ।


ਨੀਲਮ ਉਸ ਦੀ ਗੱਲ ਸੁਨਣ ਲਈ ਪਲ ਕੁ ਲਈ ਰੁਕ ਗਈ। 


‘ਠੀਕ ਏ! ਮੈਂ ਚਾਹਾਗਾਂ ਕਿ……' ਉਹ ਕੁਝ ਕਹਿਣਾ ਚਾਹ ਰਿਹਾ ਸੀ ਪਰ ਉਸ ਦੇ ਦਿਮਾਗ ਵਿਚ ਵਿਚਾਰਾਂ ਦੀ ਡਾਢੀ ਉਥਲ ਪੁਥਲ ਸੀ ਤੇ ਇਨ੍ਹਾਂ ਵਿਚਾਰਾਂ ਵਿਚ ਇਸ ਸਨਕੀ ਬੁੱਢੀ ਲਈ ਕੋਈ ਥਾਂ ਨਹੀਂ ਸੀ। ਕੀ ਸਥਾਈ ਤੌਰ ਉੱਤੇ ਮੁੜ ਜਿ਼ੰਦਾ ਹੋਣ ਦਾ ਕੋਈ ਹੋਰ ਢੰਗ ਵੀ ਹੈ? ਕੀ ਉਸ ਦਾ ਕੋਈ ਰਿਸ਼ਤੇਦਾਰ ਜਿ਼ੰਦਾ ਹੈ? ਜਿਸ ਨਾਲ ਸੰਪਰਕ ਕਰਨਾ ਸੰਭਵ ਹੈ। ਜਾਂ ਕੀ ਉਸ ਦਾ ਕੋਈ ਬੱਚਤ-ਖ਼ਾਤਾ ਵੀ ਹੈ? ਜਿਸ ਵਿਚ ਮੌਜੂਦ ਰਕਮ ਉੱਤੇ ਪਿਛਲੇ ਸੱਤਰ ਸਾਲਾਂ ਦੌਰਾਨ ਵਿਆਜ ਲੱਗਦਾ ਰਿਹਾ ਹੋਵੇ। ਪਰ ਕੀ ਉਸ ਦੀ ਕੋਈ ਬੱਚਤ ਰਾਸ਼ੀ ਹੈ ਵੀ ਸੀ, ਜਦ ਉਸ ਦੀ ਮੌਤ ਹੋਈ? ਉਸ ਦੇ ਦੋ ਟਰੱਕ ਸਨ, ਇਹ ਉਸ ਨੂੰ ਯਾਦ ਸੀ। ਉਸ ਦੀ ਮੌਤ ਪਿਛੋਂ ਤਾਂ ਇਹ ਨੀਰਜ਼ ਨੂੰ ਮਿਲ ਗਏ ਹੋਣਗੇ।


‘ਠੀਕ ਏ ਜੇ ਤੂੰ ਗੱਲ ਨਹੀਂ ਕਰਨੀ ਤਾਂ ਮੈਂ ਚੱਲਦੀ ਹਾਂ।’ ਨੀਲਮ ਨੇ ਗੁੱਸੇ ਵਿਚ ਕਿਹਾ। ‘ਇਹ ਨਾ ਸਮਝੀ ਕਿ ਕੋਈ ਹੋਰ ਤੈਨੂੰ ਮਿਲਣ ਆਏਗਾ। ਤੇਰੇ ਜ਼ਖ਼ਮ ਇੰਨੇ ਗਹਿਰੇ ਨੇ ਕਿ ਤੈਨੂੰ ਮੁੜ ਜਿ਼ੰਦਾ ਕਰਨਾ ਬਹੁਤ ਮਹਿੰਗਾ ਸੌਦਾ ਹੈ ਤੇ ਇਥੇ ਹੋਰ ਵੀ ਹਜ਼ਾਰਾਂ ਯਖ਼ਬਸਤ ਮਰਦ ਮੌਜੂਦ ਨੇ। ਦੂਸਰਾ ਅੱਜ ਕੱਲ ਔਰਤਾਂ ਸੱਤਰ ਸਾਲ ਪਹਿਲਾਂ ਯਖ਼ਬਸਤ ਕੀਤੇ ਮਰਦਾਂ ਨੂੰ ਪਸੰਦ ਨਹੀਂ ਕਰਦੀਆਂ ਕਿਉਂਕਿ ਉਨ੍ਹਾਂ ਵਿਚ ਸਾਡੇ ਨਾਲ ਮੇਲ ਵਾਲੀ ਕੋਈ ਗੱਲ ਹੀ ਨਹੀਂ।’ 


‘ਪਲੀਜ਼’ ਰਾਜ ਬੋਲਿਆ।


ਉਸ ਨੇ ਨੀਲਮ ਵੱਲ ਝਾਂਕਦੇ ਹੋਏ ਕਿਹਾ। ਪਰ ਇਹ ਕੀ ਨੀਲਮ ਤਾਂ ਉਥੇ ਹੈ ਹੀ ਨਹੀਂ ਸੀ।


ਰਾਜ ਨੂੰ ਸੁਪਨਾ ਆ ਰਿਹਾ ਸੀ……ਉਹ ਜੰਗਲ ਭਰਪੂਰ ਪਹਾੜੀ ਵਾਦੀ ਵਿਚ ਟਰੱਕ ਚਲਾ ਰਿਹਾ ਸੀ। ਪਹਾੜ ਦੀ ਢਲਾਣ ਉੱਤੇ, ਉਸ ਦਾ ਟਰੱਕ ਹੇਠਾਂ ਨੂੰ ਜਾ ਰਿਹਾ ਸੀ।……ਇਹ ਢਲਾਣ ਹੋਰ ਤੇ ਹੋਰ ਤਿੱਖੀ ਹੁੰਦੀ ਜਾ ਰਹੀ ਹੈ ਤੇ ਟਰੱਕ ਦੀ ਰਫਤਾਰ ਹਰ ਪਲ ਤੇਜ਼।……ਅਚਾਨਕ ਇਹ ਢਲਾਣ ਦੇ ਪੈਰਾਂ ਕੋਲ ਬਣੇ ਪੁੱਲ ਉੱਤੇ ਜਾ ਪੁੱਜਾ ਤੇ ਆਪਣੀ ਤੇਜ਼ ਰਫਤਾਰ ਕਾਰਣ ਟੁੱਟੇ ਹੋਏ ਪੁੱਲ ਦੇ ਆਖਰੀ ਸਿਰੇ ਨੂੰ ਪਾਰ ਕਰ ਗਹਿਰੀ ਖੱਡ ਵਿਚ ਜਾ ਡਿੱਗਿਆ।…… ‘ਹਾਂ ਇਹੋ ਹੀ ਹੈ ਉਸ ਦੀ ਮੌਤ ਦਾ ਪਲ।’ ਉਸ ਸੋਚਿਆ।


ਤੇ ਇਕ ਝਟਕੇ ਨਾਲ ਉਸ ਦੀ ਅੱਖ ਖੁੱਲ ਗਈ।


ਇਕ ਪਝੰਤਰ ਕੁ ਸਾਲਾਂ ਬੁੱਢੀ ਔਰਤ ਉਸ ਉੱਤੇ ਝੁਕੀ ਹੋਈ ਝਾਂਕ ਰਹੀ ਸੀ।


‘ਤੂੰ ਮੇਰੀ ਪਸੰਦ ਨਹੀਂ ਹੋ ਸਕਦਾ।’ ਆਪਣੇ ਮਹਿੰਦੀ ਰੱਤੇ ਵਾਲਾਂ ਉੱਤੇ ਹੱਥ ਫੇਰਦੀ ਤੇ ਭੈੜਾ ਜਿਹਾ ਖੰਘਾਰਦੀ ਹੋਈ ਉਹ ਬੋਲੀ ਤੇ ਅੱਗੇ ਵੱਲ ਤੁਰ ਗਈ।


‘ਹੈਲੋ!’ ਕਿਸੇ ਹੋਰ ਦੀ ਆਵਾਜ਼ ਸੀ। ‘ਮੈਂ ਅਜਿਹਾ ਪਹਿਲਾਂ ਕਦੀ ਨਹੀਂ ਕੀਤਾ।’ ਚਾਲੀ ਕੁ ਸਾਲਾਂ ਦੀ ਮੋਟੀ ਜਿਹੀ ਔਰਤ ਦੇ ਬੋਲ ਸਨ।


‘ਅੱਜ ਕੀ ਤਾਰੀਖ ਹੈ?’ ਗਹਿਰੀ ਨੀਂਦ ਤੋਂ ਹੁਣੇ ਹੁਣੇ ਉੱਠੇ ਰਾਜ ਨੇ ਪੁੱਛਿਆ।


‘ਬਾਰਾਂ ਫਰਵਰੀ ਇੱਕੀ ਸੋ ਬਹੱਤਰ।’ ਮੱਥੇ ਦੇ ਪਸੀਨੇ ਨੂੰ ਟਿਸ਼ੂ ਪੇਪਰ ਨਾਲ ਪੂੰਝਦੀ ਉਸ ਔਰਤ ਨੇ ਕਿਹਾ। 


ਲਗਭਗ ਪੈਂਤੀ ਸਾਲ ਗੁਜ਼ਰ ਚੁੱਕੇ ਸਨ।


‘ਮੈਨੂੰ ਇਥੇ ਆਉਣਾ ਚੰਗਾ ਨਹੀਂ ਲੱਗਦਾ। ਪਰ ਕੀ ਕਰਾਂ? ਬਹੁਤ ਕਹਾਣੀਆਂ ਸੁਣ ਚੁੱਕੀ ਹਾਂ ਕਿ ਕਈਆਂ ਨੂੰ ਆਪਣਾ ਸੱਚਾ ਪਿਆਰ ਇਨ੍ਹਾਂ ਸਿਲੰਡਰਾਂ 'ਚੋਂ ਹੀ ਮਿਿਲਆ ਹੈ। ਮੇਰੀ ਸਹੇਲੀ ਨਾਦੀਆ ਨੂੰ ਵੀ ਤਾਂ ਉਸ ਦਾ ਦੂਸਰਾ ਪਤੀ ਇਥੇ ਹੀ ਮਿਿਲਆ ਸੀ। ਬਹੁਤ ਵਧੀਆ ਇਨਸਾਨ ਹੈ ਉਹ।’ 


ਉਸ ਔਰਤ ਨੇ ਖੁੱਲ ਕੇ ਮੁਸਕਰਾਂਦੇ ਹੋਏ ਕਿਹਾ, ‘ਮੇਰਾ ਨਾਮ ਵੀਨਾ ਹੈ।’


‘ਮੇਰਾ ਨਾਂ ਰਾਜ। ਤੈਨੂੰ ਮਿਲ ਕੇ ਖੁਸ਼ੀ ਹੋਈ।’ ਉਹ ਬੋਲਿਆ।


‘ਤੂੰ ਤਾਂ ਸੋਹਣਾ ਗਭਰੂ ਦਿੱਖਦਾ ਏ। ਜਾਪਦਾ ਹੈ ਈਮਾਨਦਾਰ ਵੀ ਹੋਏਗਾ। ਜੇ ਮੈਂ ਤੈਨੂੰ ਦੁਬਾਰਾ ਪੂਰਾ ਜਿੰਦਾ ਕਰਵਾ ਲਵਾਂ ਤਾਂ ਤੂੰ ਮੈਨੂੰ ਧੋਖਾ ਤਾਂ ਨਹੀਂ ਦੇਵੇਗਾ? ਦੇਖੀ ਕਿਧਰੇ ਤਲਾਕ ਬਾਰੇ ਨਾ ਸੋਚਦਾ ਫਿਰੀ।’ ਵੀਨਾ ਟੇਢੇ ਜਿਹੇ ਢੰਗ ਨਾਲ ਬੈਠੀ ਸ਼ਾਇਦ ਪਤਲੀ ਦਿਸਣ ਦੀ ਕੋਸਿ਼ਸ਼ ਵਿਚ ਸੀ।


‘ਹਾਂ! ਮੈਂ ਤੇਰੀ ਚਿੰਤਾ ਸਮਝਦਾ ਹਾਂ।’ ਰਾਜ ਦੇ ਬੋਲ ਸਨ।


ਵੀਨਾ ਨੇ ਗਹਿਰਾ ਸਾਹ ਲਿਆ। ‘ਬੇਸ਼ਕ ਯਖ਼ਬਸਤ ਮਰਦਾਂ ‘ਚੋਂ ਕਿਸੇ ਮਨਪਸੰਦ ਮਰਦ ਦੀ ਤਲਾਸ਼ ਕਰਨਾ ਕੋਈ ਵਧੀਆ ਗੱਲ ਨਹੀਂ ਪਰ ਗਹਿਮਾ ਗਹਿਮ ਪਾਰਟੀਆਂ ਵਿਚ ਇਕੱਲਿਆਂ ਜਾਣ ਨਾਲੋਂ ਤਾਂ ਬੁਰਾ ਨਹੀਂ ਹੈ ਇਹ। ਕਿਸੇ ਦੀਆਂ ਮਜ਼ਬੂਤ ਬਾਹਾਂ ਦੇ ਸਹਾਰੇ ਦੀ ਥਾਂ ਹੱਥਾਂ ਨੂੰ ਜੇਬਾਂ ਵਿਚ ਪਾਈ ਰੱਖਣਾ, ਜਾਂ ਫਿਰ ਅਜਿਹੇ ਮਰਦ ਦੇ ਸਾਥ ਵਿਚ ਵਿਚਰਣਾ ਜਿਸ ਨੂੰ ਨਾ ਤਾਂ ਹੱਸਣਾ ਹੀ ਆਉਂਦਾ ਹੋਵੇ ਤੇ ਨਾ ਹੀ ਹਸਾਉਣਾ। ਜੋ ਨਾ ਤਾਂ ਸੋਹਣਾ ਹੀ ਹੋਵੇ ਤੇ ਨਾ ਹੀ ਜਵਾਨ। ਸੱਚ ਹੀ ਬਹੁਤ ਬੁਰੀ ਗੱਲ ਹੈ। ਮੇਰੀਆ ਵਾਕਿਫ਼ ਔਰਤਾਂ ਬੇਸ਼ਕ ਪਈਆਂ ਸ਼ੱਕ ਕਰਣ ਕਿ ਮੇਰਾ ਬਾਂਕਾ ਘਰਵਾਲਾ ਦੁਬਾਰਾ ਜਿੰ਼ਦਾ ਕੀਤਾ ਗਿਆ ਹੈ। ਅੰਦਰੋਂ ਤਾਂ ਉਹ ਜਲਣ ਮਹਿਸੂਸ ਕਰਣਗੀਆਂ ਹੀ ਤੇ ਮੈਂ ਆਪਣੇ ਸੋਹਣੇ ਰਾਂਝੇ ਦਾ ਹੱਥ ਫੜ ਮੜਕ ਨਾਲ ਅਗਾਂਹ ਤੁਰ ਜਾਵਾਂਗੀ।' ਵੀਨਾ ਦੇ ਮਨ ਵਿਚ ਖਿਆਲਾਂ ਦਾ ਜਵਾਰ ਭਾਟਾ ਸੀ। 


ਵੀਨਾ ਪਲ ਕੁ ਲਈ ਚੁੱਪ ਕਰ ਗਈ। ‘ਮੇਰੀ ਦਾਦੀ ਅਕਸਰ ਕਹਿੰਦੀ ਹੈ, ਮੈਂ ਬਹੁਤ ਬਾਤੂਨੀ ਹਾਂ। ਪਰ ਕੀ ਕਰਾਂ ਮੈਂ ਹਾਂ ਹੀ ਇਦਾਂ ਦੀ।’


'ਇਸ ਲਈ ਵੀਨਾ ਦਾ ਭੀ ਯਾਦਬਿੰਬ ਹੈ। ਘੱਟੋਘੱਟ ਇਕ ਯਾਦਬਿੰਬ।' ਰਾਜ ਸੋਚ ਰਿਹਾ ਸੀ। 

     

‘ਨਹੀਂ। ਮੈਨੂੰ ਤੇਰੀ ਇਹ ਆਦਤ ਬਹੁਤ ਪਸੰਦ ਹੈ।’ ਰਾਜ ਦੇ ਬੋਲ ਸਨ। ਵੀਨਾ ਦੀ ਲੰਮੀ ਗੱਲਬਾਤ ਨੇ ਉਸ ਨੂੰ ਸੋਚਣ ਦਾ ਸਮਾਂ ਦੇ ਦਿੱਤਾ ਸੀ। ਮੌਜੂਦਾ ਹਾਲਤ ਵਿਚ ਇਹ ਉਸ ਲਈ ਬਹੁਤ ਅਹਿਮ ਗੱਲ ਸੀ।

ਵੀਨਾ ਨੇ ਹੱਥ ਮਲਦਿਆਂ ਕਿਹਾ, ‘ਪਹਿਲੀ ਮੁਲਾਕਾਤ ਮੈਨੂੰ ਹਮੇਸ਼ਾਂ ਨਰਵਸ ਕਰ ਦਿੰਦੀ ਹੈ।’


‘ਤੂੰ ਬਹੁਤ ਚੰਗੀ ਹੈ।’ ਰਾਜ ਨੇ ਮੁਸਕਰਾਂਦੇ ਹੋਏ ਕਿਹਾ। ਉਸ ਨੂੰ ਇਥੋਂ ਨਿਕਲਣਾ ਸੀ, ਇਸ ਲਈ ਉਸ ਨੂੰ ਅਜਿਹੀ ਹੀ ਕਿਸੇ ਔਰਤ ਨੂੰ ਤਸੱਲੀ ਕਰਾਉਣੀ ਜ਼ਰੂਰੀ ਸੀ ਕਿ ਉਹ ਉਸ ਨੂੰ ਦੁਬਾਰਾ ਜਿੰਦਾ ਕਰਵਾ ਲਵੇ। ਅਜਿਹੀ ਹੀ ਕਿਸੇ ਔਰਤ ਨੂੰ।……ਪਿਛਲੇ ਸੱਠ ਸਾਲਾਂ ਵਿਚ ਉਸ ਨੂੰ ਲੰਮੀ ਨੀਂਦ ਤੋਂ ਜਗਾਉਣ ਵਾਲੀ ਇਹ ਤੀਜੀ ਔਰਤ ਸੀ। ਜੇ ਉਸ ਪਹਿਲੀ ਸਨਕੀ ਔਰਤ ਦੀ ਗੱਲ ਸਹੀ ਸੀ ਤਾਂ ਸਪਸ਼ਟ ਹੈ ਕਿ ਜਿੰਨਾਂ ਵਧੇਰੇ ਸਮਾਂ ਉਹ ਇਥੇ ਰਹੇਗਾ ਉਨ੍ਹਾਂ ਹੀ ਵਧੇਰੇ ਉਹ ਨਾਪਸੰਦ ਹੁੰਦਾ ਜਾਵੇਗਾ। 


ਰਾਜ ਦੀ ਇੱਛਾ ਸੀ ਕਿ ਉਹ ਜਾਣ ਸਕੇ ਕਿ ਉਹ ਕਿਥੇ ਹੈ? ਕਾਸ਼ ਉਹ ਆਪਣਾ ਸਿਰ ਚੁੱਕ ਕੇ ਆਸੇ ਪਾਸੇ ਦੇਖ ਸਕੇ। 


‘ਇਹ ਕਿਹੋ ਜਿਹੀ ਥਾਂ ਹੈ?’ ਉਸ ਪੁੱਛਿਆ। ‘ਕੀ ਅਸੀਂ ਕਿਸੇ ਕਮਰੇ ਵਿਚ ਹਾਂ?’


‘ਦੇਖਣਾ ਚਾਹੇਗਾ?’ ਵੀਨਾ ਨੇ ਆਪਣਾ ਪਾਮਟੋਪ ਉਸ ਦੇ ਚਿਹਰੇ ਤੋਂ ਫੁੱਟ ਕੁ ਦੀ ਦੂਰੀ ਉੱਤੇ ਲਿਆਂਦੇ ਹੋਏ ਕਿਹਾ। ‘ਲੈ ਦੇਖ।’ 


ਰਾਜ ਪਾਮਟੋਪ ਦੀ ਸਕਰੀਨ ਉੱਤੇ ਨਜ਼ਰ ਆ ਰਿਹਾ ਦ੍ਰਿਸ਼ ਦੇਖ ਕੇ ਸੁੰਨ ਰਹਿ ਗਿਆ। ਉਸ ਦਾ ਆਪਣਾ ਮੁਰਦਾ ਚਿਹਰਾ ਉਸ ਵੱਲ ਝਾਂਕ ਰਿਹਾ ਸੀ। ਸਲੇਟੀ ਰੰਗੀ ਚਮੜੀ, ਨੀਲੇ ਬੁੱਲ ਤੇ ਢਿਲਕੇ ਹੋਏ ਮਾਸ ਕਾਰਣ ਇਹ ਕਿਸੇ ਦਿਮਾਗੀ ਤੌਰ ਉੱਤੇ ਅਪੰਗ ਦਾ ਚਿਹਰਾ ਜਾਪ ਰਿਹਾ ਸੀ। ਉਸ ਦੇ ਗਲੇ ਤੋਂ ਹੇਠਾਂ ਦਾ ਹਿੱਸਾ ਚਾਂਦੀ ਦੀ ਪਰਤ ਨਾਲ ਢੱਕਿਆ ਹੋਇਆ ਸੀ। 


ਵੀਨਾ ਨੇ ਪਾਮਟੋਪ ਦੀ ਦਿਸ਼ਾ ਬਦਲੀ ਤਾਂ ਉਸ ਦੀ ਸਕਰੀਨ ਕਮਰੇ ਦੇ ਦ੍ਰਿਸ਼ ਨਾਲ ਜਗਮਗਾ ਉੱਠੀ। ਕਿਸੇ ਵਿਸ਼ਾਲ ਹੋਟਲ ਦੇ ਵੱਡੇ ਹਾਲ ਕਮਰੇ ਵਰਗਾ ਦ੍ਰਿਸ਼ ਸੀ। ਹਾਲ ਕਮਰੇ ਦੇ ਇਕ ਕੋਨੇ ਏਲੀਵੇਟਰ ਹੇਠਾਂ ਵੱਲ ਆ ਰਹੀ ਸੀ। ਲੋਕ ਅਜੀਬ ਡਿਜ਼ਾਇਨ ਵਾਲੇ ਪੁੱਲਾਂ ਉਪਰ ਤੇਜ਼ੀ ਨਾਲ ਇਧਰ ਉਧਰ ਆ ਜਾ ਰਹੇ ਸਨ। ਹਵਾ ਵਿਚ ਲਟਕ ਰਹੀਆਂ ਵਿਸ਼ਾਲ ਪਾਰਦਰਸ਼ੀ ਟਿਊਬਾਂ ਵਿਚ ਹਲਕਾ ਨੀਲਾ ਦ੍ਰਵ ਵਿੰਗੇ ਟੇਢੇ ਰਸਤੇ ਉਲੀਕ ਰਿਹਾ ਸੀ। ਇੰਝ ਜਾਪ ਰਿਹਾ ਸੀ ਕਿ ਜਿਵੇਂ ਕੋਈ ਨਦੀ ਹਵਾ ਵਿਚ ਤੈਰ ਰਹੀ ਹੋਵੇ। ਇਕ ਖੁੱਲੇ ਸਿਲੰਡਰ ਕੋਲ ਇਕ ਔਰਤ ਬੈਠੀ ਨਜ਼ਰ ਆ ਰਹੀ ਸੀ ਜਿਸ ਦਾ ਮੂੰਹ ਖੁੱਲਾ ਸੀ ਤੇ ਸਿਰ ਹਿਲ ਰਿਹਾ ਸੀ। 


ਵੀਨਾ ਨੇ ਪਾਮਟੋਪ ਪਰ੍ਹੇ ਕਰ ਦਿੱਤਾ। ਹੁਣ ਉਸ ਦੀਆਂ ਅੱਖਾਂ ਵੱਡੀਆਂ ਵੱਡੀਆਂ ਤੇ ਗੋਲ ਗੋਲ ਨਜ਼ਰ ਆ ਰਹੀਆਂ ਸਨ।


‘ਕੀ ਹੋਇਆ?’ ਰਾਜ ਨੇ ਪੁੱਛਿਆ।


ਵੀਨਾ ਨੇ ਬੋਲਣ ਲਈ ਮੂੰਹ ਖੋਲਿਆ ਹੀ ਸੀ ਕਿ ਇਰਾਦਾ ਬਦਲ ਜਾਣ ਕਾਰਣ ਸਿਰ ਹਿਲਾਉਂਦੇ ਹੋਏ ਉਸ ਕਿਹਾ, ‘ਕੁਝ ਨਹੀਂ।’ 


‘ਪਲੀਜ਼! ਦੱਸੋ ਨਾ!’


ਵੀਨਾ ਕਾਫੀ ਦੇਰ ਚੁੱਪ ਰਹੀ। ਰਾਜ ਦਾ ਖਿਆਲ ਸੀ ਕਿ ਉਹ ਕਿਸੇ ਅੰਦਰੂਨੀ ਦਵੰਦ ਵਿਚ ਉਲਝੀ ਹੋਈ ਸੀ। ਆਖਰ ਉਹ ਬੋਲੀ, ‘ਸੱਚ ਤਾਂ ਇਹ ਹੈ ਕਿ ਮੈਨੂੰ ਅਚਾਨਕ ਹੀ ਇੰਝ ਲੱਗਿਆ ਜਿਵੇਂ ਕਿ ਮੈਂ ਲਾਸ਼ ਨਾਲ ਗੱਲਾਂ ਕਰ ਰਹੀ ਹਾਂ। ਜੇ ਕਿਧਰੇ ਮੈਂ ਤੇਰਾ ਹੱਥ ਫੜ੍ਹ ਲਵਾਂ ਤਾਂ ਤੇਰੀਆਂ ਮੁਰਦਾ ਉਗਲਾਂ ਤਾਂ ਬਰਫ਼ ਵਾਂਗ ਠੰਡੀਆਂ ਤੇ ਸਖਤ ਹੋਣਗੀਆਂ।’


ਰਾਜ ਨੇ ਆਪਣੀ ਨਜ਼ਰ ਦੂਰ ਪਰ੍ਹੇ ਛੱਤ ਵੱਲ ਘੁੰਮਾ ਲਈ। ਗਹਿਰੀ ਉਦਾਸੀ ਦਾ ਆਲਮ ਉਸ ਦੇ ਮਨ ਤੇ ਭਾਰੂ ਹੁੰਦਾ ਜਾ ਰਿਹਾ ਸੀ। ਮੁਰਦਾ ਸਰੀਰ ਵਿਚ ਜਕੜੇ ਹੋਣਾ ਉਸ ਨੂੰ ਬੁਰਾ ਲੱਗ ਰਿਹਾ ਸੀ।


‘ਕਿਹੋ ਜਿਹਾ ਮਹਿਸੂਸ ਕਰ ਰਿਹਾ ਹੈ ਤੂੰ?’ ਵੀਨਾ ਇੰਝ ਫੁਸਫੁਸਾਈ ਜਿਵੇਂ ਉਹ ਕੋਈ ਸ਼ਰਮਨਾਕ ਗੱਲ ਪੁੱਛ ਰਹੀ ਹੋਵੇ। 

ਰਾਜ ਦਾ ਜਵਾਬ ਦੇਣ ਦਾ ਮਨ ਨਹੀਂ ਸੀ। ਪਰ ਉਹ ਦੁਬਾਰਾ ਮਰਣਾ ਵੀ ਨਹੀਂ ਸੀ ਚਾਹੁੰਦਾ। ‘ਬਹੁਤ ਔਖੀ ਹੈ ਇਹ ਹਾਲਤ। ਕਿਸੇ ਵੀ ਚੀਜ਼ ਉੱਤੇ ਕੋਈ ਕੰਟਰੋਲ ਨਹੀਂ ਹੈ ਇਸ ਵਿਚ; ਕਦੋਂ ਉੱਠਣਾ ਹੈ? ਕਿਸ ਨਾਲ ਗੱਲ ਕਰਨੀ ਹੈ? ਸੱਚ ਤਾਂ ਇਹ ਹੈ ਕਿ ਇਹ ਹਾਲਤ ਬਹੁਤ ਹੀ ਡਰਾਉਣੀ ਹੈ। ਜਦੋਂ ਇਹ ਮੁਲਾਕਾਤ ਖ਼ਤਮ ਹੋ ਜਾਵੇਗੀ, ਤਾਂ ਮੈਂ ਫਿਰ ਮਰ ਜਾਵਾਂਗਾ – ਤਦ ਨਾ ਸੋਚ ਹੋਵੇਗੀ, ਨਾ ਸੁਪਨੇ, ਸਿਰਫ਼ ਸੁੰਨ ਹੀ ਸੁੰਨ ਹੋਵੇਗੀ। ਇਹ ਸੋਚ ਮੈਂ ਡਰ ਜਾਂਦਾ ਹਾਂ। ਮੁਲਾਕਾਤ ਦੇ ਖ਼ਤਮ ਹੋਣ ਤੋਂ ਪਹਿਲਾਂ ਦੇ ਪਲ ਮੇਰੇ ਲਈ ਬਹੁਤ ਬੌਝਲ ਹੁੰਦੇ ਹਨ।


ਸਵਾਲ ਪੁੱਛਣ ਲਈ ਵੀਨਾ ਸ਼ਰਮਿੰਦਗੀ ਮਹਿਸੂਸ ਕਰ ਰਹੀ ਸੀ। ਇਸ ਲਈ ਰਾਜ ਨੇ ਵਿਸ਼ਾ ਬਦਲ ਦਿੱਤਾ। ‘ਤੇਰਾ ਯਾਦਬਿੰਬ ਹੈ ਕੋਈ?’ ਉਸ ਪੁੱਛਿਆ।


‘ਹਾਂ ਤਾਂ! ਦੋ ਨੇ ‘ਮੇਰੀ ਮਾਂ ਤੇ ਮੇਰਾ ਦਾਦਾ।’


‘ਮੈਨੂੰ ਸਮਝ ਨਹੀਂ ਆ ਰਹੀ, ਜੇ ਲੋਕਾਂ ਨੂੰ ਦੁਬਾਰਾ ਜਿ਼ੰਦਾ ਕਰਨ ਦੀ ਸੁਵਿਧਾ ਮੌਜੂਦ ਹੈ ਤਾਂ ਫਿਰ ਅੱਜ ਕਲ ਵੀ ਯਾਦਬਿੰਬ ਕਿਉਂ ਹਨ?’ ਰਾਜ ਦਾ ਸਵਾਲ ਸੀ।


‘ਸਰੀਰ ਖੀਣ ਹੋ ਜਾਂਦੇ ਹਨ।’ ਵੀਨਾ ਨੇ ਸਪਸ਼ਟ ਕਰਦੇ ਹੋਏ ਕਿਹਾ। ‘ਜੇ ਤੁਸੀਂ ਨੱਬੇ ਸਾਲਾਂ ਦੇ ਬਜ਼ੁਰਗ ਨੂੰ ਦੁਬਾਰਾ ਜਿ਼ੰਦਾ ਕਰ ਲੈਂਦੇ ਹੋ ਤਾਂ ਉਹ ਸਮੇਂ ਦੇ ਬੀਤਣ ਨਾਲ ਹੋਰ ਬੁੱਢਾ ਹੁੰਦਾ ਜਾਂਦਾ ਹੈ। ਚੱਲ ਛੱਡ ਇਸ ਨੂੰ। ਤੂੰ ਆਪਣੇ ਬਾਰੇ ਕੁਝ ਦੱਸ। ਮੇਰਾ ਖਿਆਲ ਹੈ ਕਿ ਤੇਰਾ ਵੀ ਕੋਈ ਯਾਦਭਾਰ ਹੈ।’


ਰਾਜ ਨੇ ਆਪਣੇ ਡੈਡ ਬਾਰੇ ਦੱਸਿਆ ਤੇ ਵੀਨਾ ਨੇ ਲੋੜੀਂਦਾ ਅਫਸੋਸ ਜ਼ਾਹਿਰ ਕੀਤਾ। ਰਾਜ ਨੇ ਇੰਝ ਜ਼ਾਹਿਰ ਕੀਤਾ ਜਿਵੇਂ ਅਫਸੋਸ ਦੇ ਇਹ ਸ਼ਬਦ ਬਿਲਕੁਲ ਉਚਿਤ ਸਨ। ਉਸ ਨੂੰ ਨਹੀਂ ਸੀ ਪਤਾ ਕਿ ਉਹ ਆਪਣੇ ਡੈਡ ਬਾਰੇ ਕਿਉਂ ਬੋਲ ਰਿਹਾ ਸੀ। ਸ਼ਾਇਦ ਇਹ ਉਸ ਦੀ ਖੁਦਗਰਜ਼ੀ ਸੀ। ਅਜਿਹਾ ਨਾ ਬੋਲਣ ਦੀ ਹਾਲਤ ਵਿਚ ਉਸ ਨੂੰ ਡਾਢੀ ਗਿਲਾਨੀ ਹੋਣੀ ਸੀ। ਉਸ ਦੇ ਡੈਡ ਨੇ ਉਸ ਨੂੰ ਜ਼ਜ਼ਬਾਤੀ ਤੌਰ ਉੱਤੇ ਬਲੈਕਮੇਲ ਕਰਨ ਦੀ ਕੋਸਿ਼ਸ਼ ਕੀਤੀ ਸੀ। ਖੈਰ ਉਸ ਨੇ ਆਪਣੀ ਚਾਲ ਬਿਨ੍ਹਾਂ ਕਿਸੇ ਕੁਤਾਹੀ ਦੇ ਪੂਰੀ ਕਰ ਲਈ ਸੀ। 

‘ਮੈਂ ਮਰ ਰਿਹਾ ਹਾਂ, ਰਾਜ! ਮੈਨੂੰ ਬਹੁਤ ਡਰ ਲੱਗ ਰਿਹਾ ਹੈ। ਪਲੀਜ਼!’ ਉਸ ਦੇ ਡੈਡ ਦੇ ਆਖਰੀ ਸ਼ਬਦ ਸਨ। ਉਸ ਦੀ ਮੌਤ ਪਿਛੋਂ ਅੱਸੀ ਸਾਲ ਬੀਤ ਜਾਣ ਬਾਅਦ ਅੱਜ ਵੀ ਰਾਜ ਡੈਡ ਦੀ ਦੁਖਦਾਈ ਸੁਰ ਵਾਲੀ ਆਵਾਜ਼ ਸੁਣ ਸਕਦਾ ਸੀ। 

 

ਜਦ ਵੀ ਉਹ ਡੈਡ ਬਾਰੇ ਸੋਚਦਾ ਉਸ ਦਾ ਮਨ ਦੁੱਖ ਭਰੇ ਸੁੰਨੇਪਣ ਨਾਲ ਭਰ ਜਾਂਦਾ। ਉਸ ਦੇ ਮਨ ‘ਤੇ ਗਿਲਾਨੀ ਤੇ ਸ਼ਰਮਿੰਦਗੀ ਦਾ ਅਹਿਸਾਸ  ਭਾਰੂ ਹੋ ਜਾਂਦਾ। ਪਰ ਉਸ ਨੂੰ ਸ਼ਰਮਿੰਦੇ ਹੋਣ ਦੀ ਕੀ ਲੋੜ ਸੀ? ਤੁਹਾਡੇ ਸਿਰ ਤੁਹਾਡੇ ਡੈਡ ਦਾ ਕੀ ਰਿਣ ਹੈ ਜੇ ਉਸ ਨੇ ਤੁਹਾਨੂੰ ਸਿਰਫ ਜਨਮ ਦੇਣ ਦੀ ਹੀ ਖੇਚਲ ਕੀਤੀ ਹੋਵੇ? ਤਦ ਕੀ ਤੁਸੀਂ ਉਸ ਦੀ ਯਾਦ ਨੂੰ ਮਨ ਵਿਚ ਥਾਂ ਦੇਵੋਗੇ? ਜੇ ਤੁਸੀਂ ਕਿਸੇ ਖੂਬਸੂਰਤ ਔਰਤ ਦੀ ਥਾਂ ਕਿਸੇ ਮਰਦ ਨੂੰ ਪਿਆਰ ਕਰਦੇ ਹੋਵੋ ਤੇ ਤੁਹਾਡਾ ਡੈਡ ਇਸ ਕਰ ਕੇ ਤੁਹਾਡੇ ਨਾਲ ਗੱਲ ਕਰਨੀ ਵੀ ਪਸੰਦ ਨਾ ਕਰੇ? ਜੇ ਤੁਹਾਡਾ ਦਿਲਦਾਰ ਬਦਕਿਸਮਤੀ ਕਾਰਣ ਦਰਦਨਾਕ ਮੌਤ ਦਾ ਸ਼ਿਕਾਰ ਹੋ ਜਾਵੇ ਤੇ ਤੁਹਾਡੇ ਡੈਡ ਦੇ ਧਰਵਾਸ ਦਿੰਦੇ ਸ਼ਬਦ ਇੰਝ ਹੋਣ ‘ਚੰਗਾ ਰਹੇ ਜੇ ਅਗਲੀ ਵਾਰ ਤੂੰ ਕਿਸੇ ਔਰਤ ਨੂੰ ਪਿਆਰ ਕਰੇ।’ ਜਿਵੇਂ ਕਿ ਰੂਬਨ ਦੀ ਮੌਤ, ਉਸ ਦੇ ਡੈਡ ਦੀ ਅਸਹਿਮਤੀ ਨੂੰ ਸਹੀ ਸਿੱਧ ਕਰਦੀ ਹੋਵੇ। ਭਲਾ ਅਜਿਹੇ ਡੈਡ ਨੂੰ ਕੋਈ ਕਿਵੇਂ ਚੰਗਾ ਕਹੇ?


‘ਜੇ ਮੈਂ ਇਥੇ ਕਿਸੇ ਨੂੰ ਪਸੰਦ ਕਰ ਲਵਾਂ ਤੇ ਉਹ ਦੁਬਾਰਾ ਜਿ਼ੰਦਾ ਹੋਣ ਦੇ ਬਦਲ ਵਿਚ ਮੇਰੇ ਨਾਲ ਵਿਆਹ ਕਰਾਉਣਾ ਮੰਨ ਜਾਵੇ।’ ਵੀਨਾ ਕਹਿ ਰਹੀ ਸੀ। ‘ਕੀ ਲੋਕ ਇਹ ਤਾਂ ਨਹੀਂ ਸੋਚਣਗੇ ਕਿ ਉਹ ਮੇਰੀ ਤੁਲਨਾ ਵਿਚ ਬਹੁਤ ਸੋਹਣਾ ਹੈ ਤੇ ਮੈਂ ਉਸ ਨੂੰ ਜ਼ਰੂਰ ਮੁਰਦਾ ਘਰ ਵਿਖੇ ਮਿਲੀ ਹੋਵਾਂਗੀ? ਅਸੀਂ ਕਦੋਂ ਤੇ ਕਿਥੇ ਮਿਲੇ ਇਸ ਬਾਰੇ ਸਾਨੂੰ ਅਜਿਹੀ ਤਸੱਲੀਬਖ਼ਸ਼ ਕਹਾਣੀ ਘੜ੍ਹਣੀ ਹੋਵੇਗੀ ਜਿਸ ਉੱਤੇ ਹਰ ਕਿਸੇ ਨੂੰ ਯਕੀਨ ਆ ਜਾਵੇ।’


‘ਮੁਰਦਾ ਘਰ?’   


‘ਕਈ ਲੋਕ ਇਸ ਥਾਂ ਨੂੰ ਇਸੇ ਨਾਂ ਨਾਲ ਬੁਲਾਂਦੇ ਹਨ।’ 

ਤਦ ਤਾਂ ਜੇ ਕਿਸੇ ਨੇ ਮੈਨੂੰ ਦੁਬਾਰਾ ਜਿ਼ੰਦਾ ਕਰ ਵੀ ਲਿਆ ਮੈਂ ਫਿਰ ਵੀ ਅਛੂਤ ਹੀ ਹੋਵਾਂਗਾ। ਲੋਕ ਮੇਰੇ ਨਾਲ ਕੋਈ ਸੰਬੰਧ ਰੱਖਣਾ ਵੀ ਪਸੰਦ ਨਹੀਂ ਕਰਨਗੇ। ਉਸ ਦੇ ਡੈਡ ਦੀ ਆਵਾਜ਼ ਉਸ ਦੇ ਮਨ ਵਿਚ ਉਭਰ ਆਈ ਜੋ ਸ਼ਾਇਦ ਇਸੇ ਹਾਲਾਤ ਦੀ ਹੀ ਪੁਸ਼ਟੀ ਕਰ ਰਹੀ ਸੀ।


‘ਮੈਂ ਤੇਰੇ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦਾ। ਤੂੰ ਤੇ ਤੇਰਾ ਦੋਸਤ……ਦੋਨਾਂ ਨਾਲ ਹੀ ਨਹੀਂ।’


‘ਮਾਫ ਕਰਨਾ ਮੇਰੇ ਜਾਣ ਦਾ ਸਮਾਂ ਹੋ ਗਿਆ ਹੈ। ਪਰ ਹੋ ਸਕਦਾ ਹੈ ਮੈਂ ਫਿਰ ਆਵਾਂ।’ ਵੀਨਾ ਦੇ ਬੋਲ ਸਨ।


ਉਹ ਦੁਬਾਰਾ ਮਰਨਾ ਨਹੀਂ ਸੀ ਚਾਹੁੰਦਾ। ਡੂੰਘੀ ਹਨੇਰੀ ਖਾਈ ਵਿਚ ਸੁਟਿਆ ਜਾਣਾ ਨਹੀਂ ਸੀ ਚਾਹੁੰਦਾ। ਉਸ ਨੂੰ ਬਹੁਤ ਕੁਝ ਸੋਚਣ ਦੀ, ਯਾਦ ਕਰਨ ਦੀ ਲੋੜ ਸੀ।


‘ਮੈਨੂੰ ਚੰਗਾ ਲੱਗੇਗਾ,’ ਚੀਖ਼ ਮਾਰਣ ਦੀ ਇੱਛਾ ਨੂੰ ਮੁਸ਼ਕਲ ਨਾਲ ਦਬਾਉਂਦੇ ਹੋਏ ਉਸ ਕਿਹਾ। ਉਸ ਦੇ ਮਨ ਤੇ ਤੀਬਰ ਇੱਛਾ ਭਾਰੂ ਹੁੰਦੀ ਜਾ ਰਹੀ ਸੀ ਕਿ ਉਹ ਉਸ ਔਰਤ ਦੀ ਮਿੰਨਤ ਕਰ ਲਏ ਕਿ ਉਹ ਉਸ ਨੂੰ ਦੁਬਾਰਾ ਮਰਣ ਲਈ ਨਾ ਛੱਡ ਜਾਵੇੇ। ਪਰ ਉਹ ਜਾਣਦਾ ਸੀ ਕਿ ਜੇ ਉਸ ਨੇ ਅਜਿਹਾ ਕੀਤਾ ਤਾਂ ਉਹ ਔਰਤ ਫਿਰ ਕਦੇ ਉਸ ਨੂੰ ਮਿਲਣ ਨਹੀਂ ਆਏਗੀ। ਜਿਵੇਂ ਹੀ ਉਸ ਔਰਤ ਨੇ ਰਾਜ ਨੂੰ ਦੁਬਾਰਾ ਮੌਤ ਦੀ ਨੀਂਦ ਵਿਚ ਸੁਆਣ ਲਈ ਬਟਨ ਦੱਬਿਆ ਉਸ ਨੇ ਆਖ਼ਰੀ ਛਿਣ ਟਰੱਕ ਦੇ ਹਾਦਸੇ ਨੂੰ ਯਾਦ ਕਰਨ ਵਿਚ ਲਾ ਦਿੱਤੇ ਤੇ ਇਸ ਯਾਦ ਨੇ ਉਸ ਦੇ ਲੂੰ ਕੰਡੇ ਖੜੇ ਕਰ ਦਿੱਤੇ।


ਵੀਨਾ ਫਿਰ ਆ ਗਈ। ਉਸ ਦਾ ਕਹਿਣਾ ਸੀ ਕਿ ਉਸ ਦੀ ਪਹਿਲੀ ਫੇਰੀ ਨੂੰ ਅਜੇ ਦਸ ਦਿਨ ਹੀ ਗੁਜ਼ਰੇ ਸਨ। ਜਿਊਂਦੇ ਲੋਕਾਂ ਨੂੰ ਸਮੇਂ ਦੇ ਗੁਜ਼ਰਣ ਦਾ ਅਹਿਸਾਸ ਹੁੰਦਾ ਹੈ। ਪਰ ਮੌਤ ਦੀ ਗੌਦ ਵਿਚ ਸੁੱਤੇ ਰਾਜ ਨੂੰ ਸਮੇਂ ਦੇ ਗੁਜ਼ਰਣ ਦਾ ਕੋਈ ਅਹਿਸਾਸ ਹੀ ਨਹੀਂ ਸੀ। ਉਸ ਲਈ ਤਾਂ ਦਸ ਦਿਨ ਜਾਂ ਦਸ ਸਾਲ ਇਕ ਬਰਾਬਰ ਹੀ ਸਨ। 


ਪਿਛਲੇ ਦਸ ਦਿਨ੍ਹਾਂ ਵਿਚ ਮੈਂ ਪੰਦਰਾਂ ਮਰਦਾਂ ਨਾਲ ਗੱਲਬਾਤ ਕੀਤੀ ਹੈ ਪਰ ਕੋਈ ਵੀ ਤੇਰੇ ਵਰਗਾ ਚੰਗਾ ਨਹੀਂ ਲੱਗਿਆ। ਖਾਸ ਕਰ ਉਹ ਮਰਦ ਜੋ ਹੁਣੇ ਹੁਣੇ ਮਰੇ ਨੇ ਕਿਸੇ ਕੰਮ ਦੇ ਨਹੀਂ। ਉਹ ਤਾਂ ਨਿਰੇ ਨਿਕੰਮੇ ਨੇ। ਸੰਬੰਧ ਬਣਾਉਣਾ ਤਾਂ ਉਨ੍ਹਾਂ ਨੂੰ ਚੰਗਾ ਹੀ ਨਹੀਂ ਲਗਦਾ। ਅਜਿਹੇ ਸੰਬੰਧ ਦਾ ਭੀ ਕੀ ਫਾਇਦਾ ਜਿਹੜਾ ਨਿਭਾਉਣਾ ਹੀ ਭਾਰੂ ਹੋਵੇ। ਮੈਂ ਚਾਹੁੰਦੀ ਹਾਂ ਕਿ ਮੈਂ ਆਪਣੇ ਮਰਦ ਦਾ ਖਿਆਲ ਰੱਖਾਂ ਤੇ ਕਹਿ ਸਕਾਂ ‘ਜਾਨੂੰ! ਆ ਆਪਾਂ ਤੇਰੀ ਮਨਪਸੰਦ ਥਾਂ ਚੱਲਦੇ ਹਾਂ ਘੁੰਮਣ ਫਿਰਣ’ ਤੇ ਆਸ ਕਰਦੀ ਹਾਂ ਕਿ ਉਹ ਵੀ ਕਹਿ ਸਕੇ ‘ਹਨੀ! ਮੈਂ ਜਾਣਦਾ ਹਾਂ ਕਿ ਤੈਨੂੰ ਉਹ ਦੂਸਰੀ ਥਾਂ ਜਾਣ ਲਈ ਕਿੰਨੀ ਇੱਛਾ ਹੈ।’ ਤੇ ਕਦੇ ਅਸੀਂ ਉਸ ਦੀ ਮਨਪਸੰਦ ਥਾਂ ਘੁੰਮੀਏ ਫਿਰੀਏ ਤੇ ਕਦੇ ਮੇਰੀ ਪਸੰਦ ਵਾਲੀ ਥਾਂ।    


‘ਹਾਂ! ਮੈਂ ਜਾਣਦਾ ਹਾਂ ਤੂੰ ਕੀ ਕਹਿਣਾ ਚਾਹ ਰਹੀ ਹੈ।’ ਰਾਜ ਨੇ ਅਪਣਤ ਭਰੀ ਸੁਰ ਵਿਚ ਕਿਹਾ। 


ਇਸੇ ਲਈ ਤਾਂ ਮੈਂ ਸੱਭ ਤੋਂ ਹੇਠਲੀ ਮੰਜਿ਼ਲ ਉੱਤੇ ਆਈ ਹਾਂ, 100 ਸਾਲ ਪਹਿਲਾਂ ਮਰੇ ਮਰਦਾਂ ਕੋਲ। ਵਧੇਰੇ ਚੰਗੇ ਸਮਿਆਂ ਦੇ ਮਰਦ, ਸ਼ਾਇਦ ਮੇਰੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝ ਸਕਣ। ਇਥੇ ਆਉਣ ਸਮੇਂ, ਸੁਵਿਧਾ ਕੇਂਦਰ ਦੇ ਮਾਲਕ ਨੇ ਦੱਸਿਆ ਸੀ ਕਿ ਜਿ਼ੰਦਾ ਮਰਦ ਨਾਲੋਂ ਯਖਬਸਤ ਮਰਦ ਨੂੰ ਜੀਵਨ ਸਾਥੀ ਵਜੋਂ ਚੁਨਣਾ ਬਹੁਤ ਚੰਗੀ ਗੱਲ ਹੈ ਕਿਉਂਕਿ ਇੰਝ ਅਸੀਂ ਕਿਸੇ ਅਜਿਹੇ ਸੱਜਣ ਨੂੰ ਜੀਵਨ ਦਾਨ ਦੇ ਰਹੇ ਹੁੰਦੇ ਹਾਂ ਜੋ ਕਿਸੇ ਬਦਕਿਸਮਤੀ ਕਾਰਣ ਹਾਦਸੇ ਦਾ ਸਿ਼ਕਾਰ ਬਣ ਆਪਣਾ ਪੂਰਾ ਜੀਵਨ ਗੁਜ਼ਾਰ ਨਹੀਂ ਸਕਿਆ ਹੁੰਦਾ। ਪਰ ਮੈਨੂੰ ਅਜਿਹੀਆਂ ਗੱਲਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ……ਮੈ ਅਜਿਹਾ ਕਿਸੇ ਪੁੰਨ ਕਾਰਜ ਵਜੋਂ ਨਹੀਂ ਕਰ ਰਹੀ। ਉਂਝ ਇਹ ਖਿਆਲ ਵਧੀਆ ਲਗਦਾ ਹੈ ਕਿ ਮੈਂ ਕਿਸੇ ਲਈ ਕੁਝ ਚੰਗਾ ਕਰ ਰਹੀ ਹਾਂ।  

……ਤੇ ਹੇਠਲੀ ਮੰਜਿ਼ਲ ਦੇ ਮਰਦਾਂ ਨੂੰ ਅਜਿਹੇ ਪੁਨਰ ਜੀਵਨ ਦੀ ਵਧੇਰੇ ਲੋੜ ਹੈ ਕਿਉਂ ਜੋ ਉਹ ਇਸ ਦੀ ਉਡੀਕ ਵਿਚ ਲੰਮੇ ਸਮੇਂ ਤੋਂ ਹਨ। 


ਰਾਜ ਇਸ ਉਡੀਕ ਵਿਚ ਲੰਮੇ ਸਮੇਂ ਤੋਂ ਸੀ। ਭਾਵੇਂ ਉਸ ਨੂੰ ਅਜਿਹਾ ਲੱਗ ਨਹੀਂ ਸੀ ਰਿਹਾ। ਉਸ ਨੂੰ ਤਾਂ ਆਪਣੀ ਮੌਤ ਤੋਂ ਹੁਣ ਤਕ ਸਿਰਫ ਘੰਟਾ ਕੁ ਗੁਜ਼ਰਿਆ ਹੀ ਜਾਪ ਰਿਹਾ ਸੀ। ਉਸ ਲਈ ਸਮੇਂ ਦੇ ਬੀਤਣ ਦਾ ਅਹਿਸਾਸ ਕਰਣਾ ਮੁਸ਼ਕਲ ਸੀ ਕਿਉਂ ਕਿ ਉਸ ਨੂੰ ਤਾਂ ਇਹ ਵੀ ਯਾਦ ਨਹੀਂ ਸੀ ਕਿ ਉਹ ਮਰ ਗਿਆ ਸੀ। ਉਸ ਨੇ ਯਾਦ ਕਰਨ ਦੀ ਕੋਸਿ਼ਸ ਕੀਤੀ। ਉਸ ਦੇ ਟਰੱਕ ਦਾ ਹਾਦਸਾ ਸ਼ਹਿਰ ਵਿਚ ਹੋਇਆ ਸੀ ਜਾਂ ਕਿਸੇ ਹਾਈਵੇ ਉੱਤੇ? ਕੀ ਇਸ ਵਿਚ ਉਸ ਦਾ ਕਸੂਰ ਸੀ? ਕੁਝ ਵੀ ਯਾਦ ਨਹੀਂ ਸੀ ਆ ਰਿਹਾ। ਸਿਵਾਏ ਇਸ ਘਟਨਾ ਦੇ ਵਾਪਰਣ ਤੋਂ ਪਹਿਲਾਂ ਦੇ ਦਿਨਾਂ ਦੇ ਬਾਰੇ। ਜਿਨ੍ਹਾਂ ਦੌਰਾਨ ਉਸ ਦਾ ਡੈਡ ਉਸ ਨੂੰ ਪਾਗਲਪਣ ਦੀ ਹੱਦ ਤਕ ਪ੍ਰੇਸ਼ਾਨ ਕਰ ਰਿਹਾ ਸੀ।


ਜਦੋਂ ਦਾ ਉਸ ਦਾ ਡੈਡ ਉਸ ਕੋਲ ਰਹਿਣ ਆਇਆ ਸੀ ਉਹ ਕਦੇ ਵੀ ਆਪਣੇ ਮਹਿਬੂਬ ਨਾਲ ਪਿਆਰ ਨਹੀਂ ਸੀ ਕਰ ਸਕਿਆ। ਡੈਡ ਦੀ ਨਜ਼ਰਸਾਨੀ ਵਿਚ, ਭਲਾ ਕੋਈ ਕਿਸੇ ਨਾਲ ਕਿਵੇਂ ਪਿਆਰ ਕਰ ਸਕਦਾ ਹੈ? ਅਜਿਹੀ ਹਾਲਾਤ ਵਿਚ ਤਾਂ ਕਿਸੇ ਔਰਤ ਨਾਲ ਵੀ ਪਿਆਰ ਨਹੀ ਕੀਤਾ ਜਾ ਸਕਦਾ ਭਾਵੇਂ ਉਸ ਦੇ ਕੇਸ ਵਿਚ ਅਜਿਹਾ ਸੰਭਵ ਹੀ ਨਹੀਂ ਸੀ। 


‘ਕਿਸੇ ਨੂੰ ਇਹ ਕਹਿਣਾ ਕਿ ਮੈਨੂੰ ਤੂੰ ਪਸੰਦ ਨਹੀਂ, ਬਹੁਤ ਮੁਸ਼ਕਲ ਗੱਲ ਹੈ।’ ਵੀਨਾ ਕਹਿ ਰਹੀ ਸੀ। ‘ਮੈਨੂੰ ਮਰਦਾਂ ਨੂੰ ਨਾਪਸੰਦ ਕਰਨਾ ਚੰਗਾ ਨਹੀਂ ਲੱਗਦਾ, ਸਗੋਂ ਮੈਂ ਤਾਂ ਖੁੱਦ ਮਰਦਾਂ ਦੀ ਨਾਪਸੰਦਗੀ ਦਾ ਸ਼ਿਕਾਰ ਰਹੀ ਹਾਂ। ਜੇ ਤੂੰ ਇਸ ਸਿਲੰਡਰ ਵਿਚ ਬੰਦ ਨਾ ਹੁੰਦਾ ਤਾਂ ਤੂੰ ਵੀ ਮੇਰੇ ਵੱਲ ਮੁੜ ਕੇ ਨਹੀਂ ਸੀ ਦੇਖਣਾ।’  


ਰਾਜ ਜਾਣਦਾ ਸੀ ਕਿ ਉਹ ਬੇਥਵੀਆਂ ਮਾਰ ਰਹੀ ਹੈ ਤੇ ਇਹ ਚਾਹੁੰਦੀ ਹੈ ਕਿ ਉਹ ਉਸ ਨੂੰ ਕਹੇ ਕਿ ਉਹ ਬਹੁਤ ਸੁਹਣੀ ਤੇ ਚੰਗੀ ਹੈ। ਅਜਿਹਾ ਕਹਿਣਾ ਉਸ ਲਈ ਮੁਸ਼ਕਲ ਗੱਲ ਸੀ ਕਿਉਂ ਜੋ ਝੂਠ ਬੋਲਣਾ ਉਸ ਦਾ ਸੁਭਾਅ ਨਹੀਂ ਸੀ। ਪਰ ਇਸ ਸਮੇਂ ਉਸ ਕੋਲ ਝੂਠ ਬੋਲਣ ਤੋਂ ਬਿਨ੍ਹਾਂ ਕੋਈ ਚਾਰਾ ਵੀ ਨਹੀਂ ਸੀ।

 

‘ਅਜਿਹਾ ਹੋ ਹੀ ਨਹੀਂ ਸਕਦਾ। ਤੂੰ ਤਾਂ ਬਹੁਤ ਖੂਬਸੂਰਤ ਤੇ ਪਿਆਰੀ ਸਖਸ਼ੀਅਤ ਏ।’ ਉਸ ਕਿਹਾ।


ਵੀਨਾ ਖੁਸ਼ ਹੋ ਗਈ। 


‘ਸਾਡੇ ਵਿਚ ਅਜਿਹਾ ਕੀ ਏ ਕਿ ਅਸੀਂ ਚਾਪਲੂਸੀ ਨਾਲ ਖੁਸ਼ ਹੋ ਜਾਂਦੇ ਹਾਂ, ਬੇਸ਼ਕ ਕਹੀ ਗਈ ਗੱਲ ਦਾ ਸੱਚ ਨਾਲ ਦੂਰ ਦਾ ਭੀ ਰਿਸ਼ਤਾ ਨਾ ਹੋਵੇ।’ ਰਾਜ ਸੋਚ ਰਿਹਾ ਸੀ।


‘ਪਤਾ ਨਹੀਂ ਕਿਉਂ ਕਿਸੇ ਦੀ ਇਕ ਝਲਕ ਹੀ ਮਨ ਵਿਚ ਅਜਬ ਹਲਚਲ ਪੈਦਾ ਕਰ ਦਿੰਦੀ ਹੈ। ਸਾਹਾਂ ਵਿਚ ਤੇਜ਼ੀ ਭਰ ਦਿੰਦੀ ਹੈ। ਅਜਿਹਾ ਹਰ ਕਿਸੇ ਲਈ ਨਹੀਂ ਵਾਪਰਦਾ।……ਤੇ ਅਜਿਹੀ ਹਾਲਤ ਦਾ ਪਤਾ ਲੱਗ ਜਾਂਦਾ ਹੈ।’ ਉਸ ਵੱਲ ਇਕ ਟੱਕ ਝਾਂਕਦੀ ਤੇ ਸ਼ਰਮਾਂਦੀ  ਹੋਈ ਵੀਨਾ ਦੇ ਬੋਲ ਸਨ।


‘ਹਾਂ! ਜੀਵਨ ਵਿਚ ਅਜਿਹਾ ਕਦੇ ਨਾ ਕਦੇ ਵਾਪਰ ਹੀ ਜਾਂਦਾ ਹੈ।’ ਰਾਜ ਨੇ ਮਿੱਠੀ ਮੁਸਕਰਾਹਟ ਫੈਲਾਂਦੇ ਹੋਏ ਕਿਹਾ ਬੇਸ਼ਕ ਅੰਦਰੋਂ ਉਹ ਡਾਢਾ ਹੀ ਭੈੜਾ ਮਹਿਸੂਸ ਕਰ ਰਿਹਾ ਸੀ।


ਇਸ ਸਮੇਂ, ਪਿਛੋਕੜ ਵਿਚ ਮੌਜੂਦ ਘੁਸਰ ਮੁਸਰ……ਦੁਬਾਰਾ ਜੀਵਨ ਮਿਲਣ ਪਿਛੋਂ ਤੇ ਆਪਣੀ ਪੂਰੀ ਨਵੀਂ ਜ਼ਿੰਦਗੀ ਦੌਰਾਨ ਮੈਂ ਤੇਰਾ ਸਾਥ ਨਿਭਾਉਣ ਦਾ ਵਾਅਦਾ ……ਲਗਾਤਾਰ ਸੁਣਾਈ ਦੇ ਰਹੀ ਸੀ। 


‘ਇਹ ਕੀ ਘੁਸਰ ਮੁਸਰ ਹੈ? ਕੀ ਕਿਸੇ ਦਾ ਵਿਆਹ ਹੋ ਰਿਹਾ ਹੈ?’ ਰਾਜ ਦਾ ਸਵਾਲ ਸੀ।

ਵੀਨਾ ਨੇ ਪਿੱਛੇ ਵੱਲ ਝਾਂਕਦੇ ਹੋਏ ਸਿਰ ਹਿਲਾਇਆ। ‘ਅਜਿਹਾ ਇਥੇ ਅਕਸਰ ਵਾਪਰਦਾ ਰਹਿੰਦਾ ਹੈ। ਅਜਿਹੀ ਰਸਮ ਤੋਂ ਬਿਨ੍ਹਾਂ ਕਿਸੇ ਨੂੰ ਦੁਬਾਰਾ ਜਿੰਦਾ ਕਰਨਾ ਬਹੁਤ ਖ਼ਤਰੇ ਵਾਲੀ ਗੱਲ ਹੈ।’


‘ਹੂੰ!’ ਰਾਜ ਬੋਲਿਆ। ਉਹ ਇਥੇ ਕਈ ਦਹਾਕਿਆਂ ਤੋਂ ਸੀ ਪਰ ਉਸ ਨੂੰ ਇਸ ਥਾਂ ਬਾਰੇ ਕੁਝ ਵੀ ਪਤਾ ਨਹੀਂ ਸੀ। 


‘ਮੈਂ ਤੈਨੂੰ ਕੁਝ ਦੱਸਣਾ ਚਾਹੁੰਦੀ ਹਾਂ।’ ਵੀਨਾ ਦੇ ਬੋਲ ਸਨ। ਇਹ ਉਨ੍ਹਾਂ ਦੀ ਅੱਠਵੀਂ ਮੁਲਾਕਾਤ ਸੀ। ਰਾਜ, ਵੀਨਾ ਨੂੰ ਪਸੰਦ ਕਰਨ ਲੱਗ ਪਿਆ ਸੀ ਜੋ ਉਸ ਲਈ ਚੰਗੀ ਗੱਲ ਸੀ ਬੇਸ਼ਕ ਉਸ ਨੇ ਅੱਜ ਤਕ ਵੀਨਾ ਦੇ ਠੋਡੀ ਗਿਰਦ ਲਟਕ ਰਹੇ ਮਾਸ ਨੂੰ ਹੀ ਦੇਖਿਆ ਸੀ। ਉਹ ਜਿੱਦਾਂ ਦੀ ਵੀ ਸੀ ਰਾਜ ਲਈ ਜ਼ਿੰਦਗੀ ਦਾ ਦੂਤ ਸੀ।


‘ਕੀ?’ ਰਾਜ ਨੇ ਪੁੱਛਿਆ। 


ਵੀਨਾ ਨੇ ਹਾਲ ਕਮਰੇ ਦੀ ਪਾਰਲੀ ਕੰਧ ਵੱਲ ਝਾਂਕਦੇ ਹੋਏ ਹਾਉਂਕਾ ਭਰਿਆ।  ‘ਮੈਨੂੰ ਕਿਸੇ ਵੀ ਮਰਦ ਦਾ ਸਾਥ ਇੰਨ੍ਹਾ ਪਿਆਰਾ ਨਹੀਂ ਲੱਗਿਆ ਜਿੰਨ੍ਹਾ ਤੇਰਾ। ਇਸੇ ਲਈ ਮੈਂ ਚਾਹੁੰਦੀ ਹਾਂ ਕਿ ਤੈਨੂੰ ਸੱਚ ਸੱਚ ਦੱਸ ਦੇਵਾਂ ਪਰ ਡਰਦੀ ਹਾਂ ਕਿ ਅਜਿਹਾ ਕਰਨ ਨਾਲ ਕਿਧਰੇ ਤੂੰ ਮੈਨੂੰ ਨਾਪਸੰਦ ਨਾ ਕਰ ਦੇਵੇ।’  


ਰਾਜ ਇਹ ਸੋਚਣ ਦੀ ਕੌਸਿ਼ਸ਼ ਵਿਚ ਸੀ ਕਿ ਇਹ ਔਰਤ ਅਜਿਹਾ ਕੀ ਕਹਿਣ ਜਾ ਰਹੀ ਹੈ ਜਿਸ ਕਾਰਣ ਉਸ ਨੂੰ ਇਸ ਦੇ ਸਾਥ ਨਾਲੋਂ ਮੌਤ ਦੀ ਨੀਂਦ ਚੰਗੀ ਲੱਗੇਗੀ।


‘ਯਕੀਨ ਰੱਖ ਅਜਿਹਾ ਕਦੇ ਨਹੀਂ ਹੋਵੇਗਾ। ਜੋ ਭੀ ਹੈ ਬੇਝਿਜਕ ਬੋਲ ਦੇ।’


ਵੀਨਾ ਨੇ ਆਪਣੀਆਂ ਅੱਖਾਂ ਢੱਕ ਲਈਆ ਤੇ ਹੁਬਕੀਆਂ ਲੈਣ ਲੱਗ ਪਈ। 


ਰਾਜ ਨੇ ਦਿਲਾਸਾ ਦੇਣ ਦੀ ਨਾਕਾਮ ਕੌਸਿ਼ਸ਼ ਕੀਤੀ।


‘ਚਲੋ, ਜੋ ਵੀ ਵਾਪਰੇਗਾ, ਠੀਕ ਹੀ ਹੋਵੇਗਾ।’ ਉਹ ਫੁਸਫੁਸਾਈ।


ਵੀਨਾ ਨੇ ਭਰੀਆਂ ਅੱਖਾਂ ਨਾਲ ਰਾਜ ਵੱਲ ਦੇਖਦੇ ਹੋਏ ਕਿਹਾ, ‘ਰਾਜ! ਮੈਨੂੰ ਤੂੰ ਬਹੁਤ ਪਸੰਦ ਹੈ। ਸ਼ਾਇਦ ਮੈਂ ਤੈਨੂੰ ਪਿਆਰ ਕਰਨ ਲੱਗ ਪਈ ਹਾਂ। ਪਰ ਮੈਂ ਅਮੀਰ ਨਹੀਂ ਹਾਂ। ਮੈਂ ਤੈਨੂੰ ਦੁਬਾਰਾ ਜਿੰਦਾ ਕਰਨ ਦਾ ਖਰਚ ਨਹੀਂ ਉਠਾ ਸਕਦੀ। ਮੈਂ ਜੇ ਆਪਣਾ ਸੱਭ ਕੁਝ ਵੀ ਵੇਚ ਦਿਆਂ ਤਾਂ ਵੀ ਨਹੀਂ।’ 

  

ਇਨ੍ਹਾਂ ਬੋਲਾਂ ਨੇ ਇਕ ਪਲ ਵਿਚ ਹੀ ਰਾਜ ਦੀਆਂ ਸਾਰੀਆਂ ਆਸ਼ਾਵਾਂ ਉੱਤੇ ਮਣਾਂ ਮੂੰਹੀ ਪਾਣੀ ਡੋਲ ਦਿੱਤਾ।


‘ਇਸ ਵਿਚ ਤੇਰਾ ਤਾਂ ਕੋਈ ਦੋਸ਼ ਨਹੀਂ!’ ਰਾਜ ਨੇ ਸਹਿਜ ਭਾਵ ਨਾਲ ਬੋਲਦੇ ਹੋਏ ਕਿਹਾ, ਭਾਵੇਂ ਕਿ ਅੰਦਰੋਂ ਉਹ ਗਹਿਰੀ ਨਿਰਾਸ਼ਤਾ ਤੇ ਦੁੱਖ ਮਹਿਸੂਸ ਕਰ ਰਿਹਾ ਸੀ।


‘ਮੈਨੂੰ ਦੁੱਖ ਹੈ ਕਿ ਮੈਂ ਤੇਰੇ ਨਾਲ ਝੂਠ ਬੋਲਿਆ,’ ਵੀਨਾ ਨੇ ਸਿਰ ਹਿਲਾਂਦੇ ਹੋਏ ਕਿਹਾ।


ਰਾਜ ਨੂੰ ਇਹ ਪੁੱਛਣ ਦੀ ਲੋੜ ਹੀ ਨਹੀਂ ਸੀ ਕਿ ਵੀਨਾ ਜੇ ਕਿਸੇ ਨੂੰ ਦੁਬਾਰਾ ਜਿ਼ੰਦਾ ਕਰਣ ਦਾ ਖਰਚਾ ਨਹੀਂ ਸੀ ਉਠਾ ਸਕਦੀ ਤਾਂ ਉਹ ਪਤੀ ਲੱਭਣ ਦਾ ਢੌਂਗ ਕਿਉਂ ਕਰ ਰਹੀ ਸੀ। ਕਿਉਂਕਿ ਉਸ ਨੂੰ ਇਹ ਸਪਸ਼ਟ ਹੀ ਸੀ ਕਿ ਹਰ ਯਖ਼ਬਸਤ ਮਰਦ, ਇਸ ਆਸ ਵਿਚ ਕਿ ਕਿਧਰੇ ਵੀਨਾ ਉਸ ਨੂੰ ਜੀਵਨ ਸਾਥੀ ਵਜੋਂ ਚੁਣ ਕੇ ਮੌਤ ਦੀ ਇਸ ਲੰਬੀ ਨੀਂਦ ਤੋਂ ਮੁਕਤ ਕਰਵਾ ਦੇਵੇ, ਉਸ ਨੂੰ ਬਹੁਤ ਹੀ ਪਿਆਰ ਨਾਲ ਮਿਲਦਾ ਹੋਵੇਗਾ, ਉਸ ਦੇ ਹਰ ਬੋਲ ਨੂੰ ਪੂਰੇ ਧਿਆਨ ਨਾਲ ਸੁਣਦਾ ਹੋਵੇਗਾ। ਵੀਨਾ ਵਰਗੀ ਔਰਤ ਨੂੰ ਅਜਿਹਾ ਭਾਅ (ਧਿਆਨ) ਹੋਰ ਕਿਥੇ ਮਿਲ ਸਕਦਾ ਸੀ।


‘ਪਲੀਜ਼! ਮੈਨੂੰ ਮਾਫ ਕਰੀ।’ ਕਹਿੰਦਿਆ ਵੀਨਾ ਡਰੀ ਹੋਈ ਬਿੱਲੀ ਵਾਂਗ ਝਾਂਕ ਰਹੀ ਸੀ।


‘ਕੀ ਮੈਂ ਹੁਣ ਵੀ ਤੈਨੂੰ ਮਿਲਣ ਆ ਸਕਦੀ ਹਾਂ?’


‘ਕਿਉਂ ਨਹੀਂ? ਦਰਅਸਲ ਜੇ ਤੂੰ ਨਾ ਆਈ ਤਾਂ ਮੈਨੂੰ ਤੇਰੀ ਬਹੁਤ ਯਾਦ ਆਵੇਗੀ।’


ਸੱਚ ਤਾਂ ਇਹ ਸੀ ਕਿ ਜੇ ਵੀਨਾ ਉਸ ਨੂੰ ਨਾ ਵੀ ਮਿਲਣ ਆਵੇ, ਕੁਝ ਫਰਕ ਨਹੀਂ ਸੀ ਪੈਣਾ। ਕਿਉਂ ਜੋ  ਰਾਜ ਤਾਂ ਮੌਤ ਦੀ ਨੀਂਦ ਵਿਚ ਕਿਸੇ ਨੂੰ ਯਾਦ ਕਰਣ ਦੇ ਯੋਗ ਹੀ ਨਹੀਂ ਸੀ ਹੋਣਾ। ਇਸ ਵਿਸ਼ਾਲ ਮਕਬਰੇ ਵਿਚ ਕੋਲ ਕੋਲ ਰੱਖੇ ਸਿਲੰਡਰਾਂ ਵਿਚ ਮੌਜੂਦ ਯਖ਼ਬਸਤ ਮਰਦਾਂ ਨੂੰ ਮਿਲਣ ਸ਼ਾਇਦ ਹੀ ਕੋਈ ਆਵੇ……ਤੇ ਇੰਨਿਆਂ ਵਿਚੋਂ ਸਿਰਫ ਉਸ ਨੂੰ ਮਿਲਣ ਲਈ ਕੋਈ ਆਵੇ ਅਜਿਹੀ ਸੰਭਾਵਨਾ ਕਾਫੀ ਘੱਟ ਹੀ ਸੀ। 


ਵੀਨਾ ਖੁਸ਼ ਹੋ ਗਈ ਸੀ। ‘ਹਾਂ! ਹਾਂ! ਮੈਂ ਜ਼ਰੂਰ ਆਵਾਂਗੀ।’ ਉਸ ਕਿਹਾ। ਮੁਸ਼ਕਲ ਹੱਲ ਹੁੰਦਿਆਂ ਹੀ ਉਸ ਵਿਸ਼ਾ ਬਦਲ ਲਿਆ ਤੇ ਹੁਣ ਉਹ ਆਪਣੀ ਪਿਆਰੀ ਬਿੱਲੀ ਦੀਆਂ ਗੱਲਾਂ ਕਰਨ ਲੱਗ ਪਈ।   

 

 ਰਾਜ ‘ਹੂੰ……ਹੂੰ’ ਕਰ ਕੇ ਹੁੰਗਾਰਾ ਭਰਦਾ ਰਿਹਾ ਪਰ ਖੁੱਦ ਆਪਣੇ ਨਿੱਜੀ ਖਿਆਲਾਂ ਵਿਚ ਡੁੱਬਿਆ ਰਿਹਾ। ਰੂਬਨ ਨਾਲੋਂ ਉਸ ਨੂੰ ਆਪਣੇ ਡੈਡ ਦੇ ਖਿਆਲ ਜ਼ਿਆਦਾ ਆ ਰਹੇ ਸਨ। ਸ਼ਾਇਦ ਅਜਿਹਾ ਇਸ ਲਈ ਸੀ ਕਿ ਰੂਬਨ ਦੀ ਮੌਤ ਕਾਫੀ ਪਹਿਲਾਂ ਹੋਣ ਕਾਰਣ, ਹੁਣ ਤਕ ਉਸ ਦੇ ਜਜ਼ਬਾਤ ਸਹਿਜ ਹੋ ਚੁੱਕੇ ਸਨ ਪਰ ਡੈਡ ਦੀ ਮੌਤ ਉਸ ਦੇ ਮਨ ਵਿਚ ਅਜੇ ਤਾਜ਼ਾ ਸੀ। ਭਾਵੇਂ ਇਹ ਵੀ ਸੱਚ ਹੀ ਸੀ ਕਿ ਡੈਡ ਦੀ ਮੌਤ ਰੂਬਨ ਦੀ ਮੌਤ ਵਾਂਗ ਉਸ ਲਈ ਦਿਲ ਤੋੜਵੀਂ ਨਹੀਂ ਸੀ।


ਅਚਾਨਕ, ਤਦ ਹੀ ਉਸ ਨੂੰ ਖਿਆਲ ਆਇਆ ਕਿ ਰੂਬਨ ਵੀ ਰਾਜ ਵਾਂਗ ਹੀ ‘ਅਕਾਲ ਜੀਵਨ’ ਕੰਪਨੀ ਲਈ ਕੰਮ ਕਰਦਾ ਸੀ। ਰਾਜ ਵਾਂਗ ਹੀ ਰੂਬਨ ਨੂੰ ਵੀ, ਮੌਤ ਬਾਅਦ ਉਸ ਦੇ ਸਰੀਰ ਨੂੰ ਯਖ਼ਬਸਤ ਕਰਨ ਦੀ ਸੁਵਿਧਾ ਕੰਪਨੀ ਵਲੋਂ ਮੁਫਤ ਉਪਲਬਧ ਸੀ।


‘ਵੀਨਾ! ਕੀ ਤੂੰ ਮੇਰਾ ਇਕ ਕੰਮ ਕਰੇਗੀ?’ ਰਾਜ ਨੇ ਆਸ ਭਰੀ ਤੱਕਣੀ ਨਾਲ ਦੇਖਦੇ ਹੋਏ ਕਿਹਾ।


‘ਹਾਂ! ਜ਼ਰੂਰ।’


‘ਕੀ ਤੂੰ ਮੇਰੇ ਇਕ ਦੋਸਤ ਦਾ ਪਤਾ ਲਗਾ ਸਕਦੀ ਹੈ ਜੋ ਮਰ ਗਿਆ ਸੀ?’


‘ਕੀ ਨਾਂ ਏ ਉਸ ਦਾ?’


‘ਰੂਬਨ । ਜਨਮ ਸਾਲ 2040 ਈਸਵੀ।’


ਜਦੋਂ ਵੀਨਾ ਪਾਮਟੋਪ ਰਾਹੀਂ ਰੂਬਨ ਦਾ ਪਤਾ ਲਗਾਉਣ ਦੀ ਕੌਸਿ਼ਸ਼ ਕਰ ਰਹੀ ਸੀ ਤਾਂ ਰਾਜ ਨੂੰ ਇੰਨ੍ਹਾਂ ਵਧੇਰੇ ਮਾਨਸਿਕ ਤਣਾਉ ਮਹਿਸੂਸ ਨਹੀਂ ਹੋਇਆ ਜਿੰਨਾ ਤਣਾਉ ਹੋਣ ਦਾ ਉਸ ਨੂੰ ਅਨੁਮਾਨ ਸੀ। ਸ਼ਾਇਦ ਇਸ ਕਾਰਣ ਕਿ ਯਖ਼ ਮੁਰਦਾ ਸਰੀਰ ਵਿਚ ਨਾ ਤਾਂ ਦਿਲ ਦੀ ਧੜਕਣ ਹੀ ਤੇਜ਼ ਹੋ ਸਕਦੀ ਸੀ ਤੇ ਨਾ ਹੀ ਉਸ ਦੀਆਂ ਹਥੇਲੀਆਂ ਨੂੰ ਪਸੀਨਾ ਹੀ ਆ ਸਕਦਾ ਸੀ। 


‘ਹਾਂ! ਇਥੇ ਹੀ ਹੈ ਉਹ।’ ਵੀਨਾ ਦੇ ਬੋਲ ਸਨ।


‘ਇਥੇ ਹੀ?’


‘ਹਾਂ। ਬਿਲਕੁਲ।’ ਵੀਨਾ ਨੇ ਪਾਮਟੋਪ ਤੋਂ ਪੜ੍ਹਦਿਆਂ ਦੱਸਿਆ ‘ਓਹ ਪਰ੍ਹੇ ਹੈ ਉਸ ਦਾ ਸਿਲੰਡਰ।’ ਤਦ ਹੀ ਉਹ ਰਾਜ ਦੇ ਚਿਹਰੇ ਉੱਤੇ ਅਜਬ ਹੈਰਾਨੀ ਦੇ ਭਾਵ ਦੇਖ ਬੋਲ ਪਈ, ‘……ਭਲਾ ਇੰਨੀ ਹੈਰਾਨੀ ਵਾਲੀ ਕਿਹੜੀ ਗੱਲ ਹੈ? ਜੇ ਉਸ ਨੂੰ, ਕੰਪਨੀ ਵਲੋਂ, ਮੌਤ ਪਿਛੋਂ ਯਖਬਸਤ ਕਰਣ ਦੀ ਸੁਵਿਧਾ ਉਸ ਲਈ ਉਪਲਬਧ ਸੀ ਤਾਂ ਅਜਿਹਾ ਹੋਣਾ ਸੁਭਾਵਿਕ ਹੀ ਸੀ। ਅਜਿਹੇ ਕਾਂਨਟ੍ਰੈਕਟ ਦੀ ਮੌਤ ਪਿਛੋਂ ਉਲੰਘਣਾ ਕਰਨਾ ਗੈਰਕਾਨੂੰਨੀ ਜੂ ਹੈ।’


ਰਾਜ ਦੀ ਇੱਛਾ ਸੀ ਕਿ ਉਹ ਸਿਰ ਚੁੱਕ ਕੇ ਉੱਧਰ ਦੇਖ ਸਕੇ ਜਿਧਰ ਵੀਨਾ ਇਸ਼ਾਰਾ ਕਰ ਰਹੀ ਸੀ। ਜੀਵਨ ਦੇ ਆਖਰੀ ਸਾਲਾਂ ਦੌਰਾਨ ਉਸ ਨੇ ਇਸ ਤੱਥ ਨੂੰ ਸਵੀਕਾਰ ਕਰ ਹੀ ਲਿਆ ਸੀ ਕਿ ਰੂਬਨ ਹੁਣ ਸਦਾ ਲਈ ਮਰ ਚੁੱਕਾ ਹੈ ਤੇ ਦੁਬਾਰਾ ਕਦੇ ਨਹੀਂ ਮਿਲੇਗਾ।


‘ਕੀ ਤੂੰ ਉਸ ਨੂੰ ਜਗਾ ਕੇ ਮੇਰਾ ਸੁਨੇਹਾ ਦੇ ਸਕਦੀ ਹੈ? ਪਲੀਜ਼।’


ਵੀਨਾ ਪਲ ਭਰ ਲਈ ਗਹਿਰੀ ਸੋਚ ਵਿਚ ਡੁੱਬ ਗਈ। 


‘ਪਲੀਜ਼! ਇਹ ਬਹੁਤ ਵੱਡਾ ਅਹਿਸਾਨ ਹੋਵੇਗਾ ਤੇਰਾ ਮੇਰੇ ‘ਤੇ।’


‘ਠੀਕ ਹੈ! ਸ਼਼ਾਇਦ। ਜ਼ਰਾ ਠਹਿਰ।’ ਵੀਨਾ ਉਲਝਣ ਵਿਚ ਫਸੀ ਲੱਗ ਰਹੀ ਸੀ। ਉਹ ਉੱਠੀ ਤੇ ਕਿਧਰੇ ਚਲੀ ਗਈ। ਕੁਝ ਦੇਰ ਬਾਅਦ ਉਹ ਵਾਪਸ ਆਈ ਤੇ ਬੋਲੀ, ‘ਕੀ ਕਹਿਣਾ ਹੈ ਉਸ ਨੂੰ?’


ਰਾਜ ਦੀ ਤਾਂ ਇੱਛਾ ਸੀ ਕਿ ਵੀਨਾ, ਰੂਬਨ ਨੂੰ ਇਹ ਦੱਸੇ ਕਿ ਰਾਜ ਉਸ ਨੂੰ ਬਹੁਤ ਯਾਦ ਕਰਦਾ ਹੈ। ਪਰ ਸ਼ਾਇਦ ਇਹ ਚੰਗੀ ਗੱਲ ਨਹੀਂ ਸੀ ਹੋਣੀ। 


‘ਸਿਰਫ ਇਹ ਕਹੀਂ ਕਿ ਰਾਜ ਇਥੇ ਹੀ ਹੈ।’ ਉਹ ਬੋਲਿਆ। ‘ਮਦਦ ਲਈ ਧੰਨਵਾਦ।’


ਸ਼ਾਇਦ ਇਹ ਰਾਜ ਦੀ ਕਲਪਨਾ ਹੀ ਸੀ ਜਾਂ ਸੱਚ, ਉਸ ਨੂੰ ਦੂਰ ਤੋਂ ਕਿਸੇ ਦੀ ਹੈਰਾਨੀ ਭਰੀ ਆਵਾਜ਼ ਸੁਣਾਈ ਦਿੱਤੀ। ਜਿਵੇਂ ਰੂਬਨ ਸੁਨੇਹਾ ਮਿਲਣ ‘ਤੇ ਬਹੁਤ ਹੈਰਾਨ ਹੋਇਆ ਹੋਵੇ। 


ਜਲਦੀ ਹੀ ਵੀਨਾ ਦਾ ਮੁਸਕਰਾਂਦਾ ਚਿਹਰਾ ਨਜ਼ਰ ਆਇਆ।


‘ਇਹ ਸੁਣ ਕੇ ਉਹ ਬਹੁਤ ਖੁਸ਼ ਹੋਇਆ। ਮੈਨੂੰ ਤਾਂ ਇੰਝ ਲੱਗਿਆ ਜਿਵੇਂ ਉਹ ਕਨਸਤਰ ਵਿਚੋਂ ਨਿਕਲ ਕੇ ਮੈਨੂੰ ਜੱਫੀ ਵਿਚ ਹੀ ਘੁੱਟ ਲਵੇਗਾ।’

‘ਕੀ ਕਿਹਾ ਉਸ ਨੇ?’ ਰਾਜ ਨੇ ਸਹਿਜ ਭਾਵ ਵਿਚ ਰਹਿਣ ਦੀ ਕੋਸਿ਼ਸ਼ ਕਰਦੇ ਹੋਏ ਕਿਹਾ। ਰੂਬਨ ਇਥੇ ਹੀ ਹੈ ਸੁਣ ਕੇ, ਰਾਜ ਲਈ ਅਚਾਨਕ ਸੱਭ ਕੁਝ ਹੀ ਬਦਲ ਗਿਆ ਸੀ। ਉਸ ਨੂੰ ਜੀਵਨ ਦਾ ਮਕਸਦ ਮਿਲ ਗਿਆ ਸੀ। ਬੱਸ ਉਸ ਨੂੰ ਕਨਸਤਰ ‘ਚੋਂ ਬਾਹਰ ਨਿਕਲਣ ਦਾ ਰਾਹ ਲੱਭਣਾ ਸੀ।


‘ਉਸ ਨੇ ਕਿਹਾ ਕਿ ਉਹ ਤੈਨੂੰ ਬਹੁਤ ਯਾਦ ਕਰਦਾ ਹੈ।’


ਰਾਜ ਦੀਆਂ ਅੱਖਾਂ ਵਿਚ ਪਾਣੀ ਆ ਗਿਆ। ਵੀਨਾ ਨੇ ਰੂਬਨ ਨਾਲ ਗੱਲ ਕੀਤੀ ਹੈ। ਕਿੰਨ੍ਹੀ ਅਜੀਬ ਤੇ ਹੈਰਾਨੀ ਵਾਲੀ ਗੱਲ ਸੀ। 


‘ਉਸ ਨੇ ਇਹ ਵੀ ਪੁੱਛਿਆ ਕਿ ਹਾਦਸੇ ਵਿਚ ਕਿਧਰੇ ਤੈਨੂੰ ਬਹੁਤ ਦਰਦ ਤਾਂ ਨਹੀਂ ਹੋਇਆ?’


‘ਇਹ ਹਾਦਸਾ ਨਹੀਂ ਸੀ।’ ਰਾਜ ਦੇ ਆਪਮੁਹਾਰੇ ਬੋਲ ਸਨ।


ਰਾਜ ਖੁੱਦ ਹੈਰਾਨ ਸੀ ਕਿ ਇਹ ਸੱਚ ਉਸ ਤੋਂ ਕਿਵੇਂ ਬੋਲਿਆ ਗਿਆ? ਜਿਵੇਂ ਕਿਸੇ ਨੇ ਉਸ ਦਾ ਮੂੰਹ ਫੜ ਕੇ ਇਹ ਸ਼ਬਦ ਕਹਾਏ ਹੋਣ। 


ਹੁਣ ਲੰਮੀ ਤੇ ਅਜੀਬ ਚੁੱਪ ਦਾ ਆਲਮ ਸੀ।


‘ਕੀ ਮਤਲਬ?’ ਮੱਥੇ ‘ਤੇ ਤਿਊੜੀ ਪਾਈ ਵੀਨਾ ਦੇ ਬੋਲ ਸਨ।


ਰਾਜ ਨੂੰ ਹੁਣ ਯਾਦ ਆ ਗਿਆ ਸੀ। ਹਾਦਸੇ ਦਾ ਪਲ ਤਾਂ ਨਹੀਂ, ਪਰ ਇਸ ਦੀ ਵਿਉਂਤ ਪੂਰੀ ਦੀ ਪੂਰੀ ਯਾਦ ਆ ਗਈ ਸੀ। ਉਸ ਨੇ ਉਸ ਦਿਨ ਆਪਣਾ ਸੱਭ ਤੋਂ ਵਧੀਆ ਸੂਟ ਪਾਇਆ ਸੀ। ਡੈਡ ਉਸ ਨੂੰ ਵਾਰ ਵਾਰ ਪੁੱਛ ਰਿਹਾ ਸੀ ਕਿ ਇੰਨੀ ਤਿਆਰੀ ਕਿਸ ਲਈ? ਜਦ ਕਿ ਉਹ ਸਿਰਫ਼ ਕਿਸੇ ਵਾਕਿਫ਼ ਦੇ ਘਰ ਜਾ ਰਹੇ ਸਨ ਖਾਣੇ ਦੇ ਬੁਲਾਵੇ ‘ਤੇ। ਉਸ ਦਾ ਕਹਿਣਾ ਸੀ ਕਿ ਰਾਜ ਇੰਨਾ ਸੋਹਣਾ ਵੀ ਨਹੀਂ ਜਿੰਨ੍ਹਾਂ ਉਹ ਖੁਦ ਬਾਰੇ ਸੋਚਦਾ ਹੈ। ਰਾਜ ਨੇ ਇਨ੍ਹਾਂ ਬੋਲਾਂ ਵੱਲ ਧਿਆਨ ਹੀ ਨਹੀਂ ਸੀ ਦਿੱਤਾ। ਅਸਲ ਵਿਚ ਉਸ ਨੇ ਆਦਤ ਹੀ ਬਣਾ ਲਈ ਸੀ ਡੈਡ ਦੇ ਬੋਲਾਂ ਨੂੰ ਮਹੱਤਵ ਨਾ ਦੇਣ ਦੀ।’


‘ਮੇਰਾ ਮਤਲਬ ਹੈ ਕਿ ਇਹ ਹਾਦਸਾ ਨਹੀਂ ਸੀ।’ ਉਸ ਨੇ ਕਿਹਾ। ‘ਤੂੰ ਮੈਨੂੰ ਸਭ ਕੁਝ ਸੱਚੋ ਸੱਚ ਦੱਸ ਦਿੱਤਾ ਸੀ ਤੇ ਮੈਂ ਵੀ ਤੈਨੂੰ ਸੱਚ ਸੱਚ ਦੱਸਣਾ ਚਾਹਾਂਗਾ।’ 


ਦਰਅਸਲ ਉਹ ਉਸ ਨੂੰ ਸੱਚ ਦੱਸਣਾ ਨਹੀਂ ਸੀ ਚਾਹੁੰਦਾ। ਪਰ ਇਹ ਸੱਚ ਉਸ ਦੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ ਸੀ। ਤੇ ਕਿਉਂ ਜੋ ਇਹ ਮੂੰਹੋਂ ਨਿਕਲ ਹੀ ਚੁੱਕਾ ਸੀ ਇਸ ਲਈ ਇਸ ਤੋਂ ਮੁਨਕਰ ਹੋਣਾ ਭੀ ਸੰਭਵ ਨਹੀਂ ਸੀ।


‘ਹਾਂ! ਠੀਕ ਏ!’ ਗਹਿਰੀ ਸੋਚ ਵਿਚ ਡੁੱਬੀ ਵੀਨਾ ਨੇ ਉੰਗਲੀ ਨਾਲ ਸਿਰ ਖੁਰਕਦੇ ਹੋਏ ਕਿਹਾ।


ਰਾਜ ਨਹੀਂ ਸੀ ਜਾਣਦਾ ਕਿ ਜੋ ਉਹ ਕਹਿ ਰਿਹਾ ਸੀ ਉਸ ਨੂੰ ਵੀਨਾ ਸਮਝ ਵੀ ਰਹੀ ਸੀ ਜਾਂ ਨਹੀਂ। ਇੰਨ੍ਹੀਆਂ ਮੁਲਾਕਾਤਾਂ ਦੇ ਬਾਵਜੂਦ ਉਹ ਇਹ ਨਹੀਂ ਸੀ ਜਾਣ ਸਕਿਆ ਕਿ ਵੀਨਾ ਅਕਲਮੰਦ ਹੈ ਜਾਂ ਮੰਦਬੁੱਧੀ। 


‘ਜੇ ਮੈਂ ਤੈਨੂੰ ਕਿਸੇ ਤਰ੍ਹਾਂ ਦੁਬਾਰਾ ਜਿ਼ੰਦਾ ਕਰਵਾ ਲਵਾਂ ਤਾਂ ਤੂੰ ਮੇਰੀ ਕੰਪਨੀ ਦੀ ਕ੍ਰਿਸਮਿਸ ਪਾਰਟੀ ਵਿਚ ਮੇਰੇ ਨਾਲ ਚੱਲ ਸਕਦਾ ਹੈ। ਪਿਛਲੇ ਸਾਲ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਮੈਂ ਤੰਬੋਲਾ ਦਾ ਫੁੱਲ ਹਾਊਸ ਜਿੱਤਾਂਗੀ ਤੇ ਮੈਂ ਜਿੱਤ ਹੀ ਲਿਆ ਸੀ।’ 


ਵੀਨਾ ਆਪਣੀ ਕੰਪਨੀ ਦੀ ਕ੍ਰਿਸਮਿਸ ਪਾਰਟੀ ਬਾਰੇ ਬੋਲਦੀ ਰਹੀ ਤੇ ਰਾਜ, ਰੂਬਨ ਦੇ ਖਿਆਲਾਂ ਵਿਚ ਹੀ ਡੁੱਬਿਆ ਰਿਹਾ। ਜਿਸ ਨੇ ਉਸ ਨੂੰ ਸੁਨੇਹਾ ਭੇਜਿਆ ਸੀ ਕਿ ਉਹ ਉਸ ਨੂੰ ਬਹੁਤ ਯਾਦ ਕਰਦਾ ਹੈ ਭਾਵੇਂ ਕਿ ਉਹ ਦੋਨੋਂ ਹੀ ਮਰ ਚੁੱਕੇ ਸਨ।


ਰਾਜ ਨੂੰ ਖਿਆਲਾਂ ਵਿਚ ਡੁੱਬਾ ਦੇਖ ਉਹ ਬੋਲੀ; ‘ਚੰਗਾ ਮੈਂ ਚਲਦੀ ਹਾਂ। ਬੁੱਧਵਾਰ ਫਿਰ ਆਵਾਂਗੀ।’  


ਤੇ ਉਸ ਨੇ ਰਾਜ ਨੂੰ ਮੌਤ ਦੀ ਨੀਂਦ ਸੁਆਣ ਵਾਲਾ ਬਟਨ ਦਬਾ ਦਿੱਤਾ।


ਜਿਵੇਂ ਹੀ ਰਾਜ ਨੇ ਅੱਖਾਂ ਖੋਲ੍ਹੀਆਂ, ਉਸ ਦੇਖਿਆ ਕਿ ਸਾਂਵਲੇ ਰੰਗ ਵਾਲੀ ਕੋਈ ਔਰਤ ਉਸ ਉੱਤੇ ਝੁਕੀ ਹੋਈ ਸੀ। ਕਾਲਾ ਕੋਟ ਪਹਿਨੀ ਤੇ ਚਿੱਟੀ ਬੋਅ-ਟਾਈ ਲਗਾਈ ਇਸ ਔਰਤ ਦੇ ਵਾਲ ਨੀਲੇੇ ਸਨ।


‘ਕਿਹੜਾ ਸੰਨ ਹੈ ਇਹ?’ ਰਾਜ ਨੇ ਪੁੱਛਿਆ।


‘ਬਾਈ ਸੌ ਬਾਹਠ’ ਉਸ ਦੇ ਸਹਿਜ ਭਾਅ ਬੋਲ ਸਨ।


ਰਾਜ ਨੂੰ ਯਾਦ ਨਹੀਂ ਸੀ ਆ ਰਿਹਾ ਕਿ ਪਿਛਲੀ ਵਾਰ ਵੀਨਾ ਉਸ ਨੂੰ ਕਦੋਂ ਮਿਲਣ ਆਈ ਸੀ। ਬਾਈ ਸੌ? ਜਾਂ ਸ਼ਾਇਦ ਇਹ ਇੱਕੀ ਸੌ ਕੁਝ ਸੀ।


ਨੱਬੇ ਸਾਲ ਗੁਜ਼ਰ ਚੁੱਕੇ ਸਨ। ਵੀਨਾ ਫਿਰ ਮਿਲਣ ਨਹੀਂ ਸੀ ਆਈ। ਉਹ ਹਮੇਸ਼ਾਂ ਲਈ ਜਾ ਚੁੱਕੀ ਸੀ ---ਸ਼ਾਇਦ ਮਰ ਚੁੱਕੀ ਹੋਵੇ ਤੇ ਜਾਂ ਕਿਸੇ ਦਾ ਯਾਦਬਿੰਬ ਬਣੀ ਹੋਈ ਹੋਵੇ।


ਇਸ ਸਾਂਵਲੀ ਔਰਤ ਦਾ ਨਾਂ ਲੀਨਾ ਸੀ। ਰਾਜ ਦਾ ਖਿਆਲ ਸੀ ਕਿ ਲੀਨਾ ਨੂੰ ਇਹ ਪੁੱਛਣਾ ਕਿ ਤੇਰੇੇ ਵਾਲ ਨੀਲੇ ਕਿਉਂ ਨੇ ਕਾਲੇ ਕਿਉਂ ਨਹੀਂ? ਸ਼ਾਇਦ ਚੰਗੀ ਗੱਲ ਨਾ ਹੋਵੇ। ਇਸ ਲਈ ਉਸ ਪੁੱਛਿਆ, ‘ਤੁਸੀਂ ਕੀ ਕੰਮ ਕਰਦੇ ਹੋੇ?’


‘ਮੈਂ ਵਕੀਲ ਹਾਂ।’ ਉਹ ਬੋਲੀ।


ਰਾਜ ਨੂੰ ਲੱਗਿਆ ਜਿਵੇਂ ਉਸ ਦੇ ਮਰਨ ਪਿਛੋਂ ਵੀ ਦੁਨੀਆਂ ਅਜੇ ਇੰਨੀ ਨਹੀਂ ਬਦਲੀ। ਵਕੀਲਾਂ ਦੀ ਅਜੇ ਵੀ ਲੋੜ ਹੈ ਭਾਵੇਂ ਉਹ ਸਾਂਵਲੇ ਰੰਗ ਵਾਲੇ ਤੇ ਨੀਲੇ ਵਾਲਾਂ ਵਾਲੇ ਹੀ ਕਿਉਂ ਨਾ ਹੋਣ। 


‘ਮੇਰੀ ਦਾਦੀ ਵੀਨਾ ਤੈਨੂੰ ਹੈਲੋ ਕਹਿਣਾ ਚਾਹੁੰਦੀ ਹੈ।’ ਲੀਨਾ ਨੇ ਕਿਹਾ।


ਰਾਜ ਮੁਸਕਰਾਇਆ। ਬੇਸ਼ਕ ਸਖਤ ਬੁੱਲਾਂ ਨਾਲ ਮੁਸਕਰਾਣਾ ਕੋਈ ਸੌਖੀ ਗੱਲ ਨਹੀਂ ਸੀ। ਪਰ ਉਸ ਨੂੰ ਚੰਗਾ ਚੰਗਾ ਮਹਿਸੂਸ ਹੋਇਆ। ਵੀਨਾ ਆਖਰ ਆ ਹੀ ਗਈ ਸੀ। 


‘ਉਸ ਨੂੰ ਕਹੀਂ ਕਿ ਉਹ ਦੇਰ ਨਾਲ ਆਈ ਹੈ। ਪਰ ਕੋਈ ਗੱਲ ਨਹੀਂ।’


‘ਉਸ ਨੇ ਬਹੁਤ ਜ਼ੋਰ ਪਾਇਆ ਸੀ ਕਿ ਅਸੀਂ ਤੈਨੂੰ ਜ਼ਰੂਰ ਮਿਲੀਏ।’


ਲੀਨਾ ਨੇ ਵੀਨਾ ਬਾਰੇ ਬਹੁਤ ਗੱਲਾਂ ਕੀਤੀਆਂ। ‘ਗਰੇਟ ਲੂਜ਼ਰਜ਼’ ਦੀ ਮੀਟਿੰਗ ਦੌਰਾਨ ਵੀਨਾ ਨੂੰ ਇਕ ਮਨਪਸੰਦ ਮਰਦ ਮਿਲ ਗਿਆ ਸੀ ਤੇ ਉਸ ਨੇ ਉਸ ਨਾਲ ਸ਼ਾਦੀ ਕਰ ਲਈ ਸੀ। ਉਸ ਦੇ ਪਤੀ ਦਾ ਵਿਚਾਰ ਸੀ ਕਿ ਵੀਨਾ ਦਾ ਰਾਜ ਨੂੰ ਮਿਲਣਾ ਠੀਕ ਨਹੀਂ। ਪੰਦਰਾਂ ਸਾਲ ਬਾਅਦ ਵੀਨਾ ਦਾ ਤਲਾਕ ਹੋ ਗਿਆ। ਪੈਂਹਠ ਸਾਲ ਦੀ ਉਮਰ ਵਿਚ ਉਸ ਦੀ ਦਿਲ ਦੇ ਦੌਰੇ ਨਾਲ ਮੌਤ ਹੋ ਗਈ। ਪਰ ਉਸ ਨੂੰ ਦੁਬਾਰਾ ਜਿ਼ੰਦਾ ਕਰ ਲਿਆ ਗਿਆ। ਉਹ ਨੱਬੇ ਸਾਲ ਦੀ ਉਮਰ ਤੱਕ ਜਿੰਦਾ ਰਹੀ ਤੇ ਫਿਰ ਆਪਣੀ ਬੇਟੀ ਰੀਣਾ ਦਾ ਯਾਦਬਿੰਬ ਬਣ ਗਈ। ਕੁਝ ਸਾਲ ਪਹਿਲਾਂ ਰੀਣਾ, ਵੀਨਾ ਸਮੇਤ, ਲੀਨਾ ਦਾ ਯਾਦਬਿੰਬ ਬਣ ਗਈਆਂ। 


‘ਮੈਂ ਖੁਸ਼ ਹਾਂ ਕਿ ਵੀਨਾ ਠੀਕ ਠਾਕ ਹੈ।’ ਜਿਵੇਂ ਹੀਂ ਲੀਨਾ ਨੇ ਗੱਲ ਖਤਮ ਕੀਤੀ ਤਾਂ ਰਾਜ ਬੋਲਿਆ।’ ਮੈਨੂੰ ਉਸ ਨਾਲ ਲਗਾਅ ਹੋ ਗਿਆ ਸੀ।’


‘ਤੇ ਉਸ ਨੂੰ ਤੇਰੇ ਨਾਲ।’ ਲੀਨਾ ਨੇ ਹੱਸਦਿਆਂ ਕਿਹਾ। ‘ਰਾਜ! ਜ਼ਰਾ ਦੱਸ ਖਾਂ, ਜਦੋਂ ਤੂੰ ਜਿ਼ੰਦਾਂ ਸੀ ਤਾਂ ਕੀ ਤੂੰ ਕਦੇ ਚਾਹਿਆ ਸੀ ਕਿ ਤੇਰੇ ਆਪਣੇ ਬੱਚੇ ਹੋਣ?’ ਪੁੱਛਦਿਆਂ ਲੀਨਾ ਦੀ ਆਵਾਜ਼ ਕਿਸੇ ਸੰਭਾਵੀ ਕਰਮਚਾਰੀ ਦੀ ਇੰਟਰਵਿਊ ਕਰ ਰਹੇ ਸੁਪਰਵਾਇਜ਼ਰ ਵਰਗੀ ਲੱਗ ਰਹੀ ਸੀ।


ਰਾਜ ਨੂੰ ਇਹ ਸਵਾਲ ਕਾਫੀ ਅਜੀਬ ਲੱਗਾ। ਉਸ ਦਾ ਖਿਆਲ ਸੀ ਕਿ ਲੀਨਾ ਤਾਂ ਸ਼ਾਇਦ ਉਸ ਨੂੰ ਵੀਨਾ ਦੇ ਜ਼ੋਰ ਦੇਣ ‘ਤੇ ਹੀ ਮਿਲਣ ਆਈ ਸੀ। 

‘ਹਾਂ! ਦਰਅਸਲ! ਸ਼ਾਇਦ ਅਜਿਹਾ ਹੀ ਸੀ। ਪਰ ਸਦਾ ਸੱਭ ਕੁਝ ਮਨ-ਚਾਹਿਆ ਹੀ ਤਾਂ ਨਹੀਂ ਵਾਪਰਦਾ।’


ਰਾਜ ਨੂੰ ਰੂਬਨ ਯਾਦ ਆ ਗਿਆ, ਜੋ ਕੁਝ ਦੂਰੀ ਉੱਤੇ ਹੀ ਸਿਲੰਡਰ ਵਿਚ ਬੰਦ ਪਿਆ ਸੀ। ਲੀਨਾ ਦੇ ਸਵਾਲ ਨੇ ਉਸ ਦੇ ਮਨ ਵਿਚ ਦੁਬਾਰਾ  ਜੀਵਨ ਦੀ ਆਸ ਪੈਦਾ ਕਰ ਦਿੱਤੀ ਸੀ।


‘ਕੀ ਇਹ ਡੇਟਿੰਗ (Dating) ਹੈ?’ ਉਸ ਪੁੱਛਿਆ।


‘ਨਹੀਂ!’ ਸ਼ਾਇਦ ਉਸ ਦੇ ਕਿਸੇ ਯਾਦਬਿੰਬ ਵਲੋਂ ਕੀਤੇ ਇਸ਼ਾਰੇ ਅਨੁਸਾਰ ਲੀਨਾ ਦੇ ਬੋਲ ਸਨ। ‘ਦਰਅਸਲ ਅਸੀਂ ਅਜਿਹੇ ਮਰਦ ਦੀ ਤਲਾਸ਼ ਵਿਚ ਹਾਂ ਜੋ ਇਕ ਬੱਚੇ ਨੂੰ ਬਾਪ ਦਾ ਪਿਆਰ ਦੇ ਸਕੇ ਤੇ ਉਸ ਦੀ ਸਹੀ ਪਰਵਰਿਸ਼ ਵਿਚ ਉਚਿਤ ਰੋਲ ਅਦਾ ਕਰ ਸਕੇ।’ 


‘ਓਹ!’ ਰਾਜ ਦਾ ਸਿਰ ਚੱਕਰ ਖਾ ਰਿਹਾ ਸੀ। ਕੀ ਉਸ ਨੂੰ ਇਹ ਕਹਿਣਾ ਠੀਕ ਹੋਵੇਗਾ ਕਿ ਉਹ ਅਜਿਹਾ ਕਰਣ ਲਈ ਤੱਤਪਰ ਹੈ? ਕੀ ਅਜਿਹਾ ਕਹਿਣਾ, ਲੀਨਾ ਨੂੰ ਇੰਝ ਤਾਂ ਨਹੀਂ ਲੱਗੇਗਾ ਕਿ ਰਾਜ ਇਸ ਹਾਲਤ ਨੁੰ ਗੰਭੀਰਤਾ ਨਾਲ ਨਹੀਂ ਲੈ ਰਿਹਾ? ਉਸ ਨੇ ਸੋਚ ਵਾਲੀ ਹਾਲਤ ਦਾ ਪ੍ਰਗਟਾ ਕਰਨਾ ਹੀ ਠੀਕ ਸਮਝਿਆ ਤਾਂ ਜੋ ਲੀਨਾ ਇਹ ਸਮਝ ਸਕੇ ਕਿ ਉਹ ਹਾਲਤ ਦੀ ਗੰਭੀਰਤਾ ਨੂੰ ਸਹੀ ਢੰਗ ਨਾਲ  ਸਮਝ ਰਿਹਾ ਹੈ।  


‘ਕਾਨੂੰਨੀ ਤੌਰ ਉੱਤੇ ਅਸੀਂ ਸ਼ਾਦੀ ਕਰ ਲਵਾਂਗੇ ਪਰ ਸਾਡਾ ਰਿਸ਼ਤਾ ਸਿਰਫ਼ ਮਾਨਸਿਕ (Platonic) ਹੋਵੇਗਾ।’


‘ਹਾਂ! ਜ਼ਰੂਰ।’


ਲੀਨਾ ਨੇ ਗਹਿਰਾ ਸਾਹ ਲਿਆ ਤੇ ਅਚਾਨਕ ਝੁੰਜਲਾ ਉੱਠੀ। ‘ਸੌਰੀ ਰਾਜ! ਮੇਰਾ ਪਤੀ ਇਸ ਇੰਤਜ਼ਾਮ ਨੂੰ ਠੀਕ ਨਹੀਂ ਸਮਝਦਾ ਤੇ ਵੀਨਾ ਵੀ ਬਹੁਤ ਨਾਰਾਜ਼ ਹੈ।’ ਕਹਿੰਦਿਆਂ ਲੀਨਾ ਉੱਠ ਖੜੀ ਹੋਈ। ‘ਅਸੀਂ ਬੀਹ-ਬਾਈ  ਮਰਦਾਂ ਦੀ ਇੰਟਰਵਿਊ ਕੀਤੀ ਹੈ ਪਰ ਕੋਈ ਵੀ ਕਸਵੱਟੀ ਤੇ ਪੂਰਾ ਨਹੀਂ ਉਤਰਿਆ।’ ਉਸ ਨੇ ਗੱਲਬਾਤ ਖ਼ਤਮ ਕਰਨ ਦੇ ਰਉ ਵਿਚ ਕਿਹਾ।


‘ਠਹਿਰੋ।’ ਰਾਜ ਬੋਲਿਆ। 


ਲੀਨਾ ਰੁਕ ਗਈ।


ਰਾਜ ਨੇ ਫਟਾਫਟ ਸੋਚਿਆ। ਉਸ ਨੇ ਅਜਿਹਾ ਕੀ ਕਹਿ ਦਿੱਤਾ ਕਿ ਲੀਨਾ ਦੇ ਪਤੀ ਨੇ ਤਜ਼ਵੀਜ਼ ਤੁਰੰਤ ਠੁਕਰਾ ਦਿੱਤੀ? ਬੱਚੇ ਦੀ ਪਰਵਰਿਸ਼ ਦੇ ਬਹਾਨੇ, ਘਰ ਵਿਚ ਕਿਸੇ ਦੂਸਰੇ ਮਰਦ ਦੀ ਹੌਂਦ ਲੀਨਾ ਦੇ ਪਤੀ ਨੂੰ ਖ਼ਤਰੇ ਦੀ ਘੰਟੀ ਲੱਗੀ ਹੋਵੇਗੀ। ਜੇ ਰਾਜ ਉਸ ਦੇ ਪਤੀ ਦੀ ਸ਼ੰਕਾਂ ਮਿਟਾ ਸਕੇ……


‘ਮੈਂ ਸਮ-ਲਿੰਗੀ ਹਾਂ!’ ਉਸ ਨੇ ਕਿਹਾ। 


ਲੀਨਾ ਨੇ ਹੈਰਾਨੀ ਨਾਲ ਪਰ੍ਹੇ ਵੱਲ ਦੇਖਿਆ। ਪ੍ਰਤੱਖ ਸੀ ਕਿ ਵੀਨਾ ਨੂੰ ਉਸ ਦੇ ਰੂਬਨ ਨਾਲ ਰਿਸ਼ਤੇ ਦਾ ਪਤਾ ਨਹੀਂ ਸੀ ਚੱਲਿਆ। ਬੇਸ਼ਕ ਉਸ ਨੇ ਉਨ੍ਹਾਂ ਦੇ ਸੁਨੇਹੇ ਇਕ ਦੂਜੇ ਨੂੰ ਦਿੱਤੇ ਸਨ। ਦੌਸਤ ਤਾਂ ਕਹਿ ਹੀ ਸਕਦੇ ਨੇ ਕਿ ਉਹ ਇਕ ਦੂਜੇ ਨੂੰ ਪਿਆਰ ਕਰਦੇ ਹਨ। 


ਲੀਨਾ ਕੁਝ ਨਾ ਬੋਲੀ। ਰਾਜ ਜਾਣਦਾ ਸੀ ਕਿ ਉਹ ਆਪਣੇ ਯਾਦਬਿੰਬਾਂ ਨਾਲ ਵਿਚਾਰ ਵਟਾਂਦਰਾ ਕਰ ਰਹੀ ਹੈ। ਪਰ ਉਸ ਦੀ ਚਿੰਤਾ ਸੀ ਕਿ ਕਾਸ਼ ਉਸ ਨੇ ਹਾਲਤਾਂ ਦਾ ਸਹੀ ਅੰਦਾਜ਼ਾ ਲਗਾਇਆ ਹੋਵੇ।


‘ਤਦ ਤਾਂ ਤੂੰ ਮੇਰੇ ‘ਤੇ ਮੋਹਿਤ ਨਹੀਂ ਹੋ ਸਕਦਾ!’ ਲੀਨਾ ਨੇ ਆਖਰ ਪੁੱਛ ਹੀ ਲਿਆ।

ਇਹ ਸਚਮੁਚ ਹੀ ਬੇਫਜੂਲ ਸਵਾਲ ਸੀ। ਲੀਨਾ ਨਾ ਸਿਰਫ ਔਰਤ ਸੀ ਸਗੋਂ ਸਾਂਵਲੇ ਰੰਗ ਤੇ ਨੀਲੇ ਵਾਲਾਂ ਵਾਲੀ ਔਰਤ। ਉਸ ਦੇ ਨੈਣ ਨਕਸ਼ ਵੀ ਕੋਈ ਖਾਸ ਨਹੀਂ ਸਨ।


‘ਕਦੇ ਨਹੀਂ! ਮੈਂ ਤਾਂ ਰੂਬਨ ਨੂੰ ਪਿਆਰ ਕਰਦਾ ਹਾਂ ਤੇ ਉਹ ਇਕ ਮਰਦ ਹੈ।……ਵੀਨਾ ਉਸ ਨੂੰ ਮਿਲ ਚੁੱਕੀ ਹੈ।’


ਇਹ ਸੁਣ ਲੀਨਾ ਕੁਝ ਦੇਰ ਚੁੱਪ ਰਹੀ।


‘ਹਾਂ! ਤੇ ਤੇਰਾ ਉਹ ਟਰੱਕ ਹਾਦਸਾ, ਜੋ ਹਾਦਸਾ ਨਹੀਂ ਸੀ। ਕੀ ਸੀ ਉਹ?’


ਰਾਜ ਤਾਂ ਭੁੱਲ ਹੀ ਚੁੱਕਾ ਸੀ। ਉਹ ਭਲਾ ਕਿਵੇਂ ਇੰਨ੍ਹਾਂ ਸੌਖਿਆਂ ਭੁੱਲ ਸਕਦਾ ਸੀ ਕਿ ਉਸ ਨੇ ਖੁੱਦ ਨੂੰ ਤੇ ਡੈਡ ਨੂੰ ਮਾਰ ਲਿਆ ਸੀ। ਸ਼ਾਇਦ ਇਸ ਲਈ ਕਿ ਇਹ ਘਟਨਾ ਕਾਫੀ ਅਰਸਾ ਪਹਿਲਾਂ ਵਾਪਰੀ ਸੀ। ਉਸ ਦੀ ਮੌਤ ਤੋਂ ਪਹਿਲਾਂ ਦੀ ਗੱਲ ਹੁਣ ਬਹੁਤ ਪੁਰਾਣੀ ਹੋ ਚੁੱਕੀ ਸੀ। ਜਿਵੇਂ ਕਿਸੇ ਹੋਰ ਯੁੱਗ ਦੀ ਗੱਲ ਹੋਵੇ।


‘ਬਹੁਤ ਪਹਿਲਾਂ ਦੀ ਗੱਲ ਹੈ’ ਰਾਜ ਫੁਸਫੁਸਾਇਆ। ‘ਪਰ ਹਾਂ ਇਹੋ ਸੱਚ ਹੈ।’


‘ਤੂੰ ਆਪਣੇ ਡੈਡ ਨੂੰ ਮਾਰ ਦਿੱਤਾ?’


‘ਨਹੀਂ! ਮੇਰਾ ਇਹ ਮਤਲਬ ਨਹੀਂ ਸੀ।’ ਅਜਿਹੀ ਗੱਲ ਨਹੀਂ ਸੀ। ਰਾਜ ਨੇ ਨਹੀਂ ਸੀ ਚਾਹਿਆ ਕਿ ਉਸ ਦਾ ਡੈਡ ਮਰ ਜਾਵੇ। ਉਹ ਤਾਂ ਉਸ ਤੋਂ ਛੁਟਕਾਰਾ ਪਾਣਾ ਚਾਹੁੰਦਾ ਸੀ। ‘ਮੈਂ ਉਸ ਤੋਂ ਦੂਰ ਜਾਣਾ ਚਾਹੁੰਦਾ ਸਾਂ। ਕੋਈ ਤੁਹਾਡਾ ਡੈਡ ਹੈ, ਸਿਰਫ ਇਸ ਕਰ ਕੇ, ਇਹ ਲਾਜ਼ਮੀ ਤਾਂ ਨਹੀਂ ਕਿ ਉਸ ਨਾਲ ਤੁਹਾਡਾ ਜੀਵਨ ਸਹਿਜ ਹੀ ਹੋਵੇ।’


ਲੀਨਾ ਨੇ ਹੋਲੇ ਜਿਹੇ ਸਿਰ ਹਿਲਾਇਆ। ‘ਸਾਡੇ ਲਈ ਅਜਿਹੀ ਹਾਲਤ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ। ਯਾਦਭਾਰਾਂ ਦੀ ਹੌਂਦ ਸਾਡੇ ਲਈ ਬਹੁਤ  ਪ੍ਰਭਾਵੀ ਅਨੁਭਵ ਹੈ। ਜੌਨ੍ਹੀ ਤੇ ਮੈਂ ਕਦੇ ਵੀ ਅਜਿਹਾ ਨਹੀਂ ਸੀ ਸੋਚਿਆ ਕਿ ਅਸੀਂ ਇਕ ਦੂਜੇ ਦੇ ਇੰਨ੍ਹਾਂ ਨੇੜੇ ਹੋਵਾਂਗੇ ਤੇ ਅਸੀਂ ਮਾਂ, ਦਾਦੀ ਤੇ ਪੜਦਾਦੀ ਦੇ ਯਾਦਬਿੰਬਾਂ ਨਾਲ ਬਹੁਤ ਖੁਸ਼ ਹਾਂ। ਮੈਂ ਇਨ੍ਹਾ ਯਾਦਬਿੰਬਾਂ ਨੂੰ ਕਦੇ ਵੀ ਗੁਆਉਣਾਂ ਨਹੀਂ ਚਾਹਾਂਗੀ।’


‘ਮੈਂ ਸਮਝਦਾ ਹਾਂ ਕਿ ਅਜਿਹਾ ਕਿਵੇਂ ਹੁੰਦਾ ਹੈ, ਸ਼ਾਇਦ ਇਹ ਸ਼ਾਦੀ ਵਾਂਗ ਹੀ ਹੈ। ਸਮੇਂ ਦੇ ਬੀਤਣ ਨਾਲ ਚੰਗਾ ਰਿਸ਼ਤਾ ਹੋਰ ਗਹਿਰਾ ਤੇ ਨੇੜਤਾ ਭਰਪੂਰ ਹੋ ਜਾਂਦਾ ਹੈ। ਪਰ ਭੈੜਾ ਰਿਸ਼ਤਾ ਹੋਰ ਵਧੇਰੇ ਅਸਹਿ ਤੇ ਕਸ਼ਟਦਾਇਕ।’


ਲੀਨਾ ਦੀਆਂ ਅੱਖਾਂ ਭਰ ਆਈਆਂ। ‘ਸਾਨੂੰ ਅਜਿਹੇ ਵਿਅਕਤੀ ਦੀ ਲੋੜ ਹੈ ਜਿਸ ਉੱਤੇ ਅਸੀਂ ਭਰੋਸਾ ਕਰ ਸਕੀਏ।……ਵੀਨਾ ਦਾ ਕਹਿਣਾ ਹੈ ਕਿ ਅਸੀਂ ਤੇਰੇ ‘ਤੇ ਭਰੋਸਾ ਕਰ ਸਕਦੇ ਹਾਂ।’ ਉਹ ਗਹਿਰੀ ਸੋਚ ਵਿਚ ਡੁੱਬੀ ਕੁਝ ਦੇਰ ਸਿਰ ਹਿਲਾਉਂਦੀ ਰਹੀ। 


ਤਦ ਹੀ ਉਸ ਨੇ ਹਵਾ ਵਿਚ ਹੱਥ ਲਹਿਰਾਇਆ। ਲੰਮੀ ਸਾਰੀ ਲਿਖਤ ਹਵਾ ਵਿਚ ਨਜ਼ਰ ਆਉਣ ਲੱਗੀ। 


‘ਕੀ ਤੈਨੂੰ ਬੱਚਿਆਂ ਨੂੰ ਕੁੱਟਣਾ ਚੰਗਾ ਤਾਂ ਨਹੀਂ ਲੱਗਦਾ?’ ਉਸ ਨੇ ਪਹਿਲੀ ਲਾਇਨ ਪੜ੍ਹ ਕੇ ਪੁੱਛਿਆ।


‘ਬਿਲਕੁਲ ਨਹੀਂ।’ ਰਾਜ ਦਾ ਜਵਾਬ ਸੀ। ਵਸੋਂ ਬਾਹਰੀ ਉਤੇਜਨਾ ਕਾਰਨ ਉਸ ਦਾ ਦਿਲ ਬਹੁਤ ਤੇਜ਼ੀ ਨਾਲ ਧੜਕ ਰਿਹਾ ਸੀ। ਉਹ ਜਾਣਦਾ ਸੀ ਕਿ ਉਸ ਦੀ ਅਗਾਮੀ ਜ਼ਿੰਦਗੀ ਇਨ੍ਹਾਂ ਸਵਾਲਾਂ ਦੇ ਸਹੀ ਜਵਾਬਾਂ ਉੱਤੇ ਹੀ ਟਿਕੀ ਹੋਈ ਹੈ।   


ਜਿਵੇਂ ਹੀ ਏਲੀਵੇਟਰ ਹੇਠਾਂ ਵੱਲ ਨੂੰ ਚੱਲੀ, ਰਾਜ ਦੇ ਦਿਲ ਦੀ ਧੜਕਣ ਤੀਬਰ ਹੋ ਗਈ। ਉਸ ਦੇ ਕੁੱਛੜ ਚੁੱਕਿਆ ਨਿੱਕਾ ਵਿੱਕੀ ਏਲੀਵੇਟਰ ਦੀ ਹਲਚਲ ਤੋਂ ਅਣਜਾਣ ਮਿੱਠੀ ਨੀਂਦ ਵਿਚ ਗੜੂੰਦ ਸੀ।


ਏਲੀਵੇਟਰ ਰੁਕਦਿਆਂ ਹੀ ਵਿਸ਼ਾਲ ਹਾਲ ਦਾ ਦ੍ਰਿਸ਼ ਉਸ ਦੇ ਸਾਹਮਣੇ ਪ੍ਰਗਟ ਹੋ ਗਿਆ। ਹਾਲ ਦੇ ਪਰਲੇ ਕਿਨਾਰੇ ਯਖਬਸਤ ਸਿੰਲਡਰਾਂ ਦੀ ਕਤਾਰ ਸਜੀ ਹੋਈ ਸੀ। 

ਰਾਜ ਦਾ ਮਨ ਤਾਂ ਦੌੜ ਕੇ ਰੂਬਨ ਕੋਲ ਪਹੁੰਚ ਜਾਣ ਦਾ ਸੀ ਪਰ ਉਸ ਨੇ ਜਜ਼ਬਾਤਾਂ ਉੱਤੇ ਕਾਬੂ ਰੱਖਦਿਆਂ ਆਪਣੀ ਚਾਲ ਸਹਿਜ ਹੀ ਰੱਖੀ। ਵਿਸ਼ਾਲ ਹਾਲ ਵਿਚ ਉਸ ਦੇ ਬੂਟਾਂ ਦੀ ਥਪ ਥਪ ਤੋਂ ਇਲਾਵਾ ਬਿਲਕੁਲ ਚੁੱਪ ਚਾਂ ਸੀ।


ਜਦੋਂ ਰੂਬਨ ਨੇ ਅੱਖਾਂ ਖੋਲ੍ਹੀਆਂ, ਰਾਜ ਦੀਆਂ ਮਨ ਭਰ ਆਇਆ। ਉਸ ਨੇ ਰੂਬਨ ਦੇ ਮੱਥੇ ਉਥੇ ਖਿਲਰੀ ਵਾਲਾਂ ਦੀ ਲਿਟ ਨੂੰ ਹੋਲੇ ਜਿਹੇ ਪਰੇ ਹਟਾ ਉਸ ਦੇ ਨੱਕ ਨੂੰ ਪਿਆਰ ਨਾਲ ਟੁੰਬਿਆ। 


ਰੂਬਨ ਦੀਆਂ ਅੱਖਾਂ ਵਿਚ ਖੁਸ਼ੀ ਦੇ ਅਥਰੂ ਛਲਕ ਪਏ। ਵੀਨਾ ਨਾਲ ਹੋਈ ਉਸ ਦੀ ਗੱਲਬਾਤ ਤਾਂ ਅਜੇ ਕੱਲ ਦੀ ਹੀ ਗੱਲ ਸੀ ਉਸ ਲਈ।


‘ਵਾਹ! ਤੂੰ ਤਾਂ ਕਮਾਲ ਕਰ ਦਿੱਤਾ।’ ਰੂਬਨ ਦੇ ਭਾਰੀ ਭਰਕਮ ਬੋਲ ਕਿਸੇ ਕਬਰ ‘ਚੋਂ ਆ ਰਹੀ ਆਵਾਜ਼ ਵਰਗੇ ਸਨ।


ਤਦ ਹੀ ਉਸ ਦੀ ਨਜ਼ਰ ਨਿੱਕੇ ਵਿੱਕੀ ‘ਤੇ ਪਈ ਤੇ ਉਹ ਮੁਸਕਰਾ ਪਿਆ। ‘ਬਹੁਤ ਵਧੀਆ।’


ਰੂਬਨ ਨੇ ਹਮੇਸ਼ਾਂ ਵਾਂਗ ਹੀ ਆਪਣੇ ਲਈ ਕੁਝ ਨਾ ਮੰਗਿਆ, ਜੀਵਨ ਵੀ ਨਹੀਂ। ਜੇ ਕਿਧਰੇ ਰੂਬਨ ਇੰਝ ਯਖ਼ਬਸਤ ਰਾਜ ਕੋਲ ਆਇਆ ਹੁੰਦਾ ਤਾਂ ਰਾਜ ਦੇ ਮੂੰਹੋਂ ਨਿਕਲਣ ਵਾਲੇ ਪਹਿਲੇ ਬੋਲ ਹੋਣੇ ਸਨ, ‘ਮੈਨੂੰ ਇਥੋਂ ਕੱਢ ਲੈ! ਪਲੀਜ਼!’


ਦੂਰ ਪਰ੍ਹੇ ਤੋਂ ਕਿਸੇ ਸ਼ਾਦੀ ਦੀ ਰਸਮ ਦੇ ਬੋਲ ਹਵਾ ਵਿਚ ਤੈਰਦੇ ਆ ਰਹੇ ਸਨ। ਔਰਤ ਦੀ ਆਵਾਜ਼ ਪਤਲੀ ਤੇ ਚੁਲਬੁਲੀ ਸੀ ਤੇ ਪਤੀ ਦੀ ਆਵਾਜ਼ ਸੁਰਹੀਣ ਪਰ ਭਰੋਸੇ ਭਰੀ।  


‘ਮੇਰੇ ਹਮਦਮ! ਅਜੇ ਮੈਂ, ਤੈਨੂੰ ਦੁਬਾਰਾ ਜਿ਼ੰਦਾਂ ਕਰਨ ਦਾ ਖਰਚਾ ਉਠਾ ਸਕਣ ਦੇ ਯੋਗ ਨਹੀਂ ਹੋ ਸਕਿਆ, ਪਰ ਮੈਂ ਇੰਨ੍ਹੀ ਕੁ ਰਕਮ ਜੋੜ ਹੀ ਲਈ ਹੈ ਕਿ ਤੈਨੂੰ ਆਪਣਾ ਯਾਦਬਿੰਬ ਬਣਵਾ ਸਕਾਂ।’ ਰਾਜ ਦੇ ਬੋਲ ਸਨ।

‘ਕੀ ਉਹ ਵਧੀਆ ਗੱਲ ਹੋਵੇਗੀ? ਕੀ ਅਸੀਂ ਹਮੇਸ਼ਾਂ ਇਕੱਠੇ ਰਹਾਂਗੇ, ਸਾਰੀ ਜ਼ਿੰਦਗੀ ਲਈ?’


ਰਾਜ ਨੇ ਮੁਸਕਰਾਂਦੇ ਹੋਏ ਹਾਂ ਵਿਚ ਸਿਰ ਹਿਲਾਇਆ।


‘ਬੱਸ ਕੁਝ ਕੁ ਦਿਨਾਂ ਦੀ ਗੱਲ ਹੈ, ਫਿਰ ਸਾਨੂੰ  ਕੋਈ ਅਲੱਗ ਨਹੀਂ ਕਰ ਸਕਦਾ।’ 


ਉਸ ਨੇ ਰੂਬਨ ਦੇ ਯਖ਼ ਚਿਹਰੇ ਨੂੰ ਪਿਆਰ ਨਾਲ ਛੂੰਹਦਿਆ ਕਿਹਾ। ‘ਪਲਕ ਝਪਕਣ ਜਿੰਨ੍ਹਾਂ ਸਮਾਂ ਹੀ ਲੱਗਣਾ ਹੈ ਤੇਰੇ ਲਈ ਤੇ ਮੈਂ ਮੁੜ ਆ ਹਾਜਿ਼ਰ ਹੋਣਾ ਹੈ।……ਸਮਝ ਲੈ ਤੇਰੀ ਇਸ ਵਾਰ ਦੀ ਮੌਤ, ਨਵੇਂ ਜੀਵਨ ਦੇ ਆਗਾਜ਼  ਵੱਲ ਲਿਜਾਣ ਵਾਲੀ ਆਖਰੀ ਮੌਤ ਹੋਵੇਗੀ।


‘ਵਾਅਦਾ?’


‘ਹਾਂ! ਬਿਲਕੁਲ ਪੱਕਾ!’


ਤੇ ਰਾਜ ਨੇ ਰੂਬਨ ਨੂੰ ਮੌਤ ਦੀ ਗਹਿਰੀ ਆਖਰੀ ਨੀਂਦ ਸੁਲਾਣ ਦਾ ਸਵਿੱਚ ਦੱਬ ਦਿੱਤਾ।

ਡਾ: ਦੇਵਿੰਦਰ ਪਾਲ ਸਿੰਘ (ਉਰਫ਼ ਡਾ. ਡੀ. ਪੀ. ਸਿੰਘ) ਪੰਜਾਬੀ ਵਿਗਿਆਨ ਲੇਖਕ ਹੈੈ, ਜੋ ਪੇਸ਼ੇ ਤੋਂ ਅਧਿਆਪਕ ਹੈ। ਇੱਕ ਭੌਤਿਕ ਵਿਗਿਆਨੀ ਹੋਣ ਕਰਕੇ, ਉਹ ਆਪਣੇ ਪਾਠਕਾਂ ਦੀ ਉਤਸੁਕਤਾ ਨੂੰ ਵਧਾਉਣ ਲਈ ਵਿਗਿਆਨ ਅਤੇ ਵਾਤਾਵਰਣ ਬਾਰੇ ਕਹਾਣੀਆਂ ਲਿਖਣਾ ਪਸੰਦ ਕਰਦਾ ਹੈ। ਪੰਜਾਬੀ ਵਿੱਚ ਉਸਦੀਆਂ ਵਿਗਿਆਨਕ ਲਿਖਤਾਂ ਤੋਂ ਇਲਾਵਾ, ਉਸਦੀਆਂ ਵਿਗਿਆਨ ਗਲਪ ਕਹਾਣੀਆਂ ਸਾਇੰਸ ਰਿਪੋਰਟਰ, ਸਾਇੰਸ ਇੰਡੀਆ, ਅਲਾਈਵ, ਵੂਮੈਨਜ਼ ਏਰਾ, ਆਈਡੈਂਟਿਟੀ, ਅਤੇ ਪੀਸੀਐਮ ਚਿਲਡਰਨ ਮੈਗਜ਼ੀਨ ਵਿੱਚ ਛਪੀਆਂ ਹਨ। ਉਹ ਆਮ ਪਾਠਕਾਂ ਲਈ ਵਿਗਿਆਨ ਗਲਪ ਕਹਾਣੀਆਂ ਦੇ ਦੋ ਸੰਗ੍ਰਹਿ ਅਤੇ ਬੱਚਿਆਂ ਲਈ ਚਾਰ ਵਿਗਿਆਨ ਗਲਪ ਪੁਸਤਕਾਂ ਦਾ ਲੇਖਕ ਹੈ। ਉਹ ਮਿਸੀਸਾਗਾ, ਓਨਟੈਰੀਓ, ਕੈਨੇਡਾ ਵਿੱਚ ਰਹਿੰਦਾ ਹੈ।                                              ਵੈਬਸਾਈਟ : drdpsinghauthor.wordpress.com